Skip to content

Skip to table of contents

ਆਪਣੀ ਪੈਂਸਿਲ ਦਿਓਗੇ ਜ਼ਰਾ?

ਆਪਣੀ ਪੈਂਸਿਲ ਦਿਓਗੇ ਜ਼ਰਾ?

ਆਪਣੀ ਪੈਂਸਿਲ ਦਿਓਗੇ ਜ਼ਰਾ?

ਬ੍ਰਿਟੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਪੈਂਸਿਲ ਦੇ ਵੀ ਕੀ ਕਹਿਣੇ। ਇਹ ਸਸਤੀ ਹੈ, ਹਲਕੀ ਹੈ ਤੇ ਜਦੋਂ ਚਾਹੋ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ। ਇਹ ਜੇਬ ਵਿਚ ਆਰਾਮ ਨਾਲ ਰੱਖੀ ਜਾ ਸਕਦੀ ਹੈ। ਇਸ ਵਿਚ ਬੈਟਰੀ ਵਗੈਰਾ ਦੀ ਲੋੜ ਨਹੀਂ, ਪੈੱਨ ਵਾਂਗ ਇਹ ਕਦੇ ਲੀਕ ਨਹੀਂ ਹੁੰਦੀ ਤੇ ਇਸ ਦਾ ਲਿਖਿਆ ਮਿਟਾਇਆ ਜਾ ਸਕਦਾ ਹੈ। ਨਿਆਣੇ ਇਸ ਨਾਲ ਲਿਖਣਾ ਸਿੱਖਦੇ ਹਨ, ਵੱਡੇ-ਵੱਡੇ ਚਿੱਤਰਕਾਰ ਇਸ ਨਾਲ ਸੋਹਣੇ ਤੋਂ ਸੋਹਣੇ ਚਿੱਤਰ ਬਣਾਉਂਦੇ ਹਨ ਤੇ ਜ਼ਿਆਦਾਤਰ ਲੋਕ ਨੋਟਸ ਲੈਣ ਲਈ ਇਸ ਨੂੰ ਆਪਣੇ ਨਾਲ ਰੱਖਦੇ ਹਨ। ਜੀ ਹਾਂ, ਸਾਧਾਰਣ ਜਿਹੀ ਪੈਂਸਿਲ ਦੁਨੀਆਂ ਭਰ ਵਿਚ ਲਿਖਣ ਲਈ ਵਰਤੀ ਜਾਂਦੀ ਹੈ ਤੇ ਤਕਰੀਬਨ ਸਾਰੇ ਲੋਕ ਇਸ ਨੂੰ ਖ਼ਰੀਦ ਸਕਦੇ ਹਨ। ਇਸ ਦੀ ਖੋਜ ਅਤੇ ਵਿਕਾਸ ਦੀ ਦਿਲਚਸਪ ਕਹਾਣੀ ਇੰਗਲੈਂਡ ਦੇ ਪੇਂਡੂ ਇਲਾਕੇ ਵਿਚ ਅਚਾਨਕ ਸ਼ੁਰੂ ਹੋਈ।

