“ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ”
“ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ”
ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ
ਇਹ ਤਿੰਨ-ਦਿਨਾ ਸੰਮੇਲਨ ਦੁਨੀਆਂ ਭਰ ਦੇ ਸੈਂਕੜੇ ਸ਼ਹਿਰਾਂ ਵਿਚ ਕੀਤੇ ਜਾਣਗੇ ਤੇ 2008 ਵਿਚ ਵੀ ਚੱਲਦੇ ਰਹਿਣਗੇ। ਭਾਰਤ ਵਿਚ ਇਹ ਸੰਮੇਲਨ ਅਗਸਤ ਮਹੀਨੇ ਵਿਚ ਸ਼ੁਰੂ ਹੋਣਗੇ। ਕਈ ਥਾਵਾਂ ਤੇ ਸੰਮੇਲਨ ਦਾ ਪ੍ਰੋਗ੍ਰਾਮ ਸ਼ੁੱਕਰਵਾਰ ਸਵੇਰ ਨੂੰ 9:20 ਤੇ ਸੰਗੀਤ ਨਾਲ ਸ਼ੁਰੂ ਹੋਵੇਗਾ। ਤਿੰਨਾਂ ਦਿਨਾਂ ਦੇ ਪ੍ਰੋਗ੍ਰਾਮ ਵਿਚ ਖ਼ਾਸ ਕਰਕੇ ਯਿਸੂ ਬਾਰੇ ਗੱਲ ਕੀਤੀ ਜਾਵੇਗੀ।
ਸ਼ੁੱਕਰਵਾਰ ਦੇ ਪ੍ਰੋਗ੍ਰਾਮ ਦਾ ਖ਼ਾਸ ਵਿਸ਼ਾ ਹੈ ‘ਯਿਸੂ ਦੀ ਵੱਲ ਤੱਕਦੇ ਰਹੋ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।’ (ਇਬਰਾਨੀਆਂ 12:2) ਪ੍ਰੋਗ੍ਰਾਮ ਦਾ ਪਹਿਲਾ ਭਾਸ਼ਣ ਹੈ: “ਸਾਨੂੰ ‘ਮਸੀਹ’ ਦੇ ਨਕਸ਼ੇ-ਕਦਮਾਂ ਤੇ ਕਿਉਂ ਚੱਲਣਾ ਚਾਹੀਦਾ ਹੈ?” ਤਿੰਨ ਹਿੱਸਿਆਂ ਵਾਲੀ ਇਕ ਭਾਸ਼ਣ-ਲੜੀ ਵੀ ਪੇਸ਼ ਕੀਤੀ ਜਾਵੇਗੀ ਜਿਸ ਦਾ ਵਿਸ਼ਾ ਹੈ: “ਮਹਾਨ ਮੂਸਾ, ਦਾਊਦ, ਸੁਲੇਮਾਨ ਅਰਥਾਤ ਯਿਸੂ ਦੀ ਕਦਰ ਕਰੋ।” ਸਵੇਰ ਦੇ ਸੈਸ਼ਨ ਦੇ ਅਖ਼ੀਰ ਵਿਚ “ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਬੇਮਿਸਾਲ ਭੂਮਿਕਾ” ਨਾਮਕ ਖ਼ਾਸ ਭਾਸ਼ਣ ਪੇਸ਼ ਕੀਤਾ ਜਾਵੇਗਾ।
ਸ਼ੁੱਕਰਵਾਰ ਦੁਪਹਿਰ ਦਾ ਸੈਸ਼ਨ ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’ ਨਾਂ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਉਸ ਤੋਂ ਬਾਅਦ “ਉਹ ਖ਼ਜ਼ਾਨੇ ਲੱਭੋ ਜੋ ‘ਯਿਸੂ ਵਿਚ ਗੁਪਤ ਹਨ’” ਨਾਂ ਦਾ ਭਾਸ਼ਣ ਦਿੱਤਾ ਜਾਵੇਗਾ। “ਯਿਸੂ ਮਸੀਹ ਵਰਗੇ ਬਣੋ” ਨਾਮਕ ਇਕ ਭਾਸ਼ਣ-ਲੜੀ ਵੀ ਪੇਸ਼ ਕੀਤੀ ਜਾਵੇਗੀ ਜਿਸ ਦੇ ਪੰਜ ਭਾਗ ਹੋਣਗੇ। ਇਹ ਇਕ ਘੰਟੇ ਦੀ ਹੋਵੇਗੀ। ਇਸ ਦੇ ਕੁਝ ਭਾਗਾਂ ਦੇ ਵਿਸ਼ੇ ਹਨ: “ਉਹ ਪਿਆਰ ਨਾਲ ਉਨ੍ਹਾਂ ਨੂੰ ‘ਕਬੂਲ ਕਰਦਾ ਸੀ,’” “ਉਹ ‘ਮੌਤ ਤਾਈਂ ਆਗਿਆਕਾਰ’ ਰਿਹਾ” ਅਤੇ “ਉਹ ‘ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।’” ਦੁਪਹਿਰ ਦੇ ਸੈਸ਼ਨ ਦਾ ਆਖ਼ਰੀ ਭਾਸ਼ਣ ਹੋਵੇਗਾ “ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ।”
ਸ਼ਨੀਵਾਰ ਦੇ ਪ੍ਰੋਗ੍ਰਾਮ ਦਾ ਵਿਸ਼ਾ ਹੈ: “ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ . . . ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ।” (ਯੂਹੰਨਾ 10:27) ਘੰਟੇ ਭਰ ਦੀ ਭਾਸ਼ਣ-ਲੜੀ “ਸੇਵਕਾਈ ਕਰਦਿਆਂ ਯਿਸੂ ਦੇ ਨਮੂਨੇ ਤੇ ਚੱਲੋ” ਵਿਚ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਸੰਬੰਧੀ ਵਧੀਆ ਸੁਝਾਅ ਦਿੱਤੇ ਜਾਣਗੇ। “ਉਸ ਨੇ ‘ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ’—ਤੁਹਾਡੇ ਬਾਰੇ ਕੀ?” ਅਤੇ “ਯਿਸੂ ਦੀ ਤਰ੍ਹਾਂ ਡਟ ਕੇ ‘ਸ਼ਤਾਨ ਦਾ ਸਾਹਮਣਾ ਕਰੋ’” ਨਾਮਕ ਭਾਸ਼ਣ ਵੀ ਪੇਸ਼ ਕੀਤੇ ਜਾਣਗੇ। ਇਸ ਉਪਰੰਤ ਬਪਤਿਸਮੇ ਬਾਰੇ ਭਾਸ਼ਣ ਦਿੱਤਾ ਜਾਵੇਗਾ। ਸਵੇਰ ਦਾ ਸੈਸ਼ਨ ਸਮਾਪਤ ਹੋਣ ਤੋਂ ਬਾਅਦ ਯੋਗ ਉਮੀਦਵਾਰਾਂ ਨੂੰ ਬਪਤਿਸਮਾ ਦਿੱਤਾ ਜਾਵੇਗਾ।
ਸ਼ਨੀਵਾਰ ਦੁਪਹਿਰ ਦਾ ਪ੍ਰੋਗ੍ਰਾਮ “ਇਨ੍ਹਾਂ ਦੇ ਮਗਰ ਨਾ ਲੱਗੋ” ਨਾਮਕ ਭਾਸ਼ਣ-ਲੜੀ ਨਾਲ ਸ਼ੁਰੂ ਹੋਵੇਗਾ। ਇਸ ਭਾਸ਼ਣ-ਲੜੀ ਦੇ ਛੇ ਭਾਗ ਹਨ ਜਿਨ੍ਹਾਂ ਦੇ ਵਿਸ਼ੇ ਹਨ “ਬਹੁਤਿਆਂ ਲੋਕਾਂ ਦੇ ਮਗਰ ਨਾ ਲੱਗੋ,” “ਆਪਣੇ ਮਨਾਂ ਅਤੇ ਅੱਖਾਂ ਦੇ ਮਗਰ ਨਾ ਲੱਗੋ,” “ਵਿਅਰਥ ਚੀਜ਼ਾਂ ਦੇ ਮਗਰ ਨਾ ਲੱਗੋ,” “ਝੂਠੇ ਗੁਰੂਆਂ ਦੇ ਮਗਰ ਨਾ ਲੱਗੋ,” “ਝੂਠੀਆਂ ਕਹਾਣੀਆਂ ਦੇ ਮਗਰ ਨਾ ਲੱਗੋ” ਅਤੇ “ਸ਼ਤਾਨ ਦੇ ਮਗਰ ਨਾ ਲੱਗੋ।” ਇਸ ਤੋਂ ਬਾਅਦ “‘ਯਹੋਵਾਹ ਵੱਲੋਂ ਸਿੱਖੇ ਹੋਏ ਹੋਣ’ ਕਰਕੇ ਸਾਨੂੰ ਉੱਤਮ ਸਿੱਖਿਆ ਮਿਲੀ ਹੈ” ਅਤੇ “ਵਾਪਸ ਆਉਣ ਵਿਚ ਉਨ੍ਹਾਂ ਦੀ ਮਦਦ ਕਰੋ” ਨਾਂ ਦੇ ਦੋ ਭਾਸ਼ਣ ਦਿੱਤੇ ਜਾਣਗੇ। ਅਖ਼ੀਰ ਵਿਚ “ਮੇਰੇ ਮਗਰ ਹੋ ਤੁਰ” ਨਾਮਕ ਵਿਸ਼ੇਸ਼ ਭਾਸ਼ਣ ਦਿੱਤਾ ਜਾਵੇਗਾ।
