Skip to content

Skip to table of contents

ਖੰਭ ਬਿਹਤਰੀਨ ਡੀਜ਼ਾਈਨ ਦੀ ਮਿਸਾਲ

ਖੰਭ ਬਿਹਤਰੀਨ ਡੀਜ਼ਾਈਨ ਦੀ ਮਿਸਾਲ

ਖੰਭ ਬਿਹਤਰੀਨ ਡੀਜ਼ਾਈਨ ਦੀ ਮਿਸਾਲ

ਆਪਣੇ ਖੰਭ ਥੱਲੇ ਨੂੰ ਮਾਰ ਕੇ ਸੀ-ਗੱਲ ਅੰਬਰਾਂ ਵੱਲ ਉਡਾਰੀ ਮਾਰਦਾ ਹੈ। ਉਚਾਈ ਉੱਤੇ ਪਹੁੰਚ ਜਾਣ ਤੇ ਇਹ ਹਵਾ ਵਿਚ ਤਾਰੀਆਂ ਲਾਉਂਦਾ ਹੋਇਆ ਬੜੇ ਆਰਾਮ ਨਾਲ ਚੱਕਰ ਕੱਟਦਾ ਹੈ। ਆਪਣੇ ਖੰਭਾਂ ਤੇ ਪੂਛ ਨੂੰ ਮਾੜਾ-ਮੋਟਾ ਉੱਪਰ-ਥੱਲੇ ਕਰ ਕੇ ਇਹ ਹਵਾ ਵਿਚ ਬਿਨਾਂ ਖੰਭ ਫੜਫੜਾਏ ਉੱਡਦਾ ਰਹਿੰਦਾ ਹੈ। ਇਹ ਪੰਛੀ ਇੰਨੇ ਆਰਾਮ ਨਾਲ ਤੇ ਵਧੀਆ ਤਰੀਕੇ ਨਾਲ ਇਹ ਸਭ ਕੁਝ ਕਿਵੇਂ ਕਰ ਲੈਂਦਾ ਹੈ? ਇਸ ਦਾ ਕਾਰਨ ਹੈ ਇਸ ਦੇ ਖੰਭਾਂ ਦਾ ਬਿਹਤਰੀਨ ਡੀਜ਼ਾਈਨ।

ਅੱਜ ਸਿਰਫ਼ ਪੰਛੀਆਂ ਦੇ ਹੀ ਖੰਭ ਹੁੰਦੇ ਹਨ। ਖੰਭ ਕਈ ਕਿਸਮਾਂ ਦੇ ਹੁੰਦੇ ਹਨ। ਪੰਛੀਆਂ ਦੇ ਸਰੀਰ ਨੂੰ ਢੱਕਣ ਵਾਲੇ ਖੰਭਾਂ ਨੂੰ ਦੇਹ-ਖੰਭ ਕਿਹਾ ਜਾਂਦਾ ਹੈ। ਦੇਹ-ਖੰਭਾਂ ਕਰਕੇ ਹੀ ਪੰਛੀ ਦੇ ਸਰੀਰ ਦੀ ਬਣਤਰ ਪਤਾ ਚੱਲਦੀ ਹੈ ਤੇ ਉਸ ਨੂੰ ਉੱਡਣ ਵਿਚ ਆਸਾਨੀ ਹੁੰਦੀ ਹੈ। ਦੇਹ-ਖੰਭਾਂ ਵਿਚ ਉੱਡਣ-ਖੰਭ ਤੇ ਪੂਛ-ਖੰਭ ਵੀ ਹੁੰਦੇ ਹਨ ਜੋ ਕਿ ਉੱਡਣ ਲਈ ਬਹੁਤ ਜ਼ਰੂਰੀ ਹਨ। ਹਮਿੰਗਬਰਡ ਦੇ 1,000 ਤੋਂ ਵੀ ਘੱਟ ਦੇਹ-ਖੰਭ ਹੁੰਦੇ ਹਨ ਤੇ ਹੰਸ ਦੇ 25,000 ਤੋਂ ਜ਼ਿਆਦਾ।

