Skip to content

Skip to table of contents

ਸੈਂਟ ਬਣਾਉਣ ਵਾਲਿਆਂ ਦਾ ਮਨ-ਪਸੰਦ ਫਲ

ਸੈਂਟ ਬਣਾਉਣ ਵਾਲਿਆਂ ਦਾ ਮਨ-ਪਸੰਦ ਫਲ

ਸੈਂਟ ਬਣਾਉਣ ਵਾਲਿਆਂ ਦਾ ਮਨ-ਪਸੰਦ ਫਲ

ਇਟਲੀ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸੈਂਟ ਦਾ ਇਤਿਹਾਸ ਬਹੁਤ ਪੁਰਾਣਾ ਹੈ। ਬਾਈਬਲ ਵਿਚ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੁਰਾਣੇ ਜ਼ਮਾਨਿਆਂ ਵਿਚ ਅਮੀਰ ਲੋਕ ਆਪਣੇ ਘਰਾਂ, ਕੱਪੜਿਆਂ, ਬਿਸਤਰੇ ਅਤੇ ਤਨ ਨੂੰ ਮਹਿਕਾਉਣ ਲਈ ਅਤਰ ਵਰਤਦੇ ਸਨ। ਇਨ੍ਹਾਂ ਨੂੰ ਬਣਾਉਣ ਵਿਚ ਕੁਆਰ-ਗੰਦਲ (aloes), ਕਈ ਖ਼ੁਸ਼ਬੂਦਾਰ ਤੇਲ, ਦਾਲਚੀਨੀ ਅਤੇ ਹੋਰ ਮਸਾਲੇ ਇਸਤੇਮਾਲ ਹੁੰਦੇ ਸਨ।—ਕਹਾਉਤਾਂ 7:17; ਸਰੇਸ਼ਟ ਗੀਤ 4:10, 14.

ਅੱਜ ਵੀ ਅਤਰ ਬਣਾਉਣ ਵਿਚ ਫਲਾਂ, ਫੁੱਲਾਂ ਅਤੇ ਜੜ੍ਹੀ-ਬੂਟਿਆਂ ਦਾ ਸਤ ਵਰਤਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਇਕ ਫਲ ਹੈ ਬਰਗਾਮੋਟ। ਇਸ ਦਾ ਸਤ ਕਿਵੇਂ ਕੱਢਿਆ ਜਾਂਦਾ ਹੈ, ਇਹ ਜਾਣਨ ਲਈ ਅਸੀਂ ਇਟਲੀ ਦੇ ਧੁਰ ਦੱਖਣ ਵਿਚ ਵਸੇ ਸ਼ਹਿਰ ਕਾਲੇਬ੍ਰਿਆ ਗਏ। ਤੁਸੀਂ ਸ਼ਾਇਦ ਬਰਗਾਮੋਟ ਬਾਰੇ ਨਾ ਸੁਣਿਆ ਹੋਵੇ, ਪਰ ਤੀਵੀਆਂ ਦੇ ਲਗਭਗ ਇਕ-ਤਿਹਾਈ ਸੈਂਟਾਂ ਵਿਚ ਅਤੇ ਮਰਦਾਂ ਦੇ ਅੱਧੇ ਕੁ ਕੋਲੋਨਾਂ ਵਿਚ ਇਸ ਫਲ ਦਾ ਸਤ ਵਰਤਿਆ ਜਾਂਦਾ ਹੈ। ਆਓ ਆਪਾਂ ਬਰਗਾਮੋਟ ਬਾਰੇ ਹੋਰ ਜਾਣਕਾਰੀ ਲਈਏ।

