Skip to content

Skip to table of contents

ਮੈਂ ਸ਼ਰਾਬ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ

ਮੈਂ ਸ਼ਰਾਬ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ

ਮੈਂ ਸ਼ਰਾਬ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ

ਕਈ ਲੋਕ ਰੋਟੀ ਖਾਣ ਵੇਲੇ ਜਾਂ ਪਾਰਟੀਆਂ ਵਿਚ ਥੋੜ੍ਹੀ-ਬਹੁਤ ਸ਼ਰਾਬ ਪੀਂਦੇ ਹਨ। ਪਰ ਸ਼ਰਾਬ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਨਰਕ ਬਣਾਇਆ ਹੋਇਆ ਹੈ। ਅੱਗੇ ਇਕ ਅਜਿਹੇ ਇਨਸਾਨ ਦੀ ਕਹਾਣੀ ਬਿਆਨ ਕੀਤੀ ਗਈ ਹੈ ਜਿਸ ਦੀ ਜ਼ਿੰਦਗੀ ਸ਼ਰਾਬ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਸੀ, ਪਰ ਉਸ ਨੇ ਇਨ੍ਹਾਂ ਜ਼ੰਜੀਰਾਂ ਨੂੰ ਤੋੜ ਦਿੱਤਾ।

ਇੰਨੇ ਸਾਲਾਂ ਬਾਅਦ ਵੀ ਮੈਂ ਆਪਣੇ ਬਚਪਨ ਬਾਰੇ ਸੋਚ ਕੇ ਕੰਬ ਉੱਠਦਾ ਹਾਂ। ਮੇਰੇ ਡੈਡੀ ਤੇ ਮੰਮੀ ਦੋਵੇਂ ਹਰ ਰੋਜ਼ ਸ਼ਰਾਬ ਪੀਂਦੇ ਸਨ। ਫਿਰ ਡੈਡੀ ਮੰਮੀ ਨੂੰ ਕੁੱਟਿਆ ਕਰਦਾ ਸੀ। ਡੈਡੀ ਦੇ ਘਸੁੰਨ-ਮੁੱਕਿਆਂ ਦਾ ਮੈਨੂੰ ਵੀ ਸ਼ਿਕਾਰ ਹੋਣਾ ਪੈਂਦਾ ਸੀ। ਮੈਂ ਚਾਰ ਸਾਲ ਦਾ ਸੀ ਜਦੋਂ ਉਨ੍ਹਾਂ ਦਾ ਛੱਡ-ਛਡੱਈਆ ਹੋ ਗਿਆ। ਉਸ ਤੋਂ ਬਾਅਦ ਮੈਂ ਆਪਣੀ ਨਾਨੀ ਨਾਲ ਰਹਿਣ ਲੱਗ ਪਿਆ।

ਮੈਨੂੰ ਲੱਗਦਾ ਸੀ ਕਿ ਮੈਨੂੰ ਕੋਈ ਪਿਆਰ ਨਹੀਂ ਸੀ ਕਰਦਾ। ਸੱਤ ਸਾਲ ਦੀ ਉਮਰ ਤੇ ਮੈਂ ਆਪਣਾ ਗਮ ਭੁਲਾਉਣ ਲਈ ਚੋਰੀ-ਛਿਪੇ ਬੇਸਮੈਂਟ ਵਿਚ ਜਾ ਕੇ ਘਰ ਦੀ ਬਣਾਈ ਵਾਈਨ ਪੀਂਦਾ ਹੁੰਦਾ ਸੀ। ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਮੈਨੂੰ ਲੈ ਕੇ ਮੰਮੀ ਤੇ ਨਾਨੀ ਵਿਚ ਝਗੜਾ ਹੋ ਗਿਆ। ਮੰਮੀ ਗੁੱਸੇ ਵਿਚ ਇੰਨੀ ਪਾਗਲ ਹੋ ਗਈ ਕਿ ਉਸ ਨੇ ਮੇਰੇ ਤੰਗਲੀ ਦੇ ਮਾਰੀ। ਤੰਗਲੀ ਤੋਂ ਬਚਣ ਲਈ ਮੈਂ ਇਕ ਪਾਸੇ ਹੱਟ ਗਿਆ। ਮੇਰੇ ਤੇ ਕਈ ਵਾਰ ਇਸੇ ਤਰ੍ਹਾਂ ਦੇ ਜਾਨਲੇਵਾ ਹਮਲੇ ਹੋਏ। ਪਰ ਮੇਰੇ ਸਰੀਰ ਤੇ ਲੱਗੀਆਂ ਸੱਟਾਂ ਨਾਲੋਂ ਮੇਰੇ ਦਿਲ ਦੇ ਜ਼ਖ਼ਮ ਕਿਤੇ ਜ਼ਿਆਦਾ ਡੂੰਘੇ ਸਨ।

