Skip to content

Skip to table of contents

ਕੀ ਨਿਰੋਧ ਵਰਤਣਾ ਗ਼ਲਤ ਹੈ?

ਕੀ ਨਿਰੋਧ ਵਰਤਣਾ ਗ਼ਲਤ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਨਿਰੋਧ ਵਰਤਣਾ ਗ਼ਲਤ ਹੈ?

ਤੁ ਹਾਡੇ ਖ਼ਿਆਲ ਵਿਚ ਕੀ ਸ਼ਾਦੀ-ਸ਼ੁਦਾ ਲੋਕਾਂ ਲਈ ਨਿਰੋਧ ਵਰਤਣਾ ਗ਼ਲਤ ਹੈ? ਤੁਹਾਡਾ ਜਵਾਬ ਸ਼ਾਇਦ ਤੁਹਾਡੇ ਧਾਰਮਿਕ ਵਿਸ਼ਵਾਸਾਂ ਉੱਤੇ ਨਿਰਭਰ ਕਰੇ। ਕੈਥੋਲਿਕ ਚਰਚ ਦੀ ਸਿੱਖਿਆ ਮੁਤਾਬਕ ਬੱਚੇ ਪੈਦਾ ਹੋਣ ਤੋਂ ਰੋਕਣ ਲਈ ਵਰਤਿਆ ਗਿਆ ਕੋਈ ਵੀ ਤਰੀਕਾ “ਪਾਪ ਹੈ।” ਇਸ ਧਰਮ ਮੁਤਾਬਕ ਪਤੀ-ਪਤਨੀ ਜਦ ਜਿਨਸੀ ਸੰਬੰਧ ਕਾਇਮ ਕਰਦੇ ਹਨ, ਤਾਂ ਉਨ੍ਹਾਂ ਨੂੰ ਗਰਭ ਠਹਿਰਨ ਦਾ ਡਰ ਨਹੀਂ ਹੋਣਾ ਚਾਹੀਦਾ ਬਲਕਿ ਬੱਚੇ ਪੈਦਾ ਕਰਨੇ ਚਾਹੀਦੇ ਹਨ। ਤਾਂ ਫਿਰ, ਕੈਥੋਲਿਕ ਚਰਚ ਦੇ ਮੈਂਬਰਾਂ ਲਈ ਨਿਰੋਧ ਵਰਤਣਾ “ਨੈਤਿਕ ਤੌਰ ਤੇ ਗ਼ਲਤ ਹੈ।”

ਬਹੁਤ ਸਾਰੇ ਲੋਕਾਂ ਲਈ ਇਸ ਵਿਚਾਰ ਨੂੰ ਮੰਨਣਾ ਔਖਾ ਹੈ। ਪਿਟੱਸਬਰਗ ਪੋਸਟ-ਗਜ਼ੈਟ ਅਖ਼ਬਾਰ ਵਿਚ ਰਿਪੋਰਟ ਕੀਤਾ ਗਿਆ ਸੀ ਕਿ “ਅਮਰੀਕਾ ਵਿਚ ਕੈਥੋਲਿਕ ਚਰਚ ਦੇ 75 ਫੀ ਸਦੀ ਤੋਂ ਜ਼ਿਆਦਾ ਮੈਂਬਰ ਕਹਿੰਦੇ ਹਨ ਕਿ ਚਰਚ ਨੂੰ ਚਾਹੀਦਾ ਹੈ ਕਿ ਉਹ ਨਿਰੋਧ ਵਰਤਣ ਦੀ ਇਜਾਜ਼ਤ ਦੇ ਦੇਵੇ। . . . ਲੱਖਾਂ ਮੈਂਬਰ ਨਿਰੋਧ ਨਾ ਵਰਤਣ ਦਾ ਨਿਯਮ ਹਰ ਰੋਜ਼ ਤੋੜਦੇ ਹਨ।” ਤਿੰਨ ਬੱਚੀਆਂ ਦੀ ਮਾਂ ਲਿੰਡਾ ਸਾਫ਼-ਸਾਫ਼ ਦੱਸਦੀ ਹੈ ਕਿ ਉਹ ਨਿਰੋਧ ਵਰਤਦੀ ਹੈ, ਪਰ ਨਾਲੋ-ਨਾਲ ਉਹ ਇਹ ਵੀ ਕਹਿੰਦੀ ਹੈ: “ਮੈਨੂੰ ਨਹੀਂ ਲੱਗਦਾ ਕਿ ਮੈਂ ਪਾਪ ਕਰ ਰਹੀ ਹਾਂ।”

ਬਾਈਬਲ ਵਿਚ ਇਸ ਵਿਸ਼ੇ ਬਾਰੇ ਕੀ ਕਿਹਾ ਗਿਆ ਹੈ?