ਬਰਗਾਮੋਟ ਨਿੰਬੂ ਪ੍ਰਜਾਤੀ ਦਾ ਇਕ ਸਦਾ-ਬਹਾਰ ਦਰਖ਼ਤ ਹੈ। ਇਸ ਦੇ ਫੁੱਲ ਬਸੰਤ ਰੁੱਤੇ ਖਿੜਦੇ ਹਨ। ਬਰਗਾਮੋਟ ਦਰਖ਼ਤ ਅਕਤੂਬਰ ਤੋਂ ਦਸੰਬਰ ਦੌਰਾਨ ਸੰਤਰੇ ਜਿੱਡੇ ਫਲ ਦਿੰਦਾ ਹੈ। ਫਲ ਦੀ ਛਿੱਲ ਮੁਲਾਇਮ ਅਤੇ ਪੀਲੇ ਰੰਗ ਦੀ ਹੁੰਦੀ ਹੈ। ਬਰਗਾਮੋਟ ਦੇ ਮੁੱਢ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ, ਪਰ ਕਈ ਮਾਹਰਾਂ ਦਾ ਮੰਨਣਾ ਹੈ ਕਿ ਇਹ ਦੁਜਾਤੀ ਦਰਖ਼ਤ ਹੈ। ਇਹ ਜੰਗਲੀ ਬੂਟਿਆਂ ਵਾਂਗ ਆਪਣੇ ਆਪ ਨਹੀਂ ਉੱਗਦੇ ਤੇ ਨਾ ਹੀ ਬੀ ਤੋਂ ਉਗਾਏ ਜਾ ਸਕਦੇ ਹਨ। ਇਨ੍ਹਾਂ ਦੀ ਖੇਤੀ ਕਰਨ ਲਈ ਕਾਸ਼ਤਕਾਰ ਲਾਈਮ ਜਾਂ ਖੱਟਾ ਆਦਿ ਸਮਾਨ ਪ੍ਰਜਾਤੀ ਦੇ ਪੌਦਿਆਂ ਵਿਚ ਬਰਗਾਮੋਟ ਬੂਟਿਆਂ ਦੀਆਂ ਕਲਮਾਂ ਲਾਉਂਦੇ ਹਨ।

ਕਈ ਅਨੋਖੇ ਗੁਣਾਂ ਕਰਕੇ ਬਰਗਾਮੋਟ ਫਲ ਸੈਂਟ ਬਣਾਉਣ ਵਾਲਿਆਂ ਦਾ ਮਨ-ਪਸੰਦ ਫਲ ਹੈ। ਅਤਰਾਂ ਬਾਰੇ ਇਕ ਕਿਤਾਬ ਦੇ ਅਨੁਸਾਰ ਬਰਗਾਮੋਟ ਫਲ ਦੇ ਸਤ ਦੀ ਇਕ ਖੂਬੀ ਇਹ ਹੈ ਕਿ ਇਹ ‘ਵੱਖ-ਵੱਖ ਖ਼ੁਸ਼ਬੂਆਂ ਨੂੰ ਜਜ਼ਬ ਕਰ ਕੇ ਇਕ ਅਨੋਖੀ ਖ਼ੁਸ਼ਬੂ ਪੈਦਾ ਕਰਦਾ ਹੈ। ਇਹ ਸੈਂਟਾਂ ਨੂੰ ਇਕ ਖ਼ਾਸ ਕਿਸਮ ਦੀ ਤਾਜ਼ਗੀ ਪ੍ਰਦਾਨ ਕਰਦਾ ਹੈ।’ *

ਕਾਲੇਬ੍ਰਿਆ ਵਿਚ ਬਰਗਾਮੋਟ ਦੀ ਕਾਸ਼ਤ

ਇਤਿਹਾਸਕ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ 18ਵੀਂ ਸਦੀ ਦੇ ਸ਼ੁਰੂ ਵਿਚ ਕਾਲੇਬ੍ਰਿਆ ਦੇ ਲੋਕ ਬਰਗਾਮੋਟ ਦੇ ਰੁੱਖ ਲਾਉਂਦੇ ਸਨ ਅਤੇ ਸ਼ਹਿਰ ਵਿੱਚੋਂ ਲੰਘਦੇ ਵਪਾਰੀਆਂ ਨੂੰ ਕਦੇ-ਕਦਾਈਂ ਬਰਗਾਮੋਟ ਦਾ ਸਤ ਵੇਚ ਕੇ ਪੈਸਾ ਕਮਾ ਲੈਂਦੇ ਸਨ। ਪਰ ਵਪਾਰਕ ਪੱਧਰ ਤੇ ਇਸ ਦੀ ਕਾਸ਼ਤ ਸਿਰਫ਼ ਕੋਲੋਨ ਸੈਂਟ ਬਣਾਉਣ ਵਾਲੇ ਕਰ ਰਹੇ ਸਨ। ਇਹ ਕੋਲੋਨ ਜਰਮਨੀ ਵਿਚ ਜੌਨ ਪਾਓਲੋ ਫੈਮੀਨੀਸ ਨਾਂ ਦੇ ਇਕ ਇਤਾਲਵੀ ਪਰਵਾਸੀ ਨੇ 1704 ਵਿਚ ਤਿਆਰ ਕੀਤਾ ਸੀ। ਉਸ ਨੇ ਇਸ ਕੋਲੋਨ ਨੂੰ ਐਕਵਾ ਆਡਮੀਰਾਬਿਲਿਸ ਯਾਨੀ “ਲਾਜਵਾਬ ਤਰਲ” ਕਿਹਾ। ਇਸ ਕੋਲੋਨ ਦਾ ਮੁੱਖ ਤੱਤ ਬਰਗਾਮੋਟ ਸਤ ਸੀ। ਇਸ ਸੈਂਟ ਦਾ ਨਾਂ ਕੋਲੋਨ ਪਿਆ ਕਿਉਂਕਿ ਇਹ ਕੋਲੋਨ ਸ਼ਹਿਰ ਵਿਚ ਬਣਾਇਆ ਜਾਂਦਾ ਸੀ।