ਚੌਦਾਂ ਸਾਲ ਦੀ ਉਮਰ ਤਕ ਮੈਂ ਪੱਕਾ ਸ਼ਰਾਬੀ ਬਣ ਚੁੱਕਾ ਸੀ। ਫਿਰ ਇਕ ਦਿਨ ਮੈਂ ਘਰੋਂ ਭੱਜ ਗਿਆ। ਉਦੋਂ ਮੈਂ ਸਤਾਰਾਂ ਸਾਲਾਂ ਦਾ ਸੀ। ਸ਼ਰਾਬ ਪੀ ਕੇ ਮੈਨੂੰ ਕਿਸੇ ਤੋਂ ਡਰ ਨਹੀਂ ਸੀ ਲੱਗਦਾ ਤੇ ਮੈਂ ਲੜਾਈ-ਝਗੜੇ ਕਰਨ ਲਈ ਤਿਆਰ ਰਹਿੰਦਾ ਸੀ। ਉਦੋਂ ਸ਼ਰਾਬ ਹੀ ਮੇਰੀ ਜ਼ਿੰਦਗੀ ਸੀ। ਮੈਂ ਰੋਜ਼ ਪੰਜ ਲੀਟਰ ਵਾਈਨ, ਬੀਅਰ ਦੀਆਂ ਕੁਝ ਬੋਤਲਾਂ ਤੇ ਵਿਸਕੀ ਵਗੈਰਾ ਪੀਂਦਾ ਹੁੰਦਾ ਸੀ।

ਵਿਆਹ ਤੋਂ ਬਾਅਦ ਮੇਰੀ ਘਰਵਾਲੀ ਮੇਰੀ ਸ਼ਰਾਬ ਪੀਣ ਦੀ ਆਦਤ ਤੋਂ ਬਹੁਤ ਦੁਖੀ ਸੀ। ਘਰ ਵਿਚ ਹਮੇਸ਼ਾ ਕਲੇਸ਼ ਪਿਆ ਰਹਿੰਦਾ ਸੀ। ਸ਼ਰਾਬ ਦੇ ਨਸ਼ੇ ਵਿਚ ਮੈਂ ਉਸ ਨੂੰ ਤੇ ਨਿਆਣਿਆਂ ਨੂੰ ਵੀ ਕੁੱਟ ਦਿੰਦਾ ਸੀ। ਸੋ ਮੈਂ ਉਸੇ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਿਹਾ ਸੀ ਜਿਸ ਤਰ੍ਹਾਂ ਦੇ ਮਾਹੌਲ ਵਿਚ ਮੈਂ ਆਪ ਪਲਿਆ-ਵਧਿਆ ਸੀ। ਮੇਰੇ ਸਾਰੇ ਪੈਸੇ ਸ਼ਰਾਬ ਤੇ ਖ਼ਰਚ ਹੋ ਜਾਂਦੇ ਸਨ। ਸਾਡੇ ਘਰ ਕੋਈ ਫਰਨੀਚਰ ਨਹੀਂ ਸੀ, ਇਸ ਕਰਕੇ ਮੈਂ ਤੇ ਮੇਰੀ ਘਰਵਾਲੀ ਜ਼ਮੀਨ ਤੇ ਸੌਂਦੇ ਸਾਂ। ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ, ਸੋ ਮੈਂ ਘਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ।

