Skip to content

Skip to table of contents

ਮਛੇਰਿਆਂ ਦਾ ਪਿੰਡ ਵੱਡਾ ਸ਼ਹਿਰ ਬਣ ਗਿਆ

ਮਛੇਰਿਆਂ ਦਾ ਪਿੰਡ ਵੱਡਾ ਸ਼ਹਿਰ ਬਣ ਗਿਆ

ਮਛੇਰਿਆਂ ਦਾ ਪਿੰਡ ਵੱਡਾ ਸ਼ਹਿਰ ਬਣ ਗਿਆ

ਜਪਾਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸਾਲ 1590 ਦੇ ਅਗਸਤ ਮਹੀਨੇ ਵਿਚ ਈਆਸੂ ਤੋਕੁਗਾਵਾ (ਸੱਜੇ ਪਾਸੇ ਤਸਵੀਰ ਵਿਚ) ਪੂਰਬੀ ਜਪਾਨ ਵਿਚ ਮਛੇਰਿਆਂ ਦੇ ਪਿੰਡ ਏਡੋ ਵਿਚ ਆਇਆ। ਟੋਕੀਓ ਦੇ ਇਤਿਹਾਸ ਬਾਰੇ ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਈਆਸੂ ਨੇ ਦੇਖਿਆ ਕਿ “ਏਡੋ ਵਿਚ ਕੁਝ ਕੁ ਸੈਂਕੜੇ ਟੁੱਟੇ-ਫੁੱਟੇ ਘਰ ਸਨ ਜੋ ਕਿ ਕਿਸਾਨਾਂ ਅਤੇ ਮਛੇਰਿਆਂ ਦੇ ਸਨ।” ਲਾਗੇ ਹੀ ਉਸ ਨੇ ਇਕ ਉਜੜਿਆ ਪਿਆ ਕਿਲਾ ਦੇਖਿਆ ਜੋ ਇਕ ਸਦੀ ਪਹਿਲਾਂ ਉਸਾਰਿਆ ਗਿਆ ਸੀ। ਬਾਅਦ ਵਿਚ ਇਹੀ ਸ਼ਖ਼ਸ ਈਆਸੂ ਜਪਾਨ ਦਾ ਪਹਿਲਾ ਤੋਕੁਗਾਵਾ ਸ਼ੋਗਨ ਬਣਿਆ। *

ਏਡੋ ਪਿੰਡ ਸਦੀਆਂ ਤਾਈਂ ਗੁਮਨਾਮੀ ਦੇ ਹਨੇਰੇ ਵਿਚ ਲੁਕਿਆ ਰਿਹਾ। ਪਰ ਸਮੇਂ ਦੇ ਬੀਤਣ ਨਾਲ ਉਸ ਪਿੰਡ ਨੂੰ ਨਾ ਸਿਰਫ਼ ਜਪਾਨ ਦੀ ਰਾਜਧਾਨੀ ਟੋਕੀਓ ਬਣਾਇਆ ਗਿਆ, ਸਗੋਂ ਉਹ ਲੱਖਾਂ ਹੀ ਲੋਕਾਂ ਨਾਲ ਖਚਾਖਚ ਭਰੇ ਅਤੇ ਮੋਟਰ-ਗੱਡੀਆਂ ਦੇ ਸ਼ੋਰ-ਸ਼ਰਾਬੇ ਵਾਲੇ ਵੱਡੇ ਸ਼ਹਿਰ ਦਾ ਰੂਪ ਵੀ ਧਾਰਨ ਕਰ ਗਿਆ ਹੈ। ਅੱਜ ਇੱਥੇ 1 ਕਰੋੜ 20 ਲੱਖ ਲੋਕ ਰਹਿੰਦੇ ਹਨ। ਤਕਨਾਲੋਜੀ, ਸੰਚਾਰ, ਆਵਾਜਾਈ ਅਤੇ ਵਪਾਰ ਵਿਚ ਕਾਮਯਾਬੀ ਨੇ ਟੋਕੀਓ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਇਸ ਤੋਂ ਇਲਾਵਾ, ਟੋਕੀਓ ਆਰਥਿਕ ਸੰਸਥਾਵਾਂ ਦਾ ਵੀ ਮੁੱਖ ਕੇਂਦਰ ਬਣ ਗਿਆ ਹੈ। ਆਓ ਦੇਖੀਏ ਕਿ ਇਹ ਤਬਦੀਲੀ ਟੋਕੀਓ ਵਿਚ ਕਿੱਦਾਂ ਆਈ।