ਬਰਗਾਮੋਟ ਦਾ ਪਹਿਲਾ ਬਾਗ਼ 1750 ਵਿਚ ਰਜੋ ਨਾਮਕ ਸੂਬੇ ਵਿਚ ਲਾਇਆ ਗਿਆ। ਇਸ ਦੇ ਮਾਲਕ ਨੂੰ ਬਰਗਾਮੋਟ ਦਾ ਸਤ ਵੇਚ ਕੇ ਵੱਡਾ ਮੁਨਾਫ਼ਾ ਕਮਾਉਂਦਿਆਂ ਦੇਖ ਹੋਰਨਾਂ ਨੇ ਵੀ ਬਰਗਾਮੋਟ ਦਰਖ਼ਤ ਲਾਉਣੇ ਸ਼ੁਰੂ ਕਰ ਦਿੱਤੇ। ਇਹ ਦਰਖ਼ਤ ਨਾ ਤਾਂ ਜ਼ਿਆਦਾ ਠੰਢ ਤੇ ਨਾ ਹੀ ਜ਼ਿਆਦਾ ਗਰਮੀ ਸਹਾਰ ਸਕਦੇ ਹਨ। ਬਰਗਾਮੋਟ ਦਰਖ਼ਤਾਂ ਨੂੰ ਉੱਤਰ ਵੱਲੋਂ ਵਗਦੀਆਂ ਠੰਢੀਆਂ ਹਵਾਵਾਂ ਤੋਂ ਬਚਾ ਕੇ ਰੱਖਣ ਦੀ ਲੋੜ ਪੈਂਦੀ ਹੈ। ਇਨ੍ਹਾਂ ਦਰਖ਼ਤਾਂ ਨੂੰ ਤਾਪਮਾਨ ਵਿਚ ਅਚਾਨਕ ਆਈ ਕਿਸੇ ਵੀ ਕਿਸਮ ਦੀ ਤਬਦੀਲੀ ਪਸੰਦ ਨਹੀਂ। ਨਾ ਹੀ ਇਹ ਤੇਜ਼ ਹਵਾਵਾਂ ਤੇ ਲੰਬੇ ਸਮੇਂ ਤਕ ਨਮੀ ਨੂੰ ਸਹਿਣ ਕਰਦੇ ਹਨ। ਬਰਗਾਮੋਟ ਦਰਖ਼ਤਾਂ ਨੂੰ ਬਿਲਕੁਲ ਸਹੀ ਮੌਸਮ ਦੀ ਲੋੜ ਹੁੰਦੀ ਹੈ। ਇਹੋ ਜਿਹਾ ਮੌਸਮ ਇਟਲੀ ਦੇ ਧੁਰ ਦੱਖਣੀ ਤਟ ਦੇ ਨੇੜੇ 5 ਕਿਲੋਮੀਟਰ ਚੌੜੇ ਤੇ 150 ਕਿਲੋਮੀਟਰ ਲੰਬੇ ਇਲਾਕੇ ਵਿਚ ਪਾਇਆ ਜਾਂਦਾ ਹੈ। ਹਾਲਾਂਕਿ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਵੀ ਬਰਗਾਮੋਟ ਦਰਖ਼ਤ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਭ ਤੋਂ ਜ਼ਿਆਦਾ ਬਰਗਾਮੋਟ ਰਜੋ ਸੂਬੇ ਵਿਚ ਹੀ ਉਗਾਇਆ ਜਾਂਦਾ ਹੈ। ਰਜੋ ਤੋਂ ਬਾਅਦ ਦੂਜੇ ਨੰਬਰ ਤੇ ਅਫ਼ਰੀਕਾ ਦਾ ਕੋਟ ਡਿਵੁਆਰ ਦੇਸ਼ ਹੈ।

