ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ
ਸੁਝਾਅ 6
ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ
ਇਹ ਕਿਉਂ ਜ਼ਰੂਰੀ ਹੈ? ਬੱਚਿਆਂ ਲਈ ਉਨ੍ਹਾਂ ਦੇ ਮਾਪੇ ਹੀ ਸਭ ਕੁਝ ਹੁੰਦੇ ਹਨ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ। ਭਾਵਨਾਵਾਂ ਜ਼ਾਹਰ ਕਰਨ ਤੇ ਜੇ ਮਾਂ-ਬਾਪ ਵਾਰ-ਵਾਰ ਬੱਚਿਆਂ ਨੂੰ ਟੋਕਦੇ ਰਹਿਣ, ਤਾਂ ਬੱਚੇ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਨਹੀਂ ਦੱਸਣਗੇ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਦੇ ਸੋਚਣ ਦਾ ਢੰਗ ਗ਼ਲਤ ਹੈ।
ਸਮੱਸਿਆ: ਬੱਚੇ ਆਮ ਤੌਰ ਤੇ ਆਪਣੇ ਵਿਚਾਰਾਂ ਅਤੇ ਜਜ਼ਬਾਤਾਂ ਨੂੰ ਵਧਾ-ਚੜ੍ਹਾ ਕੇ ਜ਼ਾਹਰ ਕਰਦੇ ਹਨ। ਬੱਚਿਆਂ ਦੀਆਂ ਕੁਝ ਗੱਲਾਂ ਸੁਣ ਕੇ ਮਾਪੇ ਪਰੇਸ਼ਾਨ ਹੋ ਜਾਂਦੇ ਹਨ। ਮਿਸਾਲ ਲਈ ਨਿਰਾਸ਼ ਹੋਇਆ ਬੱਚਾ ਸ਼ਾਇਦ ਕਹੇ, “ਮੈਂ ਜੀਉਣਾ ਨਹੀਂ ਚਾਹੁੰਦਾ।” * ਮਾਪੇ ਸਹਿਜ-ਸੁਭਾਅ ਹੀ ਕਹਿ ਦੇਣਗੇ ਕਿ “ਪੁੱਤਰ, ਇੱਦਾਂ ਨਹੀਂ ਕਹੀਦਾ!” ਮਾਪੇ ਸ਼ਾਇਦ ਘਬਰਾਉਣ ਕਿ ਜੇ ਉਹ ਆਪਣੇ ਬੱਚਿਆਂ ਦੇ ਨਿਰਾਸ਼ਾਜਨਕ ਜਜ਼ਬਾਤਾਂ ਨੂੰ ਕਬੂਲ ਕਰਨਗੇ, ਤਾਂ ਬੱਚੇ ਹੋਰ ਵੀ ਉਦਾਸ ਰਹਿਣ ਲੱਗ ਪੈਣਗੇ।
ਹੱਲ: ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਣ’ ਦੀ ਬਾਈਬਲ ਦੀ ਸਲਾਹ ਨੂੰ ਮੰਨੋ। (ਯਾਕੂਬ 1:19) ਧਿਆਨ ਦਿਓ ਕਿ ਯਹੋਵਾਹ ਨੇ ਆਪਣੇ ਬਹੁਤ ਸਾਰੇ ਵਫ਼ਾਦਾਰ ਭਗਤਾਂ ਦੀਆਂ ਨਿਰਾਸ਼ਾਜਨਕ ਭਾਵਨਾਵਾਂ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਬਾਈਬਲ ਵਿਚ ਦਰਜ ਕਰਵਾਇਆ। (ਉਤਪਤ 27:46; ਜ਼ਬੂਰਾਂ ਦੀ ਪੋਥੀ 73:12, 13) ਮਿਸਾਲ ਲਈ, ਜਦ ਅੱਯੂਬ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ, ਤਾਂ ਉਸ ਨੇ ਮਰਨਾ ਚਾਹਿਆ।—ਅੱਯੂਬ 14:13.
