Skip to content

Skip to table of contents

ਕੀ ਮੈਨੂੰ ਇਲੈਕਟ੍ਰਾਨਿਕ ਗੇਮਜ਼ ਖੇਡਣੀਆਂ ਚਾਹੀਦੀਆਂ ਹਨ?

ਕੀ ਮੈਨੂੰ ਇਲੈਕਟ੍ਰਾਨਿਕ ਗੇਮਜ਼ ਖੇਡਣੀਆਂ ਚਾਹੀਦੀਆਂ ਹਨ?

ਨੌਜਵਾਨ ਪੁੱਛਦੇ ਹਨ . . .

ਕੀ ਮੈਨੂੰ ਇਲੈਕਟ੍ਰਾਨਿਕ ਗੇਮਜ਼ ਖੇਡਣੀਆਂ ਚਾਹੀਦੀਆਂ ਹਨ?

ਕੰ ਪਿਊਟਰ ਗੇਮਜ਼ ਨਾਲ ਸਿਰਫ਼ ਮਨ-ਪਰਚਾਵਾ ਹੀ ਨਹੀਂ ਹੁੰਦਾ। ਇਹ ਸਿਰਫ਼ ਟਾਈਮ ਪਾਸ ਕਰਨ ਲਈ ਹੀ ਨਹੀਂ ਖੇਡੀਆਂ ਜਾਂਦੀਆਂ, ਸਗੋਂ ਇਨ੍ਹਾਂ ਦੇ ਕਈ ਹੋਰ ਲਾਭ ਵੀ ਹਨ। ਇਨ੍ਹਾਂ ਰਾਹੀਂ ਅਸੀਂ ਚੁਸਤ ਬਣਦੇ ਹਾਂ। ਅਧਿਐਨਾਂ ਤੋਂ ਜ਼ਾਹਰ ਹੋਇਆਂ ਹੈ ਕਿ ਇਨ੍ਹਾਂ ਗੇਮਜ਼ ਨੂੰ ਖੇਡਣ ਵਾਲੇ ਧਿਆਨ ਲਾਉਣਾ ਸਿੱਖਦੇ ਹਨ। ਕੁਝ ਗੇਮਜ਼ ਹਿਸਾਬ ਅਤੇ ਪੜ੍ਹਨ ਦੇ ਹੁਨਰ ਨੂੰ ਵੀ ਵਧਾ ਸਕਦੀਆਂ ਹਨ। ਇਹੀ ਨਹੀਂ ਸਕੂਲਾਂ ਵਿਚ ਨਿਆਣੇ ਨਵੀਆਂ ਤੋਂ ਨਵੀਆਂ ਗੇਮਜ਼ ਬਾਰੇ ਗੱਲਾਂ ਕਰਦੇ ਹਨ। ਜੇ ਤੁਸੀਂ ਖੇਡੀ ਹੈ, ਤਾਂ ਤੁਸੀਂ ਆਪਣੇ ਹਾਣੀਆਂ ਨਾਲ ਇਸ ਬਾਰੇ ਗੱਲ ਕਰ ਸਕਦੇ ਹੋ।

ਤੁਸੀਂ ਇਲੈਕਟ੍ਰਾਨਿਕ ਗੇਮਜ਼ ਖੇਡ ਸਕਦੇ ਹੋ ਜਾਂ ਨਹੀਂ ਇਸ ਦਾ ਫ਼ੈਸਲਾ ਤੁਹਾਡੇ ਮਾਂ-ਬਾਪ ਕਰਨਗੇ। (ਕੁਲੁੱਸੀਆਂ 3:20) ਜੇ ਉਹ ਤੁਹਾਨੂੰ ਇਜਾਜ਼ਤ ਦੇਣ, ਤਾਂ ਤੁਸੀਂ ਅਜਿਹੀ ਕੋਈ ਗੇਮ ਖੇਡ ਸਕਦੇ ਹੋ ਜੋ ਦਿਲਚਸਪ ਵੀ ਹੋਵੇ ਅਤੇ ਬਾਈਬਲ ਦੇ ਅਸੂਲਾਂ ਦੀ ਉਲੰਘਣਾ ਵੀ ਨਾ ਕਰੇ। ਪਰ ਇਸ ਤਰ੍ਹਾਂ ਕਰਨ ਲਈ ਸਾਨੂੰ ਸੋਚ-ਸਮਝ ਕੇ ਗੇਮ ਦੀ ਚੋਣ ਕਰਨੀ ਚਾਹੀਦੀ ਹੈ।

ਬੁਰੇ ਅਸਰ

16 ਸਾਲਾਂ ਦਾ ਬ੍ਰਾਈਅਨ ਕਹਿੰਦਾ ਹੈ ਕਿ “ਕੰਪਿਊਟਰ ਗੇਮਜ਼ ਬੜੀਆਂ ਹੀ ਮਜ਼ੇਦਾਰ ਹਨ। ” ਪਰ ਜਿਵੇਂ ਤੁਸੀਂ ਸ਼ਾਇਦ ਜਾਣਦੇ ਹੀ ਹੋਵੋ ਕਿ ਸਾਰੀਆਂ ਗੇਮਜ਼ ਚੰਗੀਆਂ ਨਹੀਂ ਹੁੰਦੀਆਂ। ਬ੍ਰਾਈਅਨ ਅੱਗੇ ਕਹਿੰਦਾ ਹੈ: “ਗੇਮਜ਼ ਦੀ ਬਣਾਵਟੀ ਦੁਨੀਆਂ ਵਿਚ ਤੁਸੀਂ ਉਹ ਕਰ ਸਕਦੇ ਹੋ ਜੋ ਤੁਸੀਂ ਆਮ ਤੌਰ ਤੇ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਕਰੋਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਅਸਲ ਵਿਚ ਅਜਿਹਾ ਕੁਝ ਕੀਤਾ, ਤਾਂ ਤੁਸੀਂ ਸਜ਼ਾ ਦੇ ਲਾਇਕ ਹੋਵੋਗੇ। ” ਅਜਿਹੀਆਂ ਗੇਮਜ਼ ਦਾ ਸਾਡੇ ਦਿਲ-ਦਿਮਾਗ਼ ਤੇ ਕੀ ਅਸਰ ਪੈਂਦਾ ਹੈ?

