Skip to content

Skip to table of contents

ਆਓ ਸੋਹਣੇ ਵਨਵਾਟੂ ਦੀ ਸੈਰ ਕਰੀਏ

ਆਓ ਸੋਹਣੇ ਵਨਵਾਟੂ ਦੀ ਸੈਰ ਕਰੀਏ

ਆਓ ਸੋਹਣੇ ਵਨਵਾਟੂ ਦੀ ਸੈਰ ਕਰੀਏ

ਨਿਊ ਕੈਲੇਡੋਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਕੀ ਤੁਸੀਂ ਥੱਕੇ-ਟੁੱਟੇ ਮਹਿਸੂਸ ਕਰਦੇ ਹੋ ਜਾਂ ਕਿਸੇ ਕਿਸਮ ਦੀ ਟੈਂਸ਼ਨ ਵਿਚ ਹੋ? ਥਕਾਵਟ ਦੂਰ ਕਰਨ ਜਾਂ ਟੈਂਸ਼ਨ ਤੋਂ ਰਾਹਤ ਪਾਉਣ ਲਈ ਕੀ ਕਿਸੇ ਸੁੰਦਰ ਜਗ੍ਹਾ ਜਾਣ ਦਾ ਤੁਹਾਡਾ ਦਿਲ ਕਰਦਾ ਹੈ? ਇਕ ਅਜਿਹੀ ਜਗ੍ਹਾ ਜਿੱਥੇ ਸਮੁੰਦਰ ਕਿਨਾਰੇ ਤੁਸੀਂ ਧੁੱਪ ਸੇਕ ਸਕੋ, ਜਿਸ ਦੇ ਸਾਫ਼ ਤੇ ਫ਼ਰੋਜ਼ੀ ਰੰਗ ਦੇ ਪਾਣੀਆਂ ਵਿਚ ਤੈਰ ਸਕੋ ਤੇ ਜਿਸ ਦੇ ਸੰਘਣੇ ਜੰਗਲਾਂ ਵਿਚ ਸੈਰ ਕਰ ਸਕੋ ਜਾਂ ਉੱਥੇ ਦੇ ਦੋਸਤਾਨਾ ਸੁਭਾਅ ਦੇ ਲੋਕਾਂ ਨਾਲ ਮਿਲ-ਵਰਤ ਸਕੋ। ਕੀ ਧਰਤੀ ਤੇ ਇੱਦਾਂ ਦੀ ਕੋਈ ਜਗ੍ਹਾ ਹੈ? ਜੀ ਹਾਂ, ਆਓ ਅਸੀਂ ਤੁਹਾਨੂੰ ਲੈ ਚੱਲੀਏ ਦੂਰ ਸਮੁੰਦਰ ਵਿਚ ਵੱਸੇ ਵਨਵਾਟੂ ਦੇ ਅਨੇਕ ਟਾਪੂਆਂ ਤੇ।

ਵ ਨਵਾਟੂ ਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮੀ ਹਿੱਸੇ ਵਿਚ ਆਸਟ੍ਰੇਲੀਆ ਤੇ ਫ਼ਿਜੀ ਦੇ ਵਿਚਕਾਰ ਪੈਂਦਾ ਹੈ। ਇਹ 80 ਛੋਟੇ-ਛੋਟੇ ਟਾਪੂਆਂ ਦਾ ਬਣਿਆ ਹੋਇਆ ਹੈ। ਭੂ-ਵਿਗਿਆਨੀਆਂ ਦੇ ਮੁਤਾਬਕ, ਲੱਖਾਂ ਸਾਲ ਪਹਿਲਾਂ ਧਰਤੀ ਦੀ ਉਪਰਲੀ ਤਹਿ ਵਿਚ ਵੱਡੀਆਂ-ਵੱਡੀਆਂ ਪਲੇਟਾਂ ਦੇ ਟਕਰਾਅ ਕਾਰਨ ਇਸ ਜਗ੍ਹਾ ਵਿਸ਼ਾਲ ਪਹਾੜ ਬਣੇ ਜੋ ਸਮੁੰਦਰ ਵਿਚ ਖੜ੍ਹੇ ਹਨ। ਸਭ ਤੋਂ ਉੱਚੇ ਪਹਾੜਾਂ ਦੀਆਂ ਟੀਸੀਆਂ ਸਮੁੰਦਰ ਦੀ ਸਤਹ ਤੋਂ ਉੱਪਰ ਹਨ। ਇਹ ਟੀਸੀਆਂ ਹੀ ਅਸਲ ਵਿਚ ਵਨਵਾਟੂ ਦੇ ਟਾਪੂ ਹਨ। ਅੱਜ ਪਲੇਟਾਂ ਇਕ-ਦੂਜੀ ਥੱਲੇ ਖਿਸਕਣ ਨਾਲ ਭੁਚਾਲਾਂ ਦੇ ਝਟਕੇ ਲੱਗਦੇ ਰਹਿੰਦੇ ਹਨ ਤੇ ਨੌਂ ਸਰਗਰਮ ਜੁਆਲਾਮੁਖੀਆਂ ਵਿੱਚੋਂ ਲਾਵਾ ਨਿਕਲਦਾ ਰਹਿੰਦਾ ਹੈ। ਜਿਗਰੇ ਵਾਲੇ ਲੋਕ ਜੁਆਲਾਮੁਖੀ ਦੇ ਮੂੰਹ ਤੋਂ ਉਬਲਦੇ ਲਾਵੇ ਨੂੰ ਕਰੀਬ ਜਾ ਕੇ ਦੇਖ ਸਕਦੇ ਹਨ।

