Skip to content

Skip to table of contents

“ਮੈਡੀਕਲ ਖੇਤਰ ਵਿਚ ਮਹੱਤਵਪੂਰਣ ਯੋਗਦਾਨ”

“ਮੈਡੀਕਲ ਖੇਤਰ ਵਿਚ ਮਹੱਤਵਪੂਰਣ ਯੋਗਦਾਨ”

“ਮੈਡੀਕਲ ਖੇਤਰ ਵਿਚ ਮਹੱਤਵਪੂਰਣ ਯੋਗਦਾਨ”

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਖ਼ੂਨ ਬਿਨਾਂ ਇਲਾਜ ਕਰਾਉਣ ਕਰਕੇ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਮਸ਼ਹੂਰ ਹਨ। ਗਵਾਹਾਂ ਦਾ ਇਹ ਫ਼ੈਸਲਾ ਬਾਈਬਲ ਤੇ ਆਧਾਰਿਤ ਹੈ। ਪਰ ਕੁਝ ਲੋਕ ਉਨ੍ਹਾਂ ਦੇ ਇਸ ਫ਼ੈਸਲੇ ਦੀ ਆਲੋਚਨਾ ਕਰਦੇ ਹਨ। ਧਿਆਨ ਦਿਓ ਕਿ ਮੈਕਸੀਕੋ ਦੀ ਇਕ ਅਖ਼ਬਾਰ ਰਿਫੌਰਮਾ ਵਿਚ ਕੈਂਸਰ ਹਸਪਤਾਲ ਦੇ ਮੁੱਖ ਸਰਜਨ ਡਾਕਟਰ ਆਂਖ਼ਲ ਹਰੇਰਾ ਨੇ ਕੀ ਕਿਹਾ: “ਗਵਾਹ ਬੇਵਕੂਫ਼ ਨਹੀਂ ਹਨ। ਨਾ ਹੀ ਉਹ ਕੱਟੜਪੰਥੀ ਹਨ। . . . [ਉਨ੍ਹਾਂ] ਨੇ ਡਾਕਟਰਾਂ ਨੂੰ ਸਰਜਰੀ ਦੌਰਾਨ ਖ਼ੂਨ ਦੀ ਬਚਤ ਕਰਨ ਦੇ ਤਰੀਕਿਆਂ ਤੇ ਸੋਚ-ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਮੈਡੀਕਲ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਇਆ ਹੈ।”

ਪੰਦਰਾਂ ਸਾਲ ਪਹਿਲਾਂ ਡਾਕਟਰ ਹਰੇਰਾ ਨੇ ਬਿਨਾਂ ਖ਼ੂਨ ਚੜ੍ਹਾਏ ਮਰੀਜ਼ਾਂ ਦੇ ਓਪਰੇਸ਼ਨ ਕਰਨ ਲਈ ਐਨਸਥੀਸੀਓਲੋਜਿਸਟਾਂ ਅਤੇ ਸਰਜਨਾਂ ਦੀ ਟੀਮ ਬਣਾਈ ਸੀ। ਉਸ ਟੀਮ ਦੇ ਇਕ ਐਨਸਥੀਸੀਓਲੋਜਿਸਟ ਡਾਕਟਰ ਈਸੀਦਰੋ ਮਾਰਟੀਨੇਸ ਨੇ ਕਿਹਾ: “ਜੇ ਮਰੀਜ਼ਾਂ ਤੇ ਬੇਹੋਸ਼ ਕਰਨ ਵਾਲੀ ਦਵਾਈ ਸਹੀ ਤਰੀਕੇ ਨਾਲ ਵਰਤੀ ਜਾਵੇ, ਤਾਂ ਖ਼ੂਨ ਬਚਾਉਣ ਦੇ ਸਾਰੇ ਤਰੀਕੇ ਵਰਤੇ ਜਾ ਸਕਦੇ ਹਨ। ਇਸ ਲਈ ਅਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।”