ਜ਼ਾਹਰ ਹੈ ਕਿ ਅੱਯੂਬ ਦੇ ਕੁਝ ਜਜ਼ਬਾਤ ਅਤੇ ਭਾਵਨਾਵਾਂ ਨੂੰ ਸੁਧਾਰਨ ਦੀ ਲੋੜ ਸੀ। ਪਰ ਉਸ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਨ ਜਾਂ ਉਸ ਨੂੰ ਮੂੰਹ ਬੰਦ ਕਰਨ ਲਈ ਕਹਿਣ ਦੀ ਬਜਾਇ ਯਹੋਵਾਹ ਨੇ ਧੀਰਜ ਨਾਲ ਅੱਯੂਬ ਨੂੰ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਹਿਣ ਦਿੱਤੀ। ਸਭ ਕੁਝ ਸੁਣਨ ਤੋਂ ਬਾਅਦ ਯਹੋਵਾਹ ਨੇ ਪਿਆਰ ਨਾਲ ਉਸ ਨੂੰ ਸੁਧਾਰਿਆ। ਇਸ ਸੰਬੰਧੀ ਇਕ ਪਿਤਾ ਨੇ ਕਿਹਾ, “ਕਿਉਂਕਿ ਯਹੋਵਾਹ ਮੈਨੂੰ ਪ੍ਰਾਰਥਨਾ ਦੇ ਜ਼ਰੀਏ ਦਿਲ ਖੋਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਿੰਦਾ ਹੈ, ਇਸ ਲਈ ਮੈਨੂੰ ਵੀ ਚਾਹੀਦਾ ਹੈ ਕਿ ਮੈਂ ਬੱਚਿਆਂ ਨੂੰ ਦਿਲ ਖੋਲ੍ਹ ਕੇ ਆਪਣੀਆਂ ਚੰਗੀਆਂ ਤੇ ਮਾੜੀਆਂ ਭਾਵਨਾਵਾਂ ਜ਼ਾਹਰ ਕਰਨ ਦੇਵਾਂ।”
ਅਗਲੀ ਵਾਰ ਬੱਚੇ ਦੀ ਗੱਲ ਸੁਣ ਕੇ ਜਦ ਤੁਹਾਡੇ ਮੂੰਹੋਂ ਸਹਿਜ-ਸੁਭਾਅ ਨਿਕਲੇ ਕਿ “ਪੁੱਤਰ, ਇੱਦਾਂ ਨਹੀਂ ਕਹੀਦਾ” ਜਾਂ “ਮੂਰਖਾਂ ਵਾਲੀਆਂ ਗੱਲਾਂ ਨਾ ਕਰ,” ਤਾਂ ਯਿਸੂ ਦੇ ਅਸੂਲ ਨੂੰ ਚੇਤੇ ਕਰੋ: “ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।” (ਲੂਕਾ 6:31) ਮਿਸਾਲ ਲਈ, ਕਲਪਨਾ ਕਰੋ ਕਿ ਤੁਹਾਡੇ ਤੋਂ ਕੋਈ ਗ਼ਲਤੀ ਹੋਈ ਹੈ ਜਿਸ ਕਰਕੇ ਕੰਮ ਦੀ ਥਾਂ ਤੇ ਕਿਸੇ ਨੇ ਤੁਹਾਡੇ ਨਾਲ ਰੁੱਖਾ ਵਰਤਾਉ ਕੀਤਾ ਹੈ ਜਾਂ ਤੁਸੀਂ ਆਪ ਹੀ ਆਪਣੀ ਗ਼ਲਤੀ ਦੇ ਕਾਰਨ ਨਿਰਾਸ਼ ਹੋ ਜਾਂਦੇ ਹੋ। ਤੁਸੀਂ ਆਪਣੇ ਜਿਗਰੀ ਯਾਰ ਨੂੰ ਆਪਣੀ ਨਿਰਾਸ਼ਾ ਦਾ ਕਾਰਨ ਦੱਸਦੇ ਹੋਏ ਕਹਿੰਦੇ ਹੋ ਕਿ ਤੁਸੀਂ ਇਹ ਨੌਕਰੀ ਛੱਡ ਦੇਣੀ ਚਾਹੁੰਦੇ ਹੋ। ਤੁਸੀਂ ਆਪਣੇ ਦੋਸਤ ਤੋਂ ਕਿਸ ਗੱਲ ਦੀ ਉਮੀਦ ਰੱਖਦੇ ਹੋ? ਕੀ ਤੁਸੀਂ ਉਸ ਤੋਂ ਇਹ ਸੁਣਨਾ ਚਾਹੁੰਦੇ ਹੋ ਕਿ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ, ਨਾਲੇ ਗ਼ਲਤੀ ਵੀ ਤਾਂ ਤੇਰੀ ਹੀ ਹੈ? ਜਾਂ ਕੀ ਤੁਸੀਂ ਆਪਣੇ ਦੋਸਤ ਤੋਂ ਇਹ ਸੁਣਨਾ ਚਾਹੋਗੇ: “ਯਾਰ, ਬਹੁਤ ਮਾੜੀ ਗੱਲ ਹੋਈ। ਪੂਰਾ ਦਿਨ ਤੂੰ ਪਰੇਸ਼ਾਨ ਰਿਹਾ ਹੋਣਾ, ਹੈ ਨਾ?”
ਬੱਚੇ ਅਤੇ ਵੱਡੇ ਵੀ ਖਿੜੇ-ਮੱਥੇ ਸਲਾਹ ਨੂੰ ਕਬੂਲ ਕਰਨਗੇ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਸਲਾਹ ਦੇਣ ਵਾਲਾ ਉਨ੍ਹਾਂ ਨੂੰ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।”—ਕਹਾਉਤਾਂ 16:23.
ਤੁਸੀਂ ਕੀ ਕਰ ਸਕਦੇ ਹੋ ਤਾਂਕਿ ਬੱਚੇ ਤੁਹਾਡੀ ਸਲਾਹ ਨੂੰ ਖਿੜੇ-ਮੱਥੇ ਮੰਨਣ? (g 8/07)
[ਫੁਟਨੋਟ]
^ ਪੈਰਾ 4 ਆਪਣੀ ਜਾਨ ਲੈਣ ਬਾਰੇ ਬੱਚਿਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਓ।
[ਸਫ਼ਾ 8 ਉੱਤੇ ਸੁਰਖੀ]
‘ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।’—ਕਹਾਉਤਾਂ 18:13