ਵਨਵਾਟੂ ਦੇ ਟਾਪੂਆਂ ਤੇ ਚਾਰੇ ਪਾਸੇ ਸਦਾਬਹਾਰ ਜੰਗਲ ਹਨ ਜੋ ਮਨ ਨੂੰ ਮੋਹ ਲੈਂਦੇ ਹਨ। ਇੱਥੇ ਬੋੜ੍ਹ ਦੇ ਰੁੱਖ ਆਮ ਹਨ। ਬੋੜ੍ਹ ਦੀਆਂ ਟਾਹਣੀਆਂ ਦੂਰ-ਦੂਰ ਤਕ ਫੈਲ ਜਾਂਦੀਆਂ ਹਨ। ਜੰਗਲਾਂ ਵਿਚ 150 ਤੋਂ ਵੱਧ ਕਿਸਮ ਦੇ ਆਰਕਿਡ ਨਾਂ ਦੇ ਫੁੱਲ ਤੇ 250 ਕਿਸਮਾਂ ਦੇ ਫਰਨ ਪਾਏ ਜਾਂਦੇ ਹਨ। ਉੱਚੀਆਂ-ਨੀਵੀਆਂ ਪਹਾੜੀਆਂ ਨਾਲ ਘਿਰੀਆਂ ਸਾਫ਼-ਸੁਥਰੀਆਂ ਬੀਚਾਂ ਅਤੇ ਸਮੁੰਦਰ ਦੇ ਫ਼ਰੋਜ਼ੀ ਰੰਗ ਦੇ ਸਾਫ਼ ਪਾਣੀਆਂ ਵਿਚ ਤੈਰਦੀਆਂ ਰੰਗ-ਬਰੰਗੀਆਂ ਮੱਛੀਆਂ ਇਨ੍ਹਾਂ ਟਾਪੂਆਂ ਦੀ ਸੁੰਦਰਤਾ ਨੂੰ ਚਾਰ ਚੰਦ ਲਾਉਂਦੀਆਂ ਹਨ। ਦੁਨੀਆਂ ਭਰ ਤੋਂ ਸੈਲਾਨੀ ਏਪੀ ਟਾਪੂ ਤੇ ਆ ਕੇ ਸਮੁੰਦਰ ਵਿਚ ਅਠਖੇਲੀਆਂ ਕਰਦੇ ਡੂਗੌਂਗ ਨਾਂ ਦੇ ਸਮੁੰਦਰੀ ਜਾਨਵਰ ਨਾਲ ਤੈਰਨ ਦਾ ਆਨੰਦ ਮਾਣਦੇ ਹਨ। *

ਆਦਮਖ਼ੋਰ ਤੇ ਧਾਰਮਿਕ ਰਸਮਾਂ-ਰੀਤਾਂ

ਯੂਰਪੀ ਖੋਜਕਾਰਾਂ ਨੇ 1606 ਵਿਚ ਵਨਵਾਟੂ ਦੀ ਧਰਤੀ ਤੇ ਪਹਿਲੀ ਵਾਰ ਕਦਮ ਰੱਖਿਆ। * ਉਸ ਵੇਲੇ ਕਈ ਕਬੀਲਿਆਂ ਦੇ ਲੋਕ ਉੱਥੇ ਰਹਿੰਦੇ ਸਨ ਜੋ ਇਨਸਾਨ ਦਾ ਮਾਸ ਖਾਂਦੇ ਸਨ। ਵਨਵਾਟੂ ਦੇ ਜੰਗਲ ਸੰਦਲ ਦੇ ਰੁੱਖਾਂ ਨਾਲ ਲੱਦੇ ਹੋਏ ਸਨ। ਇਹ ਲੱਕੜੀ ਏਸ਼ੀਆ ਵਿਚ ਬਹੁਤ ਹੀ ਮਹਿੰਗੇ ਭਾਅ ਵਿੱਕਦੀ ਸੀ। ਇਹ ਜਾਣਦਿਆਂ ਕਿ ਸੰਦਲ ਦੀ ਲੱਕੜੀ ਵੇਚ ਕੇ ਵੱਡਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ, ਯੂਰਪੀ ਵਪਾਰੀਆਂ ਨੇ ਜੰਗਲਾਂ ਦੀ ਕਟਾਈ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ ਇਕ ਹੋਰ ਧੰਦਾ ਸ਼ੁਰੂ ਕੀਤਾ। ਉਹ ਕੀ ਸੀ?

ਉਨ੍ਹਾਂ ਨੇ ਵਨਵਾਟੂ ਦੇ ਲੋਕਾਂ ਨੂੰ ਸਮੋਆ, ਫ਼ਿਜੀ ਤੇ ਆਸਟ੍ਰੇਲੀਆ ਵਿਚ ਕਮਾਦ ਅਤੇ ਕਪਾਹ ਦੇ ਖੇਤਾਂ ਵਿਚ ਕੰਮ ਕਰਨ ਲਈ ਲੈ ਜਾਣਾ ਸ਼ੁਰੂ ਕਰ ਦਿੱਤਾ। ਕਹਿਣ ਨੂੰ ਤਾਂ ਟਾਪੂ ਦੇ ਲੋਕ ਆਪਣੀ ਮਰਜ਼ੀ ਨਾਲ ਤਿੰਨ ਸਾਲਾਂ ਲਈ ਉੱਥੇ ਕੰਮ ਕਰਨ ਜਾਂਦੇ ਸਨ। ਪਰ ਅਸਲ ਵਿਚ ਉਨ੍ਹਾਂ ਨੂੰ ਅਗਵਾ ਕਰ ਕੇ ਜਬਰੀ ਕੰਮ ਤੇ ਲਾਇਆ ਜਾਂਦਾ ਸੀ। 1800 ਦੇ ਦਹਾਕੇ ਦੇ ਅਖ਼ੀਰ ਤਕ ਵਨਵਾਟੂ ਦੇ ਕੁਝ ਟਾਪੂਆਂ ਦੇ ਅੱਧੇ ਤੋਂ ਜ਼ਿਆਦਾ ਬੰਦੇ ਦੂਰ ਦੇਸ਼ਾਂ ਵਿਚ ਕੰਮ ਕਰ ਰਹੇ ਸਨ। ਅਨੇਕਾਂ ਨੇ ਆਪਣੇ ਪਰਿਵਾਰ ਮੁੜ ਕੇ ਨਹੀਂ ਦੇਖੇ। ਇਨ੍ਹਾਂ ਵਿੱਚੋਂ ਲਗਭਗ 10,000 ਬੰਦੇ ਆਸਟ੍ਰੇਲੀਆ ਵਿਚ ਬੀਮਾਰੀਆਂ ਦੀ ਭੇਂਟ ਚੜ੍ਹ ਗਏ।

ਯੂਰਪੀ ਵਪਾਰੀ ਆਪਣੇ ਨਾਲ ਕਈ ਕਿਸਮ ਦੀਆਂ ਬੀਮਾਰੀਆਂ ਵੀ ਲੈ ਕੇ ਆਏ। ਇਨ੍ਹਾਂ ਬੀਮਾਰੀਆਂ ਨੇ ਵਨਵਾਟੂ ਦੇ ਟਾਪੂਆਂ ਤੇ ਬਹੁਤ ਤਬਾਹੀ ਮਚਾਈ। ਉੱਥੇ ਦੇ ਮੂਲ ਵਾਸੀ ਖਸਰਾ, ਹੈਜ਼ਾ ਤੇ ਚੇਚਕ ਵਰਗੀਆਂ ਘਾਤਕ ਬੀਮਾਰੀਆਂ ਦਾ ਸਾਮ੍ਹਣਾ ਨਾ ਕਰ ਸਕੇ। ਇਕ ਕਿਤਾਬ ਕਹਿੰਦੀ ਹੈ ਕਿ ਵਨਵਾਟੂ ਦੇ ਲੋਕਾਂ ਵਿਚ ਨਵੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨਹੀਂ ਸੀ ਜਿਸ ਕਰਕੇ “ਜ਼ੁਕਾਮ ਪੂਰੀ ਦੀ ਪੂਰੀ ਵਸੋਂ ਨੂੰ ਮਾਰ ਮੁਕਾ ਸਕਦਾ ਸੀ।”