ਕਈਆਂ ਗੇਮਜ਼ ਵਿਚ ਗੰਦੇ-ਮੰਦੇ ਕੰਮ ਕਰਨ, ਗਾਲ਼ਾਂ ਕੱਢਣ ਅਤੇ ਮਾਰ-ਕੁਟਾਈ ਕਰਨ ਦੀ ਖੁੱਲ੍ਹੀ ਛੁੱਟੀ ਹੁੰਦੀ ਹੈ। ਪਰ ਬਾਈਬਲ ਸਾਨੂੰ ਇੱਦਾਂ ਦੀਆਂ ਗੱਲਾਂ ਤੋਂ ਦੂਰ ਰਹਿਣ ਲਈ ਕਹਿੰਦੀ ਹੈ। (ਜ਼ਬੂਰਾਂ ਦੀ ਪੋਥੀ 11:5; ਗਲਾਤੀਆਂ 5:19-21; ਕੁਲੁੱਸੀਆਂ 3:8) ਕੁਝ ਗੇਮਜ਼ ਜਾਦੂ-ਟੂਣੇ ਨਾਲ ਭਰੀਆਂ ਹੁੰਦੀਆਂ ਹਨ। ਲੋਕਾਂ ਦੀ ਇਕ ਮੰਨ ਚਾਹੀ ਗੇਮ ਬਾਰੇ 18 ਸਾਲਾਂ ਦਾ ਏਡਰੀਅਨ ਦੱਸਦਾ ਹੈ ਕਿ ਇਸ ਵਿਚ “ਗੈਂਗਾਂ ਦੀ ਮਾਰ-ਧਾੜ, ਨਸ਼ੇ-ਪੱਤੇ ਦੀ ਵਰਤੋਂ ਅਤੇ ਸੈਕਸ ਨੂੰ ਬੇਸ਼ਰਮੀ ਨਾਲ ਦਿਖਾਇਆ ਜਾਂਦਾ ਹੈ। ਹੋਰ ਤਾਂ ਹੋਰ ਇਸ ਵਿਚ ਗੰਦੀ ਬੋਲੀ ਵਰਤੀ ਜਾਂਦੀ ਹੈ ਤੇ ਖ਼ੂਨ ਦੀ ਹੋਲੀ ਖੇਡੀ ਜਾਂਦੀ ਹੈ। ” ਗੇਮ ਦੀ ਹਰੇਕ ਨਵੀਂ ਰਿਲੀਸ ਪੁਰਾਣੀ ਨੂੰ ਫਿੱਕੀ ਪਾ ਦਿੰਦੀ ਹੈ। 19 ਸਾਲਾਂ ਦੇ ਜੇਮਜ਼ ਦਾ ਕਹਿਣਾ ਹੈ ਕਿ ਹਰ ਕੋਈ ਸਭ ਤੋਂ ਨਵੀਂ ਗੇਮ ਨੂੰ ਖੇਡਣਾ ਚਾਹੁੰਦਾ ਹੈ। ਇਹੀ ਨਹੀਂ ਤੁਸੀਂ ਹੋਰਨਾਂ ਨਾਲ ਇੰਟਰਨੈੱਟ ਤੇ ਵੀ ਇਸ ਨੂੰ ਖੇਡ ਸਕਦੇ ਹੋ। ਹੋਰਨਾਂ ਨਾਲ ਗੇਮ ਖੇਡਣ ਦਾ ਆਪਣਾ ਹੀ ਮਜ਼ਾ ਹੈ। ਜੇਮਜ਼ ਕਹਿੰਦਾ ਹੈ ਕਿ “ਤੁਸੀਂ ਘਰ ਬੈਠੇ-ਬਿਠਾਏ, ਕੰਪਿਊਟਰ ਦੇ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਲੋਕਾਂ ਨਾਲ ਗੇਮ ਖੇਡ ਸਕਦੇ ਹੋ। ”

ਇਕ ਨਵੀਂ ਕਿਸਮ ਦੀ ਗੇਮ ਬਹੁਤ ਚੱਲੀ ਹੈ ਜਿਸ ਦੇ ਸ਼ੌਕੀਨ ਖ਼ੁਦ ਗੇਮ ਦੇ ਕਿਸੇ ਸ਼ਖ਼ਸ ਦਾ ਰੋਲ ਅਦਾ ਕਰਦੇ ਹਨ। ਅਜਿਹੀਆਂ ਗੇਮਜ਼ ਨੂੰ ਖੇਡਣ ਵਾਲੇ ਆਪਣੇ ਆਪ ਲਈ ਕਿਸੇ ਬੰਦੇ, ਜਾਨਵਰ ਜਾਂ ਦੋਹਾਂ ਨੂੰ ਮਿਲਾ ਕੇ ਕੋਈ ਰੂਪ ਚੁਣਦੇ ਹਨ ਜਿਸ ਨੂੰ ਉਹ ਆਪਣਾ ਅਵਤਾਰ ਕਹਿੰਦੇ ਹਨ। ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇੱਦਾਂ ਕਰਦੇ ਹਨ ਤੇ ਕੰਪਿਊਟਰ ਤੇ ਆਪਣੀ ਹੀ ਦੁਨੀਆਂ ਬਣਾ ਕੇ ਉਸ ਵਿਚ ਰਹਿੰਦੇ ਹਨ। ਜਿੱਦਾਂ ਅਸਲੀ ਦੁਨੀਆਂ ਵਿਚ ਦੁਕਾਨਾਂ, ਕਾਰਾਂ, ਘਰ, ਨਾਈਟ ਕਲੱਬ ਤੇ ਵੇਸਵਾ ਘਰ ਹੁੰਦੇ ਹਨ, ਐਨ ਉੱਦਾਂ ਹੀ ਇਸ ਬਣਾਵਟੀ ਦੁਨੀਆਂ ਵਿਚ ਹੁੰਦੇ ਹਨ। ਅਜਿਹੀਆਂ ਗੇਮਜ਼ ਵਿਚ ਹਿੱਸਾ ਲੈਣ ਵਾਲੇ ਗੇਮ ਖੇਡਦਿਆਂ ਇਕ-ਦੂਜੇ ਨੂੰ ਮੈਸਿਜ ਘੱਲ ਸਕਦੇ ਹਨ।