ਕਾਲਾ ਸਿੱਕਾ

ਸੋਲਵੀਂ ਸਦੀ ਵਿਚ ਉੱਤਰੀ ਇੰਗਲੈਂਡ ਦੇ ਲੇਕ ਡਿਸਟ੍ਰਿਕਟ ਵਿਚ ਬੋਰੋਡੇਲ ਘਾਟੀ ਦੇ ਇਕ ਪਹਾੜੀ ਇਲਾਕੇ ਵਿਚ ਇਕ ਅਨੋਖੀ ਕਾਲੀ ਜਿਹੀ ਚੀਜ਼ ਮਿਲੀ। ਭਾਵੇਂ ਇਹ ਦੇਖਣ ਨੂੰ ਕੋਲੇ ਵਰਗੀ ਸੀ, ਪਰ ਇਹ ਬਲਦੀ ਨਹੀਂ ਸੀ। ਕਾਗਜ਼ ਜਾਂ ਫੱਟੀ ਉੱਤੇ ਇਹ ਚਮਕੀਲੇ ਕਾਲੇ ਨਿਸ਼ਾਨ ਛੱਡਦੀ ਸੀ ਜਿਨ੍ਹਾਂ ਨੂੰ ਮਿਟਾਇਆ ਜਾ ਸਕਦਾ ਸੀ। ਸ਼ੁਰੂ-ਸ਼ੁਰੂ ਵਿਚ ਇਸ ਦਾ ਨਾਂ ਕਾਲਾ ਸਿੱਕਾ ਰੱਖਿਆ ਗਿਆ। ਇਹ ਚੀਜ਼ ਚਿਪਚਿਪੀ ਸੀ, ਇਸ ਲਈ ਲੋਕ ਇਸ ਦੇ ਡਲਿਆਂ ਨੂੰ ਭੇਡਾਂ ਦੀ ਖੱਲ ਵਿਚ ਜਾਂ ਫਿਰ ਇਸ ਦੇ ਲੰਬੇ ਟੁਕੜਿਆਂ ਨੂੰ ਧਾਗਿਆਂ ਨਾਲ ਲਪੇਟ ਕੇ ਇਸਤੇਮਾਲ ਕਰਦੇ ਸਨ। ਕੋਈ ਨਹੀਂ ਜਾਣਦਾ ਕਿ ਕਿਸ ਨੇ ਇਸ ਕਾਲੇ ਸਿੱਕੇ ਨੂੰ ਲੱਕੜੀ ਦੇ ਖੋਲਾਂ ਵਿਚ ਪਾਉਣ ਬਾਰੇ ਸੋਚਿਆ। ਪਰ 1560 ਦੇ ਦਹਾਕੇ ਵਿਚ ਪੈਂਸਿਲਾਂ ਯੂਰਪ ਮਹਾਂਦੀਪ ਵਿਚ ਪਹੁੰਚ ਗਈਆਂ ਸਨ।

ਚਿੱਤਰਕਾਰਾਂ ਦੁਆਰਾ ਵਰਤਣ ਕਰਕੇ ਕਾਲੇ ਸਿੱਕੇ ਦੀ ਮੰਗ ਵਧ ਗਈ। ਜਲਦੀ ਹੀ ਖਾਣਾਂ ਵਿੱਚੋਂ ਇਸ ਦੀ ਖੁਦਾਈ ਹੋਣੀ ਸ਼ੁਰੂ ਹੋ ਗਈ ਤੇ ਦੂਸਰੇ ਦੇਸ਼ਾਂ ਵਿਚ ਭੇਜਿਆ ਜਾਣ ਲੱਗਾ। 17ਵੀਂ ਸਦੀ ਵਿਚ ਇਹ ਹਰ ਜਗ੍ਹਾ ਵਰਤਿਆ ਜਾ ਰਿਹਾ ਸੀ। ਇਸ ਦੌਰਾਨ ਪੈਂਸਿਲਾਂ ਬਣਾਉਣ ਵਾਲੇ ਲੋਕ ਹੋਰ ਵਧੀਆ ਪੈਂਸਿਲ ਬਣਾਉਣ ਦੇ ਤਰੀਕਿਆਂ ਦੀ ਖੋਜ ਕਰਦੇ ਰਹੇ। ਬੋਰੋਡੇਲ ਦਾ ਕਾਲਾ ਸਿੱਕਾ ਚੋਰਾਂ ਤੇ ਕਾਲਾ ਧੰਦਾ ਕਰਨ ਵਾਲਿਆਂ ਦੀਆਂ ਨਜ਼ਰਾਂ ਤੋਂ ਬਚਿਆ ਨਾ ਰਿਹਾ। ਬੋਰੋਡੇਲ ਦੀਆਂ ਖਾਣਾਂ ਵਿੱਚੋਂ ਕਾਲਾ ਸਿੱਕਾ ਆਸਾਨੀ ਨਾਲ ਕੱਢਿਆ ਜਾ ਸਕਦਾ ਸੀ ਤੇ ਇਹ ਸ਼ੁੱਧ ਹੁੰਦਾ ਸੀ, ਇਸ ਕਰਕੇ ਚੋਰਾਂ ਨੇ ਇਸ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਇੰਗਲੈਂਡ ਦੀ ਪਾਰਲੀਮੈਂਟ ਨੇ 1752 ਵਿਚ ਇਕ ਕਾਨੂੰਨ ਬਣਾਇਆ ਜਿਸ ਅਨੁਸਾਰ ਇਸ ਨੂੰ ਚੋਰੀ ਕਰਨ ਵਾਲਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਣੀ ਸੀ ਜਾਂ ਫਿਰ ਜਲਾਵਤਨੀ ਕੱਟਣੀ ਪੈਣੀ ਸੀ।