ਮਛੇਰਿਆਂ ਦਾ ਪਿੰਡ ਸ਼ੋਗਨ ਦਾ ਸ਼ਹਿਰ ਬਣ ਗਿਆ

ਸੰਨ 1467 ਤੋਂ ਲੈ ਕੇ ਇਕ ਸਦੀ ਤਕ ਜ਼ਮੀਂਦਾਰਾਂ ਦੇ ਆਪਸੀ ਲੜਾਈ-ਝਗੜਿਆਂ ਕਾਰਨ ਜਪਾਨ ਦੀ ਧਰਤੀ ਕਈ ਟੁਕੜਿਆਂ ਵਿਚ ਵੰਡੀ ਗਈ। ਇਸ ਸਮੱਸਿਆ ਦਾ ਹੱਲ ਕਰਨ ਲਈ ਗ਼ਰੀਬ ਘਰਾਣੇ ਵਿਚ ਪੈਦਾ ਹੋਇਆ ਹਿਦੇਯੋਸ਼ੀ ਤੋਯੋਤੋਮੀ ਅੱਗੇ ਆਇਆ ਜੋ ਜਵਾਨੀ ਵਿਚ ਹੀ ਮਿਲਟਰੀ ਜਨਰਲ ਬਣ ਗਿਆ ਸੀ। ਉਸ ਨੇ ਆਪਣੀਆਂ ਕੋਸ਼ਿਸ਼ਾਂ ਦੇ ਜ਼ਰੀਏ ਦੇਸ਼ ਨੂੰ ਇਕ ਕੀਤਾ। 1585 ਵਿਚ ਜਪਾਨ ਦੀ ਵਾਗਡੋਰ ਉਸੇ ਦੇ ਹੱਥਾਂ ਵਿਚ ਆ ਗਈ। ਈਆਸੂ ਪਹਿਲਾਂ-ਪਹਿਲ ਹਿਦੇਯੋਸ਼ੀ ਦੇ ਵਿਰੁੱਧ ਲੜਿਆ, ਪਰ ਬਾਅਦ ਵਿਚ ਉਸ ਵੱਲ ਦੋਸਤੀ ਦਾ ਹੱਥ ਵਧਾਇਆ। ਉਨ੍ਹਾਂ ਨੇ ਮਿਲ ਕੇ ਪ੍ਰਭਾਵਸ਼ਾਲੀ ਹੋਜੋ ਖ਼ਾਨਦਾਨ ਦੇ ਓਡਾਵਾਰਾ ਵਿਚ ਸਥਿਤ ਕਿਲੇ ਤੇ ਹੱਲਾ ਬੋਲ ਦਿੱਤਾ ਅਤੇ ਉਸ ਉੱਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਪੂਰਬੀ ਜਪਾਨ ਦਾ ਕੈਂਟੋ ਇਲਾਕਾ ਉਨ੍ਹਾਂ ਦੇ ਕਬਜ਼ੇ ਵਿਚ ਆ ਗਿਆ।

ਹਿਦੇਯੋਸ਼ੀ ਨੇ ਈਆਸੂ ਨੂੰ ਕੈਂਟੋ ਦੇ ਉਹ ਅੱਠ ਇਲਾਕੇ ਸੌਂਪ ਦਿੱਤੇ ਜੋ ਹੋਜੋ ਦੇ ਵੱਸ ਵਿਚ ਹੋਇਆ ਕਰਦੇ ਸਨ। ਇਸ ਤਰ੍ਹਾਂ ਉਸ ਨੇ ਈਆਸੂ ਨੂੰ ਆਪਣੇ ਜੱਦੀ ਪਿੰਡ ਤੋਂ ਦੂਰ ਪੂਰਬ ਵੱਲ ਨੂੰ ਤੋਰ ਦਿੱਤਾ। ਹਿਦੇਯੋਸ਼ੀ ਨੇ ਸੋਚ-ਸਮਝ ਕੇ ਇੱਦਾਂ ਕੀਤਾ ਕਿਉਂਕਿ ਉਹ ਈਆਸੂ ਦਾ ਪਰਛਾਵਾਂ ਤਕ ਵੀ ਜਪਾਨ ਦੇ ਸ਼ਹਿਨਸ਼ਾਹ ਦੇ ਲਾਗੇ ਨਹੀਂ ਸੀ ਦੇਖਣਾ ਚਾਹੁੰਦਾ ਜਿਸ ਦਾ ਰਾਜਮਹਿਲ ਕੀਓਟੋ ਵਿਚ ਸੀ। ਈਆਸੂ ਨੇ ਹਿਦੇਯੋਸ਼ੀ ਦੀਆਂ ਸ਼ਰਤਾਂ ਮੰਨ ਲਈਆਂ ਤੇ ਜਿਸ ਤਰ੍ਹਾਂ ਲੇਖ ਦੇ ਸ਼ੁਰੂ ਵਿਚ ਦੱਸਿਆ ਹੈ ਏਡੋ ਆ ਗਿਆ। ਉਸ ਦਾ ਉਦੇਸ਼ ਸੀ ਏਡੋ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਉਣਾ।

ਹਿਦੇਯੋਸ਼ੀ ਦੀ ਮੌਤ ਤੋਂ ਬਾਅਦ ਪੂਰਬੀ ਜਪਾਨ ਤੋਂ ਆਏ ਫ਼ੌਜੀਆਂ ਦੀ ਬਣੀ ਈਆਸੂ ਦੀ ਸੈਨਾ ਦਾ ਟਾਕਰਾ ਪੱਛਮ ਤੋਂ ਆਈ ਸੈਨਾ ਨਾਲ ਹੋਇਆ। 1600 ਨੂੰ ਇੱਕੋ ਦਿਨ ਵਿਚ ਹੀ ਈਆਸੂ ਨੇ ਜਿੱਤ ਪ੍ਰਾਪਤ ਕਰ ਲਈ। ਨਤੀਜੇ ਵਜੋਂ 1603 ਨੂੰ ਜਪਾਨ ਦੇ ਸ਼ਹਿਨਸ਼ਾਹ ਨੇ ਈਆਸੂ ਨੂੰ ਸ਼ੋਗਨ ਵਜੋਂ ਨਿਯੁਕਤ ਕੀਤਾ। ਜਪਾਨ ਦੀ ਵਾਗਡੋਰ ਹੁਣ ਈਆਸੂ ਦੇ ਹੱਥਾਂ ਵਿਚ ਆ ਗਈ ਸੀ ਅਤੇ ਜਪਾਨ ਦੀ ਸਰਕਾਰ ਹੁਣ ਏਡੋ ਤੋਂ ਹੀ ਚਲਾਈ ਜਾਣ ਲੱਗੀ।