ਜਾਨ ਬਹੁਮੁੱਲੀ ਹੈ

ਭਾਵੇਂ ਬੱਚਾ ਅਜੇ ਪੈਦਾ ਨਹੀਂ ਹੋਇਆ, ਫਿਰ ਵੀ ਪਰਮੇਸ਼ੁਰ ਦੀ ਨਜ਼ਰ ਵਿਚ ਉਸ ਦੀ ਜਾਨ ਬਹੁਮੁੱਲੀ ਹੈ। ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਦਾਊਦ ਬਾਦਸ਼ਾਹ ਨੇ ਲਿਖਿਆ: “ਤੈਂ ਮੇਰੀ ਮਾਂ  ਦੀ ਕੁੱਖ ਵਿੱਚ ਮੈਨੂੰ ਢੱਕਿਆ। . . . ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।” (ਜ਼ਬੂਰਾਂ ਦੀ ਪੋਥੀ 139:13, 16) ਗਰਭ ਠਹਿਰਨ ਦੇ ਨਾਲ ਹੀ ਬੱਚੇ ਦਾ ਜੀਵਨ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਸਰਾਏਲੀਆਂ ਨੂੰ ਦਿੱਤੇ ਗਏ ਕਾਨੂੰਨ ਮੁਤਾਬਕ ਜੇ ਦੋ ਬੰਦੇ ਲੜਦੇ-ਲੜਦੇ ਕਿਸੇ ਔਰਤ ਦੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਾ ਦਿੰਦੇ ਸਨ, ਤਾਂ ਗੁਨਾਹਗਾਰ ਨੂੰ ਜੁਰਮਾਨਾ ਭਰਨਾ ਪੈਂਦਾ ਸੀ। ਕੂਚ 21:22, 23 ਵਿਚ ਸਮਝਾਇਆ ਗਿਆ ਹੈ ਕਿ ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਜਾਂ ਉਸ ਦੇ ਅਣਜੰਮੇ ਬੱਚੇ ਦਾ ਜਾਨੀ ਨੁਕਸਾਨ ਕਰ ਦੇਣ, ਤਾਂ ਮਾਮਲਾ ਨਿਆਂਕਾਰ ਸੁਣ ਕੇ ਨਿਰਣਾ ਕਰਦੇ ਸਨ ਕਿ ਇਹ ਜਾਨ ਜਾਣ-ਬੁੱਝ ਕੇ ਲਈ ਗਈ ਹੈ ਜਾਂ ਨਹੀਂ। ਹੋ ਸਕਦਾ ਸੀ ਕਿ ਜਾਨ ਲੈਣ ਵਾਲੇ ਨੂੰ “ਜਾਨ ਦੀ ਕੀਮਤ ਦੂਸਰੀ ਜਾਨ” ਨਾਲ ਅਦਾ ਕਰਨੀ ਪਵੇ।—ਈਜ਼ੀ ਟੂ ਰੀਡ ਵਰਯਨ।

ਇਹ ਸਿਧਾਂਤ ਯਾਦ ਰੱਖਣੇ ਬਹੁਤ ਜ਼ਰੂਰੀ ਹਨ ਕਿਉਂਕਿ ਕੁਝ ਨਿਰੋਧ ਗਰਭ ਠਹਿਰਨ ਤੋਂ ਬਾਅਦ ਕੰਮ ਕਰਦੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਗਰਭ ਡਿੱਗ ਜਾਂਦਾ ਹੈ। ਅਜਿਹਾ ਨਿਰੋਧ ਵਰਤਣਾ ਗ਼ਲਤ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਵਾਲੇ ਲੋਕ ਬੱਚੇ ਦੀ ਜਾਨ ਨੂੰ ਕੀਮਤੀ ਨਹੀਂ ਸਮਝਦੇ। ਪਰ ਜ਼ਿਆਦਾਤਰ ਨਿਰੋਧ ਗਰਭ ਨੂੰ ਡੇਗਦੇ ਨਹੀਂ ਹਨ। ਅਜਿਹੀ ਕਿਸਮ ਦੇ ਨਿਰੋਧ ਦੀ ਵਰਤੋਂ ਬਾਰੇ ਕੀ ਕਿਹਾ ਜਾ ਸਕਦਾ ਹੈ?

