Skip to content

Skip to table of contents

ਕੀ ਆਸ਼ਾਵਾਦੀ ਰਹਿਣਾ ਸਿਹਤ ਲਈ ਲਾਭਦਾਇਕ ਹੈ?

ਕੀ ਆਸ਼ਾਵਾਦੀ ਰਹਿਣਾ ਸਿਹਤ ਲਈ ਲਾਭਦਾਇਕ ਹੈ?

ਕੀ ਆਸ਼ਾਵਾਦੀ ਰਹਿਣਾ ਸਿਹਤ ਲਈ ਲਾਭਦਾਇਕ ਹੈ?

“ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।” (ਕਹਾਉਤਾਂ 17:22) ਅੱਜ ਤੋਂ ਤਕਰੀਬਨ 3,000 ਸਾਲ ਪਹਿਲਾਂ ਇਸਰਾਏਲ ਦੇ ਇਕ ਬੁੱਧੀਮਾਨ ਬਾਦਸ਼ਾਹ ਨੇ ਇਹ ਗੱਲ ਕਹੀ ਸੀ ਜਿਸ ਨਾਲ ਡਾਕਟਰ ਸਹਿਮਤ ਹਨ। ਪਰ ਕਈਆਂ ਲਈ ਦਿਲੋਂ ਖ਼ੁਸ਼ ਰਹਿਣਾ ਇੰਨਾ ਆਸਾਨ ਨਹੀਂ ਹੈ।

ਅੱਜ-ਕੱਲ੍ਹ ਜ਼ਿੰਦਗੀ ਦੇ ਦਬਾਵਾਂ ਕਾਰਨ ਉਦਾਸੀ ਅਤੇ ਨਿਰਾਸ਼ਾ ਸਾਨੂੰ ਸਾਰਿਆਂ ਨੂੰ ਘੇਰ ਲੈਂਦੀਆਂ ਹਨ। ਫਿਰ ਵੀ ਹਾਲ ਹੀ ਦੇ ਸਮੇਂ ਵਿਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਔਖੀਆਂ ਘੜੀਆਂ ਦੇ ਬਾਵਜੂਦ ਆਸ਼ਾਵਾਦੀ ਰਹਿਣਾ  ਲਾਭਦਾਇਕ ਹੈ।

ਉਸ ਇਨਸਾਨ ਨੂੰ ਆਸ਼ਾਵਾਦੀ ਕਿਹਾ ਜਾਂਦਾ ਹੈ ਜੋ ਆਪਣੀ ਆਸ ਨਹੀਂ ਛੱਡਦਾ, ਜੋ ਹਮੇਸ਼ਾ ਸੋਚਦਾ ਰਹਿੰਦਾ ਕਿ ਸਭ ਕੁਝ ਠੀਕ ਹੋ ਜਾਵੇਗਾ। ਕਿਸੇ ਗੱਲ ਵਿਚ ਨਾਕਾਮ ਹੋਣ ਤੇ ਵੀ ਉਹ ਇਹ ਨਹੀਂ ਸੋਚਦਾ ਕਿ ਉਹ ਹਮੇਸ਼ਾ ਨਾਕਾਮ ਹੀ ਰਹੇਗਾ। ਇਸ ਦਾ ਇਹ ਮਤਲਬ ਨਹੀਂ ਕਿ ਉਹ ਸੱਚਾਈ ਨੂੰ ਸਵੀਕਾਰ ਨਹੀਂ ਕਰਦਾ। ਇਸ ਦੀ ਬਜਾਇ ਉਹ ਮਾਮਲੇ ਨੂੰ ਹਰ ਪੱਖੋਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਜੇ ਮੁਮਕਿਨ ਹੋਵੇ, ਉਹ ਹਾਲਾਤ ਨੂੰ ਬਦਲਣ ਜਾਂ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ।

ਦੂਜੇ ਪਾਸੇ, ਨਿਰਾਸ਼ਾਵਾਦੀ ਇਨਸਾਨ ਕੁਝ ਬੁਰਾ ਹੋਣ ਤੇ ਅਕਸਰ ਆਪਣੇ ਆਪ ਨੂੰ ਇਸ ਦਾ ਕਸੂਰਵਾਰ ਸਮਝਦਾ ਹੈ। ਉਹ ਸੋਚਦਾ ਹੈ ਕਿ ਇਹ ਸਭ ਉਸ ਦੀ ਮੂਰਖਤਾ, ਨਾਕਾਬਲੀਅਤ ਤੇ ਬਦਸੂਰਤੀ ਕਰਕੇ ਹੀ ਹੋਇਆ ਹੈ ਅਤੇ ਉਸ ਨਾਲ ਹਮੇਸ਼ਾ ਇੱਦਾਂ ਹੀ ਹੁੰਦਾ ਰਹੇਗਾ। ਨਤੀਜੇ ਵਜੋਂ ਉਹ ਹੱਥ ਉੱਤੇ ਹੱਥ ਧਰ ਕੇ ਬੈਠ ਜਾਂਦਾ ਹੈ।

