Skip to content

Skip to table of contents

ਚੰਗੀ ਸਲਾਹ ਭਾਲੋ

ਚੰਗੀ ਸਲਾਹ ਭਾਲੋ

ਸੁਝਾਅ 1

ਚੰਗੀ ਸਲਾਹ ਭਾਲੋ

ਇਹ ਕਿਉਂ ਜ਼ਰੂਰੀ ਹੈ? ਜਦ ਮਾਂ-ਬਾਪ ਪਹਿਲੀ ਵਾਰ ਆਪਣੇ ਨਵ-ਜੰਮੇ ਬੱਚੇ ਨੂੰ ਹਿੱਕ ਨਾਲ ਲਾਉਂਦੇ ਹਨ, ਤਾਂ ਉਨ੍ਹਾਂ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਖ਼ਿਆਲ ਆਉਂਦੇ ਹਨ। ਬ੍ਰਿਟੇਨ ਵਿਚ ਰਹਿੰਦਾ ਬ੍ਰੈੱਟ ਨਾਂ ਦਾ ਇਕ ਪਿਤਾ ਕਹਿੰਦਾ ਹੈ: “ਮੈਂ ਖ਼ੁਸ਼ੀ ਦੇ ਮਾਰੇ ਫੁੱਲਿਆ ਨਹੀਂ ਸਮਾ ਰਿਹਾ ਸਾਂ। ਪਰ ਮੈਨੂੰ ਆਪਣੀ ਭਾਰੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਸੀ। ਮੈਨੂੰ ਲੱਗਾ ਕਿ ਮੈਂ ਪਿਤਾ ਹੋਣ ਦੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਾਇਕ ਨਹੀਂ ਸਾਂ।” ਅਰਜਨਟੀਨਾ ਵਿਚ ਰਹਿੰਦੀ ਮੋਨਿਕਾ ਨਾਂ ਦੀ ਇਕ ਮਾਂ ਕਹਿੰਦੀ ਹੈ: “ਮੈਨੂੰ ਫ਼ਿਕਰ ਪੈ ਗਿਆ ਕਿ ਮੈਂ ਆਪਣੀ ਨੰਨ੍ਹੀ ਧੀ ਦੀਆਂ ਲੋੜਾਂ ਪੂਰੀਆਂ ਕਰ ਪਾਵਾਂਗੀ ਕਿ ਨਹੀਂ। ਮੈਂ ਇਹੋ ਸੋਚ-ਸੋਚ ਕੇ ਪਰੇਸ਼ਾਨ ਹੁੰਦੀ ਰਹੀ ਕਿ ‘ਕੀ ਮੈਂ ਉਸ ਨੂੰ ਅਜਿਹੀ ਸਿੱਖਿਆ ਦੇ ਪਾਵਾਂਗੀ ਜਿਸ ਨਾਲ ਉਹ ਕਾਬਲ ਇਨਸਾਨ ਬਣ ਸਕੇ?’”

ਕੀ ਤੁਸੀਂ ਵੀ ਆਪਣੇ ਬੱਚੇ ਦੇ ਜਨਮ ਤੇ ਇਨ੍ਹਾਂ ਮਾਪਿਆਂ ਵਾਂਗ ਖ਼ੁਸ਼ੀ ਅਤੇ ਚਿੰਤਾ ਮਹਿਸੂਸ ਕੀਤੀ ਸੀ? ਬੱਚੇ ਨੂੰ ਪਾਲਣਾ ਜਿੰਨਾ ਔਖਾ ਤੇ ਥਕਾ ਦੇਣ ਵਾਲਾ ਕੰਮ ਹੈ, ਉੱਨਾ ਹੀ ਇਹ ਖ਼ੁਸ਼ੀ-ਭਰਿਆ ਹੈ। ਇਕ ਪਿਤਾ ਨੇ ਕਿਹਾ: ‘ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਸਿਖਾਉਣੇ ਚਾਹੀਦੇ ਹਨ। ਇਕ ਵਾਰ ਬਚਪਨ ਲੰਘ ਗਿਆ, ਤਾਂ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਦੁਬਾਰਾ ਨਹੀਂ ਮਿਲੇਗਾ।’ ਮਾਪਿਆਂ ਦੀ ਸੋਚ ਅਤੇ ਸਿੱਖਿਆਵਾਂ ਦਾ ਬੱਚਿਆਂ ਦੀ ਖ਼ੁਸ਼ੀ ਅਤੇ ਸਿਹਤ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ। ਸੋ ਮਾਪੇ ਹੋਣ ਦੇ ਨਾਤੇ ਤੁਸੀਂ ਸ਼ਾਇਦ ਆਪਣੇ ਬੱਚਿਆਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਨ ਲਈ ਭਰੋਸੇਯੋਗ ਸਲਾਹ ਲੈਣ ਦੀ ਲੋੜ ਮਹਿਸੂਸ ਕਰਦੇ ਹੋ।