ਸੰਨ 1779 ਵਿਚ ਸਵੀਡਨ ਦੇ ਰਸਾਇਣ-ਵਿਗਿਆਨੀ ਕਾਰਲ ਡਬਲਯੂ. ਸ਼ੇਲੇ ਨੇ ਪਤਾ ਲਗਾਇਆ ਕਿ ਇਹ ਕਾਲਾ ਸਿੱਕਾ ਅਸਲ ਵਿਚ ਸਿੱਕਾ ਨਾਂ ਦੀ ਧਾਤ ਨਹੀਂ ਸੀ, ਸਗੋਂ ਇਹ ਨਰਮ ਕਿਸਮ ਦਾ ਸ਼ੁੱਧ ਕਾਰਬਨ ਸੀ। ਦਸ ਸਾਲ ਬਾਅਦ ਜਰਮਨੀ ਦੇ ਭੂ-ਵਿਗਿਆਨੀ ਆਬ੍ਰਾਹਾਮ ਜੀ. ਵਰਨਰ ਨੇ ਇਸ ਦਾ ਨਾਂ ਗ੍ਰੈਫਾਈਟ ਰੱਖਿਆ। ਇਹ ਯੂਨਾਨੀ ਸ਼ਬਦ ਗ੍ਰਾਫੀਨ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਲਿਖਣਾ।” ਜੀ ਹਾਂ, ਭਾਵੇਂ ਪੈਂਸਿਲ ਦੇ ਸੁਰਮੇ ਨੂੰ ਅਸੀਂ ਸਿੱਕਾ ਕਹਿੰਦੇ ਹਾਂ, ਪਰ ਇਸ ਵਿਚ ਸਿੱਕਾ ਨਾਂ ਦੀ ਧਾਤ ਨਹੀਂ ਹੁੰਦੀ!