ਈਆਸੂ ਨੇ ਇਕ ਵਿਸ਼ਾਲ ਤੇ ਸ਼ਾਨਦਾਰ ਮਹਿਲ ਬਣਾਉਣ ਲਈ ਵੱਖ-ਵੱਖ ਪ੍ਰਾਂਤਾਂ ਦੇ ਅਮੀਰ ਜ਼ਮੀਂਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਮਜ਼ਦੂਰ ਅਤੇ ਸਮਾਨ ਘੱਲਣ। ਇਕ ਵਾਰ ਸਲੇਟੀ ਪੱਥਰ ਦੇ ਵੱਡੇ-ਵੱਡੇ ਟੁਕੜੇ ਏਡੋ ਪਹੁੰਚਾਉਣ ਲਈ 3,000 ਸਮੁੰਦਰੀ ਜਹਾਜ਼ ਵਰਤੇ ਗਏ। ਇਹ ਪੱਥਰ ਈਜ਼ੂ ਪ੍ਰਾਇਦੀਪ ਦੀਆਂ ਚਟਾਨਾਂ ਵਿੱਚੋਂ ਕੱਟੇ ਹੋਏ ਸਨ ਜੋ ਏਡੋ ਤੋਂ ਦੱਖਣ ਵੱਲ ਨੂੰ 60 ਮੀਲ ਦੂਰ ਸੀ। ਜਹਾਜ਼ ਬੰਦਰਗਾਹ ਤੇ ਲੱਗਦਿਆਂ ਹੀ ਸੌ ਮਜ਼ਦੂਰਾਂ ਦੀ ਟੀਮ ਨੇ ਹੱਡ-ਤੋੜ ਮਿਹਨਤ ਕਰ ਕੇ ਪੱਥਰ ਜਹਾਜ਼ ਤੋਂ ਲਾਹੇ ਤੇ ਉਸਾਰੀ ਜਗ੍ਹਾ ਪਹੁੰਚਾਏ।

ਤੋਕੁਗਾਵਾ ਦੇ ਤੀਜੇ ਸ਼ੋਗਨ ਦੇ ਰਾਜ ਦੌਰਾਨ ਉਸਾਰਿਆ ਗਿਆ ਇਹ ਮਹਿਲ ਸ਼ਕਤੀਸ਼ਾਲੀ ਤੋਕੁਗਾਵਾ ਖ਼ਾਨਦਾਨ ਦੀ ਤਾਕਤ ਦਾ ਉੱਤਮ ਨਮੂਨਾ ਸੀ। ਇਸ ਨੂੰ ਉਸਾਰਨ ਲਈ 50 ਸਾਲ ਲੱਗੇ ਤੇ ਇਹ ਜਪਾਨ ਦਾ ਸਭ ਤੋਂ ਵੱਡਾ ਮਹਿਲ ਸੀ। ਸ਼ੋਗਨ ਦੀ ਰੱਖਿਆ ਕਰਨ ਲਈ ਸਾਮੂਰਾਈ ਜਾਂ ਯੋਧੇ ਮਹਿਲ ਦੇ ਲਾਗੇ ਹੀ ਰਹਿੰਦੇ ਸਨ। ਏਡੋ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਸ਼ੋਗਨ ਵੱਲੋਂ ਜ਼ਮੀਂਦਾਰਾਂ ਤੋਂ ਇਹ ਮੰਗ ਕੀਤੀ ਗਈ ਸੀ ਕਿ ਉਹ ਏਡੋ ਵਿਚ ਹਵੇਲੀਆਂ ਖੜ੍ਹੀਆਂ ਕਰਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ।

ਸਾਮੂਰਾਈ ਯੋਧਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਦੇਸ਼ ਦੇ ਹੋਰ ਇਲਾਕਿਆਂ ਤੋਂ ਵਪਾਰੀਆਂ ਤੇ ਕਾਰੀਗਰਾਂ ਦੀਆਂ ਬਹੁਤ ਸਾਰੀਆਂ ਟੋਲੀਆਂ ਏਡੋ ਵਿਚ ਆ ਕੇ ਰਹਿਣ ਲੱਗ ਪਈਆਂ। ਈਆਸੂ ਦੇ ਏਡੋ ਆਉਣ ਤੋਂ ਤਕਰੀਬਨ ਸੌ ਸਾਲ ਬਾਅਦ 1695 ਨੂੰ ਏਡੋ ਦੀ ਆਬਾਦੀ 10 ਲੱਖ ਤਕ ਪਹੁੰਚ ਗਈ ਸੀ ਤੇ ਏਡੋ ਉਸ ਜ਼ਮਾਨੇ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ ਸੀ।