ਸਮੱਸਿਆ: ਅੱਜ ਹਰ ਕੋਈ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਸੰਬੰਧੀ ਸਲਾਹਾਂ ਦਿੰਦਾ ਫਿਰਦਾ ਹੈ। ਪੁਰਾਣੇ ਜ਼ਮਾਨੇ ਵਿਚ ਨਵੇਂ-ਨਵੇਂ ਬਣੇ ਮਾਤਾ-ਪਿਤਾ ਆਪਣੇ ਮਾਪਿਆਂ ਦੀ ਮਿਸਾਲ ਉੱਤੇ ਚੱਲਦੇ ਹੋਏ ਜਾਂ ਆਪਣੀ ਧਾਰਮਿਕ ਪਰੰਪਰਾ ਅਨੁਸਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਸਨ। ਪਰ ਬਹੁਤ ਸਾਰੇ ਦੇਸ਼ਾਂ ਵਿਚ ਪਰਿਵਾਰਾਂ ਵਿਚ ਨਾ ਤਾਂ ਹੁਣ ਪਹਿਲਾਂ ਵਰਗਾ ਪਿਆਰ ਰਿਹਾ ਤੇ ਨਾ ਹੀ ਧਾਰਮਿਕ ਕਦਰਾਂ-ਕੀਮਤਾਂ। ਨਤੀਜੇ ਵਜੋਂ, ਕਈ ਮਾਪੇ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਮਾਹਰਾਂ ਕੋਲੋਂ ਸਲਾਹ ਲੈਣ ਜਾਂਦੇ ਹਨ। ਕੁਝ ਮਾਹਰਾਂ ਦੀ ਸਲਾਹ ਵਧੀਆ ਅਸੂਲਾਂ ਤੇ ਆਧਾਰਿਤ ਹੁੰਦੀ ਹੈ। ਪਰ ਕਈ ਵਾਰ ਦੇਖਿਆ ਗਿਆ ਹੈ ਕਿ ਮਾਹਰਾਂ ਦੀਆਂ ਸਲਾਹਾਂ ਆਪਸ ਵਿਚ ਮੇਲ ਨਹੀਂ ਖਾਂਦੀਆਂ ਤੇ ਮੌਸਮ ਵਾਂਗ ਬਦਲਦੀਆਂ ਰਹਿੰਦੀਆਂ ਹਨ।

ਹੱਲ: ਉਸ ਸ਼ਖ਼ਸ ਦੀ ਸਲਾਹ ਲਓ ਜੋ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਹ ਹੈ ਸਭ ਨੂੰ ਜ਼ਿੰਦਗੀ ਦੇਣ ਵਾਲਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ। (ਰਸੂਲਾਂ ਦੇ ਕਰਤੱਬ 17:26-28) ਉਸ ਦੇ ਬਚਨ ਬਾਈਬਲ ਵਿਚ ਖਰੀ ਸਲਾਹ ਅਤੇ ਵਧੀਆ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਸਦਕਾ ਤੁਸੀਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕਦੇ ਹੋ। ਯਹੋਵਾਹ ਵਾਅਦਾ ਕਰਦਾ ਹੈ: ‘ਮੈਂ ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।’—ਜ਼ਬੂਰਾਂ ਦੀ ਪੋਥੀ 32:8.

ਪਰਮੇਸ਼ੁਰ ਮਾਪਿਆਂ ਨੂੰ ਕਿਹੜੀ ਸਲਾਹ ਦਿੰਦਾ ਹੈ ਜਿਸ ਸਦਕਾ ਉਹ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਣਗੇ? (g 8/07)

[ਸਫ਼ਾ 3 ਉੱਤੇ ਸੁਰਖੀ]

“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।”—ਕਹਾਉਤਾਂ 3:5