ਐਤਵਾਰ ਦੇ ਪ੍ਰੋਗ੍ਰਾਮ ਦਾ ਖ਼ਾਸ ਵਿਸ਼ਾ ਹੈ: “ਮੇਰੇ ਮਗਰ ਹੋ ਤੁਰ।” (ਯੂਹੰਨਾ 21:19) “ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲਣ ਤੋਂ ਉਜ਼ਰ ਨਾ ਕਰੋ” ਨਾਮਕ ਭਾਸ਼ਣ ਤੋਂ ਬਾਅਦ ਛੇ ਭਾਗਾਂ ਵਾਲੀ ਭਾਸ਼ਣ-ਲੜੀ ਪੇਸ਼ ਕੀਤੀ ਜਾਵੇਗੀ ਜਿਸ ਦਾ ਵਿਸ਼ਾ ਹੈ: “ਯਿਸੂ ਦੇ ਪਹਾੜੀ ਉਪਦੇਸ਼ ਵਿੱਚੋਂ ਕੁਝ ਅਨਮੋਲ ਬਚਨ।” ਇਸ ਭਾਸ਼ਣ-ਲੜੀ ਵਿਚ ਯਿਸੂ ਦੇ ਇਨ੍ਹਾਂ ਬਚਨਾਂ ਉੱਤੇ ਜ਼ੋਰ ਦਿੱਤਾ ਜਾਵੇਗਾ ਜਿਵੇਂ “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ,” “ਪਹਿਲਾਂ ਆਪਣੇ ਭਰਾ ਨਾਲ ਮੇਲ ਕਰ” ਅਤੇ “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ।” ਸਵੇਰ ਦੇ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਪਬਲਿਕ ਭਾਸ਼ਣ ਦਿੱਤਾ ਜਾਵੇਗਾ ਜਿਸ ਦਾ ਵਿਸ਼ਾ ਹੋਵੇਗਾ: “ਕੌਣ ਹਨ ਮਸੀਹ ਦੇ ਅਸਲੀ ਚੇਲੇ?” ਦੁਪਹਿਰ ਨੂੰ ਇਕ ਬਾਈਬਲ ਡਰਾਮਾ ਦਿਖਾਇਆ ਜਾਵੇਗਾ ਜੋ ਅਲੀਸ਼ਾ ਨਬੀ ਦੇ ਲਾਲਚੀ ਟਹਿਲੂਏ ਗੇਹਾਜੀ ਦੀ ਕਹਾਣੀ ਉੱਤੇ ਆਧਾਰਿਤ ਹੈ। ਸੰਮੇਲਨ ਦਾ ਆਖ਼ਰੀ ਭਾਸ਼ਣ ਹੋਵੇਗਾ “ਆਪਣੇ ਅਜਿੱਤ ਆਗੂ ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲਦੇ ਰਹੋ!”
ਇਸ ਸੰਮੇਲਨ ਵਿਚ ਆਉਣ ਦੀ ਹੁਣੇ ਤੋਂ ਯੋਜਨਾ ਬਣਾਓ। ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਤੋਂ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਕੇ ਤੁਸੀਂ ਆਪਣੇ ਸਭ ਤੋਂ ਨੇੜੇ ਦੇ ਸੰਮੇਲਨ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਭਾਰਤ ਵਿਚ ਹੋਣ ਵਾਲੇ ਸਾਰੇ ਸੰਮੇਲਨਾਂ ਦੀ ਸੂਚੀ 1 ਮਾਰਚ ਦੇ ਪਹਿਰਾਬੁਰਜ ਰਸਾਲੇ ਵਿਚ ਦਿੱਤੀ ਗਈ ਹੈ। (g 6/07)