ਬਰਗਾਮੋਟ ਦਾ ਖ਼ੁਸ਼ਬੂਦਾਰ ਤੇਲ ਜਾਂ ਸਤ ਫਲ ਦੀ ਛਿੱਲ ਵਿੱਚੋਂ ਕੱਢਿਆ ਜਾਂਦਾ ਹੈ। ਇਹ ਹਰੇ-ਪੀਲੇ ਰੰਗ ਦਾ ਹੁੰਦਾ ਹੈ। ਤੇਲ ਕੱਢਣ ਦਾ ਰਵਾਇਤੀ ਤਰੀਕਾ ਕੀ ਹੈ? ਪਹਿਲਾਂ ਫਲ ਨੂੰ ਅੱਧਾ ਕੱਟ ਕੇ ਇਸ ਦਾ ਗੁੱਦਾ ਕੱਢ ਲਿਆ ਜਾਂਦਾ ਹੈ। ਫਿਰ ਛਿੱਲ ਨੂੰ ਸਿੱਧਾ ਸਪੰਜਾਂ ਉੱਤੇ ਨਿਚੋੜ ਲਿਆ ਜਾਂਦਾ ਹੈ। ਲਗਭਗ 90 ਕਿਲੋ ਫਲਾਂ ਵਿੱਚੋਂ ਮਸਾਂ ਅੱਧਾ ਕਿਲੋ ਸਤ ਨਿਕਲਦਾ ਹੈ। ਅੱਜ-ਕੱਲ੍ਹ ਬਰਗਾਮੋਟ ਦਾ ਸਤ ਕੱਢਣ ਲਈ ਆਮ ਕਰਕੇ ਮਸ਼ੀਨਾਂ ਤੋਂ ਕੰਮ ਲਿਆ ਜਾਂਦਾ ਹੈ। ਇਨ੍ਹਾਂ ਮਸ਼ੀਨਾਂ ਵਿਚ ਖੁਰਦਰੀਆਂ ਡਿਸਕਾਂ ਜਾਂ ਰੋਲਰਜ਼ ਲੱਗੇ ਹੁੰਦੇ ਹਨ ਜੋ ਫਲਾਂ ਨੂੰ ਰਗੜ ਕੇ ਉਨ੍ਹਾਂ ਉੱਤੋਂ ਛਿੱਲ ਲਾਹ ਦਿੰਦੀਆਂ ਹਨ।

ਗੁਣਾਂ ਦੀ ਖਾਣ ਹੈ ਬਰਗਾਮੋਟ

ਕਾਲੇਬ੍ਰਿਆ ਤੋਂ ਬਾਹਰ ਸ਼ਾਇਦ ਹੀ ਕਿਸੇ ਨੇ ਇਸ ਫਲ ਦਾ ਨਾਂ ਸੁਣਿਆ ਹੋਵੇ। ਪਰ ਇਕ ਕਿਤਾਬ ਕਹਿੰਦੀ ਹੈ ਕਿ ਸੈਂਟਾਂ ਦੇ “ਮਾਹਰ ਇਸ ਨੂੰ ਕਮਾਲ ਦਾ ਫਲ ਮੰਨਦੇ ਹਨ।” ਇਸ ਦਾ ਸਤ ਸੈਂਟਾਂ ਤੋਂ ਇਲਾਵਾ ਸਾਬਣਾਂ, ਡੀਓਡਰੰਟਾਂ, ਟੂਥ-ਪੇਸਟਾਂ ਅਤੇ ਕ੍ਰੀਮਾਂ ਵਿਚ ਵੀ ਵਰਤਿਆ ਜਾਂਦਾ ਹੈ। ਬਰਗਾਮੋਟ ਦਾ ਸਤ ਖਾਣ ਦੀਆਂ ਚੀਜ਼ਾਂ ਦਾ ਸੁਆਦ ਵਧਾਉਣ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਆਈਸ-ਕ੍ਰੀਮਾਂ, ਚਾਹ ਪੱਤੀ, ਮਠਿਆਈਆਂ ਅਤੇ ਸ਼ਰਬਤਾਂ ਵਿਚ। ਲੋਕ ਇਸ ਦਾ ਬਣਿਆ ਲੋਸ਼ਨ ਲਾ ਕੇ ਧੁੱਪ ਸੇਕਦੇ ਹਨ ਜਿਸ ਨਾਲ ਗੋਰੀ ਚਮੜੀ ਛੇਤੀ ਬਦਾਮੀ ਹੋ ਜਾਂਦੀ ਹੈ। ਬਰਗਾਮੋਟ ਦੇ ਸਤ ਵਿਚ ਰੋਗਾਣੂ-ਨਾਸ਼ਕ ਅਤੇ ਬੈਕਟੀਰੀਆ-ਨਾਸ਼ਕ ਗੁਣ ਹੋਣ ਕਰਕੇ ਇਸ ਨੂੰ ਸਰਜਰੀ ਦੇ ਔਜ਼ਾਰਾਂ ਨੂੰ ਸਾਫ਼ ਕਰਨ ਜਾਂ ਅੱਖ ਤੇ ਚਮੜੀ ਦਾ ਇਲਾਜ ਕਰਨ ਵੇਲੇ ਇਸਤੇਮਾਲ ਕੀਤਾ ਜਾਂਦਾ ਹੈ। ਬਰਗਾਮੋਟ ਪੈਕਟਿਨ ਖ਼ੂਨ ਦੇ ਵਹਾਅ ਨੂੰ ਰੋਕਣ ਅਤੇ ਦਸਤ ਨੂੰ ਠੀਕ ਕਰਨ ਦੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿਚ ਤਰਲ ਪਦਾਰਥਾਂ ਨੂੰ ਜਮਾਉਣ ਦੀ ਯੋਗਤਾ ਹੁੰਦੀ ਹੈ।

