Skip to content

Skip to table of contents

ਘਰ ਵਿਚ ਪਤੀ ਦੀ ਸਰਦਾਰੀ ਦਾ ਕੀ ਮਤਲਬ ਹੈ?

ਘਰ ਵਿਚ ਪਤੀ ਦੀ ਸਰਦਾਰੀ ਦਾ ਕੀ ਮਤਲਬ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਘਰ ਵਿਚ ਪਤੀ ਦੀ ਸਰਦਾਰੀ ਦਾ ਕੀ ਮਤਲਬ ਹੈ?

ਕਈਆਂ ਦੇਸ਼ਾਂ ਵਿਚ ਵਿਆਹ ਦੀਆਂ ਰਸਮਾਂ ਵਿਚ ਦੁਲਹਨ ਦੁਲ੍ਹੇ ਦਾ ਆਦਰ-ਮਾਣ ਕਰਨ ਦਾ ਵਾਅਦਾ ਕਰਦੀ ਹੈ। ਫਿਰ ਵੀ ਕਈ ਔਰਤਾਂ ਘਰ ਵਿਚ ਆਦਮੀ ਦੀ ਸਰਦਾਰੀ ਬਾਰੇ ਸੋਚ ਕੇ ਖਿਝ ਜਾਂਦੀਆਂ ਹਨ। ਧਿਆਨ ਦਿਓ ਕਿ ਬਾਈਬਲ ਇਸ ਵਿਸ਼ੇ ਬਾਰੇ ਕੀ ਕਹਿੰਦੀ ਹੈ। ਤੁਸੀਂ ਦੇਖੋਗੇ ਕਿ ਇਸ ਵਿਚ ਪਾਈ ਜਾਂਦੀ ਸਲਾਹ ਵਧੀਆ ਅਤੇ ਫ਼ਾਇਦੇਮੰਦ ਹੈ।

ਪਰਮੇਸ਼ੁਰ ਦੀ ਨਜ਼ਰ ਵਿਚ ਸਰਦਾਰੀ

ਬਾਈਬਲ ਵਿਚ ਸਰਦਾਰੀ ਦਾ ਸਿਧਾਂਤ ਅਫ਼ਸੀਆਂ 5:22-24 ਵਿਚ ਸਮਝਾਇਆ ਗਿਆ ਹੈ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। . . . ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ।” ‘ਪਤਨੀ ਦੇ ਸਿਰ’ ਵਜੋਂ ਪਤੀ ਪਰਿਵਾਰਕ ਮਾਮਲਿਆਂ ਵਿਚ ਅਗਵਾਈ ਕਰਦਾ ਹੈ ਅਤੇ ਪਤਨੀ ਉਸ ਦੀ ਸਰਦਾਰੀ ਦਾ ਆਦਰ ਕਰਦੀ ਹੋਈ ਉਸ ਦੀ ਅਗਵਾਈ ਵਿਚ ਚੱਲਦੀ ਹੈ।​—ਅਫ਼ਸੀਆਂ 5:33.

ਸਰਦਾਰੀ ਦੇ ਮਾਮਲੇ ਵਿਚ ਪਤੀ ਨੂੰ ਯਹੋਵਾਹ ਅਤੇ ਯਿਸੂ ਮਸੀਹ ਦੇ ਨਿਯਮਾਂ ਉੱਤੇ ਚੱਲਣਾ ਚਾਹੀਦਾ ਹੈ। ਉਸ ਨੂੰ ਆਪਣੀ ਪਤਨੀ ਨੂੰ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਜਾਣ ਲਈ ਮਜਬੂਰ ਕਰਨ ਦਾ ਹੱਕ ਨਹੀਂ ਹੈ। ਪਰ ਪਰਮੇਸ਼ੁਰ ਨੇ ਪਤੀ ਨੂੰ ਇਹ ਜ਼ਿੰਮੇਵਾਰੀ ਜ਼ਰੂਰ ਦਿੱਤੀ ਹੈ ਕਿ ਉਹ ਆਪਣੇ ਪਰਿਵਾਰ ਲਈ ਅਹਿਮ ਫ਼ੈਸਲੇ ਕਰੇ।​—ਰੋਮੀਆਂ 7:2; 1 ਕੁਰਿੰਥੀਆਂ 11:3.

ਬਾਈਬਲ ਪਤੀਆਂ ਨੂੰ ਤਾਕੀਦ ਕਰਦੀ ਹੈ ਕਿ ਉਹ ਆਪਣਾ ਫ਼ਾਇਦਾ ਸੋਚਣ ਤੋਂ ਪਹਿਲਾਂ ਨਿਰਸੁਆਰਥ ਬਣ ਕੇ ਆਪਣੀਆਂ ਪਤਨੀਆਂ ਦੇ ਫ਼ਾਇਦੇ ਬਾਰੇ ਸੋਚਣ। ਅਫ਼ਸੀਆਂ 5:25 ਵਿਚ ਲਿਖਿਆ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” ਮਸੀਹ ਦੇ ਪਿਆਰ ਦੀ ਰੀਸ ਕਰਨ ਵਾਲਾ ਪਤੀ ਖ਼ੁਦਗਰਜ਼ੀ ਨਾਲ ਸਰਦਾਰੀ ਨਹੀਂ ਕਰੇਗਾ।

ਇਸ ਦੇ ਨਾਲ-ਨਾਲ ਬਾਈਬਲ ਪਤੀ ਨੂੰ ਸਲਾਹ ਦਿੰਦੀ ਹੈ ਕਿ ਉਹ “ਬੁੱਧ ਦੇ ਅਨੁਸਾਰ” ਆਪਣੀ ਪਤਨੀ ਨਾਲ ਵੱਸੇ। (1 ਪਤਰਸ 3:7) ਇਸ ਵਿਚ ਸਿਰਫ਼ ਇੰਨਾ ਹੀ ਜਾਣਨਾ ਕਾਫ਼ੀ ਨਹੀਂ ਕਿ ਆਦਮੀ ਤੇ ਔਰਤਾਂ ਦੀਆਂ ਲੋੜਾਂ ਵਿਚ ਫ਼ਰਕ ਹੁੰਦਾ ਹੈ। ਪਤੀ ਨੂੰ ਆਪਣੀ ਪਤਨੀ ਦੀਆਂ ਨਿੱਜੀ ਲੋੜਾਂ ਨੂੰ ਵੀ ਸਮਝਣ ਦੀ ਲੋੜ ਹੈ।

‘ਉਹ ਤੇਰੀ ਸਾਥਣ ਹੈ’

