Skip to content

Skip to table of contents

ਮ੍ਰਿਤ ਸਾਗਰ—ਖੂਬੀਆਂ ਦਾ ਭੰਡਾਰ

ਮ੍ਰਿਤ ਸਾਗਰ—ਖੂਬੀਆਂ ਦਾ ਭੰਡਾਰ

ਮ੍ਰਿਤ ਸਾਗਰ—ਖੂਬੀਆਂ ਦਾ ਭੰਡਾਰ

ਇਜ਼ਰਾਈਲ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਇਹ ਦੁਨੀਆਂ ਦਾ ਸਭ ਤੋਂ ਖਾਰਾ ਤੇ ਸਭ ਤੋਂ ਨੀਵਾਂ ਸਾਗਰ ਹੈ। ਇਹ ਬੇਜਾਨ ਵੀ ਹੈ। ਪਰ ਕੁਝ ਲੋਕਾਂ ਦੀ ਨਜ਼ਰ ਵਿਚ ਇਹ ਸਭ ਤੋਂ ਸਿਹਤਮੰਦ ਸਾਗਰ ਹੈ। ਇਸ ਦੇ ਕਈ ਨਾਂ ਹਨ ਜਿਵੇਂ ਕਿ ਬਦਬੂਦਾਰ ਸਾਗਰ, ਸ਼ਤਾਨ ਦਾ ਸਾਗਰ ਅਤੇ ਲੁੱਕ ਦੀ ਝੀਲ। ਬਾਈਬਲ ਵਿਚ ਇਸ ਨੂੰ ਖਾਰਾ ਸਮੁੰਦਰ ਤੇ ਅਰਾਬਾਹ ਦਾ ਸਮੁੰਦਰ ਕਿਹਾ ਗਿਆ ਹੈ। (ਉਤਪਤ 14:3; ਯਹੋਸ਼ੁਆ 3:16) ਇਕ ਲੋਕ-ਕਥਾ (ਜਿਸ ਨੂੰ ਕਈ ਬਾਈਬਲ ਵਿਦਵਾਨ ਸੱਚ ਮੰਨਦੇ ਹਨ) ਮੁਤਾਬਕ ਇਸ ਸਾਗਰ ਦੇ ਪਾਣੀਆਂ ਵਿਚ ਸਦੂਮ ਤੇ ਅਮੂਰਾਹ ਸ਼ਹਿਰਾਂ ਦੇ ਖੰਡਰ ਸਮਾਏ ਹੋਏ ਹਨ। ਇਸ ਕਰਕੇ ਇਸ ਨੂੰ ਸਦੂਮ ਦਾ ਸਾਗਰ ਜਾਂ ਲੂਤ ਦਾ ਸਾਗਰ ਵੀ ਕਿਹਾ ਜਾਂਦਾ ਹੈ। ਲੂਤ ਨਾਂ ਦਾ ਬੰਦਾ ਸਦੂਮ ਸ਼ਹਿਰ ਦਾ ਵਸਨੀਕ ਸੀ ਜਿਸ ਦਾ ਜ਼ਿਕਰ ਬਾਈਬਲ ਵਿਚ ਕੀਤਾ ਗਿਆ ਹੈ।​—2 ਪਤਰਸ 2:6, 7.

ਇਹ ਨਾਂ ਸੁਣ ਕੇ ਸਾਡੇ ਮਨ ਵਿਚ ਇਕ ਸੋਹਣੇ ਸਮੁੰਦਰ ਦੀ ਤਸਵੀਰ ਨਹੀਂ ਬਣਦੀ ਹੈ। ਪਰ ਹਰ ਸਾਲ ਹਜ਼ਾਰਾਂ ਲੋਕ ਇਸ ਅਨੋਖੇ ਸਮੁੰਦਰ ਦੇ ਪਾਣੀਆਂ ਵਿਚ ਤਾਰੀਆਂ ਲਾਉਣ ਆਉਂਦੇ ਹਨ। ਅੱਜ ਇਸ ਦਾ ਨਾਂ ਮ੍ਰਿਤ ਸਾਗਰ ਜਾਂ ਖਾਰਾ ਸਾਗਰ ਹੈ। ਇਹ ਇੰਨਾ ਖਾਰਾ ਕਿਉਂ ਹੈ? ਕੀ ਇਹ ਸੱਚ-ਮੁੱਚ ਬੇਜਾਨ ਹੈ? ਕੀ ਇਸ ਦਾ ਪਾਣੀ ਸਿਹਤ ਲਈ ਫ਼ਾਇਦੇਮੰਦ ਹੈ?