ਈਸਾਈ ਮਿਸ਼ਨਰੀਆਂ ਨੇ ਵਨਵਾਟੂ ਵਿਚ ਪਹਿਲੀ ਦਫ਼ਾ 1839 ਵਿਚ ਦਰਸ਼ਣ ਦਿੱਤੇ। ਟਾਪੂ ਦੇ ਮੂਲ ਵਾਸੀਆਂ ਨੇ ਤੁਰੰਤ ਉਨ੍ਹਾਂ ਨੂੰ ਖਾਣੇ ਤੇ ਬੁਲਾਇਆ, ਪਰ ਉਨ੍ਹਾਂ ਨੇ ਮਿਸ਼ਨਰੀਆਂ ਨੂੰ ਹੀ ਰਿੰਨ ਕੇ ਖਾ ਲਿਆ। ਉਨ੍ਹਾਂ ਤੋਂ ਬਾਅਦ ਆਉਣ ਵਾਲੇ ਮਿਸ਼ਨਰੀਆਂ ਦਾ ਵੀ ਇਹੋ ਹਾਲ ਹੋਇਆ। ਪਰ ਸਮਾਂ ਪਾ ਕੇ ਪ੍ਰੋਟੈਸਟੈਂਟ ਤੇ ਕੈਥੋਲਿਕ ਮਿਸ਼ਨਰੀ ਵਨਵਾਟੂ ਦੇ ਲੋਕਾਂ ਨੂੰ ਚਰਚ ਦੀਆਂ ਸਿੱਖਿਆਵਾਂ ਸਿਖਾਉਣ ਵਿਚ ਸਫ਼ਲ ਹੋ ਗਏ। ਅੱਜ ਵਨਵਾਟੂ ਦੇ 80 ਫੀ ਸਦੀ ਤੋਂ ਜ਼ਿਆਦਾ ਲੋਕ ਚਰਚ ਦੇ ਮੈਂਬਰ ਹੋਣ ਦਾ ਦਾਅਵਾ ਕਰਦੇ ਹਨ। ਫਿਰ ਵੀ ਉਨ੍ਹਾਂ ਨੇ ਆਪਣੇ ਪੁਰਾਣੇ ਰੀਤੀ-ਰਿਵਾਜ ਨਹੀਂ ਛੱਡੇ। ਇਕ ਲੇਖਕ ਦੱਸਦਾ ਹੈ: ‘ਇੱਥੋਂ ਦੇ ਲੋਕ ਹਾਲੇ ਤਕ ਵੀ ਕਿਸੇ ਦੁਸ਼ਮਣ ਦੀ ਜਾਨ ਲੈਣ ਜਾਂ ਨਵੇਂ ਪ੍ਰੇਮੀ ਦਾ ਦਿਲ ਜਿੱਤਣ ਲਈ ਜਾਂ ਸੂਰ ਨੂੰ ਮੋਟਾ-ਤਾਜ਼ਾ ਕਰਨ ਵਿਚ ਜਾਦੂ-ਟੂਣੇ ਦਾ ਸਹਾਰਾ ਲੈਂਦੇ ਹਨ।’

ਵਨਵਾਟੂ ਦੇ ਲੋਕ ਬਹੁਤ ਅੰਧ-ਵਿਸ਼ਵਾਸੀ ਹਨ। ਕਈ ਧਾਰਮਿਕ ਸਮੂਹ ਮੰਨਦੇ ਹਨ ਕਿ ਟੂਣਾ-ਟੱਪਾ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਦੂਜੇ ਵਿਸ਼ਵ ਯੁੱਧ ਦੇ ਸਮੇਂ ਸ਼ਾਂਤ ਮਹਾਂਸਾਗਰ ਦੇ ਇਲਾਕਿਆਂ ਵਿਚ ਲੜਾਈ ਲੱਗੀ ਹੋਈ ਸੀ। ਇਨ੍ਹਾਂ ਇਲਾਕਿਆਂ ਵਿਚ ਭੇਜੇ ਗਏ ਪੰਜ ਲੱਖ ਅਮਰੀਕੀ ਸਿਪਾਹੀਆਂ ਨੂੰ ਵਨਵਾਟੂ ਦੇ ਟਾਪੂਆਂ ਤੋਂ ਹੋ ਕੇ ਜਾਣਾ ਪੈਂਦਾ ਸੀ। ਵਨਵਾਟੂ ਦੇ ਲੋਕ ਫ਼ੌਜੀਆਂ ਦਾ ਕੀਮਤੀ ਤੇ ਵਧੀਆ ਸਾਮਾਨ ਦੇਖ ਕੇ ਹੈਰਾਨ ਰਹਿ ਗਏ। ਜਦੋਂ ਲੜਾਈ ਖ਼ਤਮ ਹੋਈ, ਤਾਂ ਫ਼ੌਜੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਵਾਪਸ ਚਲੇ ਗਏ। ਲੇਕਿਨ ਉਨ੍ਹਾਂ ਨੇ ਵਾਧੂ ਸਾਮਾਨ ਜਿਸ ਦੀ ਕੀਮਤ ਲੱਖਾਂ ਵਿਚ ਸੀ, ਸਮੁੰਦਰ ਵਿਚ ਸੁੱਟ ਦਿੱਤਾ। ਇਹੋ ਜਿਹਾ ਕੀਮਤੀ ਸਾਮਾਨ ਲਗਾਤਾਰ ਹਾਸਲ ਕਰਨ ਲਈ ਟਾਪੂ ਦੇ ਲੋਕਾਂ ਨੇ ਸੋਚਿਆ ਕਿ ਟੂਣਾ-ਟੱਪਾ ਕਰਨ ਨਾਲ ਫ਼ੌਜੀ ਫਿਰ ਤੋਂ ਵਨਵਾਟੂ ਆਉਣਾ ਸ਼ੁਰੂ ਕਰ ਦੇਣਗੇ। ਸੋ ਕੁਝ ਧਾਰਮਿਕ ਫਿਰਕਿਆਂ ਨੇ ਸਮੁੰਦਰ ਦੇ ਕੰਢਿਆਂ ਤੇ ਘਾਟ ਬਣਾਏ ਤੇ ਹਵਾਈ ਜਹਾਜ਼ਾਂ ਲਈ ਰੰਨਵੇ ਵੀ। ਉਹ ਨਕਲੀ ਬੰਦੂਕਾਂ ਵਗੈਰਾ ਚੁੱਕ ਕੇ ਮਿਲਟਰੀ ਡ੍ਰਿਲ ਵੀ ਕਰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਇੱਦਾਂ ਕਰਨ ਨਾਲ ਚੰਗੀਆਂ ਰੂਹਾਂ ਫ਼ੌਜੀਆਂ ਨੂੰ ਵਾਪਸ ਲੈ ਆਉਣਗੀਆਂ। ਅੱਜ ਵੀ ਟਾਨਾ ਟਾਪੂ ਤੇ ਸੈਂਕੜੇ ਲੋਕ ਅਮਰੀਕੀ ਫ਼ੌਜੀ ਜੌਨ ਫ੍ਰਮ ਨੂੰ ਪੂਜਦੇ ਹਨ ਜਿਸ ਨੂੰ ਕਦੇ ਕਿਸੇ ਨੇ ਅੱਖੀਂ ਨਹੀਂ ਦੇਖਿਆ। ਉਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਇਕ ਦਿਨ ਉਹ ਉਨ੍ਹਾਂ ਲਈ ਚੀਜ਼ਾਂ ਨਾਲ ਭਰਿਆ ਸਮੁੰਦਰੀ ਜਹਾਜ਼ ਲੈ ਕੇ ਆਵੇਗਾ।

