Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

2005 ਦੌਰਾਨ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ 28 ਯੁੱਧ ਅਤੇ 11 ਛੋਟੀਆਂ-ਮੋਟੀਆਂ ਲੜਾਈਆਂ ਹੋਈਆਂ ਸਨ।—ਵਾਈਟਲ ਸਾਇੰਜ਼ 2006-2007, ਵਰਲਡਵੌਚ ਇੰਸਟੀਚਿਊਟ। (g 4/07)

12 ਤੋਂ 20 ਸਾਲਾਂ ਦੀ ਉਮਰ ਦਰਮਿਆਨ ਬਹੁਤ ਸਾਰੇ ਡੱਚ ਨੌਜਵਾਨ ਇੰਟਰਨੈੱਟ ਤੇ “ਪ੍ਰੋਫਾਈਲ ਸਾਈਟਜ਼” ਜਾਂ “ਬਲੋਗ ਸਾਇਟਜ਼” ਤੇ ਜਾਂਦੇ ਹਨ। ਇਨ੍ਹਾਂ ਸਾਇਟਾਂ ਤੇ ਉਹ ਆਪਣੇ ਬਾਰੇ ਜਾਣਕਾਰੀ ਦੇ ਸਕਦੇ ਹਨ ਤੇ ਦੂਸਰਿਆਂ ਬਾਰੇ ਜਾਣਕਾਰੀ ਲੈ ਸਕਦੇ ਹਨ। “40 ਫੀ ਸਦੀ ਮੁੰਡਿਆਂ ਅਤੇ 57 ਫੀ ਸਦੀ ਕੁੜੀਆਂ ਨੇ ਰਿਪੋਰਟ ਕੀਤਾ ਕਿ ਉਨ੍ਹਾਂ ਨੂੰ ਵੈੱਬਕੈਮ ਸਾਮ੍ਹਣੇ ਆਪਣੇ ਕੱਪੜੇ ਲਾਹੁਣ ਜਾਂ ਹੋਰ ਗੰਦੇ ਕੰਮ ਕਰਨ ਲਈ ਕਿਹਾ ਗਿਆ ਸੀ।”—ਰੂਟਗਰਜ਼ ਨਿਸੋ ਗਰੁੱਪ, ਨੀਦਰਲੈਂਡਜ਼। (g 4/07)

“ਤਕਨਾਲੋਜੀ ਕਾਰਨ ਅਮਰੀਕਾ ਵਿਚ ਨੌਕਰੀ ਤੇ ਬਿਤਾਏ ਗਏ ਸਮੇਂ ਨੂੰ ਇਕ ਸਦੀ ਵਿਚ 38 ਪ੍ਰਤਿਸ਼ਤ ਘਟਾਇਆ ਗਿਆ ਹੈ। ਪਰ ਲੋਕਾਂ ਕੋਲ ਫਿਰ ਵੀ ਹੋਰ ਕੰਮਾਂ ਲਈ ਵਿਹਲ ਨਹੀਂ। ਇਸ ਦੀ ਵਜ੍ਹਾ ਇਹ ਹੈ ਕਿ ਲੋਕ ਰੋਜ਼ਾਨਾ ਕੰਮ ਤੇ ਆਉਣ-ਜਾਣ ਵਿਚ ਜ਼ਿਆਦਾ ਸਮਾਂ ਲਗਾਉਂਦੇ ਹਨ, ਲੋਕ ਦੁਬਾਰਾ ਕਾਲਜ ਜਾ ਕੇ ਪੜ੍ਹਾਈ-ਲਿਖਾਈ ਕਰਦੇ ਹਨ ਅਤੇ ਘਰ ਦੇ ਕੰਮ-ਕਾਜ ਵਿਚ ਵਾਧਾ ਹੋ ਗਿਆ ਹੈ।”—ਫ਼ੌਬਸ, ਅਮਰੀਕਾ। (g 5/07)