ਦੁਨੀਆਂ ਦਾ ਸਭ ਤੋਂ ਨੀਵਾਂ ਤੇ ਖਾਰਾ ਸਾਗਰ

ਇਹ ਸਾਗਰ ਗ੍ਰੇਟ ਰਿਫ਼ਟ ਵੈਲੀ ਵਿਚ ਸਥਿਤ ਹੈ ਜੋ ਯਰਦਨ ਤੋਂ ਲੈ ਕੇ ਪੂਰਬੀ ਅਫ਼ਰੀਕਾ ਤਕ ਫੈਲੀ ਹੋਈ ਹੈ। ਮ੍ਰਿਤ ਸਾਗਰ ਧਰਤੀ ਉੱਤੇ ਸਭ ਤੋਂ ਨੀਵੀਂ ਥਾਂ ਤੇ ਹੈ ਜੋ ਕਿ ਸਮੁੰਦਰ ਤਲ ਨਾਲੋਂ ਲਗਭਗ 1,370 ਫੁੱਟ ਨੀਵਾਂ ਹੈ। ਉੱਤਰ ਵੱਲੋਂ ਯਰਦਨ ਦਰਿਆ ਵਲ-ਵਲੇਵੇਂ ਖਾਂਦਾ ਹੋਇਆ ਇਸ ਵਿਚ ਆ ਡਿੱਗਦਾ ਹੈ। ਇਸ ਦੇ ਪੱਛਮ ਵੱਲ ਯਹੂਦਾਹ ਦੀਆਂ ਪਹਾੜੀਆਂ ਹਨ ਤੇ ਪੂਰਬ ਵੱਲ ਮੋਆਬ ਦੇ ਪਹਾੜ।

ਇਸ ਸਾਗਰ ਦਾ ਪਾਣੀ ਇੰਨਾ ਖਾਰਾ ਕਿਉਂ ਹੈ? ਯਰਦਨ ਦਰਿਆ ਤੇ ਹੋਰ ਛੋਟੀਆਂ ਨਦੀਆਂ, ਨਾਲਿਆਂ ਅਤੇ ਚਸ਼ਮਿਆਂ ਦੇ ਪਾਣੀਆਂ ਰਾਹੀਂ ਮ੍ਰਿਤ ਸਾਗਰ ਵਿਚ ਕਈ ਕਿਸਮਾਂ ਦੇ ਰਸਾਇਣ ਜਾਂ ਲੂਣ, ਖ਼ਾਸ ਤੌਰ ਤੇ ਮੈਗਨੀਸ਼ੀਅਮ, ਸੋਡੀਅਮ ਤੇ ਕੈਲਸੀਅਮ ਕਲੋਰਾਈਡ ਆ ਮਿਲਦੇ ਹਨ। ਇਕੱਲੇ ਯਰਦਨ ਦਰਿਆ ਰਾਹੀਂ ਹਰ ਸਾਲ ਅੰਦਾਜ਼ਨ 8,50,000 ਟਨ ਲੂਣ ਮ੍ਰਿਤ ਸਾਗਰ ਵਿਚ ਆ ਘੁੱਲਦੇ ਹਨ। ਇਹ ਸਾਗਰ ਧਰਤੀ ਦੀ ਸਭ ਤੋਂ ਨੀਵੀਂ ਥਾਂ ਤੇ ਹੋਣ ਕਰਕੇ ਇਸ ਵਿਚ ਪਾਣੀ ਆ ਤਾਂ ਸਕਦਾ ਹੈ, ਪਰ ਕਿਤੇ ਜਾ ਨਹੀਂ ਸਕਦਾ। ਇਸ ਤੋਂ ਪਾਣੀ ਸਿਰਫ਼ ਭਾਫ਼ ਬਣ ਕੇ ਉੱਡ ਸਕਦਾ ਹੈ। ਗਰਮੀਆਂ ਵਿਚ ਹਰ ਰੋਜ਼ 70 ਲੱਖ ਟਨ ਪਾਣੀ ਭਾਫ਼ ਬਣ ਕੇ ਉੱਡਦਾ ਹੈ ਜਿਸ ਕਰਕੇ ਸਾਗਰ ਦੇ ਪਾਣੀ ਵਿਚ ਵਾਧਾ ਨਹੀਂ ਹੁੰਦਾ। ਭਾਵੇਂ ਪਾਣੀ ਉੱਡ ਜਾਂਦਾ ਹੈ, ਪਰ ਪਿੱਛੇ ਰਹਿ ਜਾਂਦੇ ਹਨ ਲੂਣ ਤੇ ਖਣਿਜ ਪਦਾਰਥ। ਇਸ ਕਰਕੇ ਇਹ ਸਾਗਰ ਦੁਨੀਆਂ ਦਾ ਸਭ ਤੋਂ ਖਾਰਾ ਸਾਗਰ ਹੈ। ਇਸ ਵਿਚ ਤਕਰੀਬਨ 30 ਪ੍ਰਤਿਸ਼ਤ ਖਾਰਾਪਣ ਹੈ ਜੋ ਕਿ ਮਹਾਂਸਾਗਰਾਂ ਦੇ ਖਾਰੇਪਣ ਨਾਲੋਂ ਕਈ ਗੁਣਾ ਜ਼ਿਆਦਾ ਹੈ।