ਇਸ ਬਣਾਵਟੀ ਦੁਨੀਆਂ ਵਿਚ ਹੋਰ ਕੀ-ਕੀ ਹੁੰਦਾ ਹੈ? ਇਕ ਜਰਨਲਿਸਟ ਦੇ ਮੁਤਾਬਕ, “ਇਸ ਦੁਨੀਆਂ ਵਿਚ ਲੋਕ ਉਹ ਕੰਮ ਕਰਦੇ ਹਨ ਜੋ ਉਹ ਆਮ ਤੌਰ ਤੇ ਨਾ ਕਦੇ ਕਰਨਗੇ ਤੇ ਨਾ ਹੀ ਕਰ ਸਕਦੇ ਹਨ। ” ਉਸ ਨੇ ਅੱਗੇ ਕਿਹਾ: “ਉਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ ਕਿਉਂਕਿ ਸੈਕਸ ਅਤੇ ਵੇਸਵਾ-ਗਮਨ ਉੱਤੇ ਕੋਈ ਬੰਦਸ਼ ਨਹੀਂ ਲਾਈ ਜਾਂਦੀ। ” ਬੱਸ ਕੁਝ ਹੀ ਬਟਨ ਦਬਾ ਕੇ ਗੇਮ ਵਿਚ ਹਿੱਸਾ ਲੈਣ ਵਾਲੇ ਆਪਣੇ ਅਵਤਾਰਾਂ ਤੋਂ ਸੈਕਸ ਕਰਵਾ ਸਕਦੇ ਹਨ ਤੇ ਹੋਰਨਾਂ ਖੇਡਣ ਵਾਲਿਆਂ ਨੂੰ ਮੈਸਿਜ ਘੱਲ ਕੇ ਸੈਕਸ ਬਾਰੇ ਗੱਲਾਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਨਿਊ ਸਾਇੰਟਿਸਟ ਰਸਾਲੇ ਦੇ ਮੁਤਾਬਕ ਅਜਿਹੀ ਕੋਈ ਵੀ ਬਣਾਵਟੀ ਦੁਨੀਆਂ “ਅਪਰਾਧਾਂ ਤੋਂ ਵਾਂਝੀ ਨਹੀਂ। ਇਨ੍ਹਾਂ ਵਿਚ ਮਾਫੀਆ, ਔਰਤਾਂ ਦੀ ਦਲਾਲੀ ਕਰਨ ਵਾਲੇ, ਲੁਟੇਰੇ, ਜਾਅਲਸਾਜ਼ ਅਤੇ ਖ਼ੂਨੀ ਵੀ ਰਹਿੰਦੇ ਹਨ। ” ਇਕ ਹੋਰ ਰਸਾਲਾ ਰਿਪੋਰਟ ਕਰਦਾ ਹੈ: “ਕਈ ਕਹਿੰਦੇ ਹਨ ਕਿ ਜੋ ਕੰਮ ਗ਼ੈਰ-ਕਾਨੂੰਨੀ ਹਨ ਉਹ ਇਸ ਬਣਾਵਟੀ ਦੁਨੀਆਂ ਵਿਚ ਕਿਉਂ ਕੀਤੇ ਜਾ ਰਹੇ ਹਨ, ਜਿਵੇਂ ਕਿਸੇ ਵੇਸਵਾ ਦਾ ਬਲਾਤਕਾਰ ਕਰਨਾ ਜਾਂ ਬੱਚਿਆਂ ਦੇ ਰੂਪ ਦੇ ਅਵਤਾਰਾਂ ਨਾਲ ਸੈਕਸ ਕਰਨਾ। ”

ਸੋਚ-ਸਮਝ ਕੇ ਗੇਮ ਦੀ ਚੋਣ ਕਰਨੀ ਜ਼ਰੂਰੀ ਹੈ

ਜਿਹੜੇ ਲੋਕ ਅਜਿਹੀਆਂ ਗੇਮਜ਼ ਖੇਡਦੇ ਹਨ ਜਿਨ੍ਹਾਂ ਵਿਚ ਖ਼ੂਨ-ਖ਼ਰਾਬਾ ਤੇ ਸ਼ਰੇਆਮ ਸੈਕਸ ਦਿਖਾਇਆ ਜਾਂਦਾ ਹੈ, ਕਹਿੰਦੇ ਹਨ: “ਫੇਰ ਕੀ ਹੋਇਆ, ਮੈਂ ਕਿਹੜਾ ਕਿਸੇ ਦਾ ਕੁਝ ਵਿਗਾੜਿਆ ਹੈ? ਇਹ ਤਾਂ ਬੱਸ ਇਕ ਗੇਮ ਹੀ ਹੈ। ” ਪਰ ਇਹ ਗੱਲ ਸੱਚ ਨਹੀਂ ਹੈ, ਕੁਝ ਤਾਂ ਜ਼ਰੂਰ ਵਿਗੜਦਾ ਹੈ!

ਬਾਈਬਲ ਕਹਿੰਦੀ ਹੈ: “ਬੱਚਾ ਵੀ ਆਪਣੇ ਕੀਤੇ ਦੁਆਰਾ ਪ੍ਰਗਟ ਕਰਦਾ ਹੈ ਕਿ ਉਹ ਭਲਾ ਹੈ ਜਾਂ ਬੁਰਾ। ” (ਕਹਾਉਤਾਂ 20:​11, CL) ਜੇ ਤੁਸੀਂ ਖ਼ੂਨ-ਖ਼ਰਾਬੇ ਤੇ ਗੰਦ-ਮੰਦ ਨਾਲ ਭਰੀਆਂ ਗੇਮਜ਼ ਖੇਡਣ ਦੇ ਆਦੀ ਹੋ, ਤਾਂ ਤੁਹਾਡੇ ਮਨ ਬਾਰੇ ਕੀ ਕਿਹਾ ਜਾਵੇਗਾ, ਭਲਾ ਜਾਂ ਬੁਰਾ? ਅਧਿਐਨਾਂ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਮਾਰ-ਧਾੜ ਨਾਲ ਭਰੇ ਮਨੋਰੰਜਨ ਨੂੰ ਦੇਖਣ ਵਾਲੇ ਖ਼ੁਦ ਗੁੱਸੇਖ਼ੋਰ ਤੇ ਲੜਾਕੇ ਬਣ ਜਾਂਦੇ ਹਨ। ਹਾਲ ਹੀ ਵਿਚ ਨਿਊ ਸਾਇੰਟਿਸਟ ਰਸਾਲੇ ਨੇ ਕਿਹਾ: “ਟੀ. ਵੀ. ਨਾਲੋਂ ਵਿਡਿਓ-ਗੇਮਜ਼ ਦਾ ਦਿਲ-ਦਿਮਾਗ਼ ਤੇ ਜ਼ਿਆਦਾ ਅਸਰ ਪੈਂਦਾ ਹੈ ਕਿਉਂਕਿ ਇਨ੍ਹਾਂ ਨੂੰ ਸਿਰਫ਼ ਦੇਖਿਆ ਹੀ ਨਹੀਂ ਜਾਂਦਾ, ਸਗੋਂ ਇਨ੍ਹਾਂ ਵਿਚ ਹਿੱਸਾ ਵੀ ਲਿਆ ਜਾਂਦਾ ਹੈ। ”