ਵਪਾਰੀ ਦੌਲਤਮੰਦ ਹੁੰਦੇ ਚਲੇ ਗਏ

ਸ਼ੋਗਨ ਦੇ ਰਾਜ ਦੌਰਾਨ ਜਪਾਨ ਵਿਚ ਸ਼ਾਂਤੀ ਦਾ ਬੋਲਬਾਲਾ ਸੀ ਜਿਸ ਕਰਕੇ ਸਾਮੂਰਾਈ ਯੋਧੇ ਵਿਹਲੇ ਹੀ ਫਿਰਦੇ ਸਨ। ਫਿਰ ਵੀ ਉਨ੍ਹਾਂ ਨੂੰ ਆਪਣੇ ਪੇਸ਼ੇ ਤੇ ਬਹੁਤ ਮਾਣ ਸੀ। ਪਰ ਸਮੇਂ ਦੇ ਬੀਤਣ ਨਾਲ ਤਲਵਾਰ ਦੀ ਤਾਕਤ ਘੱਟਦੀ ਗਈ ਤੇ ਵਪਾਰੀਆਂ ਦਾ ਦਬਦਬਾ ਵਧਦਾ ਗਿਆ। 250 ਤੋਂ ਜ਼ਿਆਦਾ ਸਾਲਾਂ ਤਾਈਂ ਦੇਸ਼ ਵਿਚ ਸ਼ਾਂਤੀ ਛਾਈ ਰਹੀ। ਦੇਸ਼ ਵਿਚ ਖ਼ੁਸ਼ਹਾਲੀ ਹੋਣ ਕਰਕੇ ਵਪਾਰੀਆਂ ਦੇ ਖ਼ਜ਼ਾਨੇ ਭਰਨ ਲੱਗੇ ਤੇ ਆਮ ਜਨਤਾ ਵੀ ਸੁਖ-ਚੈਨ ਨਾਲ ਰਹਿਣ ਲੱਗੀ।

ਲੋਕ ਮਸ਼ਹੂਰ ਇਤਿਹਾਸਕ ਨਾਟਕ ਤੇ ਕਠਪੁਤਲੀ ਤਮਾਸ਼ੇ ਦੇਖ ਕੇ ਅਤੇ ਹਾਸੋਹੀਣੀਆਂ ਕਹਾਣੀਆਂ ਸੁਣ ਕੇ ਆਪਣਾ ਮਨ ਪਰਚਾਉਂਦੇ ਸਨ। ਗਰਮੀਆਂ ਦੌਰਾਨ ਲੋਕ ਏਡੋ ਦੀ ਸੁਮਿਦਾ ਨਦੀ ਦੇ ਕਿਨਾਰੇ ਆ ਕੇ ਠੰਢੀਆਂ ਹਵਾਵਾਂ ਦਾ ਆਨੰਦ ਮਾਣਦੇ ਸਨ। ਇੱਥੇ ਉਹ ਆਤਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰੇ ਵੀ ਦੇਖਣਾ ਪਸੰਦ ਕਰਦੇ ਸਨ। ਇਹ ਰੀਤ ਅੱਜ ਤਕ ਚੱਲਦੀ ਆ ਰਹੀ ਹੈ।

ਇਸ ਸਭ ਦੇ ਬਾਵਜੂਦ ਏਡੋ ਦੁਨੀਆਂ ਦੀਆਂ ਨਜ਼ਰਾਂ ਤੋਂ ਓਹਲੇ ਰਿਹਾ। ਡੱਚ, ਚੀਨੀ ਤੇ ਕੋਰੀਅਨ ਵਪਾਰੀਆਂ ਤੋਂ ਸਿਵਾਇ ਜਪਾਨ ਦਾ ਦੁਨੀਆਂ ਦੇ ਹੋਰਨਾਂ ਦੇਸ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇੱਦਾਂ 200 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਚੱਲਦਾ ਰਿਹਾ। ਫਿਰ ਇਕ ਦਿਨ ਅਚਾਨਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਸ ਸ਼ਹਿਰ ਤੇ ਦੇਸ਼ ਦਾ ਮਾਹੌਲ ਹੀ ਬਦਲ ਦਿੱਤਾ। ਆਓ ਦੇਖੀਏ ਕਿ ਕੀ ਹੋਇਆ।

ਏਡੋ ਤੋਂ ਟੋਕੀਓ ਹੋ ਗਿਆ

ਇਕ ਦਿਨ ਮਛੇਰਿਆਂ ਨੇ ਏਡੋ ਦੇ ਸਮੁੰਦਰੀ ਕਿਨਾਰੇ ਤੋਂ ਅਚਾਨਕ ਅਜੀਬ ਤਰ੍ਹਾਂ ਦੇ ਜਹਾਜ਼ ਆਉਂਦੇ ਦੇਖੇ ਜਿਨ੍ਹਾਂ ਤੋਂ ਕਾਲਾ ਧੂੰਆਂ ਨਿਕਲ ਰਿਹਾ ਸੀ। ਉਲਝਣ ਵਿਚ ਪਏ ਇਨ੍ਹਾਂ ਮਛੇਰਿਆਂ ਨੇ ਸੋਚਿਆ ਕਿ ਉਨ੍ਹਾਂ ਵੱਲ ਤੈਰ ਰਹੇ ਜਵਾਲਾਮੁਖੀ ਆ ਰਹੇ ਸਨ! ਸਾਰੇ ਏਡੋ ਵਿਚ ਹਫੜਾ-ਦਫੜੀ ਮੱਚ ਗਈ ਤੇ ਨਿਵਾਸੀਆਂ ਨੇ ਏਡੋ ਤੋਂ ਭੱਜਣ ਦੀ ਕੀਤੀ।

