Skip to content

Skip to table of contents

ਮਿਸਾਲ ਬਣ ਕੇ ਸਿਖਾਓ

ਮਿਸਾਲ ਬਣ ਕੇ ਸਿਖਾਓ

ਸੁਝਾਅ 7

ਮਿਸਾਲ ਬਣ ਕੇ ਸਿਖਾਓ

ਇਹ ਕਿਉਂ ਜ਼ਰੂਰੀ ਹੈ? ਬੱਚਿਆਂ ਉੱਤੇ ਆਪਣੇ ਮਾਪਿਆਂ ਦੀ ਕਹਿਣੀ ਦੀ ਬਜਾਇ ਕਰਨੀ ਦਾ ਜ਼ਿਆਦਾ ਅਸਰ ਪੈਂਦਾ ਹੈ। ਮਿਸਾਲ ਲਈ, ਮਾਪੇ ਬੱਚਿਆਂ ਨੂੰ ਕਹਿੰਦੇ ਹਨ ਕਿ ਦੂਜਿਆਂ ਦਾ ਆਦਰ ਕਰੋ ਤੇ ਸਦਾ ਸੱਚ ਬੋਲੋ। ਪਰ ਜੇ ਇਹੀ ਮਾਂ-ਬਾਪ ਇਕ-ਦੂਜੇ ਉੱਤੇ ਜਾਂ ਆਪਣੇ ਬੱਚਿਆਂ ਤੇ ਚਿਲਾਉਂਦੇ ਹਨ ਅਤੇ ਕੁਝ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਨ ਲਈ ਝੂਠ ਬੋਲਦੇ ਹਨ, ਤਾਂ ਉਹ ਸਿਖਾਉਂਦੇ ਹਨ ਕਿ ਵੱਡਿਆਂ ਲਈ ਅਜਿਹਾ ਕਰਨਾ ਠੀਕ ਹੈ। ਇਕ ਲਿਖਾਰੀ ਡਾ. ਸਾਲ ਸਵੀਰ ਕਹਿੰਦਾ ਹੈ ਕਿ ਮਾਪਿਆਂ ਦੀ ਨਕਲ ਕਰਨੀ “ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਦੁਆਰਾ ਬੱਚੇ ਸਿੱਖਦੇ ਹਨ।”

ਸਮੱਸਿਆ: ਮਾਪੇ ਭੁੱਲਣਹਾਰ ਹਨ। ਪੌਲੁਸ ਰਸੂਲ ਨੇ ਲਿਖਿਆ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਜੀਭ ਨੂੰ ਲਗਾਮ ਦੇਣ ਦੇ ਸੰਬੰਧ ਵਿਚ ਚੇਲੇ ਯਾਕੂਬ ਨੇ ਲਿਖਿਆ: “ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ।” (ਯਾਕੂਬ 3:8) ਇਸ ਤੋਂ ਇਲਾਵਾ, ਬੱਚੇ ਤਾਂ ਆਖ਼ਰ ਬੱਚੇ ਹੁੰਦੇ ਹਨ ਜੋ ਇਕ ਗੱਲ ਦੀ ਜ਼ਿੱਦ ਫੜ ਲੈਂਦੇ ਹਨ ਤੇ ਉਸ ਨੂੰ ਛੱਡਦੇ ਨਹੀਂ। ਲੈਰੀ ਨਾਂ ਦਾ ਦੋ ਬੱਚਿਆਂ ਦਾ ਬਾਪ ਬੜਾ ਸ਼ਾਂਤ ਤੇ ਸੰਜਮੀ ਇਨਸਾਨ ਹੈ, ਪਰ ਉਹ ਕਹਿੰਦਾ ਹੈ: “ਮੈਂ ਹੈਰਾਨ ਰਹਿ ਜਾਂਦਾ ਸਾਂ ਕਿ ਬੱਚੇ ਕਿੰਨੀ ਆਸਾਨੀ ਨਾਲ ਮੈਨੂੰ ਗੁੱਸਾ ਚੜ੍ਹਾ ਦਿੰਦੇ ਸਨ।”

