Skip to content

Skip to table of contents

ਪਰਿਵਾਰ ਲਈ ਅਸੂਲ ਬਣਾ ਕੇ ਉਨ੍ਹਾਂ ਨੂੰ ਅਮਲ ਵਿਚ ਲਿਆਓ

ਪਰਿਵਾਰ ਲਈ ਅਸੂਲ ਬਣਾ ਕੇ ਉਨ੍ਹਾਂ ਨੂੰ ਅਮਲ ਵਿਚ ਲਿਆਓ

ਸੁਝਾਅ 4

ਪਰਿਵਾਰ ਲਈ ਅਸੂਲ ਬਣਾ ਕੇ ਉਨ੍ਹਾਂ ਨੂੰ ਅਮਲ ਵਿਚ ਲਿਆਓ

ਇਹ ਕਿਉਂ ਜ਼ਰੂਰੀ ਹੈ? ਜਾਰਜੀਆ ਦੀ ਯੂਨੀਵਰਸਿਟੀ ਦਾ ਸਮਾਜ-ਵਿਗਿਆਨੀ ਰੋਨਲਡ ਸਾਈਮੰਸ ਕਹਿੰਦਾ ਹੈ: “ਸੱਚ ਤਾਂ ਇਹ ਹੈ ਕਿ ਬੱਚੇ ਉਦੋਂ ਵਧਦੇ-ਫੁੱਲਦੇ ਹਨ ਜਦ ਉਨ੍ਹਾਂ ਨੂੰ ਅਸੂਲ ਸਾਫ਼-ਸਾਫ਼ ਸਮਝਾਏ ਜਾਂਦੇ ਹਨ ਤੇ ਅਸੂਲ ਤੋੜਨ ਤੇ ਸਜ਼ਾ ਦਿੱਤੀ ਜਾਂਦੀ ਹੈ। ਜੇ ਇੱਦਾਂ ਨਾ ਕੀਤਾ ਜਾਵੇ, ਤਾਂ ਬੱਚੇ ਆਪਣੇ ਆਪ ਵਿਚ ਰਹਿਣ ਲੱਗਦੇ ਹਨ ਅਤੇ ਸੁਆਰਥੀ ਤੇ ਨਿਰਾਸ਼ ਹੋ ਜਾਂਦੇ ਹਨ। ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਪਰੇਸ਼ਾਨ ਕਰ ਦਿੰਦੇ ਹਨ।” ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: ‘ਜਿਹੜਾ ਪੁੱਤ੍ਰ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।’—ਕਹਾਉਤਾਂ 13:24.

ਸਮੱਸਿਆ: ਬੱਚਿਆਂ ਉੱਤੇ ਵਾਜਬ ਪਾਬੰਦੀਆਂ ਲਾਉਣ ਅਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਦ੍ਰਿੜ੍ਹ ਇਰਾਦੇ, ਸਮੇਂ ਤੇ ਮਿਹਨਤ ਦੀ ਲੋੜ ਪੈਂਦੀ ਹੈ। ਬੱਚੇ ਆਪਣੇ ਸੁਭਾਅ ਕਰਕੇ ਇਨ੍ਹਾਂ ਪਾਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਦੋ ਧੀਆਂ ਦੇ ਮਾਂ-ਬਾਪ ਮਾਈਕ ਤੇ ਸੋਨੀਆ ਇਨ੍ਹਾਂ ਸ਼ਬਦਾਂ ਵਿਚ ਆਪਣੀ ਮੁਸ਼ਕਲ ਨੂੰ ਬਿਆਨ ਕਰਦੇ ਹਨ: “ਬੱਚਿਆਂ ਦੀ ਆਪਣੀ ਵੱਖਰੀ ਸ਼ਖ਼ਸੀਅਤ, ਸੋਚ ਤੇ ਖ਼ਾਹਸ਼ਾਂ ਹੁੰਦੀਆਂ ਹਨ ਅਤੇ ਜਨਮ ਤੋਂ ਹੀ ਉਹ ਗ਼ਲਤੀਆਂ ਕਰਨ ਦਾ ਝੁਕਾਅ ਰੱਖਦੇ ਹਨ।” ਮਾਈਕ ਤੇ ਸੋਨੀਆ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੇ ਹਨ। ਪਰ ਉਹ ਇਹ ਵੀ ਮੰਨਦੇ ਹਨ ਕਿ “ਕਦੇ-ਕਦੇ ਬੱਚੇ ਜਦੋਂ ਜ਼ਿੱਦ ਫੜ ਲੈਂਦੇ ਹਨ, ਤਾਂ ਉਹ ਦੂਸਰਿਆਂ ਬਾਰੇ ਬਿਲਕੁਲ ਨਹੀਂ ਸੋਚਦੇ।”

ਹੱਲ: ਉਹ ਤਰੀਕਾ ਅਪਣਾਓ ਜਿਸ ਨਾਲ ਯਹੋਵਾਹ ਇਸਰਾਏਲੀ ਕੌਮ ਨਾਲ ਪੇਸ਼ ਆਇਆ ਸੀ। ਆਪਣਾ ਪਿਆਰ ਜ਼ਾਹਰ ਕਰਦਿਆਂ ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਕਿਨ੍ਹਾਂ ਨਿਯਮਾਂ ਤੇ ਚੱਲਣਾ ਚਾਹੀਦਾ ਸੀ। (ਕੂਚ 20:2-17) ਉਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਦੇ ਕੀ ਨਤੀਜੇ ਭੁਗਤਣੇ ਪੈਣਗੇ।—ਕੂਚ 22:1-9.