ਖੰਭ ਬਿਹਤਰੀਨ ਡੀਜ਼ਾਈਨ ਦੀ ਮਿਸਾਲ ਹਨ। ਖੰਭ ਦੀ ਡੰਡੀ (ਰੇਕਸ) ਲਚਕੀਲੀ ਅਤੇ ਕਾਫ਼ੀ ਮਜ਼ਬੂਤ ਹੁੰਦੀ ਹੈ। ਇਸ ਉੱਤੇ ਇਕ ਦੂਜੇ ਨਾਲ ਚਿੰਬੜੇ ਰੇਸ਼ੇ (ਬਾਰਬਜ਼) ਹੁੰਦੇ ਹਨ। ਇਨ੍ਹਾਂ ਰੇਸ਼ਿਆਂ ਉੱਤੇ ਅੱਗੋਂ ਹੋਰ ਛੋਟੇ-ਛੋਟੇ ਸੈਂਕੜੇ ਰੇਸ਼ੇ (ਬਾਰਬੀਊਲਜ਼) ਹੁੰਦੇ ਹਨ। ਇਨ੍ਹਾਂ ਰੇਸ਼ਿਆਂ ਦੇ ਸਿਰਿਆਂ ਉੱਤੇ ਹੁੱਕਾਂ ਹੁੰਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਇਹ ਸਾਰੇ ਇਕ-ਦੂਜੇ ਨਾਲ ਚਿੰਬੜੇ ਰਹਿੰਦੇ ਹਨ। ਇਸ ਕਰਕੇ ਖੰਭ ਬੜਾ ਮੁਲਾਇਮ ਹੁੰਦਾ ਹੈ। ਡੰਡੀ ਦੇ ਦੋਵੇਂ ਪਾਸਿਆਂ ਦੇ ਇਨ੍ਹਾਂ ਮੁਲਾਇਮ ਹਿੱਸਿਆਂ ਨੂੰ ਵੇਨ ਕਿਹਾ ਜਾਂਦਾ ਹੈ। ਜਦੋਂ ਇਹ ਰੇਸ਼ੇ ਵੱਖ ਹੋ ਜਾਂਦੇ ਹਨ, ਤਾਂ ਪੰਛੀ ਚੁੰਝ ਨਾਲ ਰਗੜ ਕੇ ਇਨ੍ਹਾਂ ਨੂੰ ਦੁਬਾਰਾ ਜੋੜ ਦਿੰਦੇ ਹਨ। ਤੁਸੀਂ ਵੀ ਖਿਲਰੇ ਹੋਏ ਰੇਸ਼ਿਆਂ ਵਾਲੇ ਖੰਭ ਨੂੰ ਆਪਣੀਆਂ ਉਂਗਲਾਂ ਵਿਚਕਾਰ ਹੌਲੀ-ਹੌਲੀ ਖਿੱਚ ਕੇ ਇਸ ਤਰ੍ਹਾਂ ਕਰ ਸਕਦੇ ਹੋ।

ਉੱਡਣ-ਖੰਭ ਦੇ ਵੇਨਾਂ ਦੀ ਚੌੜਾਈ ਇੱਕੋ-ਜਿਹੀ ਨਹੀਂ ਹੁੰਦੀ। ਉਡਾਰੀ ਦੌਰਾਨ ਜਿਸ ਵੇਨ ਦਾ ਰੁੱਖ ਹਵਾ ਵੱਲ ਹੁੰਦਾ ਹੈ, ਉਸ ਦੀ ਚੌੜਾਈ ਘੱਟ ਹੁੰਦੀ ਹੈ। ਇਸ ਨਾਲ ਪੰਛੀ ਲਈ ਹਵਾ ਨੂੰ ਕੱਟਣਾ ਆਸਾਨ ਹੋ ਜਾਂਦਾ ਹੈ। ਜੇ ਤੁਸੀਂ ਵੱਡੇ ਉੱਡਣ-ਖੰਭ ਨੂੰ ਨੇੜਿਓਂ ਦੇਖੋਗੇ, ਤਾਂ ਤੁਹਾਨੂੰ ਡੰਡੀ ਦੇ ਥੱਲੜੇ ਹਿੱਸੇ ਵਿਚ ਇਕ ਨਾਲੀ ਦਿਖਾਈ ਦੇਵੇਗੀ। ਇਸ ਸਾਦੇ ਜਿਹੇ ਡੀਜ਼ਾਈਨ ਕਰਕੇ ਡੰਡੀ ਮਜ਼ਬੂਤ ਬਣਦੀ ਹੈ ਤੇ ਬਿਨਾਂ ਟੁੱਟੇ ਮੁੜ ਸਕਦੀ ਹੈ।