ਜੋ ਇਨਸਾਨ ਇੱਦਾਂ ਦੀਆਂ ਨਿਕੰਮੀਆਂ ਗੇਮਜ਼ ਖੇਡਣ ਦੀ ਚੋਣ ਕਰਦਾ ਹੈ, ਉਸ ਦੀ ਤੁਲਨਾ ਅਜਿਹੇ ਇਨਸਾਨ ਨਾਲ ਕੀਤੀ ਜਾ ਸਕਦੀ ਹੈ ਜੋ ਰੇਡੀਓ-ਐਕਟਿਵ ਰਹਿੰਦ-ਖੂੰਹਦ ਨਾਲ ਖੇਡਦਾ ਹੈ। ਕਿਉਂ? ਕਿਉਂਕਿ ਜ਼ਹਿਰੀਲੀ ਰੇਡੀਏਸ਼ਨ ਪਹਿਲਾਂ ਪੇਟ ਦੀ ਅੰਦਰਲੀ ਤਹਿ ਤੇ ਹਮਲਾ ਕਰਦੀ ਹੈ ਤੇ ਫਿਰ ਆਂਦਰਾਂ ਵਿੱਚੋਂ ਬੈਕਟੀਰੀਆ ਲਹੂ ਵਿਚ ਦਾਖ਼ਲ ਹੋਣ ਕਾਰਨ ਇਨਸਾਨ ਬੀਮਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਹੁੰਦਾ ਹੈ ਜੋ ਗੰਦ-ਮੰਦ ਤੇ ਖ਼ੂਨ-ਖ਼ਰਾਬਾ ਦੇਖਣ ਦੇ ਆਦੀ ਹੋ ਜਾਂਦੇ ਹਨ। ਪਹਿਲਾਂ ਇਸ ਦਾ ਅਸਰ ਉਨ੍ਹਾਂ ਦੇ ਦਿਲ-ਦਿਮਾਗ਼ ਤੇ ਪੈਂਦਾ ਹੈ ਤੇ ਫਿਰ ਇਹ ਉਨ੍ਹਾਂ ਦੀਆਂ ਹਰਕਤਾਂ ਵਿਚ ਦੇਖਿਆ ਜਾ ਸਕਦਾ ਹੈ।​—ਅਫ਼ਸੀਆਂ 4:19; ਗਲਾਤੀਆਂ 6:7, 8.

ਮੈਂ ਕਿਹੜੀ ਗੇਮ ਖੇਡਾਂ?

ਜੇ ਤੁਹਾਡੇ ਮਾਂ-ਬਾਪ ਤੁਹਾਨੂੰ ਗੇਮ ਖੇਡਣ ਦੀ ਇਜਾਜ਼ਤ ਦੇਣ, ਤਾਂ ਤੁਹਾਨੂੰ ਸੋਚ-ਸਮਝ ਕੇ ਗੇਮ ਚੁਣਨੀ ਅਤੇ ਇਹ ਤੈਅ ਕਰਨ ਦੀ ਲੋੜ ਹੈ ਕਿ ਤੁਸੀਂ ਇਸ ਨੂੰ ਖੇਡਣ ਵਿਚ ਕਿੰਨਾ ਕੁ ਸਮਾਂ ਲਾਓਗੇ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸਵਾਲ ਪੁੱਛੋ:

ਕੀ ਮੇਰੀ ਚੋਣ ਨਾਲ ਯਹੋਵਾਹ ਖ਼ੁਸ਼ ਜਾਂ ਨਾਰਾਜ਼ ਹੋਵੇਗਾ? ਬਾਈਬਲ ਦੀ ਮਦਦ ਨਾਲ ਤੁਸੀਂ ਖ਼ੁਦ ਭਾਂਪ ਸਕਦੇ ਹੋ ਕਿ ਯਹੋਵਾਹ ਤੁਹਾਡੀ ਚੋਣ ਨਾਲ ਖ਼ੁਸ਼ ਹੈ ਜਾਂ ਨਹੀਂ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਭਜਨ 11:5 ਕਹਿੰਦਾ ਹੈ: “ਪ੍ਰਭੂ ਭਲਿਆਂ ਅਤੇ ਦੁਸ਼ਟਾਂ ਦੋਹਾਂ ਨੂੰ ਪਰਖਦਾ ਹੈ, ਉਹ ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ। ” ਜਾਦੂ-ਟੂਣੇ ਅਤੇ ਜੰਤਰਾਂ-ਮੰਤਰਾਂ ਵਿਚ ਹਿੱਸਾ ਲੈਣ ਵਾਲਿਆਂ ਬਾਰੇ ਬਾਈਬਲ ਕਹਿੰਦੀ ਹੈ: “ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ। ” (ਬਿਵਸਥਾ ਸਾਰ 18:10-12) ਜੇ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਬੂਰ 97:10 ਦੀ ਸਲਾਹ ਨੂੰ ਲਾਗੂ ਕਰਨਾ ਚਾਹੀਦਾ ਹੈ: “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!”

ਇਸ ਗੇਮ ਦਾ ਮੇਰੇ ਦਿਲ-ਦਿਮਾਗ਼ ਤੇ ਕੀ ਅਸਰ ਪਵੇਗਾ? ਆਪਣੇ ਆਪ ਨੂੰ ਪੁੱਛੋ, “ਜੇ ਮੈਂ ਇਹ ਗੇਮ ਖੇਡਾਂ, ਤਾਂ ਕੀ ਮੇਰੇ ਲਈ ‘ਹਰਾਮਕਾਰੀ ਤੋਂ ਭੱਜਣਾ’ ਆਸਾਨ ਹੋਵੇਗਾ ਜਾਂ ਮੁਸ਼ਕਲ?” (1 ਕੁਰਿੰਥੀਆਂ 6:18) ਜਿਹੜੀਆਂ ਗੇਮਜ਼ ਸਾਡੇ ਅੰਦਰ ਕਾਮ ਵਾਸ਼ਨਾ ਜਗਾਉਂਦੀਆਂ ਹਨ, ਭਲਾ ਉਹ ਤੁਹਾਨੂੰ ਉਨ੍ਹਾਂ ਗੱਲਾਂ ਵੱਲ ਚਿੱਤ ਲਾਉਣ ਦੇਣਗੀਆਂ ਜੋ ਸੱਚੀਆਂ-ਸੁੱਚੀਆਂ, ਆਦਰ ਯੋਗ, ਸ਼ੁੱਧ ਅਤੇ ਵਡਿਆਈ ਦੇ ਯੋਗ ਹਨ? ਨਹੀਂ। (ਫ਼ਿਲਿੱਪੀਆਂ 4:8) 22 ਸਾਲਾਂ ਦੀ ਏਮੀ ਨੇ ਦੱਸਿਆ: “ਕਈ ਗੇਮਜ਼ ਤੁਹਾਨੂੰ ਕਠੋਰ ਬਣਾ ਦਿੰਦੀਆਂ ਹਨ। ਤੁਸੀਂ ਲਹੂ-ਲੁਹਾਨ ਜਾਂ ਗੰਦ-ਮੰਦ ਦੇਖ ਕੇ ਜ਼ਰਾ ਵੀ ਨਹੀਂ ਕਤਰਾਉਂਦੇ ਤੇ ਨਾ ਹੀ ਤੁਸੀਂ ਗੰਦੀ ਬੋਲੀ ਜਾਂ ਗਾਲ਼ਾਂ ਸੁਣ ਕੇ ਪਰੇਸ਼ਾਨ ਹੁੰਦੇ ਹੋ। ਹੌਲੀ-ਹੌਲੀ ਤੁਹਾਡੇ ਲਈ ਇੱਦਾਂ ਦੀਆਂ ਗੱਲਾਂ ਮਾਮੂਲੀ ਜਿਹੀਆਂ ਬਣ ਜਾਂਦੀਆਂ ਹਨ। ਇਸ ਕਰਕੇ ਸਾਨੂੰ ਧਿਆਨ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਹੜੀਆਂ ਗੇਮਜ਼ ਖੇਡਾਂਗੇ। ”

