Skip to content

Skip to table of contents

ਹਵਾਈ ਟਾਪੂ ਉੱਤੇ ਨਿਰਾਲਾ ਪੰਛੀ ਚਕੋਰ

ਹਵਾਈ ਟਾਪੂ ਉੱਤੇ ਨਿਰਾਲਾ ਪੰਛੀ ਚਕੋਰ

ਹਵਾਈ ਟਾਪੂ ਉੱਤੇ ਨਿਰਾਲਾ ਪੰਛੀ ਚਕੋਰ

ਅਸੀਂ ਕਾਫ਼ੀ ਸਮੇਂ ਤੋਂ ਹਵਾਈ ਦੇ ਮਾਉਈ ਟਾਪੂ ਜਾਣ ਦੀ ਯੋਜਨਾ ਬਣਾ ਰਹੇ ਸੀ। ਅਸੀਂ ਖ਼ਾਸਕਰ ਹਾਲੇਆਕਾਲਾ ਜੁਆਲਾਮੁਖੀ ਦੀ ਟੀਸੀ ਉੱਤੋਂ ਦੀ ਚੜ੍ਹਦੇ ਸੂਰਜ ਦਾ ਨਜ਼ਾਰਾ ਦੇਖਣਾ ਚਾਹੁੰਦੇ ਸੀ। ਇਹ ਪਹਾੜ 3,055 ਮੀਟਰ (10,023 ਫੁੱਟ) ਉੱਚਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਜੁਆਲਾਮੁਖੀ ਤੋਂ ਚੜ੍ਹਦੇ ਸੂਰਜ ਦਾ ਨਜ਼ਾਰਾ ਦੇਖਣਾ ਲਾਜਵਾਬ ਹੁੰਦਾ ਹੈ। ਮਾਉਈ ਟਾਪੂ ਤੇ ਅਸੀਂ ਕਾਪਾਲੂਆ ਇਲਾਕੇ ਵਿਚ ਰਹੇ ਸਾਂ। ਹਾਲੇਆਕਾਲਾ ਜੁਆਲਾਮੁਖੀ ਟਾਪੂ ਦੇ ਦੂਜੇ ਪਾਸੇ ਸੀ। ਸੋ ਚੜ੍ਹਦੇ ਸੂਰਜ ਦਾ ਨਜ਼ਾਰਾ ਦੇਖਣ ਲਈ ਸਾਨੂੰ ਰਾਤ ਦੇ ਦੋ ਵਜੇ ਜਾਗਣਾ ਪਿਆ। ਅਸੀਂ ਗੱਡੀ ਵਿਚ ਹਾਲੇਆਕਾਲਾ ਜੁਆਲਾਮੁਖੀ ਤਕ ਗਏ ਅਤੇ ਉੱਥੇ ਪਹੁੰਚ ਕੇ ਪਹਾੜ ਦੀ ਸਿੱਧੀ ਢਲਾਣ ਉੱਤੇ ਚੜ੍ਹਾਈ ਸ਼ੁਰੂ ਕੀਤੀ। ਅਸੀਂ ਸੋਚਿਆ ਸੀ ਕਿ ਇੰਨੇ ਤੜਕੇ ਰਾਹ ਕਾਫ਼ੀ ਸੁੰਨਸਾਨ ਹੋਵੇਗਾ। ਪਰ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਵਲ ਖਾਂਦੀ ਇਸ ਪਹਾੜੀ ਸੜਕ ਉੱਤੇ ਤਾਂ ਗੱਡੀਆਂ ਦੀ ਲਾਈਨ ਲੱਗੀ ਹੋਈ ਸੀ! ਜਦੋਂ ਅਸੀਂ ਪਹਾੜ ਦੇ ਉੱਪਰ ਪਹੁੰਚੇ, ਤਾਂ ਉੱਥੇ ਕਾਫ਼ੀ ਠੰਢ ਸੀ। ਪਰ ਅਸੀਂ ਠੰਢ ਤੋਂ ਬਚਣ ਲਈ ਆਪਣੇ ਨਾਲ ਕੰਬਲ ਲਿਆਏ ਸੀ।