ਪੁਰਾਣੇ ਜ਼ਮਾਨਿਆਂ ਤੋਂ ਮ੍ਰਿਤ ਸਾਗਰ ਦੀਆਂ ਖੂਬੀਆਂ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ। ਯੂਨਾਨੀ ਫ਼ਿਲਾਸਫ਼ਰ ਅਰਸਤੂ ਨੇ ਸੁਣਿਆ ਕਿ ਇਹ ਸਾਗਰ “ਇੰਨਾ ਕਸੈਲਾ ਤੇ ਖਾਰਾ ਸੀ ਕਿ ਕੋਈ ਮੱਛੀ ਇਸ ਵਿਚ ਜੀ ਨਹੀਂ ਸਕਦੀ। ” ਇਸ ਵਿਚ ਹੱਦੋਂ ਵੱਧ ਲੂਣ ਹੋਣ ਕਰਕੇ ਕੋਈ ਵੀ ਚੀਜ਼ ਡੁੱਬਦੀ ਨਹੀਂ ਹੈ, ਸਗੋਂ ਤਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ, ਉਹ ਵੀ ਇਸ ਵਿਚ ਡੁੱਬਦੇ ਨਹੀਂ ਹਨ। ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ ਦੱਸਿਆ ਕਿ ਰੋਮੀ ਸੈਨਾਪਤੀ ਵੇਸਪੇਸ਼ਨ ਦੇਖਣਾ ਚਾਹੁੰਦਾ ਸੀ ਕਿ ਇਹ ਗੱਲ ਸੱਚ ਵੀ ਸੀ ਕਿ ਨਹੀਂ। ਇਹ ਦੇਖਣ ਲਈ ਉਸ ਨੇ ਲੜਾਈਆਂ ਵਿਚ ਫੜੇ ਦੁਸ਼ਮਣ ਫ਼ੌਜੀਆਂ ਨੂੰ ਮ੍ਰਿਤ ਸਾਗਰ ਵਿਚ ਸੁੱਟਵਾ ਦਿੱਤਾ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਾਗਰ ਕਿੱਦਾਂ ਬੇਜਾਨ ਹੋ ਸਕਦਾ ਤੇ ਨਾਲ ਹੀ ਨਾਲ ਸਿਹਤ ਲਈ ਫ਼ਾਇਦੇਮੰਦ ਵੀ।

ਦੁਨੀਆਂ ਦਾ ਸਭ ਤੋਂ ਸਿਹਤਮੰਦ ਸਾਗਰ?