ਇਹ ਚਾਰ ਜਹਾਜ਼ ਸਨ ਤੇ ਜਹਾਜ਼ੀਆਂ ਦੀ ਅਗਵਾਈ ਕਰਨ ਵਾਲਾ ਯੂ. ਐਸ. ਨੇਵੀ ਦਾ ਕਪਤਾਨ ਮੈਥਿਊ ਪੇਰੀ ਸੀ। 8 ਜੁਲਾਈ 1853 ਨੂੰ ਉਸ ਨੇ ਏਡੋ ਦੇ ਸਮੁੰਦਰੀ ਕਿਨਾਰੇ ਆਪਣਾ ਜਹਾਜ਼ ਖੜ੍ਹਾ ਕੀਤਾ (ਖੱਬੇ ਪਾਸੇ ਦੀ ਤਸਵੀਰ)। ਪੇਰੀ ਚਾਹੁੰਦਾ ਸੀ ਕਿ ਤੋਕੁਗਾਵਾ ਸਰਕਾਰ ਉਸ ਦੇ ਮੁਲਕ ਨਾਲ ਵਪਾਰ ਕਰੇ। ਪੇਰੀ ਦੇ ਆਉਣ ਕਰਕੇ ਜਪਾਨ ਦੀ ਸਰਕਾਰ ਨੂੰ ਪਤਾ ਲੱਗਾ ਕਿ ਜਪਾਨ ਮਿਲਟਰੀ ਅਤੇ ਤਕਨਾਲੋਜੀ ਦੇ ਮਾਮਲੇ ਵਿਚ ਬਾਕੀ ਦੁਨੀਆਂ ਨਾਲੋਂ ਕਿੰਨਾ ਪਛੜਿਆ ਹੋਇਆ ਸੀ।

ਪੇਰੀ ਦੇ ਆਉਣ ਤੋਂ ਬਾਅਦ ਕਈ ਘਟਨਾਵਾਂ ਵਾਪਰੀਆਂ ਜਿਸ ਕਰਕੇ ਤੋਕੁਗਾਵਾ ਸ਼ੋਗਨਾਂ ਦਾ ਰਾਜ ਖ਼ਤਮ ਹੋਇਆ ਤੇ ਜਪਾਨ ਦੀ ਵਾਗਡੋਰ ਮੁੜ ਸ਼ਹਿਨਸ਼ਾਹ ਦੇ ਹੱਥ ਆ ਗਈ। 1868 ਵਿਚ ਏਡੋ ਦਾ ਨਾਂ ਟੋਕੀਓ ਰੱਖਿਆ ਗਿਆ ਜਿਸ ਦਾ ਭਾਵ ਹੈ “ਪੂਰਬੀ ਰਾਜਧਾਨੀ। ” ਪੂਰਬੀ ਇਸ ਲਈ ਕਿਉਂਕਿ ਕੀਓਟੋ ਤੋਂ ਉਹ ਪੂਰਬ ਵੱਲ ਨੂੰ ਹੈ। ਸ਼ਹਿਨਸ਼ਾਹ ਵੀ ਕੀਓਟੋ ਤੋਂ ਆ ਕੇ ਟੋਕੀਓ ਵਿਚ ਰਹਿਣ ਲੱਗਾ ਅਤੇ ਉਸ ਨੇ ਏਡੋ ਮਹਿਲ ਨੂੰ ਆਪਣਾ ਰਾਜਮਹਿਲ ਬਣਾ ਲਿਆ।

ਪੱਛਮੀ ਸਭਿਆਚਾਰ ਦਾ ਅਸਰ ਪੈਣ ਕਰਕੇ ਜਪਾਨ ਦੀ ਨਵੀਂ ਸਰਕਾਰ ਨੇ ਦੇਸ਼ ਨੂੰ ਨਵਾਂ ਰੂਪ ਦੇਣ ਦਾ ਕੰਮ ਸ਼ੁਰੂ ਕੀਤਾ। ਬਹੁਤ ਕੰਮ ਕਰਨ ਨੂੰ ਪਿਆ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਮੇਂ ਦੌਰਾਨ ਜਪਾਨ ਵਿਚ ਜੋ ਤਰੱਕੀ ਹੋਈ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। 1869 ਵਿਚ ਟੋਕੀਓ ਤੇ ਯੋਕੋਹਾਮਾ ਦਰਮਿਆਨ ਤਾਰ ਭੇਜਣ ਦਾ ਪ੍ਰਬੰਧ ਚਾਲੂ ਕੀਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਦੋ ਸ਼ਹਿਰਾਂ ਨੂੰ ਜੋੜਨ ਲਈ ਪਹਿਲੀ ਰੇਲਵੇ ਲਾਈਨ ਵਿਛਾਈ ਗਈ। ਲੱਕੜ ਦੇ ਬਣੇ ਘਰਾਂ ਦੇ ਨਾਲ-ਨਾਲ ਇੱਟਾਂ ਦੀਆਂ ਇਮਾਰਤਾਂ ਉਸਾਰੀਆਂ ਗਈਆਂ। ਬੈਂਕ, ਹੋਟਲ, ਵੱਡੀਆਂ-ਵੱਡੀਆਂ ਦੁਕਾਨਾਂ ਤੇ ਰੈਸਤੋਰਾਂ ਵੀ ਬਣਾਏ ਗਏ। ਜਪਾਨ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ। ਕੱਚੀਆਂ ਸੜਕਾਂ ਦੀ ਜਗ੍ਹਾ ਪੱਕੀਆਂ ਸੜਕਾਂ ਦਾ ਜਾਲ ਵਿਛਾਇਆ ਗਿਆ। ਭਾਫ਼ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਸੁਮਿਦਾ ਨਦੀ ਵਿਚ ਚੱਲਦੀਆਂ ਨਜ਼ਰ ਆਉਣ ਲੱਗੀਆਂ।