ਛੇ ਵਜੇ ਦੇ ਕਰੀਬ ਪਹਾੜ ਉੱਪਰ ਸੈਂਕੜੇ ਲੋਕ ਇਕੱਠੇ ਹੋ ਗਏ ਸਨ। ਸਾਰੇ ਉਤਸੁਕਤਾ ਨਾਲ ਸੂਰਜ ਦੇ ਚੜ੍ਹਨ ਦੀ ਉਡੀਕ ਕਰ ਰਹੇ ਸਨ। ਅਸੀਂ ਆਪਣੇ ਕੈਮਰੇ ਤਿਆਰ ਰੱਖੇ ਹੋਏ ਸੀ ਤਾਂਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦਿਆਂ ਹੀ ਅਸੀਂ ਉਸ ਮਨਮੋਹਕ ਨਜ਼ਾਰੇ ਨੂੰ ਕੈਮਰੇ ਵਿਚ ਕੈਦ ਕਰ ਲਈਏ। ਪਰ ਸਾਡੀਆਂ ਆਸਾਂ ਤੇ ਪਾਣੀ ਫਿਰ ਗਿਆ! ਐਨ ਸੂਰਜ ਨਿਕਲਣ ਦੇ ਸਮੇਂ ਘਣੇ ਬੱਦਲਾਂ ਨੇ ਜੁਆਲਾਮੁਖੀ ਪਹਾੜ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਪਰ ਅਸਲ ਵਿਚ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ। ਸ਼ਾਂਤ ਮਹਾਂਸਾਗਰ ਦੇ ਨੇੜੇ ਦੀਆਂ ਪਹਾੜੀਆਂ ਉੱਤੇ ਇੱਦਾਂ ਆਮ ਹੀ ਹੁੰਦਾ ਹੈ। ਸੋ ਅਸੀਂ ਨਿਰਾਸ਼ ਹੋ ਕੇ ਉਡੀਕਣ ਲੱਗ ਪਏ ਕਿ ਕਦੋਂ ਚੜ੍ਹਦੇ ਸੂਰਜ ਦੀ ਗਰਮੀ ਨਾਲ ਬੱਦਲ ਪਰੇ ਹਟ ਜਾਣ। ਪਰ ਜਦੋਂ ਬੱਦਲ ਹਟੇ, ਤਾਂ ਸਾਡੀਆਂ ਅੱਖਾਂ ਦੇ ਸਾਮ੍ਹਣੇ ਜੋ ਨਜ਼ਾਰਾ ਸੀ, ਉਸ ਨੂੰ ਦੇਖ ਕੇ ਸਾਡੀਆਂ ਅੱਖਾਂ ਅੱਡੀਆਂ ਰਹਿ ਗਈਆਂ! ਜੁਆਲਾਮੁਖੀ ਦੇ ਵਿਸ਼ਾਲ ਕ੍ਰੇਟਰ ਵਿਚ ਪਗਡੰਡੀਆਂ ਦਾ ਜਾਲ ਵਿਛਿਆ ਹੋਇਆ ਸੀ। ਇਹ ਮਨਮੋਹਕ ਨਜ਼ਾਰਾ ਦੇਖ ਕੇ ਸਾਡੇ ਦਿਲ ਨੂੰ ਸਕੂਨ ਮਿਲਿਆ ਕਿ ਆਖ਼ਰਕਾਰ ਸਾਡਾ ਸਫ਼ਰ ਜ਼ਾਇਆ ਨਹੀਂ ਗਿਆ।

ਅਚਾਨਕ ਅਸੀਂ ਕਿਸੇ ਜਾਨਵਰ ਨੂੰ ਅਜੀਬ ਜਿਹੀ ਆਵਾਜ਼ ਵਿਚ “ਚਕਰ, ਚਕਰ” ਕਰਦਿਆਂ ਸੁਣਿਆ। ਜਦੋਂ ਅਸੀਂ ਇੱਧਰ-ਉੱਧਰ ਨਜ਼ਰ ਘੁਮਾ ਕੇ ਦੇਖਿਆ, ਤਾਂ ਸਾਨੂੰ ਇਕ ਪੰਛੀ ਨਜ਼ਰ ਆਇਆ ਜੋ ਇਹ ਆਵਾਜ਼ਾਂ ਕੱਢ ਰਿਹਾ ਸੀ। ਇਹ ਚਕੋਰ ਪੰਛੀ ਸੀ। ਇਸ ਯੂਰੇਸ਼ੀਆਈ ਪੰਛੀ ਦਾ ਲਾਤੀਨੀ ਨਾਂ ਅਲੈਕਟੋਰਿਸ ਚਕੋਰ ਹੈ। ਇਹ ਜ਼ਿਆਦਾ ਸਮਾਂ ਜ਼ਮੀਨ ਤੇ ਹੀ ਰਹਿੰਦਾ ਹੈ। ਸਾਨੂੰ ਦੇਖ ਕੇ ਉਹ ਉੱਡਿਆ ਨਹੀਂ, ਸਗੋਂ ਤੇਜ਼ੀ ਨਾਲ ਦੌੜ ਗਿਆ।

ਪਰ ਚਕੋਰ ਪੰਛੀ ਇਸ ਸੋਹਣੇ ਮਾਉਈ ਟਾਪੂ ਤੇ ਆਏ ਕਿੱਦਾਂ? ਇਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਸੀ। ਉੱਤਰੀ ਅਮਰੀਕਾ ਵਿਚ ਇਨ੍ਹਾਂ ਦਾ ਸ਼ਿਕਾਰ ਕਰਨ ਲਈ ਸਮੇਂ-ਸਮੇਂ ਤੇ ਇਨ੍ਹਾਂ ਨੂੰ ਜੰਗਲਾਂ ਵਿਚ ਛੱਡਿਆ ਜਾਂਦਾ ਹੈ। ਇਸ ਸ਼ਰਮਾਕਲ ਪੰਛੀ ਨੂੰ ਇੰਨਾ ਨੇੜਿਓਂ ਦੇਖ ਕੇ ਅਸੀਂ ਚੜ੍ਹਦੇ ਸੂਰਜ ਦੇ ਨਜ਼ਾਰੇ ਨੂੰ ਨਾ ਦੇਖ ਸਕਣ ਦੀ ਆਪਣੀ ਨਿਰਾਸ਼ਾ ਨੂੰ ਭੁੱਲ  ਗਏ। (g 2/07)