ਖੰਭਾਂ ਦੇ ਵੱਖੋ-ਵੱਖਰੇ ਕੰਮ

ਬਹੁਤ ਸਾਰੇ ਪੰਛੀਆਂ ਦੇ ਦੇਹ-ਖੰਭਾਂ ਵਿਚ ਲੂੰ-ਖੰਭ (ਫਾਈਲੋਪਲੂਮ) ਅਤੇ ਰੋਮਦਾਰ ਖੰਭ ਰਲੇ-ਮਿਲੇ ਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਹਵਾ ਵਿਚ ਹੋਈ ਕਿਸੇ ਤਬਦੀਲੀ ਨਾਲ ਲੂੰ-ਖੰਭ ਦੀਆਂ ਜੜ੍ਹਾਂ ਵਿਚ ਪੈਦਾ ਹੋਈ ਕੰਬਣੀ ਨਾਲ ਪਤਾ ਲੱਗਦਾ ਹੈ ਕਿ ਰਫ਼ਤਾਰ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਹੈ ਜਾਂ ਨਹੀਂ। ਸਿਰਫ਼ ਰੋਮਦਾਰ ਖੰਭ ਹੀ ਕਦੇ ਨਹੀਂ ਝੜਦੇ ਤੇ ਲਗਾਤਾਰ ਵਧਦੇ ਰਹਿੰਦੇ ਹਨ। ਇਨ੍ਹਾਂ ਖੰਭਾਂ ਦੇ ਰੇਸ਼ੇ ਭੁਰ ਕੇ ਪਾਊਡਰ ਬਣ ਜਾਂਦੇ ਹਨ ਜੋ ਸ਼ਾਇਦ ਖੰਭਾਂ ਨੂੰ ਗਿੱਲੇ ਹੋਣ ਤੋਂ ਬਚਾਉਂਦਾ ਹੈ।

ਖੰਭ ਪੰਛੀਆਂ ਨੂੰ ਗਰਮੀ, ਠੰਢ ਤੇ ਧੁੱਪ ਦੀਆਂ ਤੇਜ਼ ਕਿਰਨਾਂ ਤੋਂ ਬਚਾਉਂਦੇ ਹਨ। ਉਦਾਹਰਣ ਲਈ, ਸਿਆਲਾਂ ਵਿਚ ਚੱਲਣ ਵਾਲੀਆਂ ਠੰਢੀਆਂ ਯਖ ਸਮੁੰਦਰੀਆਂ ਹਵਾਵਾਂ ਦਾ ਵੀ ਸਮੁੰਦਰੀ ਬੱਤਖਾਂ ਉੱਤੇ ਕੋਈ ਅਸਰ ਨਹੀਂ ਪੈਂਦਾ। ਕਿਉਂ? ਉਨ੍ਹਾਂ ਦੇ ਦੇਹ-ਖੰਭ ਦੀ ਮੋਟੀ ਤਹਿ ਥੱਲੇ ਅਤਿ ਨਰਮ ਿਨੱਕੇ-ਿਨੱਕੇ ਖੰਭਾਂ (ਡਾਊਨ ਫੈਦਰ) ਦੀ ਲਗਭਗ ਇਕ ਇੰਚ ਮੋਟੀ ਤਹਿ ਹੁੰਦੀ ਹੈ ਜੋ ਬੱਤਖ ਦੇ ਸਾਰੇ ਸਰੀਰ ਨੂੰ ਢੱਕਦੀ  ਹੈ। ਇਹ ਖੰਭ ਸਰੀਰ ਨੂੰ ਇੰਨੇ ਵਧੀਆ ਤਰੀਕੇ ਨਾਲ ਗਰਮਾਹਟ ਦਿੰਦੇ ਹਨ ਕਿ ਇਨਸਾਨ ਇਹ ਦੇ ਨਾਲ ਦੀ ਕੋਈ ਚੀਜ਼ ਨਹੀਂ ਬਣਾ ਸਕਿਆ ਹੈ।