ਕੀ ਆਸ਼ਾਵਾਦੀ ਰਹਿਣਾ ਸਾਡੀ ਸਿਹਤ ਅਤੇ ਖ਼ੁਸ਼ਹਾਲੀ ਲਈ ਲਾਭਦਾਇਕ ਹੈ? ਜੀ ਹਾਂ! ਅਮਰੀਕਾ ਵਿਚ ਮਿਨੀਸੋਟਾ ਦੇ ਰੌਚੈਸਟਰ ਸ਼ਹਿਰ ਦੀ ਮੇਓ ਕਲਿਨਿਕ ਵਿਚ 800 ਤੋਂ ਜ਼ਿਆਦਾ ਮਰੀਜ਼ਾਂ ਦਾ 30 ਸਾਲਾਂ ਤਕ ਅਧਿਐਨ ਕੀਤਾ ਗਿਆ। ਇਸ ਤੋਂ ਵਿਗਿਆਨੀਆਂ ਨੂੰ ਯਕੀਨ ਹੋ ਗਿਆ ਕਿ ਆਸ਼ਾਵਾਦੀ ਇਨਸਾਨਾਂ ਦੀ ਸਿਹਤ ਹੋਰਨਾਂ ਨਾਲੋਂ ਚੰਗੀ ਰਹਿੰਦੀ ਹੈ ਤੇ ਉਨ੍ਹਾਂ ਦੀ ਉਮਰ ਵੀ ਹੋਰਨਾਂ ਨਾਲੋਂ ਲੰਮੀ ਹੁੰਦੀ ਹੈ। ਖੋਜਕਾਰਾਂ ਨੇ ਇਹ ਵੀ ਦੇਖਿਆ ਹੈ ਕਿ ਆਸ਼ਾਵਾਦੀ ਇਨਸਾਨ ਤਣਾਅ ਵਿਚ ਨਹੀਂ ਰਹਿੰਦੇ ਤੇ ਨਾ ਉਨ੍ਹਾਂ ਵਿੱਚੋਂ ਬਹੁਤੇ ਡਿਪਰੈਸ਼ਨ ਦੇ ਸ਼ਿਕਾਰ ਬਣਦੇ ਹਨ।

ਪਰ ਦੁੱਖਾਂ ਭਰੀ ਇਸ ਦੁਨੀਆਂ ਵਿਚ ਆਸ਼ਾਵਾਦੀ ਰਹਿਣਾ ਆਸਾਨ ਨਹੀਂ ਹੈ। ਇਸ ਮਸਲੇ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ? ਤੁਹਾਡੀ ਮਦਦ ਕਰਨ ਲਈ ਇਸ ਲੇਖ ਨਾਲ ਦਿੱਤੀ ਡੱਬੀ ਵਿਚ ਕੁਝ ਸੁਝਾਅ ਦਿੱਤੇ ਗਏ ਹਨ।

ਭਾਵੇਂ ਖ਼ੁਸ਼-ਮਿਜ਼ਾਜੀ ਰਵੱਈਆ ਰੱਖਣ ਨਾਲ ਸਭ ਕੁਝ ਠੀਕ-ਠਾਕ ਨਹੀਂ ਹੋ ਜਾਂਦਾ, ਫਿਰ ਵੀ ਇਸ ਨਾਲ ਸਾਡੀ ਸਿਹਤ ਤੇ ਚੰਗਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ ਕਿ ਦੁਖਿਆਰਾਂ ਦੇ “ਸੱਭੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।”—ਕਹਾਉਤਾਂ 15:15. (g 9/07)

[ਸਫ਼ਾ 22 ਉੱਤੇ ਡੱਬੀ/ਤਸਵੀਰ]

ਆਸ਼ਾਵਾਦੀ ਰਹਿਣ ਲਈ ਕੁਝ ਸੁਝਾਅ *

◼ ਜਦ ਤੁਹਾਡੇ ਮਨ ਵਿਚ ਇਹ ਖ਼ਿਆਲ ਆਉਂਦਾ ਹੈ ਕਿ ਕੋਈ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗੇਗੀ ਜਾਂ ਤੁਸੀਂ ਕਿਸੇ ਕੰਮ ਵਿਚ ਕਾਮਯਾਬ ਨਹੀਂ ਹੋਵੋਗੇ, ਤਾਂ ਇਸ ਖ਼ਿਆਲ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢ ਦਿਓ। ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਸਭ ਕੁਝ ਠੀਕ-ਠਾਕ ਹੋ ਜਾਵੇਗਾ।

◼ ਆਪਣੇ ਕੰਮ ਦਾ ਲੁਤਫ਼ ਉਠਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਜੋ ਵੀ ਕਰ ਰਹੇ ਹੋ, ਉਸ ਵਿੱਚੋਂ ਉਸ ਗੱਲ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਜਿਸ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਹੈ।

◼ ਅਜਿਹੇ ਇਨਸਾਨਾਂ ਨਾਲ ਦੋਸਤੀ ਕਰੋ ਜੋ ਖ਼ੁਸ਼-ਮਿਜ਼ਾਜ ਰਵੱਈਆ ਰੱਖਦੇ ਹਨ।

◼ ਜੇ ਕਿਸੇ ਹਾਲਾਤ ਜਾਂ ਮਾਮਲੇ ਬਾਰੇ ਤੁਸੀਂ ਕੁਝ ਕਰ ਸਕਦੇ ਹੋ, ਤਾਂ ਕਰੋ। ਪਰ ਜੇ ਤੁਸੀਂ ਕੁਝ ਨਹੀਂ ਕਰ ਸਕਦੇ, ਤਾਂ ਉਸ ਨੂੰ ਸਹਿ ਲਵੋ।

◼ ਹਰ ਰੋਜ਼ ਆਪਣੇ ਨਾਲ ਹੋਈਆਂ ਤਿੰਨ ਚੰਗੀਆਂ ਗੱਲਾਂ ਲਿਖੋ।

[ਫੁਟਨੋਟ]

^ ਪੈਰਾ 10 ਇਹ ਲਿਸਟ ਕੁਝ ਹੱਦ ਤਕ ਮੇਓ ਕਲਿਨਿਕ ਦੀ ਇਕ ਕਿਤਾਬ ਉੱਤੇ ਆਧਾਰਿਤ ਹੈ।