ਲੋਕ ਵੀ ਅਲੱਗ ਹੀ ਦਿਖਾਈ ਦੇਣ ਲੱਗੇ। ਭਾਵੇਂ ਕਿ ਲੋਕ ਅਜੇ ਵੀ ਰਵਾਇਤੀ ਲਿਬਾਸ ਕਿਮੋਨੋ ਪਾਉਂਦੇ ਸੀ, ਪਰ ਹੌਲੀ-ਹੌਲੀ ਉਨ੍ਹਾਂ ਵਿਚ ਪੱਛਮੀ ਲਿਬਾਸ ਲੋਕਪ੍ਰਿਯ ਹੋਣ ਲੱਗਾ। ਬੰਦੇ ਮੁੱਛਾਂ ਵਧਾਉਣ ਲੱਗੇ ਤੇ ਟੋਪੀਆਂ ਪਹਿਨ ਕੇ ਤੇ ਹੱਥ ਵਿਚ ਖੂੰਡੀਆਂ ਫੜ ਕੇ ਤੁਰਨ-ਫਿਰਨ ਲੱਗੇ। ਵਧੀਆ ਲਿਬਾਸ ਵਿਚ ਸਜੀਆਂ-ਧਜੀਆਂ ਔਰਤਾਂ ਮਸ਼ਹੂਰ ਪੱਛਮੀ ਡਾਂਸ ‘ਵੌਲਜ਼’ ਸਿੱਖਣ ਲੱਗ ਪਈਆਂ।

ਜਪਾਨ ਦੀ ਸਾਕੀ ਨਾਂ ਦੀ ਮਨ-ਪਸੰਦ ਸ਼ਰਾਬ ਦੇ ਨਾਲ-ਨਾਲ ਬੀਅਰ ਵੀ ਲੋਕਾਂ ਨੂੰ ਸੁਆਦ ਲੱਗਣ ਲੱਗੀ। ਸੂਮੋ ਰੈਸਲਿੰਗ ਤਾਂ ਲੋਕ ਦੇਖਦੇ ਹੀ ਸਨ, ਪਰ ਅਮਰੀਕਾ ਦੀ ਬੇਸਬਾਲ ਖੇਡ ਨੇ ਵੀ ਲੋਕਾਂ ਦਾ ਧਿਆਨ ਖਿੱਚ ਲਿਆ। ਇਕ ਵੱਡੇ ਸਾਰੇ ਸਪੰਜ ਦੀ ਤਰ੍ਹਾਂ ਟੋਕੀਓ ਨੇ ਪੱਛਮ ਦੇ ਸਭਿਆਚਾਰਕ ਤੇ ਸਿਆਸੀ ਵਿਚਾਰਾਂ ਨੂੰ ਆਪਣੇ ਸਭਿਆਚਾਰ ਵਿਚ ਸਮਾ ਲਿਆ। ਸ਼ਹਿਰ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਸੀ। ਫਿਰ ਇਕ ਦਿਨ ਤਬਾਹੀ ਮੱਚ ਗਈ।

ਰਾਖ ਵਿੱਚੋਂ ਦੁਬਾਰਾ ਉੱਠਣਾ

1 ਸਤੰਬਰ 1923 ਨੂੰ ਜਦ ਲੋਕ ਆਪਣੀ ਦੁਪਹਿਰ ਦੀ ਰੋਟੀ ਤਿਆਰ ਕਰ ਰਹੇ ਸਨ, ਤਾਂ ਅਚਾਨਕ ਇਕ ਵੱਡੇ ਭੁਚਾਲ ਨੇ ਕੈਂਟੋ ਦੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਸੈਂਕੜੇ ਹੀ ਛੋਟੇ-ਛੋਟੇ ਭੁਚਾਲ ਆਏ ਤੇ 24 ਘੰਟੇ ਬਾਅਦ ਇਕ ਹੋਰ ਵੱਡਾ ਭੁਚਾਲ ਆਇਆ। ਇਸ ਭਿਆਨਕ ਭੁਚਾਲ ਨੇ ਭਾਰੀ ਨੁਕਸਾਨ ਕੀਤਾ। ਪਰ ਜ਼ਿਆਦਾ ਨੁਕਸਾਨ ਭੁਚਾਲ ਕਾਰਨ ਲੱਗੀਆਂ ਅੱਗਾਂ ਨਾਲ ਹੋਇਆ ਜਿਨ੍ਹਾਂ ਨੇ ਟੋਕੀਓ ਦੀਆਂ ਇਮਾਰਤਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਕੁੱਲ ਮਿਲਾ ਕੇ 1,00,000 ਤੋਂ ਉੱਪਰ ਲੋਕ ਮਰੇ ਜਿਨ੍ਹਾਂ ਵਿਚ 60,000 ਲੋਕ ਟੋਕੀਓ ਦੇ ਸਨ।