ਪੰਛੀ ਪੁਰਾਣੇ ਜਾਂ ਖ਼ਰਾਬ ਹੋ ਚੁੱਕੇ ਖੰਭਾਂ ਨੂੰ ਝਾੜ ਦਿੰਦੇ ਹਨ। ਜ਼ਿਆਦਾਤਰ ਪੰਛੀ ਸਮੇਂ-ਸਮੇਂ ਤੇ ਬੜੇ ਹਿਸਾਬ ਨਾਲ ਖੰਭ ਝਾੜਦੇ ਹਨ ਤਾਂਕਿ ਉਨ੍ਹਾਂ ਦੀ ਉਡਾਰੀ ਤੇ ਮਾੜਾ ਅਸਰ ਨਾ ਪਵੇ।

“ਕੋਈ ਨੁਕਸ ਨਹੀਂ”

ਇੰਜੀਨੀਅਰ ਜਹਾਜ਼ਾਂ ਨੂੰ ਬੜੇ ਧਿਆਨ ਨਾਲ ਸੋਚ-ਸਮਝ ਕੇ ਬਣਾਉਂਦੇ ਹਨ। ਪੰਛੀਆਂ ਅਤੇ ਖੰਭਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਵਿਕਾਸਵਾਦ ਵਿਗਿਆਨੀਆਂ ਵਿਚ ਅਜੇ ਵੀ ਇਸ ਗੱਲ ਤੇ ਬਹਿਸ ਚੱਲ ਰਹੀ ਹੈ ਕਿ ਖੰਭ ਕਿੱਦਾਂ ਬਣੇ। ਸਾਇੰਸ ਨਿਊਜ਼ ਰਸਾਲੇ ਮੁਤਾਬਕ ਬਹਿਸ ਦੌਰਾਨ ਵਿਗਿਆਨੀਆਂ ਵਿਚ ਅਕਸਰ ਗਰਮਾ-ਗਰਮੀ ਹੋ ਜਾਂਦੀ ਹੈ ਤੇ ਉਹ ਇਕ-ਦੂਜੇ ਨਾਲ ਗਾਲੀ-ਗਲੋਚ ਕਰਨ ਲੱਗ ਪੈਂਦੇ ਹਨ। ਖੰਭਾਂ ਦੇ ਵਿਕਾਸ ਬਾਰੇ ਇਕ ਸੰਮੇਲਨ ਦੌਰਾਨ ਇਕ ਵਿਕਾਸਵਾਦੀ ਨੇ ਮੰਨਿਆ: “ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਕਿਸੇ ਵਿਗਿਆਨਕ ਮੁੱਦੇ ਉੱਤੇ ਬਹਿਸ ਕਰਦਿਆਂ ਵਿਗਿਆਨੀ ਆਪਣੀਆਂ ਸਾਰੀਆਂ ਹੱਦਾਂ ਭੁੱਲ ਜਾਣਗੇ।” ਜੇ ਇਹ ਪੱਕਾ ਹੁੰਦਾ ਕਿ ਖੰਭਾਂ ਦਾ ਵਿਕਾਸ ਹੋਇਆ ਸੀ, ਤਾਂ ਫਿਰ ਇਸ ਉੱਤੇ ਇੰਨੀ ਤਿੱਖੀ ਬਹਿਸਬਾਜ਼ੀ ਕਿਉਂ ਹੋ ਰਹੀ ਹੈ?