ਕੀ ਅਧੀਨਗੀ ਦਾ ਇਹ ਮਤਲਬ ਹੈ ਕਿ ਪਤਨੀ ਆਪਣੇ ਪਤੀ ਦੀ ਹਰ ਗੱਲ ਵਿਚ ‘ਜੀ-ਜੀ’ ਕਰਦੀ ਰਹੇ? ਬਾਈਬਲ ਵਿਚ ਸਾਰਾਹ ਦੀ ਮਿਸਾਲ ਵੱਲ ਧਿਆਨ ਦਿਓ ਜੋ ਆਪਣੇ ਪਤੀ ਅਬਰਾਹਾਮ ਦੀ ਬਹੁਤ ਇੱਜ਼ਤ ਕਰਦੀ ਸੀ। (1 ਪਤਰਸ 3:5, 6) ਸਾਰਾਹ ਨੇ ਵੱਡੇ-ਛੋਟੇ ਮਾਮਲਿਆਂ ਵਿਚ ਆਪਣੇ ਪਤੀ ਦਾ ਕਹਿਣਾ ਮੰਨਿਆ। ਮਿਸਾਲ ਲਈ, ਉਸ ਨੇ ਆਪਣਾ ਵੱਡਾ ਘਰ ਛੱਡ ਕੇ ਤੰਬੂਆਂ ਵਿਚ ਜ਼ਿੰਦਗੀ ਕੱਟੀ। ਹੋਰਨਾਂ ਛੋਟੀਆਂ ਗੱਲਾਂ ਵਿਚ ਵੀ ਉਸ ਨੇ ਅਧੀਨਗੀ ਦਿਖਾਈ। ਉਦਾਹਰਣ ਲਈ, ਉਸ ਨੇ ਅਚਾਨਕ ਮਹਿਮਾਨਾਂ ਦੇ ਆਉਣ ਤੇ ਫਟਾਫਟ ਰੋਟੀ ਤਿਆਰ ਕੀਤੀ। (ਉਤਪਤ 12:5-9; 18:6) ਲੇਕਿਨ ਜਦ ਉਸ ਨੂੰ ਇਕ ਗੰਭੀਰ ਮਾਮਲੇ ਵਿਚ ਕੁਝ ਕਹਿਣ ਦੀ ਲੋੜ ਪਈ, ਤਾਂ ਉਹ ਵਾਰ-ਵਾਰ ਗੱਲ ਕਰਨ ਤੋਂ ਝਿਜਕੀ ਨਹੀਂ। ਇਸ ਮੌਕੇ ਤੇ ਉਸ ਦੇ ਖ਼ਿਆਲ ਅਬਰਾਹਾਮ ਦੇ ਖ਼ਿਆਲਾਂ ਤੋਂ ਵੱਖਰੇ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦ ਸਾਰਾਹ ਅਬਰਾਹਾਮ ਦੀ ਨੌਕਰਾਣੀ ਹਾਜਰਾ ਅਤੇ ਉਸ ਦੇ ਜੇਠੇ ਪੁੱਤਰ ਇਸ਼ਮਾਏਲ ਨੂੰ ਘਰੋਂ ਕੱਢ ਦੇਣਾ ਚਾਹੁੰਦੀ ਸੀ। ਸਾਰਾਹ ਨੂੰ ਤਾੜਨ ਦੀ ਬਜਾਇ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਉਹ ਦੀ ਆਵਾਜ਼ ਸੁਣ।” ਇਸ ਸਮੇਂ ਦੌਰਾਨ ਸਾਰਾਹ ਅਬਰਾਹਾਮ ਦੀ ਅਧੀਨਗੀ ਵਿਚ ਰਹੀ। ਸਾਰਾਹ ਨੇ ਆਪ ਹਾਜਰਾ ਅਤੇ ਇਸ਼ਮਾਏਲ ਨੂੰ ਘਰੋਂ ਕੱਢਣ ਦੀ ਬਜਾਇ ਇਸ ਗੱਲ ਦਾ ਫ਼ੈਸਲਾ ਆਪਣੇ ਪਤੀ ਤੇ ਛੱਡ ਦਿੱਤਾ।​—ਉਤਪਤ 21:8-14.

ਸਾਰਾਹ ਦੀ ਮਿਸਾਲ ਦਿਖਾਉਂਦੀ ਹੈ ਕਿ ਪਤਨੀ ਨੂੰ ਆਪਣੇ ਪਤੀ ਦੇ ਰੋਅਬ ਥੱਲੇ ਦੱਬੇ ਨਹੀਂ ਰਹਿਣਾ ਚਾਹੀਦਾ। ਪਤਨੀ ਆਪਣੇ ਪਤੀ ਦੀ “ਸਾਥਣ” ਹੈ ਅਤੇ ਉਸ ਦੀ ਇੱਜ਼ਤ ਕੀਤੀ ਜਾਣੀ ਚਾਹੀਦੀ ਹੈ। (ਮਲਾਕੀ 2:14) ਇਕ ਸਾਥਣ ਵਜੋਂ ਉਹ ਪਰਿਵਾਰਕ ਫ਼ੈਸਲਿਆਂ ਵਿਚ ਹਿੱਸਾ ਲੈ ਸਕਦੀ ਹੈ। ਪਤਨੀ ਘਰ ਦੀ ਦੇਖ-ਭਾਲ ਕਰਦੀ ਹੈ ਅਤੇ ਘਰ ਦੇ ਖ਼ਰਚੇ ਸਾਂਭਣ ਵਿਚ ਵੀ ਮਦਦ ਕਰਦੀ ਹੈ। ਫਿਰ ਵੀ, ਘਰ ਦੇ ਸਿਰ ਯਾਨੀ ਪਤੀ ਨੂੰ ਆਖ਼ਰੀ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।​—ਕਹਾਉਤਾਂ 31:10-31; 1 ਤਿਮੋਥਿਉਸ 5:14.