ਆਪਣੇ ਸ਼ਹਿਰ ਨੂੰ ਮੁੜ ਉਸਾਰਨ ਦੀ ਵੱਡੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਟੋਕੀਓ ਦੇ ਲੋਕਾਂ ਨੇ ਲੱਕ ਬੰਨ੍ਹ ਲਿਆ। ਸ਼ਹਿਰ ਕੁਝ ਹੱਦ ਤਕ ਦੁਬਾਰਾ ਉਸਾਰਿਆ ਗਿਆ, ਪਰ ਦੂਜੀ ਵਿਸ਼ਵ ਜੰਗ ਦੌਰਾਨ ਇਸ ਨੂੰ ਬੰਬਾਰੀ ਦੀ ਮਾਰ ਝੱਲਣੀ ਪਈ। ਮਾਰਚ 9/10 1945 ਦੀ ਖ਼ੌਫ਼ਨਾਕ ਰਾਤ ਨੂੰ, ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਤਿੰਨ ਵਜੇ ਤਕ, ਟੋਕੀਓ ਉੱਤੇ 7,00,000 ਬੰਬਾਂ ਦੀ ਬਰਸਾਤ ਹੁੰਦੀ ਰਹੀ। ਨੇਪਾਮ ਬੰਬਾਂ ਅਤੇ ਅਗਨ ਬੰਬਾਂ ਨੇ ਸ਼ਹਿਰ ਦੇ ਕੇਂਦਰ ਵਿਚ ਬਣੀਆਂ ਲੱਕੜ ਦੀਆਂ ਇਮਾਰਤਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਤੇ 77,000 ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ। ਇੱਕੋ ਹਮਲੇ ਵਿਚ ਇੱਦਾਂ ਦੀ ਵਿਨਾਸ਼ਕਾਰੀ ਬੰਬਾਰੀ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਦੇਖੀ ਗਈ!

ਇਸ ਭਾਰੀ ਤਬਾਹੀ ਦੇ ਬਾਵਜੂਦ ਜੰਗ ਤੋਂ ਬਾਅਦ ਟੋਕੀਓ ਰਾਖ ਵਿੱਚੋਂ ਮੁੜ ਉੱਠ ਖੜ੍ਹਾ ਹੋਇਆ। ਉਸਾਰੀ ਤੋਂ 20 ਸਾਲਾਂ ਬਾਅਦ ਯਾਨੀ 1964 ਵਿਚ ਟੋਕੀਓ ਓਲੰਪਕ ਖੇਡਾਂ ਦਾ ਮੈਦਾਨ ਬਣਿਆ। ਹੁਣ ਚਾਲੀ ਤੋਂ ਉੱਪਰ ਸਾਲ ਲੰਘ ਗਏ ਹਨ ਤੇ ਅੱਜ ਟੋਕੀਓ ਵਿਚ ਆਕਾਸ਼ ਨੂੰ ਚੁੰਮਦੀਆਂ ਸ਼ਾਨਦਾਰ ਇਮਾਰਤਾਂ ਹਨ ਤੇ ਪੱਕੀਆਂ ਸੜਕਾਂ ਦਾ ਵਿਛਿਆ ਜਾਲ ਦੇਖਣ ਨੂੰ ਮਿਲਦਾ ਹੈ।

ਟੋਕੀਓ ਦੇ ਲੋਕ ਉੱਨਤੀ ਦੇ ਰਾਹ ਤੇ

ਅੱਜ ਟੋਕੀਓ 400 ਸਾਲ ਪੁਰਾਣਾ ਸ਼ਹਿਰ ਹੈ। ਪਰ ਦੁਨੀਆਂ ਦੇ ਹੋਰਨਾਂ ਵੱਡੇ-ਵੱਡੇ ਸ਼ਹਿਰਾਂ ਦੀ ਤੁਲਨਾ ਵਿਚ ਇਹ ਜ਼ਰਾ ਵੀ ਪੁਰਾਣਾ ਨਹੀਂ। ਭਾਵੇਂ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਗੁਜ਼ਰੇ ਜ਼ਮਾਨੇ ਦੀ ਝਲਕ ਦੇਖੀ ਜਾ ਸਕਦੀ ਹੈ, ਪਰ ਉਸ ਬੀਤੇ ਜ਼ਮਾਨੇ ਦੀਆਂ ਇਮਾਰਤਾਂ ਤੇ ਘਰ ਗਿਣਤੀ ਦੇ ਹੀ ਹਨ। ਸ਼ਹਿਰ ਨੂੰ ਦੇਖਣ ਤੇ ਪਤਾ ਲੱਗਦਾ ਹੈ ਕਿ ਇਕ ਸਮੇਂ ਇੱਥੇ ਸ਼ੋਗਨ ਦਾ ਰਾਜ ਚੱਲਦਾ ਸੀ।