ਪੈਂਸਿਲ ਦਾ ਵਿਕਾਸ

ਕਈ ਸਾਲਾਂ ਤਕ ਇੰਗਲੈਂਡ ਦਾ ਗ੍ਰੈਫਾਈਟ ਹੀ ਪੈਂਸਿਲ ਉਦਯੋਗ ਉੱਤੇ ਛਾਇਆ ਰਿਹਾ ਕਿਉਂਕਿ ਇਹ ਸ਼ੁੱਧ ਹੋਣ ਕਰਕੇ ਇਸ ਵਿਚ ਹੋਰ ਸੁਧਾਰ ਕਰਨ ਦੀ ਲੋੜ ਨਹੀਂ ਸੀ। ਯੂਰਪ ਵਿਚ ਮਿਲਣ ਵਾਲਾ ਗ੍ਰੈਫਾਈਟ ਘਟੀਆ ਹੋਣ ਕਰਕੇ ਪੈਂਸਿਲ ਬਣਾਉਣ ਵਾਲਿਆਂ ਨੇ ਇਸ ਵਿਚ ਸੁਧਾਰ ਕਰਨ ਲਈ ਕਈ ਪ੍ਰਯੋਗ ਕੀਤੇ। ਫ਼ਰਾਂਸੀਸੀ ਇੰਜੀਨੀਅਰ ਨੀਕੋਲਾ-ਜ਼ਾਕ ਕੋਂਟੇ ਨੇ ਗ੍ਰੈਫਾਈਟ ਦੇ ਪਾਊਡਰ ਵਿਚ ਚੀਕਣੀ ਮਿੱਟੀ ਮਿਲਾ ਕੇ ਇਸ ਨੂੰ ਲੰਬੇ-ਲੰਬੇ ਟੁਕੜਿਆਂ ਵਿਚ ਢਾਲ਼ਿਆ ਤੇ ਭੱਠੀਆਂ ਵਿਚ ਤਾਇਆ। ਗ੍ਰੈਫਾਈਟ ਵਿਚ ਮਿੱਟੀ ਦੀ ਮਾਤਰਾ ਘਟਾ-ਵਧਾ ਕੇ ਉਸ ਨੇ ਕਈ ਕਿਸਮਾਂ ਦੇ ਸਿੱਕੇ ਬਣਾਏ ਜੋ ਵੱਖੋ-ਵੱਖਰੇ ਸ਼ੇਡ ਦਿੰਦੇ ਸਨ। ਸਿੱਕੇ ਬਣਾਉਣ ਦੀ ਇਹ ਵਿਧੀ ਅੱਜ ਵੀ ਇਸਤੇਮਾਲ ਕੀਤੀ ਜਾਂਦੀ ਹੈ। ਕੋਂਟੇ ਨੇ 1795 ਵਿਚ ਆਪਣੀ ਇਹ ਖੋਜ ਪੇਟੈਂਟ ਕਰਵਾਈ।

ਉੱਨੀਵੀਂ ਸਦੀ ਵਿਚ ਪੈਂਸਿਲ ਦਾ ਉਤਪਾਦਨ ਵੱਡੇ ਪੱਧਰ ਤੇ ਹੋਣ ਲੱਗਾ। ਸਾਇਬੇਰੀਆ, ਜਰਮਨੀ, ਮੌਜੂਦਾ ਚੈੱਕ ਗਣਰਾਜ ਤੇ ਹੋਰ ਕਈ ਦੇਸ਼ਾਂ ਵਿਚ ਗ੍ਰੈਫਾਈਟ ਦੀਆਂ ਖਾਣਾਂ ਮਿਲੀਆਂ। ਪਹਿਲਾਂ ਜਰਮਨੀ ਤੇ ਫਿਰ ਅਮਰੀਕਾ ਵਿਚ ਪੈਂਸਿਲ ਬਣਾਉਣ ਦੀਆਂ ਕਈ ਫੈਕਟਰੀਆਂ ਖੁੱਲ੍ਹ ਗਈਆਂ। ਮਸ਼ੀਨਾਂ ਦੁਆਰਾ ਵੱਡੀ ਗਿਣਤੀ ਵਿਚ ਪੈਂਸਿਲਾਂ ਬਣਨ ਨਾਲ ਇਸ ਦੀ ਕੀਮਤ ਘੱਟ ਗਈ ਤੇ 20ਵੀਂ ਸਦੀ ਦੇ ਸ਼ੁਰੂ ਤਕ ਸਕੂਲਾਂ ਵਿਚ ਨਿਆਣੇ ਪੈਂਸਿਲਾਂ ਵਰਤਣ ਲੱਗ ਪਏ ਸਨ।