ਇਸ ਬਹਿਸ ਦਾ ਕਾਰਨ ਦੱਸਦੇ ਹੋਏ ਯੇਲ ਯੂਨੀਵਰਸਿਟੀ ਦੀ ਇਕ ਕਿਤਾਬ ਵਿਚ ਕਿਹਾ ਗਿਆ ਹੈ ਕਿ “ਖੰਭਾਂ ਦੇ ਡੀਜ਼ਾਈਨ ਵਿਚ ਕੋਈ ਨੁਕਸ ਨਹੀਂ ਹੈ।” ਖੰਭ ਇੰਨੇ ਵਧੀਆ ਤਰੀਕੇ ਨਾਲ ਬਣੇ ਹੋਏ ਹਨ ਕਿ ਇਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਹੀ ਨਜ਼ਰ ਨਹੀਂ ਆਉਂਦੀ। ਅਸਲ ਵਿਚ, “ਪ੍ਰਾਚੀਨ ਸਮਿਆਂ ਦੇ ਖੰਭ ਤੇ ਅੱਜ ਦੇ ਖੰਭਾਂ ਦੇ ਡੀਜ਼ਾਈਨ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ।” * ਪਰ ਵਿਕਾਸਵਾਦ ਦੇ ਸਿਧਾਂਤ ਮੁਤਾਬਕ ਚਮੜੀ ਦੇ ਚਾਨਿਆਂ ਤੋਂ ਹੌਲੀ-ਹੌਲੀ ਸਦੀਆਂ ਦੌਰਾਨ ਖੰਭ ਬਣੇ। ਇਸ ਦਾ ਮਤਲਬ ਹੋਇਆ ਕਿ ਹੌਲੀ-ਹੌਲੀ ਜਿਹੜੀਆਂ ਵੀ ਕਿਸਮਾਂ ਦੇ ਖੰਭ ਬਣੇ, ਉਨ੍ਹਾਂ ਦੇ ਪਥਰਾਟ (ਫਾਸਿਲ) ਮੌਜੂਦ ਹੋਣੇ ਚਾਹੀਦੇ ਹਨ।

ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਵਿਕਾਸਵਾਦ ਦੇ ਸਿਧਾਂਤ ਮੁਤਾਬਕ ਖੰਭਾਂ ਦਾ ਵਿਕਾਸ ਲੱਖਾਂ-ਕਰੋੜਾਂ ਸਾਲਾਂ ਦੌਰਾਨ ਹੌਲੀ-ਹੌਲੀ ਹੋਇਆ ਸੀ। ਪਰ ਖੰਭ ਦਾ ਡੀਜ਼ਾਈਨ ਇੰਨਾ ਗੁੰਝਲਦਾਰ ਹੈ ਅਤੇ ਇਹ ਉੱਡਣ ਲਈ ਇੰਨਾ ਮੁਕੰਮਲ ਹੈ ਕਿ ਕਈ ਵਿਕਾਸਵਾਦੀ ਮੰਨਦੇ ਹਨ ਕਿ ਇੰਨੇ ਵਧੀਆ ਖੰਭ ਆਪਣੇ ਆਪ ਨਹੀਂ ਬਣ ਸਕਦੇ।

ਇਸ ਤੋਂ ਇਲਾਵਾ ਜੇ ਖੰਭਾਂ ਦਾ ਵਿਕਾਸ ਲੰਬੇ ਸਮੇਂ ਦੌਰਾਨ ਹੌਲੀ-ਹੌਲੀ ਹੋਇਆ ਸੀ, ਤਾਂ ਫਿਰ ਖੰਭ ਦੀਆਂ ਅੰਤਰਕਾਲੀ ਲੜੀਆਂ ਦੇ ਫਾਸਿਲ ਮਿਲਣੇ ਚਾਹੀਦੇ ਹਨ। ਪਰ ਅਜੇ ਤਕ ਅਜਿਹਾ ਕੋਈ ਫਾਸਿਲ ਨਹੀਂ ਮਿਲਿਆ ਹੈ, ਸਿਰਫ਼ ਮੁਕੰਮਲ ਖੰਭਾਂ ਦੇ ਫਾਸਿਲ ਮਿਲੇ ਹਨ। ਯੇਲ ਯੂਨੀਵਰਸਿਟੀ ਦੀ ਕਿਤਾਬ ਮੁਤਾਬਕ, ਖੰਭਾਂ ਦਾ ਬੇਹੱਦ ਗੁੰਝਲਦਾਰ ਡੀਜ਼ਾਈਨ ਵਿਕਾਸਵਾਦ ਦੇ ਸਿਧਾਂਤ ਨੂੰ ਗ਼ਲਤ ਸਾਬਤ ਕਰਦਾ ਹੈ।