ਪੁਰਾਣੇ ਜ਼ਮਾਨੇ ਵਿਚ ਮੁਸਾਫ਼ਰ ਇਕ ਅਜਿਹੇ ਸਾਗਰ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ ਜੋ ਬੇਜਾਨ ਸੀ ਕਿਉਂਕਿ ਇਸ ਵਿਚ ਕੋਈ ਮੱਛੀ ਨਹੀਂ ਰਹਿੰਦੀ ਸੀ, ਨਾ ਇਸ ਦੇ ਆਲੇ-ਦੁਆਲੇ ਪੰਛੀ ਤੇ ਘਾਹ-ਬੂਟੇ ਸਨ। ਇਹ ਵੀ ਮੰਨਿਆ ਜਾਂਦਾ ਸੀ ਕਿ ਇਸ ਤੋਂ ਉੱਠਦੀਆਂ ਬਦਬੂਦਾਰ ਗੈਸਾਂ ਵੀ ਜਾਨਲੇਵਾ ਸਨ। ਇਸ ਕਰਕੇ ਲੋਕ ਸੋਚਣ ਲੱਗ ਪਏ ਕਿ ਇਹ ਸਾਗਰ ਮਰਿਆ ਹੋਇਆ ਸੀ ਜਿਸ ਕਰਕੇ ਬੋ ਮਾਰਦਾ ਸੀ। ਇਹ ਸੱਚ ਹੈ ਕਿ ਬਹੁਤ ਜ਼ਿਆਦਾ ਖਾਰਾਪਣ ਹੋਣ ਕਰਕੇ ਇਸ ਵਿਚ ਕੁਝ ਕਿਸਮਾਂ ਦੇ ਬੈਕਟੀਰੀਆ ਹੀ ਜੀਉਂਦੇ ਰਹਿ ਸਕਦੇ ਹਨ। ਜੇ ਕੋਈ ਮੱਛੀ ਇਸ ਵਿਚ ਰੁੜ੍ਹ ਕੇ ਆ ਵੀ ਜਾਂਦੀ ਹੈ, ਤਾਂ ਬੇਚਾਰੀ ਜ਼ਿਆਦਾ ਦੇਰ ਜੀਉਂਦੀ ਨਹੀਂ ਰਹਿੰਦੀ।

ਭਾਵੇਂ ਮ੍ਰਿਤ ਸਾਗਰ ਵਿਚ ਕੋਈ ਜੀਵ-ਜੰਤੂ ਜੀਉਂਦੇ ਨਹੀਂ ਰਹਿ ਸਕਦੇ, ਪਰ ਆਲੇ-ਦੁਆਲੇ ਦੇ ਇਲਾਕੇ ਬਾਰੇ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਜ਼ਿਆਦਾਤਰ ਇਲਾਕਾ ਬੰਜਰ ਹੈ, ਪਰ ਕਈ ਥਾਵਾਂ ਹਰੀਆਂ-ਭਰੀਆਂ ਹਨ ਤੇ ਇੱਥੇ ਝਰਨੇ ਵੀ ਹਨ। ਇੱਥੇ ਕਈ ਤਰ੍ਹਾਂ ਦੇ ਜੰਗਲੀ ਜੀਵ ਰਹਿੰਦੇ ਹਨ। ਸਾਗਰ ਦੇ ਲਾਗੇ 24 ਕਿਸਮਾਂ ਦੇ ਥਣਧਾਰੀ ਜੀਵ ਹਨ ਜਿਵੇਂ ਕਿ ਰੇਗਿਸਤਾਨੀ ਬਿੱਲੀ, ਅਰਬੀ ਬਘਿਆੜ ਤੇ ਜੰਗਲੀ ਬੱਕਰਾ। ਕਈ ਤਾਜ਼ੇ ਪਾਣੀਆਂ ਦੇ ਸੋਮਿਆਂ ਵਿਚ ਬਹੁਤ ਸਾਰੀਆਂ ਮੱਛੀਆਂ, ਜਲਥਲੀ ਤੇ ਰੀਂਗਣ ਵਾਲੇ ਜੀਵ ਰਹਿੰਦੇ ਹਨ। ਮ੍ਰਿਤ ਸਾਗਰ ਪਰਵਾਸੀ ਪੰਛੀਆਂ ਦੇ ਰਾਹ ਵਿਚ ਪੈਂਦਾ ਹੈ, ਇਸ ਕਰਕੇ 90 ਤੋਂ ਜ਼ਿਆਦਾ ਕਿਸਮਾਂ ਦੇ ਪੰਛੀ, ਜਿਵੇਂ ਕਿ ਕਾਲਾ ਸਾਰਸ ਤੇ ਚਿੱਟਾ ਸਾਰਸ ਇੱਥੇ ਦੇਖੇ ਗਏ ਹਨ। ਗ੍ਰਿਫਨ ਗਿਰਝਾਂ ਤੇ ਮਿਸਰੀ ਗਿਰਝਾਂ ਵੀ ਇੱਥੇ ਦੇਖੀਆਂ ਜਾ ਸਕਦੀਆਂ ਹਨ।