ਪੈਂਸਿਲ ਦਾ ਆਧੁਨਿਕ ਰੂਪ

ਹਰ ਸਾਲ ਦੁਨੀਆਂ ਭਰ ਵਿਚ ਅਰਬਾਂ ਦੀ ਗਿਣਤੀ ਵਿਚ ਪੈਂਸਿਲਾਂ ਬਣਾਈਆਂ ਤੇ ਵਰਤੀਆਂ ਜਾਂਦੀਆਂ ਹਨ। ਇਕ ਪੈਂਸਿਲ ਨਾਲ ਲਗਭਗ 56 ਕਿਲੋਮੀਟਰ (35 ਮੀਲ) ਲੰਬੀ ਲਾਈਨ ਵਾਹੀ ਜਾ ਸਕਦੀ ਹੈ ਤੇ 45,000 ਸ਼ਬਦ ਲਿਖੇ ਜਾ ਸਕਦੇ ਹਨ। ਧਾਤ ਜਾਂ ਪਲਾਸਟਿਕ ਦੀਆਂ ਬਣੀਆਂ ਪੈਂਸਿਲਾਂ ਵਿਚ ਬਹੁਤ ਹੀ ਬਾਰੀਕ ਸਿੱਕਾ ਪਾਇਆ ਜਾਂਦਾ ਹੈ ਤੇ ਪੈਂਸਿਲ ਦੇ ਪਿਛਲੇ ਸਿਰੇ ਨੂੰ ਦੱਬਣ ਤੇ ਸਿੱਕਾ ਹੌਲੀ-ਹੌਲੀ ਨਿਕਲਦਾ ਰਹਿੰਦਾ ਹੈ। ਇਨ੍ਹਾਂ ਪੈਂਸਿਲਾਂ ਦੇ ਸਿੱਕਿਆਂ ਨੂੰ ਤਿੱਖਾ ਕਰਨ ਦੀ ਲੋੜ ਨਹੀਂ ਪੈਂਦੀ। ਰੰਗਦਾਰ ਪੈਂਸਿਲਾਂ ਵਿਚ ਗ੍ਰੈਫਾਈਟ ਦੀ ਜਗ੍ਹਾ ਡਾਈਆਂ ਤੇ ਰੰਗ ਵਰਤੇ ਜਾਂਦੇ ਹਨ।

ਵੰਨ-ਸੁਵੰਨੇ ਕੰਮ ਕਰਨ ਵਾਲੀ, ਮਜ਼ਬੂਤ, ਸਾਦੀ ਤੇ ਕਾਰਗਰ ਪੈਂਸਿਲ ਕਿਤੇ ਨਹੀਂ ਜਾਣ ਵਾਲੀ। ਇਸ ਲਈ ਆਉਣ ਵਾਲੇ ਸਾਲਾਂ ਵਿਚ ਚਾਹੇ ਤੁਸੀਂ ਘਰ ਹੋ ਜਾਂ ਕੰਮ ਤੇ, ਤੁਹਾਨੂੰ ਸ਼ਾਇਦ ਕੋਈ ਕਹੇ “ਆਪਣੀ ਪੈਂਸਿਲ ਦਿਓਗੇ ਜ਼ਰਾ?” (g 7/07)

[ਸਫ਼ਾ 19 ਉੱਤੇ ਤਸਵੀਰ/ਡੱਬੀ]

ਪੈਂਸਿਲ ਵਿਚ ਸਿੱਕਾ ਕਿੱਦਾਂ ਪਾਇਆ ਜਾਂਦਾ ਹੈ?

