ਘਰ ਦਾ ਮਾਹੌਲ ਖ਼ੁਸ਼ਗਵਾਰ ਬਣਾਓ
ਸੁਝਾਅ 2
ਘਰ ਦਾ ਮਾਹੌਲ ਖ਼ੁਸ਼ਗਵਾਰ ਬਣਾਓ
ਇਹ ਕਿਉਂ ਜ਼ਰੂਰੀ ਹੈ? ਫੁੱਲਾਂ ਵਰਗੇ ਨਾਜ਼ੁਕ ਬੱਚੇ ਪਿਆਰ ਤੋਂ ਬਿਨਾਂ ਮੁਰਝਾ ਜਾਂਦੇ ਹਨ। 1950 ਦੇ ਦਹਾਕੇ ਵਿਚ ਮਾਨਵ-ਵਿਗਿਆਨੀ ਐੱਮ. ਐੱਫ਼. ਐਸ਼ਲੀ ਮੌਂਟਗਿਊ ਨੇ ਲਿਖਿਆ: “ਇਨਸਾਨ ਨੂੰ ਵਧਣ-ਫੁੱਲਣ ਲਈ ਪਿਆਰ ਦੀ ਸਖ਼ਤ ਜ਼ਰੂਰਤ ਹੈ। ਪਿਆਰ ਪਾ ਕੇ ਹੀ ਇਨਸਾਨ ਰਿਸ਼ਟ-ਪੁਸ਼ਟ ਰਹਿੰਦਾ ਹੈ, ਖ਼ਾਸ ਕਰਕੇ ਜ਼ਿੰਦਗੀ ਦੇ ਮੁਢਲੇ ਛੇ ਸਾਲਾਂ ਵਿਚ।” ਮੌਂਟਗਿਊ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਆਧੁਨਿਕ ਖੋਜਕਾਰ ਕਹਿੰਦੇ ਹਨ ਕਿ “ਜਿਨ੍ਹਾਂ ਬੱਚਿਆਂ ਨੂੰ ਪਿਆਰ ਨਹੀਂ ਮਿਲਦਾ, ਉਨ੍ਹਾਂ ਦੇ ਬਹੁਪੱਖੀ ਵਿਕਾਸ ਉੱਤੇ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ।”
ਸਮੱਸਿਆ: ਇਸ ਨਿਰਮੋਹੀ ਤੇ ਸੁਆਰਥੀ ਦੁਨੀਆਂ ਵਿਚ ਰਹਿੰਦਿਆਂ ਪਰਿਵਾਰਕ ਰਿਸ਼ਤਿਆਂ ਵਿਚ ਤਣਾਅ ਪੈਦਾ ਹੋ ਜਾਂਦਾ ਹੈ। (2 ਤਿਮੋਥਿਉਸ 3:1-5) ਜੇ ਪਤੀ-ਪਤਨੀ ਦੀ ਪਹਿਲਾਂ ਹੀ ਆਪਸ ਵਿਚ ਨਹੀਂ ਿਨੱਭਦੀ, ਤਾਂ ਬੱਚਿਆਂ ਦੀ ਪਰਵਰਿਸ਼ ਕਰਨ ਦੇ ਖ਼ਰਚੇ ਅਤੇ ਦਬਾਵਾਂ ਕਾਰਨ ਉਨ੍ਹਾਂ ਦੇ ਝਗੜੇ ਹੋਰ ਵਧ ਜਾਂਦੇ ਹਨ। ਮਿਸਾਲ ਲਈ, ਬੱਚਿਆਂ ਨੂੰ ਅਨੁਸ਼ਾਸਨ ਦੇਣ ਅਤੇ ਲਾਡ-ਪਿਆਰ ਕਰਨ ਸੰਬੰਧੀ ਮਾਪਿਆਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਜਿਸ ਕਰਕੇ ਪਤੀ-ਪਤਨੀ ਵਿਚ ਹੋਰ ਜ਼ਿਆਦਾ ਤਣਾਅ ਪੈਦਾ ਹੋ ਸਕਦਾ ਹੈ।
ਹੱਲ: ਪੂਰਾ ਪਰਿਵਾਰ ਇਕੱਠਿਆਂ ਸਮਾਂ ਗੁਜ਼ਾਰੋ। ਪਤੀ-ਪਤਨੀ ਨੂੰ ਵੀ ਇਕ-ਦੂਜੇ ਨਾਲ ਸਮਾਂ ਗੁਜ਼ਾਰਨ ਦੀ ਲੋੜ ਹੈ। (ਆਮੋਸ 3:3) ਜਦੋਂ ਬੱਚੇ ਸੌਂ ਜਾਂਦੇ ਹਨ, ਤਾਂ ਉਸ ਸਮੇਂ ਦਾ ਚੰਗਾ ਇਸਤੇਮਾਲ ਕਰੋ। ਟੀ. ਵੀ. ਦੇਖ ਕੇ ਇਨ੍ਹਾਂ ਕੀਮਤੀ ਪਲਾਂ ਨੂੰ ਗੁਆਓ ਨਾ। ਇਕ-ਦੂਜੇ ਲਈ ਪਿਆਰ ਜ਼ਾਹਰ ਕਰ ਕੇ ਆਪਣੇ ਵਿਆਹ ਵਿਚ ਰੋਮਾਂਸ ਨੂੰ ਬਰਕਰਾਰ ਰੱਖੋ। (ਕਹਾਉਤਾਂ 25:11; ਸਰੇਸ਼ਟ ਗੀਤ 4:7-10) ਨੁਕਸ ਕੱਢਦੇ ਰਹਿਣ ਦੀ ਬਜਾਇ ਹਰ ਰੋਜ਼ ਆਪਣੇ ਜੀਵਨ-ਸਾਥੀ ਦੀ ਤਾਰੀਫ਼ ਕਰਨ ਦੇ ਮੌਕੇ ਭਾਲੋ।—ਜ਼ਬੂਰਾਂ ਦੀ ਪੋਥੀ 103:9, 10; ਕਹਾਉਤਾਂ 31:28.
ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ। ਇਸ ਮਾਮਲੇ ਵਿਚ ਯਹੋਵਾਹ ਪਰਮੇਸ਼ੁਰ ਨੇ ਮਾਪਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਲਈ ਖੁੱਲ੍ਹੇ-ਆਮ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। (ਮੱਤੀ 3:17; 17:5) ਆਸਟ੍ਰੀਆ ਵਿਚ ਰਹਿੰਦਾ ਫਲੈੱਕ ਨਾਂ ਦਾ ਇਕ ਪਿਤਾ ਕਹਿੰਦਾ ਹੈ: “ਬੱਚੇ ਮੈਨੂੰ ਕੁਝ ਫੁੱਲਾਂ ਦੀ ਤਰ੍ਹਾਂ ਲੱਗਦੇ ਹਨ। ਜਿਵੇਂ ਫੁੱਲਾਂ ਦੇ ਛੋਟੇ-ਛੋਟੇ ਪੌਦੇ ਰੌਸ਼ਨੀ ਤੇ ਤਾਪ ਲਈ ਸੂਰਜ ਵੱਲ ਨੂੰ ਮੁੜਦੇ ਹਨ, ਤਿਵੇਂ ਬੱਚੇ ਪਿਆਰ ਲਈ ਆਪਣੇ ਮਾਪਿਆਂ ਵੱਲ ਤੱਕਦੇ ਹਨ ਜਿਸ ਤੋਂ ਉਨ੍ਹਾਂ ਨੂੰ ਭਰੋਸਾ ਮਿਲਦਾ ਹੈ ਕਿ ਪਰਿਵਾਰ ਵਿਚ ਉਨ੍ਹਾਂ ਦੀ ਵੀ ਕੋਈ ਅਹਿਮੀਅਤ ਹੈ।”
ਭਾਵੇਂ ਤੁਸੀਂ ਵਿਆਹੇ ਹੋਏ ਹੋ ਜਾਂ ਇਕੱਲਿਆਂ ਹੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹੋ, ਪਰ ਜੇ ਤੁਸੀਂ ਇਕ-ਦੂਜੇ ਲਈ ਤੇ ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਵਿਚ ਆਪਣੇ ਪਰਿਵਾਰ ਦੀ ਮਦਦ ਕਰਦੇ ਹੋ, ਤਾਂ ਤੁਹਾਡੀ ਪਰਿਵਾਰਕ ਜ਼ਿੰਦਗੀ ਵਾਕਈ ਸੁਧਰ ਜਾਵੇਗੀ।
ਮਾਪਿਆਂ ਵੱਲੋਂ ਆਪਣੇ ਅਧਿਕਾਰ ਦੀ ਵਰਤੋਂ ਬਾਰੇ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ? (g 8/07)
[ਸਫ਼ਾ 4 ਉੱਤੇ ਸੁਰਖੀ]
“ਪਿਆਰ ਹੀ ਹੈ, ਜੋ ਸਭ ਚੀਜ਼ਾਂ ਦੀ ਪੂਰਨ ਏਕਤਾ ਦਾ ਆਧਾਰ ਹੈ।”—ਕੁਲੁੱਸੀਆਂ 3:14, ਪਵਿੱਤਰ ਬਾਈਬਲ ਨਵਾਂ ਅਨੁਵਾਦ