ਹੱਲ: ਚੰਗੀ ਮਿਸਾਲ ਬਣਨ ਦੀ ਕੋਸ਼ਿਸ਼ ਕਰੋ, ਪਰ ਇਹ ਉਮੀਦ ਨਾ ਰੱਖੋ ਕਿ ਤੁਹਾਡੇ ਤੋਂ ਕਦੇ ਗ਼ਲਤੀ ਨਹੀਂ ਹੋਵੇਗੀ। ਕਦੇ-ਕਦਾਈਂ ਕੀਤੀਆਂ ਆਪਣੀਆਂ ਗ਼ਲਤੀਆਂ ਤੋਂ ਬੱਚਿਆਂ ਨੂੰ ਚੰਗੇ ਸਬਕ ਸਿਖਾਓ। ਦੋ ਕੁੜੀਆਂ ਦਾ ਬਾਪ ਕ੍ਰਿਸ ਕਹਿੰਦਾ ਹੈ: “ਜੇ ਮੈਂ ਬੱਚਿਆਂ ਤੇ ਗੁੱਸਾ ਝਾੜਦਾ ਹਾਂ ਜਾਂ ਜੇ ਮੈਂ ਕੋਈ ਗ਼ਲਤ ਫ਼ੈਸਲਾ ਕਰਦਾ ਹਾਂ ਜਿਸ ਦਾ ਬੱਚਿਆਂ ਉੱਤੇ ਮਾੜਾ ਅਸਰ ਪੈਂਦਾ ਹੈ, ਤਾਂ ਮੈਂ ਆਪਣੀ ਗ਼ਲਤੀ ਮੰਨ ਕੇ ਮਾਫ਼ੀ ਮੰਗਦਾ ਹਾਂ। ਇਸ ਤੋਂ ਮੇਰੇ ਬੱਚੇ ਸਿੱਖਦੇ ਹਨ ਕਿ ਮਾਪੇ ਵੀ ਗ਼ਲਤੀਆਂ ਕਰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਹੀ ਆਪਣੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।” ਪਹਿਲਾਂ ਜ਼ਿਕਰ ਕੀਤਾ ਗਿਆ ਕੋਸਟਾਸ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਜਦ ਮੈਂ ਗੁੱਸੇ ਵਿਚ ਲੋਹਾ-ਲਾਖਾ ਹੋਣ ਤੋਂ ਬਾਅਦ ਮਾਫ਼ੀ ਮੰਗਦਾ ਹਾਂ, ਤਾਂ ਮੇਰੀਆਂ ਧੀਆਂ ਵੀ ਗ਼ਲਤੀਆਂ ਕਰਨ ਤੇ ਮਾਫ਼ੀ ਮੰਗਦੀਆਂ ਹਨ।”

ਯਹੋਵਾਹ ਪਰਮੇਸ਼ੁਰ ਕਹਿੰਦਾ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਜਦ ਕੋਈ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੋਰ ਹੈ, ਤਾਂ ਇਸ ਤੋਂ ਨਾ ਸਿਰਫ਼ ਬੱਚੇ ਚਿੜਦੇ ਹਨ, ਸਗੋਂ ਵੱਡਿਆਂ ਨੂੰ ਵੀ ਗੁੱਸਾ ਆਉਂਦਾ ਹੈ। ਇਸ ਲਈ ਕਿਉਂ ਨਾ ਤੁਸੀਂ ਹਰ ਰੋਜ਼ ਦਿਨ ਦੇ ਅਖ਼ੀਰ ਤੇ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਅੱਜ ਬੱਚਿਆਂ ਨੇ ਮੇਰੇ ਕੰਮਾਂ ਤੋਂ ਕੀ ਸਿੱਖਿਆ? ਕੀ ਮੇਰੀ ਸਿੱਖਿਆ ਨਾਲ ਮੇਰੇ ਕੰਮ ਮੇਲ ਖਾਂਦੇ ਹਨ? (g 8/07)

[ਸਫ਼ਾ 9 ਉੱਤੇ ਸੁਰਖੀ]

“ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ?”—ਰੋਮੀਆਂ 2:21

[ਸਫ਼ਾ 9 ਉੱਤੇ ਤਸਵੀਰ]

ਮਾਪਿਆਂ ਨੂੰ ਮਾਫ਼ੀ ਮੰਗਦੇ ਦੇਖ ਕੇ ਬੱਚੇ ਵੀ ਮਾਫ਼ੀ ਮੰਗਣੀ ਸਿੱਖਦੇ ਹਨ