ਬਾਰੀਕ ਕੁੱਟੇ ਹੋਏ ਗ੍ਰੈਫਾਈਟ, ਮਿੱਟੀ ਅਤੇ ਪਾਣੀ ਦਾ ਘੋਲ ਧਾਤ ਦੀ ਇਕ ਪਤਲੀ ਜਿਹੀ ਟਿਊਬ ਵਿੱਚੋਂ ਲੰਘਾਇਆ ਜਾਂਦਾ ਹੈ। ਟਿਊਬ ਵਿੱਚੋਂ ਲੰਘਾਏ ਜਾਣ ਤੇ ਇਹ ਲੰਬੀ ਸਾਰੀ ਸੇਵੀਂ ਵਾਂਗ ਨਜ਼ਰ ਆਉਂਦਾ ਹੈ। ਫਿਰ ਇਸ ਨੂੰ ਸੁਕਾ ਕੇ ਕੱਟਿਆ ਜਾਂਦਾ ਹੈ ਤੇ ਭੱਠੀ ਵਿਚ ਤਾਇਆ ਜਾਂਦਾ ਹੈ। ਇਸ ਤੋਂ ਬਾਅਦ ਸਿੱਕੇ ਨੂੰ ਗਰਮ ਤੇਲ ਅਤੇ ਮੋਮ ਵਿਚ ਡੁਬੋਇਆ ਜਾਂਦਾ ਹੈ। ਪੈਂਸਿਲ ਲਈ ਲੱਕੜੀ, ਆਮ ਤੌਰ ਤੇ ਦਿਆਰ ਦੀ ਲੱਕੜੀ, ਦੇ ਲੰਬੇ-ਲੰਬੇ ਟੁਕੜੇ ਕੱਟ ਕੇ ਰੰਦੇ ਨਾਲ ਮੁਲਾਇਮ ਕੀਤੇ ਜਾਂਦੇ ਹਨ ਤੇ ਇਨ੍ਹਾਂ ਵਿਚ ਸਿੱਕੇ ਪਾਉਣ ਲਈ ਝਿਰੀ ਬਣਾਈ ਜਾਂਦੀ ਹੈ। ਫਿਰ ਇਕ ਟੁਕੜੇ ਦੀ ਝਿਰੀ ਵਿਚ ਸਿੱਕਾ ਪਾ ਕੇ ਇਕ ਹੋਰ ਲੱਕੜ ਦੇ ਟੁਕੜੇ ਨੂੰ ਇਸ ਉੱਤੇ ਗੂੰਦ ਨਾਲ ਚਮੇੜ ਦਿੱਤਾ ਜਾਂਦਾ ਹੈ। ਗੂੰਦ ਸੁੱਕ ਜਾਣ ਤੇ ਇਨ੍ਹਾਂ ਟੁਕੜਿਆਂ ਨੂੰ ਪੈਂਸਿਲਾਂ ਦੇ ਸਾਈਜ਼ ਵਿਚ ਕੱਟ ਲਿਆ ਜਾਂਦਾ ਹੈ। ਇਨ੍ਹਾਂ ਪੈਂਸਿਲਾਂ ਨੂੰ ਗੋਲ ਜਾਂ ਛੇਕੋਣਾ ਆਕਾਰ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਰੇਗਮਾਰ ਨਾਲ ਰਗੜਣ ਤੋਂ ਬਾਅਦ ਰੰਗਿਆ ਜਾਂਦਾ ਹੈ, ਕੰਪਨੀ ਦਾ ਛਾਪਾ ਲਾਇਆ ਜਾਂਦਾ ਹੈ ਤੇ ਹੋਰ ਚੀਜ਼ਾਂ ਲਿਖੀਆਂ ਜਾਂਦੀਆਂ ਹਨ। ਇਸ ਤਰ੍ਹਾਂ ਪੈਂਸਿਲ ਬਣ ਕੇ ਤਿਆਰ ਹੋ ਜਾਂਦੀ ਹੈ। ਕਈ ਵਾਰ ਇਸ ਦੇ ਉੱਪਰਲੇ ਸਿਰੇ ਤੇ ਮਿਟਾਉਣ ਲਈ ਰਬੜ ਵੀ ਲਾਈ ਜਾਂਦੀ ਹੈ।

[ਕ੍ਰੈਡਿਟ ਲਾਈਨ]

Faber-Castell AG

[ਸਫ਼ਾ 20 ਉੱਤੇ ਤਸਵੀਰ/ਡੱਬੀ]