ਵਿਗਿਆਨੀ ਸਟੀਵਨ ਹੋਕਿੰਗ ਨੇ ਇੰਟਰਨੈੱਟ ਤੇ ਕਿਹਾ: “ਦੁਨੀਆਂ ਦਾ ਵਾਤਾਵਰਣ ਦਿਨ-ਬ-ਦਿਨ ਵਿਗੜ ਰਿਹਾ ਹੈ। ਇਸ ਦੇ ਨਾਲ-ਨਾਲ ਰਾਜਨੀਤੀ ਅਤੇ ਸਮਾਜ ਦਾ ਵੀ ਬੁਰਾ ਹਾਲ ਹੈ।” ਫਿਰ ਉਸ ਨੇ ਇਕ ਸਵਾਲ ਪੁੱਛਿਆ: “ਕੀ ਇਨਸਾਨ ਧਰਤੀ ਉੱਤੇ ਇਸ ਹਾਲਤ ਵਿਚ 100 ਸਾਲ ਹੋਰ ਰਹਿ ਸਕਣਗੇ?” ਇਕ ਮਹੀਨੇ ਬਾਅਦ ਉਸ ਨੇ ਖ਼ੁਦ ਸਵੀਕਾਰ ਕੀਤਾ: “ਮੈਂ ਇਸ ਦਾ ਜਵਾਬ ਨਹੀਂ ਜਾਣਦਾ। ਮੈਂ ਇਹ ਸਵਾਲ ਇਸ ਲਈ ਕੀਤਾ ਸੀ ਤਾਂਕਿ ਲੋਕ ਇਸ ਬਾਰੇ ਸੋਚਣ ਤੇ ਉਸ ਖ਼ਤਰੇ ਨੂੰ ਪਛਾਣਨ ਜੋ ਸਾਡੇ ਸਿਰਾਂ ਤੇ ਮੰਡਰਾ ਰਿਹਾ ਹੈ।”—ਦ ਗਾਰਡੀਅਨ, ਬਰਤਾਨੀਆ। (g 6/07)

ਖੇਤੀ-ਬਾੜੀ ਦਾ ਕੰਮ ਸਿਹਤ ਲਈ ਫ਼ਾਇਦੇਮੰਦ

ਹਾਲ ਹੀ ਵਿਚ 14 ਦੇਸ਼ਾਂ ਤੋਂ ਆਏ 100 ਤੋਂ ਜ਼ਿਆਦਾ ਮਾਹਰ ਨਾਰਵੇ ਦੇ ਸਟਾਵੇਂਗਰ ਸ਼ਹਿਰ ਵਿਚ ਇਕੱਠੇ ਹੋਏ। ਉਹ ਅਜਿਹੇ ਪ੍ਰੋਗ੍ਰਾਮ ਬਾਰੇ ਸਿੱਖਣ ਲਈ ਇਕੱਠੇ ਹੋਏ ਸਨ ਜਿਸ ਵਿਚ ਖੇਤੀ-ਬਾੜੀ ਕਰਨ, ਸਿੱਖਿਆ ਲੈਣ ਅਤੇ ਸਿਹਤ ਦੀ ਦੇਖ-ਭਾਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਨਾਰਵੀ ਨੈਸ਼ਨਲ ਬ੍ਰਾਡਕਾਸਟਿੰਗ ਕੰਪਨੀ ਦੇ ਅਨੁਸਾਰ ਖੇਤੀ-ਬਾੜੀ ਦੇ ਕੰਮ ਨੇ ਕਈਆਂ ਸਾਲਾਂ ਤੋਂ ਮਾਨਸਿਕ ਤੌਰ ਤੇ ਬੀਮਾਰ ਲੋਕਾਂ ਉੱਤੇ ਅਜਿਹਾ ਚੰਗਾ ਅਸਰ ਪਾਇਆ ਹੈ ਕਿ ਉਨ੍ਹਾਂ ਨੂੰ ਹੁਣ ਪਾਗਲਖ਼ਾਨੇ ਵਿਚ ਰਹਿਣ ਦੀ ਕੋਈ ਜ਼ਰੂਰਤ ਨਹੀਂ। ਖੇਤੀ-ਬਾੜੀ ਦਾ ਕੰਮ “ਦਿਮਾਗ਼ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ।” ਨਾਰਵੇ ਵਿਚ 600 ਤੋਂ ਜ਼ਿਆਦਾ ਫਾਰਮ ਇਸ ਪ੍ਰੋਗ੍ਰਾਮ ਵਿਚ ਸ਼ਾਮਲ ਹੋਏ ਹਨ ਅਤੇ ਨਤੀਜੇ ਵਜੋਂ ਉਨ੍ਹਾਂ ਦੀ ਆਮਦਨ ਵਿਚ ਕਾਫ਼ੀ ਵਾਧਾ ਹੋਇਆ ਹੈ। (g 4/07)