ਗੇਮ ਖੇਡਣ ਵਿਚ ਮੈਂ ਕਿੰਨਾ ਸਮਾਂ ਲਾਉਂਦਾ ਹਾਂ? 18 ਸਾਲਾਂ ਦੀ ਡੈਬਰਾ ਕਹਿੰਦੀ ਹੈ: “ਠੀਕ ਹੈ ਕਿ ਕਈ ਗੇਮਜ਼ ਵਿਚ ਹਾਨੀ ਜਾਂ ਇਤਰਾਜ਼ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਪਰ ਇਨ੍ਹਾਂ ਨੂੰ ਲੰਬੇ-ਲੰਬੇ ਸਮੇਂ ਲਈ ਖੇਡਣ ਨਾਲ ਸਮਾਂ ਜ਼ਰੂਰ ਬਰਬਾਦ ਹੁੰਦਾ ਹੈ। ” ਚੰਗਾ ਹੋਵੇਗਾ ਜੇ ਤੁਸੀਂ ਧਿਆਨ ਨਾਲ ਲਿਖ ਲਵੋ ਕਿ ਕੋਈ ਗੇਮ ਖੇਡਣ ਵਿਚ ਤੁਸੀਂ ਕਿੰਨਾ ਸਮਾਂ ਲਾਉਂਦੇ ਹੋ। ਫਿਰ ਇਸ ਸਮੇਂ ਦੀ ਉਸ ਸਮੇਂ ਨਾਲ ਤੁਲਨਾ ਕਰੋ ਜੋ ਤੁਸੀਂ ਹੋਰਨਾਂ ਜ਼ਰੂਰੀ ਕੰਮਾਂ ਵਿਚ ਲਾਉਂਦੇ ਹੋ। ਇਸ ਤਰੀਕੇ ਨਾਲ ਤੁਸੀਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਪਹਿਲ ਦੇ ਸਕੋਗੇ।​—ਅਫ਼ਸੀਆਂ 5:15, 16.

ਬਾਈਬਲ ਇਹ ਨਹੀਂ ਕਹਿੰਦੀ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਕੰਮ ਅਤੇ ਸਟੱਡੀ ਕਰਨ ਵਿਚ ਲਾ ਦਿਓ। ਇਸ ਵਿਚ ਲਿਖਿਆ ਹੈ ਕਿ “ਇੱਕ ਹੱਸਣ ਦਾ ਵੇਲਾ ਹੈ, . . . ਅਤੇ ਇੱਕ ਨੱਚਣ ਦਾ ਵੇਲਾ ਹੈ। ” (ਉਪਦੇਸ਼ਕ ਦੀ ਪੋਥੀ 3:4) ਇਕ ਗੱਲ ਨੋਟ ਕਰਨ ਯੋਗ ਹੈ ਕਿ ‘ਨੱਚਣ ਦੇ ਵੇਲੇ’ ਦਾ ਮਤਲਬ ਖੇਡਣਾ ਹੈ, ਪਰ ਕੋਈ ਬੈਠ ਕੇ ਤਾਂ ਨੱਚ ਨਹੀਂ ਸਕਦਾ। ਇਸ ਲਈ ਕੰਪਿਊਟਰ ਸਾਮ੍ਹਣੇ ਬੈਠਣ ਦੀ ਬਜਾਇ ਕਿਉਂ ਨਾ ਤੁਸੀਂ ਆਪਣਾ ਕੁਝ ਸਮਾਂ ਅਜਿਹੀਆਂ ਖੇਡਾਂ ਖੇਡਣ ਵਿਚ ਲਾਓ ਜਿਸ ਨਾਲ ਤੁਹਾਡੀ ਸਰੀਰਕ ਕਸਰਤ ਵੀ ਹੋ ਜਾਵੇ?

ਸੋਚ-ਸਮਝ ਕੇ ਚੁਣੋ

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਲੈਕਟ੍ਰਾਨਿਕ ਗੇਮਜ਼ ਖੇਡਣ ਵਿਚ ਮਜ਼ਾ ਆਉਂਦਾ ਹੈ ਖ਼ਾਸਕਰ ਜੇ ਤੁਸੀਂ ਖੇਡਣ ਵਿਚ ਹੁਸ਼ਿਆਰ ਤੇ ਤੇਜ਼ ਹੋ। ਇਸ ਲਈ ਤੁਹਾਨੂੰ ਸੋਚ-ਸਮਝ ਕੇ ਗੇਮ ਦੀ ਚੋਣ ਕਰਨੀ ਚਾਹੀਦੀ ਹੈ। ਆਪਣੇ ਆਪ ਨੂੰ ਪੁੱਛੋ: “ਸਕੂਲ ਦੀਆਂ ਕਿਹੜੀਆਂ ਕਲਾਸਾਂ ਵਿਚ ਮੈਨੂੰ ਚੰਗੇ ਨੰਬਰ ਮਿਲਦੇ ਹਨ?” ਕੀ ਇਹ ਉਹ ਨਹੀਂ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਪਸੰਦ ਕਰਦੇ ਹੋ? ਸੱਚ ਤਾਂ ਇਹ ਹੈ ਕਿ ਜਿਹੜੀ ਕਲਾਸ ਤੁਹਾਨੂੰ ਜ਼ਿਆਦਾ ਪਸੰਦ ਹੈ ਉਸੇ ਦਾ ਤੁਹਾਡੇ ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਹੁਣ ਆਪਣੇ ਆਪ ਨੂੰ ਪੁੱਛੋ: “ਮੈਨੂੰ ਕਿਹੜੀਆਂ ਇਲੈਕਟ੍ਰਾਨਿਕ ਗੇਮਜ਼ ਖੇਡਣ ਦਾ ਜ਼ਿਆਦਾ ਸ਼ੌਕ ਹੈ? ਇਨ੍ਹਾਂ ਤੋਂ ਮੈਂ ਕਿਹੜੇ ਸਬਕ ਸਿੱਖ ਰਿਹਾ ਹਾਂ?”