ਪਰ ਇਹ ਮ੍ਰਿਤ ਸਾਗਰ ਸਿਹਤ ਲਈ ਫ਼ਾਇਦੇਮੰਦ ਕਿਵੇਂ ਹੋਇਆ? ਕਿਹਾ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਲੋਕ ਇਸ ਦਾ ਪਾਣੀ ਪੀਂਦੇ ਹੁੰਦੇ ਸਨ ਕਿਉਂਕਿ ਉਹ ਮੰਨਦੇ ਸਨ ਕਿ ਇਸ ਨਾਲ ਕਈ ਰੋਗਾਂ ਦਾ ਇਲਾਜ ਹੁੰਦਾ ਸੀ। ਅੱਜ ਇਸ ਦਾ ਪਾਣੀ ਪੀਣ ਦੀ ਬਿਲਕੁਲ ਸਲਾਹ ਨਹੀਂ ਦਿੱਤੀ ਜਾਂਦੀ! ਪਰ ਇਸ ਦੇ ਖਾਰੇ ਪਾਣੀ ਵਿਚ ਨਹਾ ਕੇ ਸਰੀਰ ਸਾਫ਼ ਜ਼ਰੂਰ ਹੋ ਜਾਂਦਾ ਹੈ। ਇਸ ਪੂਰੇ ਇਲਾਕੇ ਦਾ ਮੌਸਮ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਇਹ ਇਲਾਕਾ ਨੀਵੀਂ ਥਾਂ ਤੇ ਹੋਣ ਕਰਕੇ ਹਵਾ ਵਿਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਹਵਾ ਵਿਚ ਬ੍ਰੋਮਾਈਡ ਵੀ ਜ਼ਿਆਦਾ ਹੋਣ ਕਰਕੇ ਮਨ ਸ਼ਾਂਤ ਰਹਿੰਦਾ ਹੈ। ਸਾਗਰ ਦੇ ਕਿਨਾਰਿਆਂ ਉੱਤੇ ਖਣਿਜੀ ਪਦਾਰਥਾਂ ਨਾਲ ਭਰੇ ਕਾਲੇ ਚਿੱਕੜ ਤੇ ਗੰਧਕ ਦੇ ਗਰਮ ਚਸ਼ਮਿਆਂ ਨੂੰ ਕਈ ਤਰ੍ਹਾਂ ਦੇ ਚਮੜੀ ਦੇ ਰੋਗਾਂ ਤੇ ਗਠੀਏ ਦੇ ਰੋਗਾਂ ਦਾ ਇਲਾਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਪੁਰਾਣੇ ਸਮਿਆਂ ਵਿਚ ਇਸ ਇਲਾਕੇ ਵਿਚ ਬਲਸਾਨ ਦਰਖ਼ਤ ਵੀ ਉੱਗਦੇ ਸਨ। ਇਸ ਦਾ ਤੇਲ ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਤੇ ਔਸ਼ਧੀਆਂ ਵਿਚ ਵਰਤਿਆ ਜਾਂਦਾ ਰਿਹਾ ਹੈ।