ਉੱਡਣ ਵਿਚ ਹੋਰ ਅੰਗਾਂ ਦਾ ਯੋਗਦਾਨ

ਮੁਕੰਮਲ ਖੰਭ ਤਾਂ ਵਿਕਾਸਵਾਦੀਆਂ ਲਈ ਸਮੱਸਿਆਵਾਂ ਦੀ ਸ਼ੁਰੂਆਤ ਹੈ ਕਿਉਂਕਿ ਪੰਛੀ ਦੇ ਸਰੀਰ ਦਾ ਤਕਰੀਬਨ ਹਰ ਹਿੱਸਾ ਉੱਡਣ ਲਈ ਡੀਜ਼ਾਈਨ ਕੀਤਾ ਗਿਆ ਹੈ। ਉਦਾਹਰਣ ਲਈ, ਹਲਕੀਆਂ ਤੇ ਖੋਖਲੀਆਂ ਹੱਡੀਆਂ ਅਤੇ ਲਾਜਵਾਬ ਸਾਹ-ਪ੍ਰਣਾਲੀ ਪੰਛੀ ਦੀ ਉੱਡਣ ਵਿਚ ਮਦਦ ਕਰਦੀ ਹੈ। ਉਡਾਰੀ ਦੌਰਾਨ ਖੰਭਾਂ ਨੂੰ ਫੜਫੜਾਉਣ ਅਤੇ ਕੰਟ੍ਰੋਲ ਕਰਨ ਲਈ ਪੰਛੀ ਦੇ ਸਰੀਰ ਵਿਚ ਖ਼ਾਸ ਮਾਸ-ਪੇਸ਼ੀਆਂ ਹੁੰਦੀਆਂ ਹਨ। ਪੰਛੀ ਦੇ ਸਰੀਰ ਵਿਚ ਹਰ ਖੰਭ ਨੂੰ ਕੰਟ੍ਰੋਲ ਕਰਨ ਲਈ ਕਈ ਮਾਸ-ਪੇਸ਼ੀਆਂ ਹੁੰਦੀਆਂ ਹਨ। ਹਰ ਮਾਸ-ਪੇਸ਼ੀ ਨੂੰ ਪੰਛੀ ਦੇ ਿਨੱਕੇ ਜਿਹੇ ਲਾਜਵਾਬ ਦਿਮਾਗ਼ ਨਾਲ ਜੋੜਨ ਲਈ ਨਸਾਂ ਹੁੰਦੀਆਂ ਹਨ। ਪੰਛੀ ਦਾ ਦਿਮਾਗ਼ ਉਡਾਰੀ ਦੌਰਾਨ ਕੁਦਰਤੀ ਤੌਰ ਤੇ ਆਪਣੇ ਆਪ ਬਿਲਕੁਲ ਸਹੀ ਤਰੀਕੇ ਨਾਲ ਇੱਕੋ ਸਮੇਂ ਇਨ੍ਹਾਂ ਸਾਰੇ ਅੰਗਾਂ ਨੂੰ ਕੰਟ੍ਰੋਲ ਕਰਦਾ ਹੈ। ਜੀ ਹਾਂ, ਸਿਰਫ਼ ਖੰਭ ਹੀ ਨਹੀਂ, ਸਗੋਂ ਪੂਰਾ ਸਰੀਰ ਪੰਛੀ ਦੀ ਉੱਡਣ ਵਿਚ ਮਦਦ ਕਰਦਾ ਹੈ।

ਇਹ ਵੀ ਯਾਦ ਰੱਖੋ ਕਿ ਹਰ ਪੰਛੀ ਇਕ ਛੋਟੇ ਜਿਹੇ ਸੈੱਲ ਤੋਂ ਬਣਦਾ ਹੈ। ਇਸ ਸੈੱਲ ਵਿਚ ਪੰਛੀ ਦੀ ਸਰੀਰਕ ਬਣਤਰ ਅਤੇ ਸੁਭਾਵਕ ਪ੍ਰਵਿਰਤੀ ਸੰਬੰਧੀ ਜਾਣਕਾਰੀ ਪਾਈ ਜਾਂਦੀ ਹੈ ਤਾਂਕਿ ਇਕ ਦਿਨ ਪੰਛੀ ਆਕਾਸ਼ ਵਿਚ ਉੱਡ ਸਕੇ। ਕੀ ਇਹ ਸਭ ਕੁਝ ਆਪਣੇ ਆਪ ਹੋ ਗਿਆ? ਜਾਂ ਕੀ ਸੌਖੀ ਤੇ ਵਿਗਿਆਨਕ ਵਿਆਖਿਆ ਇਹ ਹੈ ਕਿ ਪੰਛੀ ਅਤੇ ਇਸ ਦੇ ਖੰਭ ਇਕ ਬਹੁਤ ਹੀ ਬੁੱਧੀਮਾਨ ਸਿਰਜਣਹਾਰ ਦੇ ਹੱਥਾਂ ਦੀ ਕਰਾਮਾਤ ਹਨ? ਸਬੂਤ ਤੁਹਾਡੇ ਸਾਮ੍ਹਣੇ ਹੈ।—ਰੋਮੀਆਂ 1:20. (g 7/07)