ਇਕ ਦਿਨ ਮੈਂ ਯਹੋਵਾਹ ਦੇ ਇਕ ਗਵਾਹ ਨਾਲ ਗੱਲ ਕੀਤੀ। ਮੈਂ ਉਸ ਨੂੰ ਪੁੱਛਿਆ ਕਿ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ। ਉਸ ਨੇ ਮੈਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਪਰਮੇਸ਼ੁਰ ਨੇ ਸਾਰੇ ਦੁੱਖਾਂ ਨੂੰ ਖ਼ਤਮ ਕਰਨ ਅਤੇ ਦੁਨੀਆਂ ਵਿਚ ਖ਼ੁਸ਼ੀਆਂ ਲਿਆਉਣ ਦਾ ਵਾਅਦਾ ਕੀਤਾ ਹੈ। ਮੈਨੂੰ ਇਹ ਗੱਲ ਚੰਗੀ ਲੱਗੀ। ਇਸ ਕਰਕੇ ਮੈਂ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਮੈਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਸ਼ਰਾਬ ਪੀਣੀ ਵੀ ਘੱਟ ਕਰ ਦਿੱਤੀ। ਇਸ ਨਾਲ ਸਾਡੇ ਘਰ ਦਾ ਮਾਹੌਲ ਬਹੁਤ ਹੱਦ ਤਕ ਸੁਧਰ ਗਿਆ। ਪਰ ਮੈਨੂੰ ਪਤਾ ਸੀ ਕਿ ਜੇ ਮੈਂ ਯਹੋਵਾਹ ਦੀ ਭਗਤੀ ਕਰਨੀ ਹੈ, ਤਾਂ ਮੈਨੂੰ ਸ਼ਰਾਬ ਪੀਣ ਦੀ ਮਾੜੀ ਆਦਤ ਛੱਡਣੀ ਪਵੇਗੀ। ਤਿੰਨ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਮੈਂ ਸ਼ਰਾਬ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ। ਛੇ ਮਹੀਨਿਆਂ ਬਾਅਦ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ।

ਸ਼ਰਾਬ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਮੈਂ ਆਪਣੇ ਸਾਰੇ ਕਰਜ਼ੇ ਲਾਹ ਦਿੱਤੇ। ਫਿਰ ਮੈਂ ਘਰ ਅਤੇ ਕਾਰ ਖ਼ਰੀਦੀ। ਕਾਰ ਵਿਚ ਬਹਿ ਕੇ ਅਸੀਂ ਸਭਾਵਾਂ ਵਿਚ ਅਤੇ ਪ੍ਰਚਾਰ ਤੇ ਜਾਂਦੇ ਹਾਂ। ਅੱਜ ਮੈਂ ਦੂਸਰਿਆਂ ਸਾਮ੍ਹਣੇ ਸਿਰ ਉੱਚਾ ਚੁੱਕ ਕੇ ਤੁਰ ਸਕਦਾ ਹਾਂ।

ਕਈ ਵਾਰ ਪਾਰਟੀਆਂ ਵਗੈਰਾ ਤੇ ਮੈਨੂੰ ਸ਼ਰਾਬ ਪੇਸ਼ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਮੈਨੂੰ ਆਪਣੇ ਤੇ ਕਾਬੂ ਰੱਖਣ ਲਈ ਕਿੰਨੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਮੈਨੂੰ ਪਤਾ ਹੈ ਕਿ ਇਕ ਵਾਰ ਜੇ ਮੈਂ ਸ਼ਰਾਬ ਦੁਬਾਰਾ ਮੂੰਹ ਨੂੰ ਲਾ ਲਈ, ਤਾਂ ਮੇਰੀ ਹਾਲਤ ਪਹਿਲਾਂ ਵਰਗੀ ਹੋ ਜਾਣੀ। ਮੈਨੂੰ ਅਜੇ ਵੀ ਸ਼ਰਾਬ ਦੀ ਤਲਬ ਲੱਗਦੀ ਹੈ। ਇਸ ਲਈ ਮੈਂ ਲਗਾਤਾਰ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗਦਾ ਹਾਂ ਕਿ ਮੈਂ ਸ਼ਰਾਬ ਨਾ ਪੀਣ ਦੇ ਆਪਣੇ ਇਰਾਦੇ ਨੂੰ ਦ੍ਰਿੜ੍ਹ ਰੱਖ ਸਕਾਂ। ਜਦੋਂ ਮੈਨੂੰ ਪਿਆਸ ਲੱਗਦੀ ਹੈ, ਤਾਂ ਮੈਂ ਬਿਨਾਂ ਅਲਕੋਹਲ ਦੀ ਕੋਈ ਵੀ ਡ੍ਰਿੰਕ ਨੂੰ ਜੀ ਭਰ ਕੇ ਪੀਂਦਾ ਹਾਂ। ਦਸ ਸਾਲ ਤੋਂ ਮੈਂ ਸ਼ਰਾਬ ਨੂੰ ਹੱਥ ਤਕ ਨਹੀਂ ਲਾਇਆ।