ਅਕਤੂਬਰ 2006 ਦੀ ਰਿਫੌਰਮਾ ਵਿਚ ਦੱਸਿਆ ਗਿਆ ਸੀ ਕਿ ਓਪਰੇਸ਼ਨ ਦੌਰਾਨ ਖ਼ੂਨ ਬਚਾਉਣ ਦੇ 30 ਵੱਖੋ-ਵੱਖਰੇ ਤਰੀਕੇ ਹਨ। ਕੁਝ ਇਕ ਹਨ ਰੱਤ-ਨਾੜਾਂ ਨੂੰ ਸਾੜ ਕੇ ਬੰਦ ਕਰਨਾ, ਰਸਾਇਣ ਛੱਡਣ ਵਾਲੀਆਂ ਸਪੈਸ਼ਲ ਪੱਟੀਆਂ ਨਾਲ ਜ਼ਖ਼ਮ ਨੂੰ ਢੱਕਣਾ ਜਿਸ ਨਾਲ ਖ਼ੂਨ ਵਹਿਣੋਂ ਰੁੱਕਦਾ ਹੈ, ਲਹੂ ਨੂੰ ਤਰਲ (volume expanders) ਨਾਲ ਪਤਲਾ ਕਰਨਾ। *

ਮੈਕਸੀਕੋ ਸਿਟੀ ਵਿਚ ਲਾ ਰਾਸਾ ਜਨਰਲ ਹਸਪਤਾਲ ਵਿਚ ਮੁੱਖ ਹਾਰਟ ਸਰਜਨ ਮੌਇਸਸ ਕਾਲਡੇਰੋਨ ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ ਕਰਦੇ ਹਨ। ਉਨ੍ਹਾਂ ਨੇ ਰਿਫੌਰਮਾ ਅਖ਼ਬਾਰ ਵਿਚ ਕਿਹਾ: “ਖ਼ੂਨ ਚੜ੍ਹਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜਿਸ ਮਰੀਜ਼ ਨੂੰ ਖ਼ੂਨ ਚੜ੍ਹਾਇਆ ਜਾਂਦਾ ਹੈ, ਉਸ ਵਿਚ ਵਾਇਰਸ, ਬੈਕਟੀਰੀਆ ਜਾਂ ਪੈਰਾਸਾਈਟ ਵੀ ਜਾ ਸਕਦੇ ਹਨ। ਖ਼ੂਨ ਚੜ੍ਹਾਉਣ ਨਾਲ ਉਸ ਦੇ ਗੁਰਦਿਆਂ ਅਤੇ ਫੇਫੜਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ।” ਇਨ੍ਹਾਂ ਖ਼ਤਰਿਆਂ ਨੂੰ ਦੇਖਦਿਆਂ ਡਾਕਟਰ ਕਾਲਡੇਰੋਨ ਨੇ ਕਿਹਾ: “ਅਸੀਂ ਸਾਰੇ ਮਰੀਜ਼ਾਂ ਨੂੰ ਯਹੋਵਾਹ ਦੇ ਗਵਾਹ ਸਮਝ ਕੇ ਉਨ੍ਹਾਂ ਦਾ ਓਪਰੇਸ਼ਨ ਕਰਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਓਪਰੇਸ਼ਨ ਦੌਰਾਨ ਘੱਟ ਤੋਂ ਘੱਟ ਖ਼ੂਨ ਵਹੇ, ਵਹੇ ਖ਼ੂਨ ਨਾਲ ਮਰੀਜ਼ ਦਾ ਇਲਾਜ ਕੀਤਾ ਜਾਵੇ ਜਾਂ ਅਜਿਹੀਆਂ ਦਵਾਈਆਂ ਇਸਤੇਮਾਲ ਕੀਤੀਆਂ ਜਾਣ ਕਿ ਖ਼ੂਨ ਘੱਟ ਵਹੇ।”

