Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

“ਸਮੁੰਦਰ ਦੇ ਲਗਭਗ ਹਰ ਵਰਗ ਕਿਲੋਮੀਟਰ ਦੇ ਘੇਰੇ ਵਿਚ ਪਲਾਸਟਿਕ ਦੇ 46,000 ਟੁਕੜੇ ਤਰ ਰਹੇ ਹਨ।”—ਸੰਯੁਕਤ ਰਾਸ਼ਟਰ-ਸੰਘ ਦਾ ਵਾਤਾਵਰਣ ਪ੍ਰੋਗ੍ਰਾਮ। (g 7/07)

ਹਰ ਰੋਜ਼ ਦੱਖਣੀ ਅਫ਼ਰੀਕਾ ਦੀਆਂ ਕਚਹਿਰੀਆਂ ਵਿਚ 82 ਬੱਚਿਆਂ ਉੱਤੇ “ਹੋਰਨਾਂ ਬੱਚਿਆਂ ਨਾਲ ਬਲਾਤਕਾਰ ਜਾਂ ਨਿਰਲੱਜਤਾ ਨਾਲ ਹਮਲਾ ਕਰਨ ਦਾ ਆਰੋਪ ਲਾਇਆ ਜਾ ਰਿਹਾ ਹੈ।” ਇਨ੍ਹਾਂ ਵਿੱਚੋਂ ਜ਼ਿਆਦਾਤਰ ਅਪਰਾਧੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ “ਟੈਲੀਵਿਯਨ ਤੇ ਇਹ ਕੁਝ ਹੁੰਦਾ ਦੇਖ ਕੇ ਨਕਲ  ਕੀਤੀ ਹੈ।”—ਦ ਸਟਾਰ, ਦੱਖਣੀ ਅਫ਼ਰੀਕਾ। (g 8/07)

ਹੋਟਲਾਂ ਵਿਚ ਰਹਿਣ ਵਾਲੇ ਜੋ ਲੋਕ ਦਰਵਾਜ਼ਿਆਂ ਦੇ ਮੁੱਠਾਂ, ਲੈਂਪਾਂ, ਟੈਲੀਫ਼ੋਨਾਂ ਅਤੇ ਟੀ. ਵੀ. ਦੇ ਰਿਮੋਟ ਕੰਟ੍ਰੋਲਾਂ ਨੂੰ ਹੱਥ ਲਾਉਂਦੇ ਹਨ, ਉਨ੍ਹਾਂ ਵਿੱਚੋਂ “50 ਪ੍ਰਤਿਸ਼ਤ ਨੂੰ ਜ਼ੁਕਾਮ ਹੋਣ  ਦੀ ਸੰਭਾਵਨਾ ਹੁੰਦੀ ਹੈ।”—ਮੈਕਲੇਨਸ, ਕੈਨੇਡਾ। (g 9/07)

ਯਾਰਾਂ ਨਾਲ ਉਮਰਾਂ ਲੰਬੀਆਂ!