[ਫੁਟਨੋਟ]

^ ਪੈਰਾ 12 ਇਹ ਖੰਭ ਆਰਕੀਓਪਟੈਰਿਕਸ ਨਾਂ ਦੇ ਅਲੋਪ ਹੋ ਚੁੱਕੇ ਜੀਵ ਦਾ ਹੈ। ਕੁਝ ਵਿਕਾਸਵਾਦੀ ਮੰਨਦੇ ਹਨ ਕਿ ਇਹ ਜੀਵ ਪੰਛੀਆਂ ਦੇ ਵਿਕਾਸ ਵਿਚ ਇਕ ਅੰਤਰਕਾਲੀ ਲੜੀ ਹੈ। ਪਰ ਜ਼ਿਆਦਾਤਰ ਵਿਗਿਆਨੀ ਮੰਨਦੇ ਹਨ ਕਿ ਇਹ ਜੀਵ ਮੌਜੂਦਾ ਪੰਛੀਆਂ ਦਾ ਪੂਰਵਜ ਨਹੀਂ ਸੀ।

[ਸਫ਼ਾ 24 ਉੱਤੇ ਡੱਬੀ/ਤਸਵੀਰ]

ਜਾਅਲੀ “ਸਬੂਤ”

ਕਈ ਪਥਰਾਟਾਂ ਨੂੰ ਪਹਿਲਾਂ ਇਸ ਗੱਲ ਦੇ “ਸਬੂਤ” ਵਜੋਂ  ਪੇਸ਼  ਕੀਤਾ ਜਾਂਦਾ ਸੀ ਕਿ ਪੰਛੀ ਦਾ ਵਿਕਾਸ ਹੋਰ ਜਾਨਵਰਾਂ ਤੋਂ ਹੋਇਆ  ਹੈ। ਪਰ ਬਾਅਦ ਵਿਚ ਇਹ ਸਬੂਤ ਜਾਅਲੀ ਪਾਏ ਗਏ। ਉਦਾਹਰਣ ਲਈ,  1999 ਵਿਚ ਨੈਸ਼ਨਲ ਜਿਓਗ੍ਰਾਫਿਕ ਰਸਾਲੇ ਨੇ ਇਕ ਖੰਭਦਾਰ ਪੰਛੀ ਦੇ ਪਥਰਾਟ ਬਾਰੇ ਇਕ ਲੇਖ ਛਾਪਿਆ ਸੀ। ਇਸ ਪੰਛੀ ਦੀ ਪੂਛ ਡਾਈਨੋਸੌਰ  ਦੀ  ਪੂਛ ਵਰਗੀ ਸੀ। ਰਸਾਲੇ ਨੇ ਕਿਹਾ ਕਿ ਇਹ ਜੀਵ “ਡਾਈਨੋਸੌਰ ਤੇ  ਪੰਛੀਆਂ ਵਿਚਲੀ ਇਕ ਅੰਤਰਕਾਲੀ ਲੜੀ ਹੈ।” ਪਰ ਬਾਅਦ ਵਿਚ ਇਸ ਪਥਰਾਟ ਨੂੰ ਜਾਅਲੀ ਪਾਇਆ ਗਿਆ। ਇਹ ਪਥਰਾਟ ਦੋ ਵੱਖੋ-ਵੱਖਰੇ ਜਾਨਵਰਾਂ ਦੇ ਪਥਰਾਟਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ। ਅਸਲ ਵਿਚ ਅਜੇ ਤਕ ਕੋਈ ਅੰਤਰਕਾਲੀ ਲੜੀ ਪਾਈ ਨਹੀਂ ਗਈ ਹੈ।