ਅਖ਼ਬਾਰ ਵਿਚ ਰਸੂਲਾਂ ਦੇ ਕਰਤੱਬ 15:28, 29 ਦਾ ਹਵਾਲਾ ਦਿੱਤਾ ਗਿਆ ਸੀ ਜਿਸ ਦੇ ਆਧਾਰ ਤੇ ਯਹੋਵਾਹ ਦੇ ਗਵਾਹ ਖ਼ੂਨ ਬਿਨਾਂ ਇਲਾਜ ਕਰਾਉਣ ਦਾ ਫ਼ੈਸਲਾ ਕਰਦੇ ਹਨ। ਇਨ੍ਹਾਂ ਆਇਤਾਂ ਵਿਚ ਰਸੂਲਾਂ ਨੇ ਇਹ ਹੁਕਮ ਦਿੱਤਾ ਸੀ: “ਪਵਿੱਤ੍ਰ ਆਤਮਾ ਨੇ ਅਤੇ ਅਸਾਂ ਚੰਗਾ ਜਾਣਿਆ ਜੋ ਇਨ੍ਹਾਂ ਜਰੂਰੀ ਗੱਲਾਂ ਤੋਂ ਬਿਨਾ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ। ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ।”

ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਵਿਚ ਹਸਪਤਾਲ ਜਾਣਕਾਰੀ ਵਿਭਾਗ ਨੇ ਦੱਸਿਆ ਕਿ ਮੈਕਸੀਕੋ ਵਿਚ 75 ਹਸਪਤਾਲ ਸੰਪਰਕ ਕਮੇਟੀਆਂ ਹਨ ਜਿਨ੍ਹਾਂ ਵਿਚ 950 ਯਹੋਵਾਹ ਦੇ ਗਵਾਹ ਵਲੰਟੀਅਰ ਹਨ। ਇਹ ਵਲੰਟੀਅਰ ਡਾਕਟਰਾਂ ਕੋਲ ਜਾ ਕੇ ਉਨ੍ਹਾਂ ਨੂੰ ਖ਼ੂਨ ਬਿਨਾਂ ਇਲਾਜ ਕਰਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹਨ। ਮੈਕਸੀਕੋ ਵਿਚ ਲਗਭਗ 2,000 ਡਾਕਟਰ ਯਹੋਵਾਹ ਦੇ ਗਵਾਹਾਂ ਦਾ ਖ਼ੂਨ ਬਿਨਾਂ ਇਲਾਜ ਕਰਨ ਲਈ ਤਿਆਰ ਹਨ। ਇਹ ਡਾਕਟਰ ਹੁਣ ਉਨ੍ਹਾਂ ਲੋਕਾਂ ਦਾ ਇਲਾਜ ਵੀ ਚੰਗੇ ਤਰੀਕੇ ਨਾਲ ਕਰ ਪਾਉਂਦੇ ਹਨ ਜੋ ਗਵਾਹ ਨਹੀਂ ਹਨ। ਗਵਾਹ ਇਨ੍ਹਾਂ ਡਾਕਟਰਾਂ ਦੇ ਸਹਿਯੋਗ ਦੀ ਬਹੁਤ ਕਦਰ ਕਰਦੇ ਹਨ। (g 9/07)

[ਫੁਟਨੋਟ]

^ ਪੈਰਾ 5 ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਸਵੀਕਾਰ ਕਰਨਾ ਜਾਂ ਨਾ ਕਰਨਾ ਹਰ ਵਿਅਕਤੀ ਦਾ ਨਿੱਜੀ ਮਾਮਲਾ ਹੈ। ਇਸ ਲਈ ਜਾਗਰੂਕ ਬਣੋ! ਰਸਾਲਾ ਕਿਸੇ ਨੂੰ ਸਲਾਹ ਨਹੀਂ ਦਿੰਦਾ ਕਿ ਕਿਹੜਾ ਇਲਾਜ ਉਨ੍ਹਾਂ ਲਈ ਸਹੀ ਹੈ ਤੇ ਕਿਹੜਾ ਨਹੀਂ।

[ਸਫ਼ਾ 30 ਉੱਤੇ ਤਸਵੀਰ]

ਡਾਕਟਰ ਆਂਖ਼ਲ ਹਰੇਰਾ

[ਸਫ਼ਾ 30 ਉੱਤੇ ਤਸਵੀਰ]

ਡਾਕਟਰ ਈਸੀਦਰੋ ਮਾਰਟੀਨੇਸ

[ਸਫ਼ਾ 30 ਉੱਤੇ ਤਸਵੀਰ]

ਡਾਕਟਰ ਮੌਇਸਸ ਕਾਲਡੇਰੋਨ