ਜੋ ਕੰਮ ਇਨਸਾਨ ਨਹੀਂ ਕਰ ਸਕਿਆ, ਉਹ ਯਹੋਵਾਹ ਨੇ ਕਰ ਦਿਖਾਇਆ ਹੈ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਸ਼ਰਾਬ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਪਾਵਾਂਗਾ। ਪਰ ਯਹੋਵਾਹ ਨੇ ਇਸ ਵਿਚ ਮੇਰੀ ਮਦਦ ਕੀਤੀ। ਬਚਪਨ ਵਿਚ ਦਿਲ ਤੇ ਹੋਏ ਜ਼ਖ਼ਮਾਂ ਦੀ ਪੀੜ ਮੈਂ ਅਜੇ ਵੀ ਝੱਲਦਾ ਹਾਂ ਅਤੇ ਉਦਾਸੀ ਅਜੇ ਵੀ ਕਦੇ-ਕਦੇ ਮੈਨੂੰ ਆ ਘੇਰਦੀ ਹੈ। ਪਰ ਦੂਜੇ ਪਾਸੇ ਹੁਣ ਮੈਂ ਕਿੰਨਾ ਖ਼ੁਸ਼ ਹਾਂ ਕਿ ਪਰਮੇਸ਼ੁਰ ਨਾਲ ਮੇਰਾ ਚੰਗਾ ਰਿਸ਼ਤਾ ਹੈ, ਕਲੀਸਿਯਾ ਵਿਚ ਸੱਚੇ ਦੋਸਤ ਹਨ, ਸਾਡਾ ਪਰਿਵਾਰ ਬਹੁਤ ਖ਼ੁਸ਼ ਹੈ ਤੇ ਅਸੀਂ ਰਲ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ। ਮੇਰੀ ਪਤਨੀ ਤੇ ਬੱਚੇ ਸ਼ਰਾਬ ਤੋਂ ਦੂਰ ਰਹਿਣ ਵਿਚ ਮੇਰੀ ਬਹੁਤ ਮਦਦ ਕਰਦੇ ਹਨ। ਮੇਰੀ ਪਤਨੀ ਕਹਿੰਦੀ ਹੈ: “ਪਹਿਲਾਂ ਮੇਰੀ ਜ਼ਿੰਦਗੀ ਨਰਕ ਸੀ। ਪਰ ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ ਕਿ ਉਸ ਦੀ ਮਿਹਰ ਨਾਲ ਅੱਜ ਮੇਰਾ ਘਰ-ਪਰਿਵਾਰ ਸੁਖੀ ਹੈ।”—ਸ਼ਰਾਬ ਦੀਆਂ ਜ਼ੰਜੀਰਾਂ ਤੋੜਨ ਵਾਲੇ ਇਕ ਇਨਸਾਨ ਦੀ ਕਹਾਣੀ। (g 5/07)

[ਸਫ਼ਾ 11 ਉੱਤੇ ਸੁਰਖੀ]

ਚੌਦਾਂ ਸਾਲ ਦੀ ਉਮਰ ਤਕ ਮੈਂ ਪੱਕਾ ਸ਼ਰਾਬੀ ਬਣ ਚੁੱਕਾ ਸੀ

[ਸਫ਼ਾ 12 ਉੱਤੇ ਸੁਰਖੀ]

ਜੋ ਕੰਮ ਇਨਸਾਨ ਨਹੀਂ ਕਰ ਸਕਿਆ, ਉਹ ਯਹੋਵਾਹ ਨੇ ਕਰ ਦਿਖਾਇਆ ਹੈ

[ਸਫ਼ਾ 12 ਉੱਤੇ ਡੱਬੀ/ਤਸਵੀਰਾਂ]