ਸਿਹਤ ਸੰਬੰਧੀ ਇਕ ਰਸਾਲੇ ਮੁਤਾਬਕ ਜਿਨ੍ਹਾਂ ਦੇ ਕਈ ਚੰਗੇ ਦੋਸਤ-ਮਿੱਤਰ ਹੁੰਦੇ ਹਨ, ਉਹ ਸ਼ਾਇਦ ਲੰਮੀਆਂ ਉਮਰਾਂ ਮਾਣਨ। ਆਸਟ੍ਰੇਲੀਆ ਵਿਚ 70 ਜਾਂ ਇਸ ਤੋਂ ਜ਼ਿਆਦਾ ਉਮਰ ਦੇ ਕੁਝ 1,500 ਲੋਕਾਂ ਦਾ ਸਰਵੇਖਣ ਕੀਤਾ ਗਿਆ। ਇਸ ਦਸ ਸਾਲਾਂ ਦੇ ਸਰਵੇਖਣ ਵਿਚ ਦੇਖਿਆ ਗਿਆ ਕਿ ਦੋਸਤੀਆਂ ਦਾ ਉਮਰਾਂ ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ। ਜਿਨ੍ਹਾਂ ਲੋਕਾਂ ਦੇ ਕਈ ਚੰਗੇ ਦੋਸਤ-ਮਿੱਤਰ ਸਨ, ਉਨ੍ਹਾਂ ਦੀਆਂ ਮੌਤਾਂ ਦੀ ਗਿਣਤੀ ਥੋੜ੍ਹੇ ਦੋਸਤਾਂ ਵਾਲੇ ਬੰਦਿਆਂ ਦੀ ਮੌਤ ਨਾਲੋਂ 22 ਪ੍ਰਤਿਸ਼ਤ ਘੱਟ ਸੀ। ਇਹ ਵੀ ਦੇਖਿਆ ਗਿਆ ਸੀ ਕਿ ਜਿਨ੍ਹਾਂ ਦਾ ਆਪਣੇ ਦੋਸਤਾਂ ਨਾਲ ਮਿਲਣਾ-ਗਿਲਣਾ ਰਹਿੰਦਾ ਹੈ, “ਉਹ ਡਿਪਰੈਸ਼ਨ ਵਿਚ ਨਹੀਂ ਡੁੱਬਦੇ, ਉਨ੍ਹਾਂ ਵਿਚ ਹਾਲਾਤਾਂ ਨਾਲ ਨਿਪਟਣ ਦੀ ਹਿੰਮਤ ਹੁੰਦੀ ਹੈ, ਉਹ ਆਤਮ-ਵਿਸ਼ਵਾਸੀ ਹੁੰਦੇ ਹਨ, ਉਹ ਮੁਸ਼ਕਲਾਂ ਦਾ ਖਿੜੇ-ਮੱਥੇ ਸਾਮ੍ਹਣਾ ਕਰਦੇ ਹਨ ਅਤੇ ਛੇਤੀ ਹੌਸਲਾ ਨਹੀਂ ਹਾਰਦੇ।” (g 7/07)

ਬਾਲਣ ਵਜੋਂ ਕਣਕ?

ਕੀ ਬਾਲਣ ਵਜੋਂ ਅਨਾਜ ਨੂੰ ਫੂਕਣਾ ਠੀਕ ਹੈ? ਇਕ ਜਰਮਨ ਅਖ਼ਬਾਰ ਦੱਸਦਾ ਹੈ ਕਿ ਕਣਕ ਸਸਤੀ ਅਤੇ ਤੇਲ ਮਹਿੰਗਾ ਹੋਣ ਕਰਕੇ ਕਿਸਾਨਾਂ ਲਈ ਤੇਲ ਨੂੰ ਖ਼ਰੀਦ ਕੇ ਬਾਲਣ ਦੀ ਬਜਾਇ ਕਣਕ ਨੂੰ ਬਾਲਣ ਵਜੋਂ ਵਰਤਣਾ ਸਸਤਾ ਪੈਂਦਾ ਹੈ। ਉਹ 20 ਸੈਂਟਾਂ ਨਾਲ ਢਾਈ ਕਿਲੋ ਕਣਕ ਉਗਾ ਸਕਦੇ ਹਨ, ਪਰ ਜੇ ਉਹ ਇੰਨੀ ਹੀ ਕਣਕ ਨੂੰ ਬਾਲਣ ਵਜੋਂ ਇਸਤੇਮਾਲ ਕਰਨ, ਤਾਂ ਬਦਲੇ ਵਿਚ ਉਨ੍ਹਾਂ ਨੂੰ ਉੱਨੀ ਹੀ ਊਰਜਾ ਪ੍ਰਾਪਤ ਹੋਵੇਗੀ ਜਿੰਨੀ 60 ਸੈਂਟ ਖ਼ਰਚ ਕੇ ਮਿੱਟੀ ਦਾ ਤੇਲ ਬਾਲਣ ਤੋਂ ਮਿਲਦੀ ਹੈ। ਇਸੇ ਲਈ ਅਖ਼ਬਾਰ ਨੇ ਸਵਾਲ ਪੁੱਛਿਆ: ਕੀ “ਬਾਲਣ ਵਜੋਂ ਅਨਾਜ ਨੂੰ ਫੂਕਣਾ ਠੀਕ ਹੈ ਜਦ ਲੋਕ ਭੁੱਖੇ ਮਰ ਰਹੇ ਹਨ”? (g 8/07)