ਸਿਰਜਣਹਾਰ ਲਈ ਕਦਰ

ਯਹੋਵਾਹ ਪਰਮੇਸ਼ੁਰ ਨੇ ਹੀ ਆਦਮੀ ਤੇ ਔਰਤ ਨੂੰ ਬਣਾਇਆ ਹੈ ਅਤੇ ਉਸ ਦੀਆਂ ਨਜ਼ਰਾਂ ਵਿਚ ਵਿਆਹ ਦਾ ਬੰਧਨ ਪਵਿੱਤਰ ਹੈ। (ਉਤਪਤ 2:18-24) ਪਰਮੇਸ਼ੁਰ ਨੇ ਪਤੀ-ਪਤਨੀ ਨੂੰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਉਹ ਨਿਭਾ ਕੇ ਖ਼ੁਸ਼ ਰਹਿਣਗੇ।​—ਬਿਵਸਥਾ ਸਾਰ 24:5; ਕਹਾਉਤਾਂ 5:18.

ਪਰਮੇਸ਼ੁਰ ਨੇ ਹੀ ਵਿਆਹੁਤਾ ਰਿਸ਼ਤੇ ਨੂੰ ਸ਼ੁਰੂ ਕੀਤਾ ਸੀ। ਇਸ ਲਈ ਉਹੀ ਸਭ ਤੋਂ ਬਿਹਤਰ ਜਾਣਦਾ ਹੈ ਕਿ ਵਿਆਹੁਤਾ ਜ਼ਿੰਦਗੀ ਵਿਚ ਕੀ ਸਹੀ ਤੇ ਕੀ ਗ਼ਲਤ ਹੈ। ਪਤੀ-ਪਤਨੀ ਸਿਰਫ਼ ਸਰਦਾਰੀ ਦੇ ਪ੍ਰਬੰਧ ਦੇ ਫ਼ਾਇਦਿਆਂ ਨੂੰ ਦੇਖਦੇ ਹੋਏ ਹੀ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਸਗੋਂ ਉਹ ਇਸ ਤਰ੍ਹਾਂ ਕਰ ਕੇ ਯਹੋਵਾਹ ਦੇ ਅਧਿਕਾਰ ਦਾ ਆਦਰ ਵੀ ਕਰਦੇ ਹਨ। ਯਹੋਵਾਹ ਅਜਿਹੇ ਵਿਆਹੁਤਾ ਜੋੜਿਆਂ ਦੀ ਮਦਦ ਕਰਦਾ ਹੈ ਤੇ ਉਨ੍ਹਾਂ ਉੱਤੇ ਮਿਹਰ ਪਾਉਂਦਾ ਹੈ। (g 1/08)

ਕੀ ਤੁਸੀਂ ਕਦੇ ਸੋਚਿਆ ਹੈ ਕਿ:

◼ ਸਰਦਾਰੀ ਦੀ ਉੱਤਮ ਮਿਸਾਲ ਕਿਸ ਨੇ ਕਾਇਮ ਕੀਤੀ ਸੀ?​—ਅਫ਼ਸੀਆਂ 5:25.

◼ ਕੀ ਪਰਮੇਸ਼ੁਰ ਨੇ ਪਤੀ ਦੇ ਅਧਿਕਾਰ ਤੇ ਕੋਈ ਸੀਮਾ ਲਾਈ ਹੈ?​—1 ਕੁਰਿੰਥੀਆਂ 11:3.

◼ ਵਿਆਹ ਅਤੇ ਸਰਦਾਰੀ ਦੇ ਪ੍ਰਬੰਧ ਦਾ ਕੀ ਮਕਸਦ ਹੈ?​—ਕਹਾਉਤਾਂ 5:18.

[ਸਫ਼ਾ 28 ਉੱਤੇ ਤਸਵੀਰ]

ਮਸੀਹ ਦੀ ਮਿਸਾਲ ਤੇ ਚੱਲ ਕੇ ਸਰਦਾਰੀ ਕਰਨ ਨਾਲ ਪਤੀ-ਪਤਨੀ ਦੋਵੇਂ ਖ਼ੁਸ਼ ਰਹਿੰਦੇ ਹਨ