ਬਾਈਬਲ ਵਿਚ ਕਿਤੇ ਵੀ ਹੁਕਮ ਨਹੀਂ ਕੀਤਾ ਗਿਆ ਕਿ ਯਿਸੂ ਦੇ ਚੇਲਿਆਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਯਹੋਵਾਹ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਅਤੇ ਨੂਹ ਦੇ ਪਰਿਵਾਰ ਨੂੰ ਕਿਹਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 1:28; 9:1) ਪਰ ਅਜਿਹਾ ਕੋਈ ਹੁਕਮ ਯਿਸੂ ਦੇ ਚੇਲਿਆਂ ਨੂੰ ਨਹੀਂ ਦਿੱਤਾ ਗਿਆ ਸੀ। ਇਸ ਲਈ, ਸ਼ਾਦੀ-ਸ਼ੁਦਾ ਲੋਕ ਆਪ ਫ਼ੈਸਲਾ ਕਰ ਸਕਦੇ ਹਨ ਕਿ ਉਹ ਮਾਂ-ਬਾਪ ਬਣਨਗੇ ਜਾਂ ਨਹੀਂ। ਜੇ ਉਹ ਬੱਚੇ ਚਾਹੁੰਦੇ ਹਨ, ਤਾਂ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਕਿ ਉਹ ਕਿੰਨੇ ਅਤੇ ਕਦੋਂ ਬੱਚਿਆਂ ਨੂੰ ਪੈਦਾ ਕਰਨਗੇ। ਬਾਈਬਲ ਦੇ ਵਿਚ ਨਿਰੋਧ ਵਰਤਣਾ ਮਨ੍ਹਾ ਨਹੀਂ ਕੀਤਾ ਗਿਆ। ਜਿੰਨਾ ਚਿਰ ਨਿਰੋਧ ਗਰਭ ਨੂੰ ਨਹੀਂ ਡੇਗਦਾ, ਇਹ ਪਤੀ-ਪਤਨੀ ਦਾ ਨਿੱਜੀ ਮਾਮਲਾ ਹੈ ਕਿ ਉਹ ਕਿਸ ਕਿਸਮ ਦਾ ਨਿਰੋਧ ਵਰਤਣਗੇ। ਤਾਂ ਫਿਰ, ਕੈਥੋਲਿਕ ਚਰਚ ਨਿਰੋਧ ਵਰਤਣਾ ਮਨ੍ਹਾ ਕਿਉਂ ਕਰਦਾ ਹੈ?

ਦੁਨਿਆਵੀ ਬੁੱਧ ਅਤੇ ਪਰਮੇਸ਼ੁਰੀ ਬੁੱਧ

ਇਕ ਕੈਥੋਲਿਕ ਐਨਸਾਈਕਲੋਪੀਡੀਆ ਦੇ ਮੁਤਾਬਕ ਦੂਜੀ ਸਦੀ ਈਸਵੀ ਵਿਚ ਈਸਾਈਆਂ ਨੇ ਇਹ ਸਤੋਇਕ ਨਿਯਮ ਅਪਣਾਇਆ ਕਿ ਪਤੀ-ਪਤਨੀ ਨੂੰ ਸਰੀਰਕ ਸੰਬੰਧ ਸਿਰਫ਼ ਬੱਚੇ ਪੈਦਾ ਕਰਨ ਲਈ ਹੀ ਕਾਇਮ ਕਰਨੇ ਚਾਹੀਦੇ ਹਨ। ਇਸ ਨਿਯਮ ਦੇ ਪਿੱਛੇ ਬਾਈਬਲ ਦਾ ਕੋਈ ਸਿਧਾਂਤ ਹੋਣ ਦੀ ਬਜਾਇ ਇਨਸਾਨੀ ਫ਼ਲਸਫ਼ਾ ਸੀ। ਇਸ ਦਾ ਆਧਾਰ ਪਰਮੇਸ਼ੁਰੀ ਬੁੱਧ ਨਹੀਂ, ਸਗੋਂ ਦੁਨਿਆਵੀ ਬੁੱਧੀ ਸੀ। ਸਦੀਆਂ ਦੌਰਾਨ ਇਹੋ ਫ਼ਲਸਫ਼ਾ ਚੱਲਦਾ ਆਇਆ ਤੇ ਕਈ ਕੈਥੋਲਿਕ ਵਿਦਵਾਨਾਂ ਨੇ ਇਸ ਨੂੰ ਵਧਾ-ਚੜ੍ਹਾ ਕੇ ਦੱਸਿਆ। * ਨਤੀਜੇ ਵਜੋਂ ਇਹ ਨਿਯਮ ਬਣਾਇਆ ਗਿਆ ਕਿ ਜੇ ਪਤੀ-ਪਤਨੀ ਵਿਚ ਸਰੀਰਕ ਸੰਬੰਧ ਬੱਚੇ ਪੈਦਾ ਕਰਨ ਦੀ ਬਜਾਇ ਸਿਰਫ਼ ਆਨੰਦ ਲੈਣ ਲਈ ਹਨ, ਤਾਂ ਇਹ ਪਾਪ ਅਤੇ ਅਨੈਤਿਕਤਾ ਹੈ। ਪਰ ਬਾਈਬਲ ਵਿਚ ਇਹ ਗੱਲ ਨਹੀਂ ਸਿਖਾਈ ਗਈ।