ਸਭਿਆਚਾਰਕ ਵੰਨ-ਸੁਵੰਨਤਾ

ਵਨਵਾਟੂ ਦੇ ਟਾਪੂਆਂ ਤੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਹਨ। ਉਨ੍ਹਾਂ ਦੇ ਰੀਤੀ-ਰਿਵਾਜ ਵੀ ਇਕ-ਦੂਜੇ ਤੋਂ ਭਿੰਨ ਹਨ। ਵਨਵਾਟੂ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਜਨਸੰਖਿਆ ਦੇ ਹਿਸਾਬ ਨਾਲ ਵਨਵਾਟੂ ਵਿਚ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।’ ਇਨ੍ਹਾਂ ਟਾਪੂਆਂ ਵਿਚ ਲਗਭਗ 105 ਭਾਸ਼ਾਵਾਂ ਤੇ ਅਨੇਕ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੌਮੀ ਭਾਸ਼ਾ ਬੀਸਲਾਮਾ ਦੇ ਨਾਲ-ਨਾਲ ਅੰਗ੍ਰੇਜ਼ੀ ਤੇ ਫ੍ਰੈਂਚ ਵੀ ਸਰਕਾਰੀ ਭਾਸ਼ਾਵਾਂ ਹਨ।

ਪਰ ਵਨਵਾਟੂ ਦੇ ਲੋਕਾਂ ਵਿਚ ਇਕ ਚੀਜ਼ ਸਮਾਨ ਹੈ। ਉਹ ਰੀਤੀ-ਰਿਵਾਜਾਂ ਵਿਚ ਬਹੁਤ ਵਿਸ਼ਵਾਸ ਰੱਖਦੇ ਹਨ। ਮਿਸਾਲ ਲਈ, ਧਰਤੀ ਨੂੰ ਉਪਜਾਊ ਬਣਾਉਣ ਸੰਬੰਧੀ ਪੈਂਟੀਕੋਸਟ ਟਾਪੂ ਦੀ ਇਕ ਪ੍ਰਾਚੀਨ ਰੀਤ ਕਰਕੇ ਹੀ ਅੱਜ ਬੰਜੀ ਜੰਪਿੰਗ (ਉਚਾਈ ਤੋਂ ਛਲਾਂਗ ਮਾਰਨ ਦੀ ਖ਼ਤਰਨਾਕ ਖੇਡ) ਦੁਨੀਆਂ ਭਰ ਵਿਚ ਇਕ ਲੋਕਪ੍ਰਿਯ ਖੇਡ ਬਣ ਗਈ ਹੈ। ਹਰ ਸਾਲ ਕਚਾਲੂ ਦੀ ਫ਼ਸਲ ਦੀ ਵਾਢੀ ਦੇ ਸਮੇਂ ਪੈਂਟੀਕੋਸਟ ਟਾਪੂ ਵਿਚ ਆਦਮੀ ਤੇ ਮੁੰਡੇ ਆਪਣੇ ਪੈਰਾਂ ਨਾਲ ਲੰਬੀਆਂ ਵੇਲਾਂ ਬੰਨ੍ਹ ਕੇ 60 ਤੋਂ 100 ਫੁੱਟ ਉੱਚੀ ਲੱਕੜ ਦੀ ਪੈੜ ਤੋਂ ਛਾਲਾਂ ਮਾਰਦੇ ਹਨ। ਇਹੀ ਵੇਲਾਂ ਉਨ੍ਹਾਂ ਨੂੰ ਮਰਨ ਤੋਂ ਬਚਾਉਂਦੀਆਂ ਹਨ। ਵੇਲਾਂ ਇੰਨੀਆਂ ਲੰਬੀਆਂ ਹੁੰਦੀਆਂ ਹਨ ਕਿ ਡਿੱਗਦੇ ਸਾਰ ਬੰਦੇ ਦਾ ਸਿਰ ਹੀ ਮਾੜਾ ਜਿਹਾ ਜ਼ਮੀਨ ਨਾਲ ਲੱਗਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਜ਼ਮੀਨ ਅਗਲੇ ਸਾਲ ਲਈ ਉਪਜਾਊ ਹੋ ਜਾਂਦੀ ਹੈ।

ਹਾਲ ਹੀ ਦੇ ਸਾਲਾਂ ਤਕ ਮਾਲੇਕੁਲਾ ਟਾਪੂ ਦੇ ਕੁਝ ਪਿੰਡਾਂ ਨੇ ਆਪਣੇ ਆਪ ਨੂੰ ਬਾਕੀ ਦੁਨੀਆਂ ਤੋਂ ਵੱਖ ਰੱਖਿਆ ਹੋਇਆ ਸੀ। ਵੱਡੇ ਨਾਂਬਾ ਅਤੇ ਛੋਟੇ ਨਾਂਬਾ ਨਾਮਕ ਕਬੀਲਿਆਂ ਦੇ ਲੋਕ ਇਸ ਟਾਪੂ ਤੇ ਰਹਿੰਦੇ ਹਨ। ਇਕ ਸਮੇਂ ਤੇ ਇਹ ਲੋਕ ਆਦਮਖ਼ੋਰ ਹੁੰਦੇ ਸਨ, ਪਰ ਉਨ੍ਹਾਂ ਨੇ ਆਖ਼ਰੀ ਵਾਰ ਇਨਸਾਨ ਦਾ ਮਾਸ 1974 ਵਿਚ ਖਾਧਾ। ਇਸੇ ਤਰ੍ਹਾਂ ਇਨ੍ਹਾਂ ਲੋਕਾਂ ਦੀ ਰੀਤ ਸੀ ਕਿ ਉਹ ਨਵ-ਜੰਮੇ ਮੁੰਡਿਆਂ ਦੇ ਸਿਰਾਂ ਤੇ ਕੱਸ ਕੇ ਕੱਪੜਾ ਬੰਨ੍ਹਦੇ ਸਨ ਤਾਂਕਿ ਉਨ੍ਹਾਂ ਦੀਆਂ ਖੋਪੜੀਆਂ ਲੰਬੀਆਂ ਹੋ ਕੇ “ਸੋਹਣੀਆਂ” ਦਿੱਸਣ। ਇਹ ਰੀਤ ਵੀ ਬਹੁਤ ਸਾਲ ਪਹਿਲਾਂ ਖ਼ਤਮ ਹੋ ਗਈ ਸੀ। ਅੱਜ ਨਾਂਬਾ ਲੋਕ ਦੂਸਰਿਆਂ ਨਾਲ ਮਿਲਣਾ-ਵਰਤਣਾ ਤੇ ਆਪਣਾ ਸਭਿਆਚਾਰ ਦੂਸਰਿਆਂ ਨਾਲ ਸਾਂਝਾ ਕਰਨਾ ਪਸੰਦ ਕਰਦੇ ਹਨ।