ਚੀਨ ਵਿਚ ਪਾਣੀ ਦੀ ਸਮੱਸਿਆ

ਚੀਨ ਵਿਚ “ਪਾਣੀ ਦੇ ਪ੍ਰਦੂਸ਼ਣ ਕਰਕੇ ਸਾਫ਼ ਪਾਣੀ ਦੀ ਥੁੜ ਹੈ।” ਹਾਲਾਂਕਿ ਤਕਰੀਬਨ ਸਾਰੇ ਸ਼ਹਿਰਾਂ ਵਿਚ ਗੰਦਾ ਪਾਣੀ ਸਾਫ਼ ਕਰਨ ਲਈ ਵੇਸਟ ਵਾਟਰ ਟਰੀਟਮੈਂਟ ਪਲਾਂਟ ਹਨ, ਪਰ ਮਾਲੀ ਸਾਧਨਾਂ ਦੀ ਕਮੀ ਕਰਕੇ ਇਹ ਬੰਦ ਪਏ ਹਨ। ਦ ਵੌਲ ਸਟ੍ਰੀਟ ਜਰਨਲ ਰਸਾਲੇ ਵਿਚ ਛਪੀ ਇਕ ਰਿਪੋਰਟ ਮੁਤਾਬਕ, “ਚੀਨ ਦੇ ਜ਼ਿਆਦਾਤਰ ਦਰਿਆ, ਝੀਲਾਂ ਅਤੇ ਨਹਿਰਾਂ ਗੰਦੀਆਂ ਹੋ ਚੁੱਕੀਆਂ ਹਨ ਕਿਉਂਕਿ ਕਾਰਖ਼ਾਨਿਆਂ ਅਤੇ ਘਰਾਂ ਦੇ ਗੰਦੇ ਪਾਣੀ ਦੇ ਨਾਲ-ਨਾਲ ਖੇਤਾਂ ਵਿਚ ਵਰਤੀਆਂ ਜਾਂਦੀਆਂ ਕੀੜੇਮਾਰ ਦਵਾਈਆਂ ਵੀ ਇਨ੍ਹਾਂ ਵਿਚ ਆ ਰਲਦੀਆਂ ਹਨ।” ਇਸ ਤੋਂ ਇਲਾਵਾ, “ਲਗਭਗ 30 ਕਰੋੜ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਉਪਲਬਧ ਨਹੀਂ ਹੈ।” ਰਸਾਲਾ ਅੱਗੇ ਕਹਿੰਦਾ ਹੈ ਕਿ ਚੀਨ ਦੀ ਇਹ ਸਮੱਸਿਆ ਬਹੁਤ ਗੰਭੀਰ ਹੈ ਤੇ ਇਹ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। (g 5/07)

“ਕੀ ਤੁਸੀਂ ਯਹੋਵਾਹ ਦੇ ਗਵਾਹ ਹੋ?”

ਪਿਛਲੇ ਸਾਲ ਇਕ ਕੈਥੋਲਿਕ ਬਿਸ਼ਪ ਨੇ ਆਪਣੇ ਇਲਾਕੇ ਦੇ ਮੁੰਡੇ-ਕੁੜੀਆਂ ਨੂੰ ਧਰਮ-ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਹਰ ਈਸਾਈ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਸੱਦੇ ਨੂੰ ਸਵੀਕਾਰ ਕਰਨ ਵਾਲੇ ਨੌਜਵਾਨਾਂ ਨੇ ਇਟਲੀ ਦੇ ਐਲਬਾ ਟਾਪੂ ਦੀ ਸੈਰ ਕਰਨ ਆਏ ਸੈਲਾਨੀਆਂ ਨਾਲ ਈਸਾਈ ਧਰਮ ਬਾਰੇ ਗੱਲ ਕੀਤੀ। ਇਹ ਸੁਣ ਕੇ ਸੈਲਾਨੀ ਕਾਫ਼ੀ ਹੈਰਾਨ ਹੋਏ। ਈਲ ਟੈਮਪੋ ਅਖ਼ਬਾਰ ਮੁਤਾਬਕ  ਕਈ ਸੈਲਾਨੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਪੁੱਛਿਆ, “ਕੀ ਤੁਸੀਂ ਯਹੋਵਾਹ ਦੇ ਗਵਾਹ ਹੋ?” (g 5/07)