ਚੰਗਾ ਹੋਵੇਗਾ ਜੇ ਤੁਸੀਂ ਚੋਣ ਕਰਨ ਤੋਂ ਪਹਿਲਾਂ ਜੋ ਗੇਮ ਖੇਡਣੀ ਚਾਹੁੰਦੇ ਹੋ, ਉਸ ਬਾਰੇ ਛੋਟਾ ਜਿਹਾ ਪੈਰਾ ਲਿਖੋ ਕਿ ਗੇਮ ਦਾ ਟੀਚਾ ਕੀ ਹੈ ਤੇ ਉਸ ਟੀਚੇ ਤੇ ਪਹੁੰਚਣ ਲਈ ਕੀ ਕਰਨਾ ਪੈਂਦਾ ਹੈ। ਹੁਣ ਆਪਣੇ ਪੈਰੇ ਦੀ ਤੁਲਨਾ ਬਾਈਬਲ ਦੇ ਉਨ੍ਹਾਂ ਅਸੂਲਾਂ ਨਾਲ ਕਰੋ ਜਿਨ੍ਹਾਂ ਦਾ ਇਸ ਲੇਖ ਵਿਚ ਜ਼ਿਕਰ ਕੀਤਾ ਗਿਆ ਹੈ। ਫਿਰ ਤੁਸੀਂ ਫ਼ੈਸਲਾ ਕਰ ਸਕੋਗੇ ਕਿ ਇਹ ਗੇਮ ਖੇਡਣ ਦੇ ਲਾਇਕ ਹੈ ਜਾਂ ਨਹੀਂ।

ਆਪਣੇ ਹਾਣੀਆਂ ਦੇ ਪਿੱਛੇ ਨਾ ਲੱਗੋ। ਗੇਮਜ਼ ਦੇ ਮਾਮਲੇ ਵਿਚ ਆਪਣਾ ਮਨ ਖ਼ੁਦ ਬਣਾਓ। ਹਾਣੀਆਂ ਨੂੰ ਖ਼ੁਸ਼ ਕਰਨ ਦੀ ਬਜਾਇ ਇਹ ਵੇਖੋ ਕਿ “ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।”​—ਅਫ਼ਸੀਆਂ 5:10. (g 1/08)

“ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

ਇਸ ਬਾਰੇ ਸੋਚੋ

ਜੇ ਤੁਹਾਡਾ ਦੋਸਤ ਤੁਹਾਨੂੰ ਖ਼ੂਨ-ਖ਼ਰਾਬੇ ਤੇ ਗੰਦ-ਮੰਦ ਨਾਲ ਭਰੀ ਗੇਮ ਖੇਡਣ ਨੂੰ ਕਹੇ, ਤਾਂ ਤੁਸੀਂ ਕੀ ਕਹੋਗੇ?

ਤੁਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹੋ ਕਿ ਇਲੈਕਟ੍ਰਾਨਿਕ ਗੇਮਜ਼ ਖੇਡਣ ਕਾਰਨ ਤੁਸੀਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਾ ਭੁੱਲੋ?

[ਸਫ਼ਾ 19 ਉੱਤੇ ਸੁਰਖੀ]

ਜੋ ਇਨਸਾਨ ਖ਼ੂਨ-ਖ਼ਰਾਬੇ ਤੇ ਗੰਦ-ਮੰਦ ਨਾਲ ਭਰੀਆਂ ਗੇਮਜ਼ ਖੇਡਣ ਦੀ ਚੋਣ ਕਰਦਾ ਹੈ, ਉਸ ਦੀ ਤੁਲਨਾ ਉਸ ਇਨਸਾਨ ਨਾਲ ਕੀਤੀ ਜਾ ਸਕਦੀ ਹੈ ਜੋ ਰੇਡੀਓ-ਐਕਟਿਵ ਰਹਿੰਦ-ਖੂੰਹਦ ਨਾਲ ਖੇਡਦਾ ਹੈ ਕਿਉਂਕਿ ਮਾੜਾ ਅਸਰ ਇਕਦਮ ਨਜ਼ਰ ਨਹੀਂ ਆਉਂਦਾ ਪਰ ਹੁੰਦਾ ਜ਼ਰੂਰ ਹੈ

[ਸਫ਼ਾ 18 ਉੱਤੇ ਡੱਬੀ]

ਤੁਸੀਂ ਇਲੈਕਟ੍ਰਾਨਿਕ ਗੇਮਜ਼ ਕਿੰਨੀ ਕੁ ਵਾਰ ਖੇਡਦੇ ਹੋ?

□ ਕਦੇ-ਕਦਾਈਂ

□ ਹਫ਼ਤੇ ਵਿਚ ਇਕ ਵਾਰ

□ ਹਰ ਰੋਜ਼

ਗੇਮ ਖੇਡਣ ਵਿਚ ਤੁਸੀਂ ਕਿੰਨਾ ਸਮਾਂ ਲਾਉਂਦੇ ਹੋ?

□ ਕੁਝ ਹੀ ਮਿੰਟ

□ ਇਕ ਘੰਟਾ ਜਾਂ ਇਸ ਤੋਂ ਘੱਟ

□ ਦੋ ਤੋਂ ਜ਼ਿਆਦਾ ਘੰਟੇ

ਤੁਸੀਂ ਕਿਹੋ ਜਿਹੀਆਂ ਗੇਮਜ਼ ਖੇਡਣੀਆਂ ਪਸੰਦ ਕਰਦੇ ਹੋ?

□ ਕਾਰ ਰੇਸਿੰਗ

□ ਸਪੋਰਟਸ

□ ਹਿੰਸਕ ਖੇਡਾਂ

□ ਜਾਂ ਕੋਈ ਹੋਰ

ਇੱਥੇ ਅਜਿਹੀ ਕਿਸੇ ਇਲੈਕਟ੍ਰਾਨਿਕ ਗੇਮ ਦਾ ਨਾਂ ਲਿਖੋ ਜੋ ਤੁਹਾਡੇ ਮੁਤਾਬਕ ਖੇਡਣ ਦੇ ਲਾਇਕ ਨਹੀਂ ਹੈ।

․․․․․

[ਸਫ਼ਾ 21 ਉੱਤੇ ਡੱਬੀ/​ਤਸਵੀਰ]

ਮਾਪਿਆਂ ਲਈ ਸੰਦੇਸ਼

ਪਹਿਲੇ ਲੇਖ ਨੂੰ ਪੜ੍ਹ ਕੇ ਤੁਸੀਂ ਸ਼ਾਇਦ ਇਹੋ ਸੋਚਿਆ ਹੋਵੇ ਕਿ ਜਵਾਨੀ ਵਿਚ ਜੋ ਇਲੈਕਟ੍ਰਾਨਿਕ ਗੇਮਜ਼ ਤੁਸੀਂ ਖੇਡਦੇ ਸੀ ਤੇ ਅੱਜ ਦੀਆਂ ਗੇਮਜ਼ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਮਾਂ-ਬਾਪ ਹੋਣ ਦੇ ਨਾਤੇ ਤੁਸੀਂ ਆਪਣੇ ਬੱਚੇ ਦੀ ਮਦਦ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਖ਼ਤਰੇ ਨੂੰ ਪਛਾਣ ਕੇ ਉਸ ਤੋਂ ਦੂਰ ਰਹਿ ਸਕੇ?