ਵਨਾਵਟੂ ਵਿਚ ਬਾਈਬਲ ਦਾ ਪ੍ਰਚਾਰ

ਜ਼ਿਆਦਾ ਕਰਕੇ ਲੋਕ ਵਨਵਾਟੂ ਵਿਚ ਛੁੱਟੀਆਂ ਮਨਾਉਣ ਆਉਂਦੇ ਹਨ। ਪਰ ਯਹੋਵਾਹ ਦੇ ਗਵਾਹ ਇੱਥੇ ਆ ਕੇ 70 ਸਾਲਾਂ ਤੋਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾ ਰਹੇ ਹਨ। “ਧਰਤੀ ਦੇ ਬੰਨੇ” ਸਥਿਤ ਇਨ੍ਹਾਂ ਟਾਪੂਆਂ ਤੇ ਉਨ੍ਹਾਂ ਦੇ ਪ੍ਰਚਾਰ ਦੇ ਵਧੀਆ ਨਤੀਜੇ ਨਿਕਲੇ ਹਨ। (ਰਸੂਲਾਂ ਦੇ ਕਰਤੱਬ 1:8) (“ਕਾਵੇ ਦਾ ਨਸ਼ੇੜੀ ਹੁਣ ਯਹੋਵਾਹ ਦਾ ਗਵਾਹ” ਨਾਂ ਦੀ ਡੱਬੀ ਦੇਖੋ।) 2006 ਵਿਚ ਵਨਵਾਟੂ ਦੀਆਂ ਪੰਜ ਕਲੀਸਿਯਾਵਾਂ ਦੇ ਗਵਾਹਾਂ ਨੇ 80,000 ਤੋਂ ਜ਼ਿਆਦਾ ਘੰਟੇ ਪ੍ਰਚਾਰ ਕੰਮ ਵਿਚ ਲਾਏ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮੇਸ਼ੁਰ ਛੇਤੀ ਹੀ ਇਕ ਨਵਾਂ ਸੰਸਾਰ ਵਸਾਏਗਾ। (ਯਸਾਯਾਹ 65:17-25) ਉਸ ਸਮੇਂ ਸਾਨੂੰ ਅੱਜ ਵਾਂਗ ਦੁੱਖਾਂ-ਤਕਲੀਫ਼ਾਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪਏਗਾ!—ਪਰਕਾਸ਼ ਦੀ ਪੋਥੀ 21:4. (g 9/07)

[ਫੁਟਨੋਟ]

^ ਪੈਰਾ 5 ਡੂਗੌਂਗ ਇਕ ਸ਼ਾਕਾਹਾਰੀ ਥਣਧਾਰੀ ਜੀਵ ਹੈ। ਇਸ ਦੀ ਲੰਬਾਈ 11 ਫੁੱਟ ਤੇ ਵਜ਼ਨ 400 ਕਿਲੋ ਤੋਂ ਉੱਪਰ ਹੁੰਦਾ ਹੈ।

^ ਪੈਰਾ 7 1980 ਵਿਚ ਆਜ਼ਾਦੀ ਮਿਲਣ ਤੋਂ ਪਹਿਲਾਂ ਵਨਵਾਟੂ ਨਿਊ ਹੈਬਰੇਡੀਜ਼ ਦੇ ਨਾਂ ਤੋਂ ਜਾਣਿਆ ਜਾਂਦਾ ਸੀ।

[ਸਫ਼ਾ 17 ਉੱਤੇ ਤਸਵੀਰ/ਡੱਬੀ]

ਟਾਪੂ ਦੇ ਖ਼ੁਸ਼ ਲੋਕ

2006 ਵਿਚ ਬ੍ਰਿਟੇਨ ਦੀ ਨਿਊ ਇਕੋਨਾਮਿਕਸ ਫਾਊਂਡੇਸ਼ਨ ਨਾਂ ਦੀ ਸੰਸਥਾ ਨੇ 178 ਦੇਸ਼ਾਂ ਦਾ ਸਰਵੇ ਕੀਤਾ ਕਿ ਉੱਥੇ ਦੇ ਲੋਕ ਕਿੰਨੇ ਖ਼ੁਸ਼ ਹਨ, ਕਿੰਨੀ ਉਮਰ ਮਾਣਦੇ ਹਨ ਤੇ ਧਰਤੀ ਦੇ ਕੁਦਰਤੀ ਸੋਮੇ ਕਿਸ ਹਾਲਤ ਵਿਚ ਹਨ। ਇਸ ਸਰਵੇ ਅਨੁਸਾਰ ਵਨਵਾਟੂ ਇਸ ਸੂਚੀ ਵਿਚ ਪਹਿਲੇ ਨੰਬਰ  ਤੇ ਸੀ। “[ਵਨਵਾਟੂ] ਪਹਿਲੇ ਨੰਬਰ ਤੇ ਇਸ ਕਰਕੇ  ਆਇਆ ਕਿਉਂਕਿ ਇੱਥੋਂ ਦੇ ਲੋਕ ਖ਼ੁਸ਼ ਹਨ, ਲਗਭਗ  70 ਸਾਲ ਜੀਉਂਦੇ ਹਨ ਅਤੇ ਵਾਤਾਵਰਣ ਨੂੰ  ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦੇ। ”—ਵਨਾਵਟੂ ਡੇਲੀ ਪੋਸਟ ਅਖ਼ਬਾਰ।

[ਤਸਵੀਰ]