ਬਾਈਬਲ ਵਿਚ ਸ਼ਰਾਬ ਬਾਰੇ ਸਲਾਹ

◼ ਬਾਈਬਲ ਸ਼ਰਾਬ ਪੀਣ ਤੋਂ ਮਨ੍ਹਾ ਨਹੀਂ ਕਰਦੀ। ਇਸ ਵਿਚ ਦੱਸਿਆ ਹੈ ਕਿ ਦਾਖ ਰਸ ਯਾਨੀ ਅੰਗੂਰੀ ਸ਼ਰਾਬ ਪਰਮੇਸ਼ੁਰ ਦੀ ਦਾਤ ਹੈ ਜੋ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰਾਂ ਦੀ ਪੋਥੀ 104:14, 15) ਬਾਈਬਲ ਵਿਚ ਅੰਗੂਰੀ ਬੇਲਾਂ ਖ਼ੁਸ਼ਹਾਲੀ ਤੇ ਸਲਾਮਤੀ ਨੂੰ ਦਰਸਾਉਂਦੀਆਂ ਹਨ। (ਮੀਕਾਹ 4:4) ਯਿਸੂ ਮਸੀਹ ਨੇ ਇਕ ਵਿਆਹ ਦੀ ਦਾਅਵਤ ਵਿਚ ਪਾਣੀ ਨੂੰ ਸ਼ਰਾਬ ਵਿਚ ਬਦਲ ਕੇ ਪਹਿਲਾ ਚਮਤਕਾਰ ਕੀਤਾ ਸੀ। (ਯੂਹੰਨਾ 2:7-9) ਜਦੋਂ ਪੌਲੁਸ ਨੂੰ ਤਿਮੋਥਿਉਸ ਦੀਆਂ “ਬਹੁਤੀਆਂ ਮਾਂਦਗੀਆਂ” ਬਾਰੇ ਪਤਾ ਲੱਗਾ, ਤਾਂ ਉਸ ਨੇ ਤਿਮੋਥਿਉਸ ਨੂੰ “ਥੋੜੀ ਜਿਹੀ ਮੈ” ਪੀਣ ਦੀ ਸਲਾਹ ਦਿੱਤੀ।—1 ਤਿਮੋਥਿਉਸ 5:23.

◼ ਬਾਈਬਲ ਵਿਚ ਹੱਦੋਂ ਵੱਧ ਸ਼ਰਾਬ ਪੀਣ ਦੀ ਨਿੰਦਿਆ ਕੀਤੀ ਗਈ ਹੈ:

‘ਸ਼ਰਾਬੀ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।’—1 ਕੁਰਿੰਥੀਆਂ 6:9-11.

“ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।”—ਅਫ਼ਸੀਆਂ 5:18.

“ਕੌਣ ਹਾਏ ਹਾਏ ਕਰਦਾ ਹੈ? ਕੌਣ ਹਮਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜ੍ਹਦਾ ਹੈ? ਕੌਣ ਐਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾ ਵਿੱਚ ਲਾਲੀ ਰਹਿੰਦੀ ਹੈ? ਓਹੋ ਹਨ ਜਿਹੜੇ ਮੈ ਉੱਤੇ ਚਿਰ ਲਾਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ। ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਜਦ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ! ਓੜਕ ਉਹ ਸੱਪ ਦੀ ਨਿਆਈਂ ਡੱਸਦੀ, ਅਤੇ ਠੂਹੇਂ ਵਾਂਙੁ ਡੰਗ ਮਾਰਦੀ ਹੈ! ਤੇਰੀਆਂ ਅੱਖੀਆਂ ਅਣੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਉਚਰੇਗਾ!”—ਕਹਾਉਤਾਂ 23:29-33.

ਜਿਵੇਂ ਇਸ ਲੇਖ ਵਿਚ ਦੱਸਿਆ ਹੈ, ਕਈ ਲੋਕ ਜਿਨ੍ਹਾਂ ਨੂੰ ਹੱਦੋਂ ਵੱਧ ਸ਼ਰਾਬ ਪੀਣ ਦੀ ਮਾੜੀ ਆਦਤ ਸੀ, ਉਨ੍ਹਾਂ ਨੇ ਇਸ ਤੋਂ ਦੂਰ ਹੀ ਰਹਿਣ ਦਾ ਫ਼ੈਸਲਾ ਕੀਤਾ ਹੈ।—ਮੱਤੀ 5:29.