ਬਾਈਬਲ ਦੀ ਕਹਾਉਤਾਂ ਦੀ ਪੋਥੀ ਵਿਚ ਪਤੀ-ਪਤਨੀ ਵੱਲੋਂ ਮਾਣੇ ਜਾਂਦੇ ਆਨੰਦ ਬਾਰੇ ਕਵਿਤਾ ਦੀ ਸ਼ੈਲੀ ਵਿਚ ਇਸ ਤਰ੍ਹਾਂ ਗੱਲ ਕੀਤੀ ਗਈ ਹੈ: “ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ, ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ। . . . ਤੇਰਾ ਸੋਤਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ, ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।”—ਕਹਾਉਤਾਂ 5:15, 18, 19.

ਪਰਮੇਸ਼ੁਰ ਨੇ ਪਤੀ-ਪਤਨੀ ਨੂੰ ਸਰੀਰਕ ਸੰਬੰਧ ਕਾਇਮ ਕਰਨ ਦੀ ਦਾਤ ਦਿੱਤੀ ਹੋਈ ਹੈ। ਲੇਕਿਨ, ਇਸ ਦਾ ਇੱਕੋ-ਇਕ ਉਦੇਸ਼ ਬੱਚੇ ਪੈਦਾ ਕਰਨਾ ਨਹੀਂ ਹੈ। ਇਸ ਦੇ ਜ਼ਰੀਏ ਉਹ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਨ। ਜੇਕਰ ਇਕ ਸ਼ਾਦੀ-ਸ਼ੁਦਾ ਜੋੜਾ ਬੱਚੇ ਪੈਦਾ ਨਾ ਕਰਨ ਲਈ ਨਿਰੋਧ ਵਰਤਦਾ ਹੈ, ਤਾਂ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਕਿਸੇ ਨੂੰ ਉਨ੍ਹਾਂ ਤੇ ਦੋਸ਼ ਨਹੀਂ ਲਾਉਣਾ ਚਾਹੀਦਾ।—ਰੋਮੀਆਂ 14:4, 10-13. (g 9/07)

[ਫੁਟਨੋਟ]

^ ਪੈਰਾ 11 ਨਿਊ ਕੈਥੋਲਿਕ ਐਨਸਾਈਕਲੋਪੀਡੀਆ ਵਿਚ ਦੱਸਿਆ ਗਿਆ ਹੈ ਕਿ 13ਵੀਂ ਸਦੀ ਵਿਚ ਪੋਪ ਗ੍ਰੈਗੋਰੀ ਨੌਵੇਂ ਨੇ “ਨਿਰੋਧ ਦਾ ਵਿਰੋਧ ਕਰਨ ਵਾਸਤੇ ਸਾਰਿਆਂ ਲਈ ਪਹਿਲਾ ਕਾਨੂੰਨ ਸਾਜਿਆ।”

ਕੀ ਤੁਸੀਂ ਕਦੇ ਸੋਚਿਆ ਹੈ ਕਿ:

◼ ਕੀ ਪਤੀ-ਪਤਨੀ ਲਈ ਸਰੀਰਕ ਸੰਬੰਧ ਕਾਇਮ ਕਰਨੇ ਪਾਪ ਹਨ?—ਕਹਾਉਤਾਂ 5:15, 18, 19.

◼ ਨਿਰੋਧ ਦੀ ਵਰਤੋਂ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?—ਕੂਚ 21:22, 23, ਈਜ਼ੀ ਟੂ ਰੀਡ।

◼ ਹੋਰਨਾਂ ਨੂੰ ਉਨ੍ਹਾਂ ਸ਼ਾਦੀ-ਸ਼ੁਦਾ ਜੋੜਿਆਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਜੋ ਨਿਰੋਧ ਵਰਤਦੇ ਹਨ?—ਰੋਮੀਆਂ 14:4, 10-13.

[ਸਫ਼ਾ 11 ਉੱਤੇ ਸੁਰਖੀ]

ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਅਤੇ ਨੂਹ ਦੇ ਪਰਿਵਾਰ ਨੂੰ ਕਿਹਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” ਪਰ ਅਜਿਹਾ ਕੋਈ ਹੁਕਮ ਯਿਸੂ ਦੇ ਚੇਲਿਆਂ ਨੂੰ ਨਹੀਂ ਦਿੱਤਾ ਗਿਆ ਸੀ