ਰਵਾਇਤੀ ਪਹਿਰਾਵਾ

[ਕ੍ਰੈਡਿਟ ਲਾਈਨ]

© Kirklandphotos.com

[ਸਫ਼ਾ 17 ਉੱਤੇ ਤਸਵੀਰ/ਡੱਬੀ]

ਕਾਵੇ ਦਾ ਨਸ਼ੇੜੀ ਹੁਣ ਯਹੋਵਾਹ ਦਾ ਗਵਾਹ

ਵਿਲੀ ਪੈਂਟੀਕੋਸਟ ਟਾਪੂ ਤੇ ਰਹਿੰਦਾ ਹੈ। ਉਸ ਨੂੰ ਅੱਲ੍ਹੜ ਉਮਰ ਵਿਚ ਹੀ ਕਾਵਾ ਪੀਣ ਦੀ ਆਦਤ ਪੈ ਗਈ ਸੀ। ਕਾਵਾ ਪੈੱਪਰ ਬੂਟੇ ਦੀਆਂ ਜੜ੍ਹਾਂ ਨੂੰ ਕੁੱਟ ਕੇ ਬਣਾਇਆ ਜਾਂਦਾ ਹੈ ਜਿਸ ਨੂੰ ਪੀ ਕੇ ਛੇਤੀ ਨਸ਼ਾ ਚੜ੍ਹ ਜਾਂਦਾ ਹੈ। ਵਿਲੀ ਰੋਜ਼ ਰਾਤ ਨੂੰ ਨਸ਼ੇ ਵਿਚ ਟੱਲੀ ਹੋ ਕੇ ਡਗਮਗਾਉਂਦਾ ਹੋਇਆ ਘਰ ਮੁੜਦਾ ਸੀ। ਪੀਣ ਦੀ ਬੁਰੀ ਆਦਤ ਕਰਕੇ ਉਸ ਦੇ ਸਿਰ ਤੇ ਕਰਜ਼ਾ ਚੜ੍ਹਦਾ ਗਿਆ। ਉਹ ਅਕਸਰ ਗੁੱਸੇ ਵਿਚ ਆ ਕੇ ਆਪਣੀ ਪਤਨੀ ਆਇਡਾ ਤੇ ਹੱਥ ਚੁੱਕਦਾ ਸੀ। ਇਕ ਦਿਨ ਉਸ ਨਾਲ ਕੰਮ ਕਰਨ ਵਾਲੇ ਇਕ ਯਹੋਵਾਹ ਦੇ ਗਵਾਹ ਨੇ ਉਸ ਨੂੰ ਬਾਈਬਲ ਦੀ ਸਟੱਡੀ ਕਰਨ ਦੀ ਪ੍ਰੇਰਣਾ ਦਿੱਤੀ। ਵਿਲੀ ਸਟੱਡੀ ਕਰਨ ਲਈ ਮੰਨ ਗਿਆ ਜਦ ਕਿ ਉਸ ਦੀ ਪਤਨੀ ਨੇ ਪਹਿਲਾਂ-ਪਹਿਲ ਸਟੱਡੀ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਬਾਅਦ ਵਿਚ ਉਸ ਨੇ ਵਿਲੀ ਦੇ ਵਤੀਰੇ ਵਿਚ ਸੁਧਾਰ ਆਉਂਦਾ ਦੇਖ ਕੇ ਆਪਣਾ ਮਨ ਬਦਲ ਲਿਆ ਤੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਦੋਵੇਂ ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖਦੇ ਰਹੇ। ਸਮਾਂ ਪਾ ਕੇ ਵਿਲੀ ਨੇ ਆਪਣੀਆਂ ਸਾਰੀਆਂ ਮਾੜੀਆਂ ਆਦਤਾਂ ਛੱਡ ਦਿੱਤੀਆਂ। ਵਿਲੀ ਤੇ ਆਇਡਾ 1999 ਵਿਚ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ।

[ਸਫ਼ਾ 15 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਨਿਊਜ਼ੀਲੈਂਡ

ਆਸਟ੍ਰੇਲੀਆ

ਸ਼ਾਂਤ ਮਹਾਂਸਾਗਰ

ਫ਼ਿਜੀ

[ਸਫ਼ਾ 16 ਉੱਤੇ ਤਸਵੀਰ]

ਧਰਤੀ ਨੂੰ ਉਪਜਾਊ ਬਣਾਉਣ ਦੀ ਰੀਤ ਮੁਤਾਬਕ ਆਦਮੀ ਤੇ ਮੁੰਡੇ ਉਚਾਈ ਤੋਂ ਛਾਲ ਮਾਰਦੇ ਹਨ

[ਕ੍ਰੈਡਿਟ ਲਾਈਨ]

© Kirklandphotos.com

[ਸਫ਼ਾ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Kirklandphotos.com

[ਸਫ਼ਾ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Kirklandphotos.com

[ਸਫ਼ਾ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Kirklandphotos.com