ਸਾਗਰ ਵਿੱਚੋਂ ਨਿਕਲਦੀ ਲੁੱਕ

ਮ੍ਰਿਤ ਸਾਗਰ ਵਿਚ ਇਹ ਵੀ ਇਕ ਅਨੋਖੀ ਗੱਲ ਹੈ ਕਿ ਇਸ ਵਿੱਚੋਂ ਲੁੱਕ ਜਾਂ ਬਿਟੂਮਨ ਨਿਕਲਦੀ ਹੈ। ਕਈ ਵਾਰ ਬਿਟੂਮਨ ਦੇ ਢੇਲੇ ਪਾਣੀ ਦੇ ਉੱਪਰ ਤਰਦੇ ਨਜ਼ਰ ਆਉਂਦੇ ਹਨ। * 1905 ਵਿਚ ਦ ਬਿਬਲੀਕਲ ਵਰਲਡ ਨਾਂ ਦੇ ਰਸਾਲੇ ਵਿਚ ਰਿਪੋਰਟ ਕੀਤਾ ਗਿਆ ਸੀ ਕਿ 1834 ਵਿਚ ਬਿਟੂਮਨ ਦਾ ਵੱਡਾ ਸਾਰਾ ਟੁਕੜਾ ਤਰ ਕੇ ਕਿਨਾਰੇ ਤੇ ਆ ਗਿਆ ਸੀ ਜਿਸ ਦਾ ਭਾਰ 2,700 ਕਿਲੋ ਸੀ। ਬਿਟੂਮਨ ਬਾਰੇ ਕਿਹਾ ਗਿਆ ਹੈ ਕਿ ਇਹ “ਪੈਟਰੋਲੀਅਮ ਦੀ ਬਣੀ ਪਹਿਲੀ ਚੀਜ਼ ਹੈ ਜਿਸ ਨੂੰ ਇਨਸਾਨਾਂ ਨੇ ਵਰਤਿਆ ਹੈ। ” (ਸਾਊਦੀ ਐਰੇਮਕੋ ਵਰਲਡ, ਨਵੰਬਰ/ਦਸੰਬਰ 1984) ਕੁਝ ਲੋਕ ਸੋਚਿਆ ਕਰਦੇ ਸਨ ਕਿ ਭੁਚਾਲਾਂ ਕਰਕੇ ਮ੍ਰਿਤ ਸਾਗਰ ਦੇ ਤਲ ਤੋਂ ਬਿਟੂਮਨ ਦੇ ਵੱਡੇ-ਵੱਡੇ ਟੁਕੜੇ ਟੁੱਟ ਕੇ ਪਾਣੀ ਉੱਪਰ ਆ ਜਾਂਦੇ ਸਨ। ਪਰ ਸੰਭਵ ਤੌਰ ਤੇ ਬਿਟੂਮਨ ਸਮੁੰਦਰੀ ਤਲ ਹੇਠੋਂ ਤਰੇੜਾਂ ਰਾਹੀਂ ਨਿਕਲਦੀ ਹੈ। ਇਸ ਵਿਚ ਲੂਣੀ ਪੱਥਰ ਰਲੇ-ਮਿਲੇ ਹੁੰਦੇ ਹਨ। ਜਦੋਂ ਲੂਣ ਪਾਣੀ ਵਿਚ ਘੁਲ ਜਾਂਦਾ ਹੈ, ਤਾਂ ਬਿਟੂਮਨ ਤਰ ਕੇ ਉੱਪਰ ਆ ਜਾਂਦੀ ਹੈ।