ਸੰਗੀਤ ਅਤੇ ਸੈਕਸ ਵਿਚ ਗੂੜ੍ਹਾ ਸੰਬੰਧ

ਅਸੋਸਿਏਟਿਡ ਪ੍ਰੈੱਸ ਨਾਮਕ ਅਖ਼ਬਾਰ ਨੇ ਨੌਜਵਾਨਾਂ ਉੱਤੇ ਕੀਤੇ ਇਕ ਅਧਿਐਨ ਉੱਤੇ ਰਿਪੋਰਟ ਦਿੰਦਿਆਂ ਕਿਹਾ ਕਿ ਜਿਹੜੇ ਮੁੰਡੇ-ਕੁੜੀਆਂ “ਅਸ਼ਲੀਲ, ਭੜਕਾਉ ਗਾਣੇ” ਸੁਣਦੇ ਹਨ, ਉਹ “ਹੋਰਨਾਂ ਨੌਜਵਾਨਾਂ ਦੇ ਮੁਕਾਬਲੇ ਘੱਟ ਉਮਰ ਵਿਚ ਹੀ ਸੈਕਸ ਕਰਨ ਲੱਗ ਪੈਂਦੇ ਹਨ।” ਇਸ ਰਿਪੋਰਟ ਮੁਤਾਬਕ, ਜਦੋਂ “ਗਾਣਿਆਂ ਵਿਚ ਮਰਦਾਂ ਨੂੰ ਸੈਕਸ ਦੇ ਭੁੱਖੇ ਭੇੜੀਏ ਵਜੋਂ ਅਤੇ ਔਰਤਾਂ ਨੂੰ ਕਾਮ-ਪੂਰਤੀ ਦੇ ਸਾਧਨਾਂ ਵਜੋਂ ਦਰਸਾਇਆ ਜਾਂਦਾ ਹੈ ਅਤੇ ਸੈਕਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ, ਤਾਂ ਇਨ੍ਹਾਂ ਨੂੰ ਸੁਣਨ ਵਾਲੇ ਨੌਜਵਾਨਾਂ ਵਿਚ ਵੀ ਵਾਸ਼ਨਾ ਭੜਕ ਉੱਠਦੀ ਹੈ। ਇਸ ਦੇ ਉਲਟ ਜਿਹੜੇ ਮੁੰਡੇ-ਕੁੜੀਆਂ ਪਿਆਰ-ਮੁਹੱਬਤ ਦੇ ਗਾਣੇ ਸੁਣਦੇ ਹਨ ਜਿਨ੍ਹਾਂ ਵਿਚ ਸੈਕਸ ਦਾ ਜ਼ਿਆਦਾ ਜ਼ਿਕਰ ਨਹੀਂ ਹੁੰਦਾ, ਉਨ੍ਹਾਂ ਦਾ ਧਿਆਨ ਸੈਕਸ ਵੱਲ ਘੱਟ ਜਾਂਦਾ ਹੈ।” ਸੋ ਅਖ਼ਬਾਰ ਨੇ ਕਿਹਾ ਕਿ “ਮਾਪਿਆਂ, ਸਿੱਖਿਅਕਾਂ ਅਤੇ ਨੌਜਵਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਗਾਣਿਆਂ ਦੇ ਬੋਲ ਕੀ ਸੰਦੇਸ਼ ਫੈਲਾ ਰਹੇ ਹਨ।” (g 5/07)