ਐਮੇਜ਼ਨ ਵਿਚ ਕੀੜੇ-ਮਕੌੜਿਆਂ ਦੀ ਗਿਣਤੀ

ਕੀਟ-ਵਿਗਿਆਨੀਆਂ ਨੇ ਅੱਜ ਤਕ ਐਮੇਜ਼ਨ ਬਰਸਾਤੀ ਜੰਗਲ ਵਿਚ ਕੀੜੇ-ਮਕੌੜਿਆਂ ਦੀਆਂ ਤਕਰੀਬਨ 60,000 ਕਿਸਮਾਂ ਦੀ ਪਛਾਣ ਕੀਤੀ ਹੈ। ਫ਼ੋਲਿਆ ਆਨ-ਲਾਈਨ ਨਾਂ ਦੀ ਇਕ ਵੈੱਬ-ਸਾਈਟ ਮੁਤਾਬਕ ਅਨੁਮਾਨ ਲਾਇਆ ਗਿਆ ਹੈ ਕਿ ਕੁਝ 1,80,000 ਹੋਰ ਕਿਸਮਾਂ ਦੀ ਪਛਾਣ ਕਰਨੀ ਅਜੇ ਬਾਕੀ ਹੈ। ਹੁਣ ਲਗਭਗ 20 ਕੀਟ-ਵਿਗਿਆਨੀ ਇਹ ਕੰਮ ਕਰਨ ਵਿਚ ਜੁਟੇ ਹੋਏ ਹਨ। ਹਾਲ ਹੀ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਵਿਗਿਆਨੀ ਹਰ ਸਾਲ ਔਸਤਨ 2.7 ਕਿਸਮਾਂ ਦੀ ਪਛਾਣ ਕਰ ਪਾਉਂਦੇ ਹਨ। ਜੇ ਇਸੇ ਔਸਤ ਨਾਲ ਉਹ ਕੀੜੇ-ਮਕੌੜਿਆਂ ਦੀ ਪਛਾਣ ਕਰਨ ਵਿਚ ਲੱਗੇ ਰਹੇ, ਤਾਂ ਸਾਰੇ ਕੀੜੇ-ਮਕੌੜਿਆਂ ਦੀ ਪਛਾਣ ਕਰਨ ਲਈ ਕੀਟ-ਵਿਗਿਆਨੀਆਂ ਦੀਆਂ 90 ਪੀੜ੍ਹੀਆਂ ਨੂੰ 35-35 ਸਾਲ ਯਾਨੀ ਕੁੱਲ ਮਿਲਾ ਕੇ ਕੁਝ 3,300 ਸਾਲ ਲੱਗ ਜਾਣਗੇ! (g 9/07)

ਊਰਜਾ ਦੀ ਘਾਟ

ਸੰਯੁਕਤ ਰਾਸ਼ਟਰ-ਸੰਘ ਦੇ ਵਾਤਾਵਰਣ ਪ੍ਰੋਗ੍ਰਾਮ ਦੁਆਰਾ ਛਾਪਿਆ ਗਿਆ ਸਾਡਾ ਗ੍ਰਹਿ (ਅੰਗ੍ਰੇਜ਼ੀ) ਨਾਂ ਦਾ ਰਸਾਲਾ ਦੱਸਦਾ ਹੈ ਕਿ “ਦੁਨੀਆਂ ਦੇ 25 ਫੀਸਦੀ ਯਾਨੀ 1.6 ਅਰਬ ਲੋਕਾਂ ਦੇ ਘਰਾਂ ਵਿਚ ਬਿਜਲੀ ਨਹੀਂ ਹੈ। ਰੋਟੀ ਪਕਾਉਣ ਅਤੇ ਗਰਮ ਹੋਣ ਲਈ ਲਗਭਗ 2.4 ਅਰਬ ਲੋਕਾਂ ਨੂੰ ਕੋਲੇ, ਗੋਹਾ ਜਾਂ ਲੱਕੜੀ ਬਾਲਣੀ ਪੈਂਦੀ ਹੈ। ਅਜਿਹੇ ਬਾਲਣ ਦੇ ਧੂੰਏ ਕਾਰਨ ਹਰ ਸਾਲ ਤਕਰੀਬਨ  25 ਲੱਖ ਔਰਤਾਂ ਤੇ ਬੱਚੇ ਦਮ ਤੋੜ ਦਿੰਦੇ ਹਨ।” (g 9/07)