ਸ਼ਹਿਰ ਦੇ ਗੱਭੇ ਬਹੁਤ ਸਾਰੀ ਹਰਿਆਲੀ ਦੇਖਣ ਨੂੰ ਮਿਲਦੀ ਹੈ। ਅੱਜ ਵੀ ਇਸ ਜਗ੍ਹਾ ਸ਼ਹਿਨਸ਼ਾਹ ਦਾ ਮਹਿਲ ਖੜ੍ਹਾ ਹੈ ਜਿੱਥੇ ਪਹਿਲਾਂ ਏਡੋ ਦਾ ਕਿਲਾ ਹੋਇਆ ਕਰਦਾ ਸੀ। ਟੋਕੀਓ ਵਿਚ ਵਿਛਿਆ ਸੜਕਾਂ ਦਾ ਵਿਸ਼ਾਲ ਜਾਲ ਬਿਲਕੁਲ ਉਸੇ ਨਮੂਨੇ ਦਾ ਹੈ ਜਿੱਦਾਂ ਦਾ ਏਡੋ ਦੇ ਜ਼ਮਾਨੇ ਵਿਚ ਹੋਇਆ ਕਰਦਾ ਸੀ। ਟੋਕੀਓ ਦੀਆਂ ਸੜਕਾਂ ਉੱਤੋਂ ਦੀ ਲੰਘੋ, ਤਾਂ ਇਹ ਵੀ ਏਡੋ ਦੇ ਗੁਜ਼ਰੇ ਜ਼ਮਾਨੇ ਦੀਆਂ ਯਾਦਾਂ ਤਾਜ਼ਾ ਕਰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੜਕਾਂ ਦੇ ਤਾਂ ਨਾਂ ਵੀ ਨਹੀਂ ਹਨ! ਦੁਨੀਆਂ ਦੇ ਹੋਰਨਾਂ ਵੱਡੇ-ਵੱਡੇ ਸ਼ਹਿਰਾਂ ਦੇ ਉਲਟ ਟੋਕੀਓ ਸ਼ਹਿਰ ਦੇ ਵੱਖੋ-ਵੱਖਰੇ ਹਿੱਸੇ ਕੀਤੇ ਗਏ ਹਨ ਜਿਨ੍ਹਾਂ ਨੂੰ ਨੰਬਰ ਦਿੱਤੇ ਗਏ ਹਨ।

ਪੁਰਾਣੇ ਜ਼ਮਾਨੇ ਦੀ ਇਕ ਗੱਲ ਅਜੇ ਵੀ ਲੋਕਾਂ ਵਿਚ ਦੇਖੀ ਜਾ ਸਕਦੀ ਹੈ। ਉਹ ਹੈ ਉੱਨਤੀ ਦੇ ਰਾਹ ਤੇ ਚੱਲਣਾ, ਲਕਸ਼ ਤੋਂ ਭਟਕਣਾ ਨਹੀਂ ਤੇ ਖ਼ਾਸ ਕਰਕੇ ਨਵੇਂ ਤੋਂ ਨਵੇਂ ਖ਼ਿਆਲ ਅਪਣਾਉਣੇ। ਭੁਚਾਲਾਂ, ਜ਼ਿਆਦਾ ਆਬਾਦੀ ਅਤੇ ਕੁਝ ਸਾਲਾਂ ਤੋਂ ਮੁਲਕ ਵਿਚ ਆਰਥਿਕ ਤੰਗੀਆਂ ਹੋਣ ਦੇ ਬਾਵਜੂਦ ਟੋਕੀਓ ਦੇ ਲੋਕ ਅੱਗੇ ਹੀ ਵਧਦੇ ਚਲੇ ਗਏ। ਆਓ ਤੁਸੀਂ ਵੀ ਦੇਖੋ ਟੋਕੀਓ ਦੀ ਸ਼ਾਨ ਜੋ ਮਛੇਰਿਆਂ ਦੇ ਪਿੰਡ ਤੋਂ ਦੁਨੀਆਂ ਦਾ ਇਕ ਵੱਡਾ ਸ਼ਹਿਰ ਬਣ ਗਿਆ ਹੈ। (g 1/08)

[ਫੁਟਨੋਟ]

^ ਪੈਰਾ 3 ਸ਼ੋਗਨ ਜਪਾਨੀ ਸੈਨਾ ਦਾ ਸੈਨਾਪਤੀ ਸੀ ਜੋ ਸ਼ਹਿਨਸ਼ਾਹ ਦੇ ਅਧੀਨ ਦੇਸ਼ ਅਤੇ ਸੈਨਾ ਉੱਤੇ ਪੂਰਾ ਅਧਿਕਾਰ ਰੱਖਦਾ ਸੀ। ਇਹ ਪਦਵੀ ਪੀੜ੍ਹੀ-ਦਰ-ਪੀੜ੍ਹੀ ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੀ ਸੀ।

[ਸਫ਼ਾ 11 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਜਪਾਨ

ਟੋਕੀਓ (ਏਡੋ)

ਯੋਕੋਹਾਮਾ

ਕੀਓਟੋ

ਓਸਾਕਾ

[ਸਫ਼ਾ 12, 13 ਉੱਤੇ ਤਸਵੀਰ]

ਅੱਜ ਟੋਕੀਓ ਦਾ ਨਜ਼ਾਰਾ

[ਕ੍ਰੈਡਿਟ ਲਾਈਨ]

Ken Usami/​photodisc/​age fotostock

[ਸਫ਼ਾ 11 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© The Bridgeman Art Library

[ਸਫ਼ਾ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

The Mainichi Newspapers