ਕਿਹੜੀ ਪੈਂਸਿਲ ਵਰਤੀਏ

ਆਪਣੀ ਲੋੜ ਮੁਤਾਬਕ ਪੈਂਸਿਲ ਦੀ ਚੋਣ ਕਰਨ ਲਈ ਪੈਂਸਿਲ ਦੇ ਇਕ ਪਾਸੇ ਤੇ ਛਪੇ ਅੱਖਰ ਜਾਂ ਨੰਬਰ ਦੇਖੋ। ਇਹ ਅੱਖਰ ਜਾਂ ਨੰਬਰ ਦਿਖਾਉਂਦੇ ਹਨ ਕਿ ਪੈਂਸਿਲ ਦਾ ਸਿੱਕਾ ਸਖ਼ਤ ਹੈ ਜਾਂ ਨਰਮ। ਨਰਮ ਸਿੱਕੇ ਵਾਲੀ ਪੈਂਸਿਲ ਦੀ ਲਿਖਾਈ ਗੂੜ੍ਹੀ ਹੁੰਦੀ ਹੈ।

HB ਪੈਂਸਿਲ ਦੀ ਲਿਖਾਈ ਨਾ ਗੂੜ੍ਹੀ ਹੁੰਦੀ ਹੈ ਤੇ ਨਾ ਹੀ ਫਿੱਕੀ, ਵਿਚ-ਵਿਚਾਲੇ ਹੁੰਦੀ ਹੈ।

B ਦਾ ਮਤਲਬ ਹੈ ਨਰਮ ਸਿੱਕਾ। 2B ਜਾਂ 6B ਦਿਖਾਉਂਦਾ ਹੈ ਕਿ ਸਿੱਕਾ ਕਿੰਨਾ ਕੁ ਨਰਮ ਹੈ। ਇਹ ਨੰਬਰ ਜਿੰਨਾ ਜ਼ਿਆਦਾ ਹੋਵੇਗਾ, ਸਿੱਕਾ ਉੱਨਾ ਹੀ ਨਰਮ ਹੋਵੇਗਾ।

H ਦਾ ਮਤਲਬ ਹੈ ਸਖ਼ਤ ਸਿੱਕਾ। ਇਹ ਨੰਬਰ ਜਿੰਨਾ ਜ਼ਿਆਦਾ ਹੋਵੇਗਾ—2H, 4H, 6H—ਸਿੱਕਾ ਉੱਨਾ ਹੀ ਸਖ਼ਤ ਹੋਵੇਗਾ।

F ਦਾ ਮਤਲਬ ਹੈ ਕਿ ਇਸ ਦਾ ਸਿੱਕਾ HB ਅਤੇ H ਦੇ ਵਿਚ-ਵਿਚਾਲੇ ਹੁੰਦਾ ਹੈ।

ਕੁਝ ਦੇਸ਼ਾਂ ਵਿਚ ਸਿੱਕੇ ਬਾਰੇ ਜਾਣਕਾਰੀ ਦੇਣ ਸੰਬੰਧੀ ਵੱਖਰਾ ਸਿਸਟਮ ਇਸਤੇਮਾਲ ਕੀਤਾ ਜਾਂਦਾ ਹੈ। ਉਦਾਹਰਣ ਲਈ, ਅਮਰੀਕਾ ਵਿਚ ਨੰਬਰ 2 ਪੈਂਸਿਲ HB ਪੈਂਸਿਲ ਦੇ ਬਰਾਬਰ ਹੁੰਦੀ ਹੈ। ਇਸ ਸਿਸਟਮ ਅਨੁਸਾਰ ਇਹ ਨੰਬਰ ਜਿੰਨਾ ਜ਼ਿਆਦਾ ਹੋਵੇਗਾ, ਸਿੱਕਾ ਉੱਨਾ ਹੀ ਸਖ਼ਤ ਹੋਵੇਗਾ।