ਕੱਟੜ ਬਣਨ ਦਾ ਜਾਂ ਇਸ ਤਰ੍ਹਾਂ ਕਹਿਣ ਦਾ ਕੋਈ ਫ਼ਾਇਦਾ ਨਹੀਂ ਕਿ ਸਾਰੀਆਂ ਇਲੈਕਟ੍ਰਾਨਿਕ ਗੇਮਜ਼ ਕਿਸੇ ਕੰਮ ਦੀਆਂ ਨਹੀਂ ਹਨ। ਭਾਵੇਂ ਸਾਰੀਆਂ ਗੇਮਜ਼ ਖ਼ਰਾਬ ਨਹੀਂ ਹਨ, ਫਿਰ ਵੀ ਇਹ ਸ਼ੌਕ ਦੀ ਬਜਾਇ ਨਸ਼ਾ ਬਣ ਸਕਦੀਆਂ ਹਨ। ਇਸ ਕਰਕੇ ਚੰਗਾ ਹੋਵੇਗਾ ਜੇ ਤੁਸੀਂ ਭਾਂਪ ਲਵੋ ਕਿ ਤੁਹਾਡਾ ਬੱਚਾ ਇਨ੍ਹਾਂ ਨੂੰ ਖੇਡਣ ਵਿਚ ਕਿੰਨਾ ਸਮਾਂ ਲਾਉਂਦਾ ਹੈ। ਇਸ ਤੋਂ ਇਲਾਵਾ ਇਸ ਗੱਲ ਵੱਲ ਵੀ ਧਿਆਨ ਦਿਓ ਕਿ ਤੁਹਾਡੇ ਬੱਚੇ ਨੂੰ ਕਿਸ ਕਿਸਮ ਦੀਆਂ ਗੇਮਜ਼ ਭਾਉਂਦੀਆਂ ਹਨ। ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ:

ਤੇਰੇ ਕਲਾਸਫੈਲੋ ਕਿਹੜੀ ਗੇਮ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ?

ਉਸ ਗੇਮ ਵਿਚ ਕੀ ਹੁੰਦਾ ਹੈ?

ਤੇਰੇ ਖ਼ਿਆਲ ਵਿਚ ਸਭ ਉਸ ਗੇਮ ਨੂੰ ਇੰਨਾ ਪਸੰਦ ਕਿਉਂ ਕਰਦੇ ਹਨ?

ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋ ਕਿ ਤੁਹਾਡੇ ਬੱਚੇ ਨੂੰ ਇਲੈਕਟ੍ਰਾਨਿਕ ਗੇਮਜ਼ ਬਾਰੇ ਕਿੰਨਾ ਕੁਝ ਪਤਾ ਹੈ। ਹੋ ਸਕਦਾ ਹੈ ਕਿ ਉਸ ਨੇ ਅਜਿਹੀਆਂ ਗੇਮਜ਼ ਖੇਡੀਆਂ ਵੀ ਹੋਣ ਜਿਨ੍ਹਾਂ ਨੂੰ ਤੁਸੀਂ ਖ਼ਰਾਬ ਸਮਝਦੇ ਹੋ। ਬੱਚੇ ਦੀ ਗੱਲ ਸੁਣ ਕੇ ਗੁੱਸੇ ਨਾ ਹੋ ਜਾਓ। ਇਸ ਸਮੇਂ ਨੂੰ ਬੱਚੇ ਦੀਆਂ ਗਿਆਨ ਇੰਦਰੀਆਂ ਨੂੰ ਭਲੇ ਬੁਰੇ ਦੀ ਜਾਂਚ ਕਰਨੀ ਸਿਖਾਉਣ ਦਾ ਮੌਕਾ ਸਮਝੋ।​—⁠ਇਬਰਾਨੀਆਂ 5:⁠14.

ਸਵਾਲ ਪੁੱਛ ਕੇ ਬੱਚੇ ਦੀ ਮਦਦ ਕਰੋ ਤਾਂਕਿ ਉਹ ਆਪ ਜਾਣ ਸਕੇ ਕਿ ਉਸ ਦਾ ਦਿਲ ਇਨ੍ਹਾਂ ਖ਼ਰਾਬ ਗੇਮਜ਼ ਖੇਡਣ ਨੂੰ ਕਿਉਂ ਕਰਦਾ ਹੈ। ਮਿਸਾਲ ਲਈ ਤੁਸੀਂ ਇਸ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹੋ:

ਕੀ ਤੈਨੂੰ ਇੱਦਾਂ ਲੱਗਦਾ ਹੈ ਕਿ ਦੂਜੇ ਬੱਚੇ ਤੈਨੂੰ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਤੈਨੂੰ ਇਹ ਗੇਮ ਖੇਡਣ ਨਹੀਂ ਦਿੰਦੇ?

ਅਸੀਂ ਪਹਿਲੇ ਲੇਖ ਵਿਚ ਕਿਹਾ ਸੀ ਕਿ ਕਈ ਨੌਜਵਾਨ ਕਿਸੇ ਗੇਮ ਨੂੰ ਇਸ ਲਈ ਖੇਡਦੇ ਹਨ ਤਾਂਕਿ ਉਹ ਆਪਣੇ ਹਾਣੀਆਂ ਨਾਲ ਉਸ ਬਾਰੇ ਗੱਲਬਾਤ ਕਰ ਸਕਣ। ਜੇ ਤੁਹਾਡਾ ਬੱਚਾ ਇਸ ਕਾਰਨ ਕਰਕੇ ਕਿਸੇ ਗੇਮ ਨੂੰ ਖੇਡਣਾ ਚਾਹੁੰਦਾ ਹੈ, ਤਾਂ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ। ਪਰ ਜੇ ਤੁਹਾਨੂੰ ਪਤਾ ਚੱਲੇ ਕਿ ਤੁਹਾਡੇ ਬੱਚੇ ਨੂੰ ਕੋਈ ਗੇਮ ਇਸ ਲਈ ਪਸੰਦ ਹੈ ਕਿਉਂਕਿ ਉਹ ਖ਼ੂਨ-ਖ਼ਰਾਬੇ ਤੇ ਗੰਦ-ਮੰਦ ਨਾਲ ਭਰੀ ਹੋਈ ਹੈ ਅਤੇ ਉਸ ਵਿਚ ਸੈਕਸ ਨੂੰ ਖੋਲ੍ਹ ਕੇ ਦਿਖਾਇਆ ਜਾਂਦਾ ਹੈ, ਤਾਂ ਤੁਹਾਨੂੰ ਉਸ ਦੀ ਮਦਦ ਕਰਨ ਲਈ ਇਕ ਵੱਖਰਾ ਤਰੀਕਾ ਵਰਤਣਾ ਚਾਹੀਦਾ ਹੈ।​—ਕੁਲੁੱਸੀਆਂ 4:6.

ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜੇ ਤੁਹਾਡੇ ਬੱਚੇ ਨੂੰ ਗੇਮ ਵਿਚ ਹੁੰਦਾ ਖ਼ੂਨ-ਖ਼ਰਾਬਾ ਜਾਂ ਹੋਰ ਮਾੜੀਆਂ ਗੱਲਾਂ ਚੰਗੀਆਂ ਲੱਗਦੀਆਂ ਹੋਣ? ਕੁਝ ਨੌਜਵਾਨ ਝੱਟ ਕਹਿ ਦੇਣਗੇ ਕਿ ਇਨ੍ਹਾਂ ਗੱਲਾਂ ਦਾ ਉਨ੍ਹਾਂ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਉਹ ਕਹਿੰਦੇ ਹਨ: ‘ਮੈਂ ਸਿਰਫ਼ ਕੰਪਿਊਟਰ ਦੀ ਬਣਾਵਟੀ ਦੁਨੀਆਂ ਵਿਚ ਇਨ੍ਹਾਂ ਗੱਲਾਂ ਵਿਚ ਹਿੱਸਾ ਲੈਂਦਾ ਹਾਂ। ਮੈਂ ਕਿਹੜਾ ਇਨ੍ਹਾਂ ਨੂੰ ਅਸਲ ਵਿਚ ਕਰਨ ਵਾਲਾ ਹਾਂ।’ ਜੇ ਤੁਹਾਡਾ ਬੱਚਾ ਇਸ ਤਰ੍ਹਾਂ ਸੋਚਦਾ ਹੈ, ਤਾਂ ਉਸ ਦਾ ਧਿਆਨ 20ਵੇਂ ਸਫ਼ੇ ਤੇ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿੱਚੋਂ ਦਿੱਤੇ ਭਜਨ 11:5 ਵੱਲ ਖਿੱਚੋ। ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਰਫ਼ ਹਿੰਸਾ ਕਰਨ ਵਾਲਿਆਂ ਨਾਲ ਹੀ ਘਿਰਣਾ ਨਹੀਂ ਕਰਦਾ, ਸਗੋਂ ਹਿੰਸਾ ਨੂੰ ਪਸੰਦ ਕਰਨ ਵਾਲਿਆਂ ਨੂੰ ਦਿਲੋਂ ਘਿਰਣਾ ਕਰਦਾ ਹੈ। ਇਹੋ ਅਸੂਲ ਬਾਕੀਆਂ ਗੱਲਾਂ ਤੇ ਵੀ ਲਾਗੂ ਹੁੰਦਾ ਹੈ। ਜੇ ਕੋਈ ਗੱਲ ਬਾਈਬਲ ਵਿਚ ਮਨ੍ਹਾ ਕੀਤੀ ਗਈ ਹੈ, ਤਾਂ ਸਾਨੂੰ ਉਸ ਤੋਂ ਘਿਣ ਕਰਨੀ ਚਾਹੀਦੀ ਹੈ, ਕਰਨ ਤੋਂ ਹੀ ਨਹੀਂ ਪਰ ਉਸ ਬਾਰੇ ਸੋਚਣ ਤੋਂ ਵੀ।​—ਜ਼ਬੂਰਾਂ ਦੀ ਪੋਥੀ 97:10.

ਕੁਝ ਮਾਹਰ ਇਹ ਸਲਾਹ ਦਿੰਦੇ ਹਨ:

ਬੱਚੇ ਨੂੰ ਬਾਕੀਆਂ ਤੋਂ ਅਲੱਗ ਹੋ ਕੇ, ਜਿਵੇਂ ਉਸ ਦੇ ਆਪਣੇ ਬੈੱਡਰੂਮ  ਵਿਚ ਇਲੈਕਟ੍ਰਾਨਿਕ ਗੇਮ ਨਾ ਖੇਡਣ ਦਿਓ।

ਅਸੂਲ ਕਾਇਮ ਕਰੋ (ਮਿਸਾਲ ਲਈ ਹੋਮ-ਵਰਕ ਕਰਨ ਤੋਂ ਪਹਿਲਾਂ ਜਾਂ ਰੋਟੀ ਖਾਣ ਜਾਂ ਕੋਈ ਹੋਰ ਜ਼ਰੂਰੀ ਕੰਮ ਕਰਨ ਤੋਂ ਪਹਿਲਾਂ ਕੋਈ ਗੇਮ ਨਹੀਂ ਖੇਡੀ ਜਾ ਸਕਦੀ)।

ਕੰਪਿਊਟਰ ਸਾਮ੍ਹਣੇ ਬੈਠੇ ਰਹਿਣ ਦੀ ਬਜਾਇ ਬੱਚੇ ਦਾ ਧਿਆਨ ਬਾਹਰ ਨੱਠਣ-ਭੱਜਣ ਜਾਂ ਸਰੀਰਕ ਕਸਰਤ ਕਰਨ ਵੱਲ ਖਿੱਚੋ।

ਬੱਚਿਆਂ ਨੂੰ ਇਲੈਕਟ੍ਰਾਨਿਕ ਗੇਮਜ਼ ਖੇਡਦੇ ਦੇਖੋ ਜਾਂ ਇਸ ਤੋਂ ਵਧੀਆ ਗੱਲ ਇਹ ਹੋਵੇਗੀ ਜੇ ਤੁਸੀਂ ਕਦੇ-ਕਦੇ ਉਨ੍ਹਾਂ ਨਾਲ ਗੇਮ ਖੇਡੋ।

ਵੈਸੇ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਤੁਹਾਡੀ ਗੱਲ ਸੁਣਨ, ਤਾਂ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਲਈ ਚੰਗੀ ਮਿਸਾਲ ਕਾਇਮ ਕਰੋ। ਸੋ ਆਪਣੇ ਆਪ ਨੂੰ ਪੁੱਛੋ: ‘ਮੈਨੂੰ ਟੀ. ਵੀ. ਤੇ ਕਿਹੋ ਜਿਹੇ ਪ੍ਰੋਗ੍ਰਾਮ ਦੇਖਣ ਦਾ ਸ਼ੌਕ ਹੈ?’ ਆਪਣੇ ਆਪ ਨੂੰ ਧੋਖਾ ਨਾ ਦਿਓ​—ਜੇ ਤੁਸੀਂ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹੋ, ਤਾਂ ਬੱਚਿਆਂ ਨੂੰ ਇਹ ਗੱਲ ਝੱਟ ਪਤਾ ਲੱਗ ਜਾਵੇਗੀ!