ਸਦੀਆਂ ਤੋਂ ਬਿਟੂਮਨ ਨੂੰ ਕਈ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਕਿਸ਼ਤੀਆਂ ਨੂੰ ਵਾਟਰ-ਪਰੂਫ ਬਣਾਉਣ ਲਈ, ਉਸਾਰੀ ਵਿਚ ਅਤੇ ਕੀੜਿਆਂ ਨੂੰ ਭਜਾਉਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਚੌਥੀ ਸਦੀ ਈਸਵੀ ਪੂਰਵ ਦੇ ਮੱਧ ਵਿਚ ਮਿਸਰੀਆਂ ਨੇ ਲਾਸ਼ਾਂ ਨੂੰ ਸਾਂਭ ਕੇ ਰੱਖਣ ਲਈ ਬਿਟੂਮਨ ਵਰਤਣੀ ਸ਼ੁਰੂ ਕੀਤੀ ਸੀ। ਕੁਝ ਵਿਦਵਾਨ ਇਸ ਗੱਲ ਨੂੰ ਗ਼ਲਤ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਨਬਾਯੋਤੀ ਖਾਨਾਬਦੋਸ਼ ਲੋਕ ਮ੍ਰਿਤ ਸਾਗਰ ਦੇ ਇਲਾਕੇ ਵਿਚ ਰਹਿ ਰਹੇ ਸਨ ਤੇ ਉਨ੍ਹਾਂ ਨੇ ਬਿਟੂਮਨ ਦੇ ਵਪਾਰ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਹ ਬਿਟੂਮਨ ਨੂੰ ਮ੍ਰਿਤ ਸਾਗਰ ਵਿੱਚੋਂ ਕੱਢ ਕੇ ਕਿਨਾਰੇ ਤੇ ਲਿਆਉਂਦੇ, ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟਦੇ ਤੇ ਮਿਸਰ ਲੈ ਜਾਂਦੇ ਸਨ।

ਮ੍ਰਿਤ ਸਾਗਰ ਵਾਕਈ ਖੂਬੀਆਂ ਦਾ ਭੰਡਾਰ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਦੁਨੀਆਂ ਦਾ ਸਭ ਤੋਂ ਖਾਰਾ, ਸਭ ਤੋਂ ਨੀਵਾਂ, ਸਭ ਤੋਂ ਬੇਜਾਨ ਅਤੇ ਸਭ ਤੋਂ ਸਿਹਤਮੰਦ ਸਾਗਰ ਹੈ। ਜੀ ਹਾਂ, ਇਹ ਸਾਡੀ ਧਰਤੀ ਦਾ ਸਭ ਤੋਂ ਅਨੋਖਾ ਸਾਗਰ ਹੈ! (g 1/08)

[ਫੁਟਨੋਟ]

^ ਪੈਰਾ 15 ਪੈਟਰੋਲੀਅਮ ਤੋਂ ਬਣਾਏ ਗਈ ਬਿਟੂਮਨ ਨੂੰ ਲੁੱਕ ਕਿਹਾ ਜਾਂਦਾ ਹੈ। ਪਰ ਕਈ ਥਾਵਾਂ ਤੇ ਲੁੱਕ ਉਸ ਬਿਟੂਮਨ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਰੇਤਾ ਜਾਂ ਰੋੜੀ ਰਲੀ ਹੋਵੇ ਜੋ ਆਮ ਤੌਰ ਤੇ ਸੜਕਾਂ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਲੇਖ ਵਿਚ ਇਸੇ ਬਿਟੂਮਨ ਦਾ ਜ਼ਿਕਰ ਕੀਤਾ ਗਿਆ ਹੈ।

[ਸਫ਼ਾ 27 ਉੱਤੇ ਡੱਬੀ/ਤਸਵੀਰ]

ਖਾਰੇ ਪਾਣੀ ਵਿਚ ਸੁਰੱਖਿਅਤ

ਇਤਿਹਾਸਕਾਰ ਕਹਿੰਦੇ ਹਨ ਕਿ ਕਿਸੇ ਸਮੇਂ ਵਪਾਰੀ ਵਪਾਰ ਦੇ ਸਿਲਸਿਲੇ ਵਿਚ ਮ੍ਰਿਤ ਸਾਗਰ ਰਾਹੀਂ ਸਫ਼ਰ ਕਰਿਆ ਕਰਦੇ ਸਨ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਇਸ ਵਿੱਚੋਂ ਹਾਲ ਹੀ ਵਿਚ ਲੱਕੜ ਦੇ ਦੋ ਲੰਗਰ ਮਿਲੇ ਹਨ।