ਇਸ ਲਈ ਕਿਉਂ ਨਾ ਤੁਸੀਂ ਆਪਣੇ ਘਰ ਦੇ ਅਸੂਲਾਂ ਦੀ ਇਕ ਲਿਸਟ ਬਣਾਓ ਜਿਨ੍ਹਾਂ ਉੱਤੇ ਤੁਹਾਡੇ ਬੱਚਿਆਂ ਨੂੰ ਚੱਲਣਾ ਚਾਹੀਦਾ ਹੈ? ਕੁਝ ਮਾਂ-ਬਾਪ ਦਾ ਕਹਿਣਾ ਹੈ ਕਿ 5-6 ਅਸੂਲਾਂ ਦੀ ਲਿਸਟ ਬਣਾਉਣੀ ਕਾਫ਼ੀ ਹੈ। ਗਿਣੇ-ਚੁਣੇ ਅਸੂਲਾਂ ਦੀ ਛੋਟੀ ਜਿਹੀ ਲਿਸਟ ਨੂੰ ਅਮਲ ਵਿਚ ਲਿਆਉਣਾ ਜ਼ਿਆਦਾ ਸੌਖਾ ਹੁੰਦਾ ਹੈ ਤੇ ਆਸਾਨੀ ਨਾਲ ਚੇਤੇ ਰੱਖਿਆ ਜਾ ਸਕਦਾ ਹੈ। ਅਸੂਲਾਂ ਦੇ ਸਾਮ੍ਹਣੇ ਲਿਖੋ ਕਿ ਇਨ੍ਹਾਂ ਨੂੰ ਤੋੜਨ ਦੀ ਸਜ਼ਾ ਕੀ ਹੋਵੇਗੀ। ਸਜ਼ਾ ਵਾਜਬ ਹੋਣੀ ਚਾਹੀਦੀ ਹੈ ਤੇ ਅਸੂਲ ਤੋੜਨ ਵੇਲੇ ਇਹ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸਮੇਂ-ਸਮੇਂ ਤੇ ਪੂਰੇ ਪਰਿਵਾਰ ਨੂੰ ਮਿਲ ਕੇ ਇਹ ਅਸੂਲ ਦੁਹਰਾਉਣੇ ਚਾਹੀਦੇ ਹਨ ਤਾਂਕਿ ਬੱਚਿਆਂ ਸਣੇ ਮਾਤਾ-ਪਿਤਾ ਨੂੰ ਵੀ ਚੇਤੇ ਰਹੇ ਕਿ ਉਨ੍ਹਾਂ ਤੋਂ ਕਿਨ੍ਹਾਂ ਗੱਲਾਂ ਦੀ ਉਮੀਦ ਰੱਖੀ ਜਾਂਦੀ ਹੈ।

ਜੇ ਬੱਚੇ ਅਸੂਲ ਤੋੜਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਸਜ਼ਾ ਦਿਓ। ਪਰ ਸਜ਼ਾ ਸ਼ਾਂਤੀ ਤੇ ਦ੍ਰਿੜ੍ਹਤਾ ਨਾਲ ਦਿੱਤੀ ਜਾਣੀ ਚਾਹੀਦੀ ਹੈ। ਚੇਤੇ ਰਹੇ: ਜੇ ਤੁਸੀਂ ਗੁੱਸੇ ਵਿਚ ਹੋ, ਤਾਂ ਕੋਈ ਵੀ ਤਾੜਨਾ ਦੇਣ ਤੋਂ ਪਹਿਲਾਂ ਆਪਣਾ ਗੁੱਸਾ ਠੰਢਾ ਹੋਣ ਤਕ ਇੰਤਜ਼ਾਰ ਕਰੋ। (ਕਹਾਉਤਾਂ 29:22) ਪਰ ਸਜ਼ਾ ਦੇਣ ਵਿਚ ਢਿੱਲ-ਮੱਠ ਨਾ ਕਰੋ ਤੇ ਨਾ ਹੀ ਕਿਸੇ ਤਰ੍ਹਾਂ ਦਾ ਸਮਝੌਤਾ ਕਰੋ। ਨਹੀਂ ਤਾਂ ਤੁਹਾਡੇ ਬੱਚੇ ਸੋਚਣਗੇ ਕਿ ਅਸੂਲਾਂ ਦੀ ਇੰਨੀ ਜ਼ਿਆਦਾ ਪਰਵਾਹ ਕਰਨ ਦੀ ਲੋੜ ਨਹੀਂ। ਇਹੋ ਗੱਲ ਬਾਈਬਲ ਵਿਚ ਲਿਖੀ ਹੋਈ ਹੈ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।”—ਉਪਦੇਸ਼ਕ ਦੀ ਪੋਥੀ 8:11.

ਤੁਸੀਂ ਹੋਰ ਕਿਹੜੇ ਤਰੀਕੇ ਨਾਲ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਬੱਚਿਆਂ ਨੂੰ ਫ਼ਾਇਦਾ ਹੋਵੇ? (g 8/07)

[ਸਫ਼ਾ 6 ਉੱਤੇ ਸੁਰਖੀ]

“ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।”—ਮੱਤੀ 5:37