[ਕ੍ਰੈਡਿਟ ਲਾਈਨ]

O. Louis Mazzatenta/National Geographic Image Collection

[ਸਫ਼ਾ 25 ਉੱਤੇ ਡੱਬੀ]

ਪੰਛੀ ਦੀ ਨਜ਼ਰ ਤੋਂ

ਪੰਛੀਆਂ ਦੇ ਗੂੜ੍ਹੇ ਤੇ ਰੰਗ-ਬਰੰਗੇ ਖੰਭ ਇਨਸਾਨ ਦਾ ਮਨ ਮੋਹ ਲੈਂਦੇ ਹਨ। ਇਸੇ ਤਰ੍ਹਾਂ ਪੰਛੀ ਵੀ ਆਪਣੇ ਰੰਗ-ਬਰੰਗੇ ਖੰਭਾਂ ਨਾਲ ਦੂਸਰੇ ਪੰਛੀਆਂ ਨੂੰ ਆਕਰਸ਼ਿਤ ਕਰਦੇ ਹਨ। ਰੰਗ ਦੇਖਣ ਲਈ ਕੁਝ ਪੰਛੀਆਂ ਦੀਆਂ ਅੱਖਾਂ ਵਿਚ ਚਾਰ ਤਰ੍ਹਾਂ ਦੇ ਕੋਨ ਸੈੱਲ ਹੁੰਦੇ ਹਨ, ਜਦ ਕਿ ਇਨਸਾਨਾਂ ਵਿਚ ਸਿਰਫ਼ ਤਿੰਨ ਤਰ੍ਹਾਂ ਦੇ ਹੁੰਦੇ ਹਨ। ਇਸ ਇਕ ਵਾਧੂ ਸੈੱਲ ਕਰਕੇ ਪੰਛੀ ਪਰਾ-ਵੈਂਗਣੀ ਕਿਰਨਾਂ ਦੇਖ ਸਕਦੇ ਹਨ ਜੋ ਕਿ ਇਨਸਾਨ ਨਹੀਂ ਦੇਖ ਸਕਦੇ। ਕੁਝ ਕਿਸਮਾਂ ਦੇ ਨਰ ਤੇ ਮਾਦਾ ਪੰਛੀ ਇਨਸਾਨਾਂ ਨੂੰ ਇੱਕੋ ਜਿਹੇ ਦਿੱਸਦੇ ਹਨ, ਪਰ ਨਰ ਪੰਛੀ ਦੇ ਖੰਭ ਮਾਦਾ ਪੰਛੀ ਦੇ ਖੰਭਾਂ ਨਾਲੋਂ ਵੱਖਰੇ ਤਰੀਕੇ ਨਾਲ ਪਰਾ-ਵੈਂਗਣੀ ਕਿਰਨਾਂ ਨੂੰ ਪ੍ਰਤਿਬਿੰਬਤ ਕਰਦੇ ਹਨ। ਪੰਛੀ ਇਹ ਫ਼ਰਕ ਦੇਖ ਸਕਦੇ ਹਨ ਜੋ ਸਾਥੀ ਦੀ ਚੋਣ ਕਰਨ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ।

[ਸਫ਼ਾ 23 ਉੱਤੇ ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਬਾਰਬ

ਬਾਰਬੀਊਲ

ਖੰਭ ਦੀ ਡੰਡੀ

[ਸਫ਼ਾ 24 ਉੱਤੇ ਤਸਵੀਰ]

ਦੇਹ-ਖੰਭ

[ਸਫ਼ਾ 24 ਉੱਤੇ ਤਸਵੀਰ]

ਲੂੰ-ਖੰਭ

[ਸਫ਼ਾ 25 ਉੱਤੇ ਤਸਵੀਰ]

ਰੋਮਦਾਰ ਖੰਭ

[ਸਫ਼ਾ 25 ਉੱਤੇ ਤਸਵੀਰ]

ਅਤਿ ਨਰਮ ਿਨੱਕੇ ਖੰਭ

[ਸਫ਼ਾ 25 ਉੱਤੇ ਤਸਵੀਰ]

ਗੈਨਟ