ਇਹ ਲੰਗਰ ਮ੍ਰਿਤ ਸਾਗਰ ਦੇ ਸੁੱਕ ਰਹੇ ਕੰਢਿਆਂ ਤੋਂ ਮਿਲੇ ਸਨ, ਉਸ ਜਗ੍ਹਾ ਦੇ ਨੇੜੇ ਜਿੱਥੇ ਪ੍ਰਾਚੀਨ ਏਨ-ਗੱਦੀ ਸ਼ਹਿਰ ਦੀ ਬੰਦਰਗਾਹ ਹੋਇਆ ਕਰਦੀ ਸੀ। ਇਕ ਲੰਗਰ ਤਕਰੀਬਨ 2,500 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਲਈ ਇਹ ਲੰਗਰ ਮ੍ਰਿਤ ਸਾਗਰ ਦੇ ਇਲਾਕੇ ਵਿੱਚੋਂ ਮਿਲਿਆ ਸਭ ਤੋਂ ਪੁਰਾਣਾ ਲੰਗਰ ਹੈ। ਦੂਸਰਾ ਲਗਭਗ 2,000 ਸਾਲ ਪੁਰਾਣਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਉਸ ਵੇਲੇ ਦੀ ਬਿਹਤਰੀਨ ਰੋਮੀ ਤਕਨਾਲੋਜੀ ਨਾਲ ਬਣਾਇਆ ਗਿਆ ਸੀ।

ਲੱਕੜ ਦੇ ਲੰਗਰ ਆਮ ਤੌਰ ਤੇ ਸਮੁੰਦਰ ਦੇ ਪਾਣੀ ਵਿਚ ਛੇਤੀ ਖੁਰ ਜਾਂਦੇ ਹਨ, ਜਦ ਕਿ ਧਾਤ ਦੇ ਲੰਗਰਾਂ ਨੂੰ ਗਲਣ-ਸੜਨ ਵਿਚ ਕਾਫ਼ੀ ਸਮਾਂ ਲੱਗਦਾ ਹੈ। ਪਰ ਮ੍ਰਿਤ ਸਾਗਰ ਵਿਚ ਆਕਸੀਜਨ ਦੀ ਘਾਟ ਅਤੇ ਜ਼ਿਆਦਾ ਖਾਰਾਪਣ ਹੋਣ ਕਰਕੇ ਲੱਕੜ ਦੇ ਇਹ ਲੰਗਰ ਅਤੇ ਇਸ ਨਾਲ ਬੱਝੀਆਂ ਰੱਸੀਆਂ ਵਧੀਆ ਹਾਲਤ ਵਿਚ ਪਾਈਆਂ ਗਈਆਂ।

[ਤਸਵੀਰ]

ਲੱਕੜੀ ਦਾ ਲੰਗਰ ਜੋ ਕਿ 7ਵੀਂ ਅਤੇ 5ਵੀਂ ਸਦੀ ਦੇ ਵਿਚਕਾਰ ਦੇ ਸਮੇਂ ਦਾ ਮੰਨਿਆ ਜਾਂਦਾ ਹੈ

[ਕ੍ਰੈਡਿਟ ਲਾਈਨ]

Photograph © Israel Museum, Courtesy of Israel Antiquities Authority

[ਸਫ਼ਾ 26 ਉੱਤੇ ਤਸਵੀਰ]

ਗਰਮ ਪਾਣੀ ਦੇ ਝਰਨੇ

[ਸਫ਼ਾ 26 ਉੱਤੇ ਤਸਵੀਰ]

ਜੰਗਲੀ ਬੱਕਰਾ

[ਸਫ਼ਾ 26 ਉੱਤੇ ਤਸਵੀਰ]

ਮ੍ਰਿਤ ਸਾਗਰ ਵਿਚ ਲੋਕ ਤਰਦੇ ਹੋਏ ਅਖ਼ਬਾਰਾਂ ਪੜ੍ਹ ਰਹੇ ਹਨ