ਸਾਇੰਸਦਾਨਾਂ ਨੇ ਬਰਗਾਮੋਟ ਸਤ ਦੇ ਲਗਭਗ 350 ਤੱਤਾਂ ਬਾਰੇ ਪਤਾ ਲਗਾ ਲਿਆ ਹੈ ਜੋ ਇਸ ਦੀ ਨਿਰਾਲੀ ਖ਼ੁਸ਼ਬੂ ਤੇ ਹੋਰ ਗੁਣਾਂ ਦਾ ਰਾਜ਼ ਹਨ। ਬਰਗਾਮੋਟ ਵਾਕਈ ਕਮਾਲ ਦਾ ਫਲ ਹੈ!

ਬਾਈਬਲ ਦੇ ਲਿਖਾਰੀਆਂ ਨੇ ਸ਼ਾਇਦ ਹੀ ਬਰਗਾਮੋਟ ਬਾਰੇ ਸੁਣਿਆ ਹੋਵੇ। ਪਰ ਜਿਹੜੇ ਵੀ ਇਸ ਫਲ ਦੀਆਂ ਖੂਬੀਆਂ ਅਤੇ ਇਸ ਦੇ ਸਿਰਜਣਹਾਰ ਦੀ ਬੁੱਧੀ ਬਾਰੇ ਗਹਿਰਾਈ ਨਾਲ ਵਿਚਾਰ ਕਰਨਗੇ, ਉਹ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਲਫ਼ਜ਼ਾਂ ਨਾਲ ਜ਼ਰੂਰ ਸਹਿਮਤ ਹੋਣਗੇ ਕਿ ‘ਫਲਦਾਰ ਬਿਰਛ ਯਹੋਵਾਹ ਦੀ ਉਸਤਤ ਕਰਨ।’—ਜ਼ਬੂਰਾਂ ਦੀ ਪੋਥੀ 148:1, 9. (g 6/07)

[ਫੁਟਨੋਟ]

^ ਪੈਰਾ 6 ਜਿਵੇਂ ਕਈਆਂ ਨੂੰ ਫੁੱਲਾਂ ਜਾਂ ਪਰਾਗ ਤੋਂ ਐਲਰਜੀ ਹੁੰਦੀ ਹੈ, ਉਵੇਂ ਹੀ ਕੁਝ ਲੋਕਾਂ ਨੂੰ ਸੈਂਟਾਂ ਤੋਂ ਐਲਰਜੀ ਹੁੰਦੀ ਹੈ। ਜਾਗਰੂਕ ਬਣੋ! ਕਿਸੇ ਵੀ ਸੈਂਟ ਦੀ ਮਸ਼ਹੂਰੀ ਨਹੀਂ ਕਰਦਾ।

[ਸਫ਼ਾ 25 ਉੱਤੇ ਤਸਵੀਰ]

ਬਰਗਾਮੋਟ ਦੇ ਛਿਲਕੇ ਨੂੰ ਰਗੜ ਕੇ ਇਸ ਦਾ ਸਤ ਕੱਢਿਆ ਜਾਂਦਾ ਹੈ

[ਕ੍ਰੈਡਿਟ ਲਾਈਨ]

© Danilo Donadoni/Marka/age fotostock