ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
◼ “ਬਰਤਾਨੀਆ ਵਿਚ 6 ਸਾਲਾਂ ਦੀ ਉਮਰ ਤਕ ਇਕ ਆਮ ਬੱਚਾ ਆਪਣੀ ਜ਼ਿੰਦਗੀ ਦਾ ਪੂਰਾ ਇਕ ਸਾਲ ਟੀ. ਵੀ. ਅੱਗੇ ਗੁਜ਼ਾਰ ਚੁੱਕਾ ਹੁੰਦਾ ਹੈ। ਇਹੀ ਨਹੀਂ ਪਰ ਅੱਧ ਤੋਂ ਜ਼ਿਆਦਾ ਤਿੰਨਾਂ ਸਾਲਾਂ ਦੇ ਨਿਆਣਿਆਂ ਦੇ ਸੌਣ ਵਾਲੇ ਕਮਰੇ ਵਿਚ ਟੀ. ਵੀ. ਹੁੰਦਾ ਹੈ। ”— ਦੀ ਇੰਡੀਪੇਨਡੰਟ, ਬਰਤਾਨੀਆ। (g 1/08)
◼ “ਚੀਨ ਵਿਚ ਕੀਤੇ ਗਏ ਇਕ ਸਰਵੇ ਤੋਂ ਪਤਾ ਲੱਗਾ ਹੈ ਕਿ 31.4 ਫੀ ਸਦੀ 16 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਧਰਮ ਵਿਚ ਵਿਸ਼ਵਾਸ ਕਰਦੇ ਹਨ। ਜੇ ਇਸ ਸਰਵੇ ਦੇ ਆਧਾਰ ਤੇ ਅੰਦਾਜ਼ਾ ਲਗਾਇਆ ਜਾਵੇ, ਤਾਂ ਪੂਰੇ ਦੇਸ਼ ਵਿਚ “ਤਕਰੀਬਨ 30 ਕਰੋੜ ਲੋਕ ਰੱਬ ਵਿਚ ਵਿਸ਼ਵਾਸ ਕਰਦੇ ਹਨ। ਪਰ ਸਰਕਾਰੀ ਅੰਕੜਿਆਂ ਮੁਤਾਬਕ ਸਿਰਫ਼ 10 ਕਰੋੜ ਲੋਕ ਹੀ ਰੱਬ ਵਿਚ ਯਕੀਨ ਕਰਨ ਦਾ ਦਾਅਵਾ ਕਰਦੇ ਹਨ। ”— ਚਾਈਨਾ ਡੇਲੀ, ਚੀਨ। (g 1/08)
ਫ਼ਾਇਦੇ ਨਾਲੋਂ ਨੁਕਸਾਨ ਜ਼ਿਆਦਾ
ਕੁਝ ਹੀ ਸਾਲਾਂ ਦੀ ਗੱਲ ਹੈ ਕਿ ਡੱਚ ਸਿਆਸਤਦਾਨਾਂ ਅਤੇ ਵਾਤਾਵਰਣ ਦੇ ਮਾਹਰਾਂ ਨੂੰ ਲੱਗਾ ਕਿ ਉਨ੍ਹਾਂ ਨੇ ਨਾ ਮੁੱਕਣ ਵਾਲੀ ਊਰਜਾ ਬਣਾਉਣ ਦੀ ਬਾਜ਼ੀ ਮਾਰ ਲਈ ਹੈ। ਉਨ੍ਹਾਂ ਨੇ ਜੈਨਰੇਟਰਾਂ ਨੂੰ ਪਾਮ ਦੇ ਤੇਲ ਤੇ ਚਲਾਉਣ ਦੀ ਸੋਚੀ। ਪਰ ਨਿਊ ਯਾਰਕ ਟਾਈਮਜ਼ ਮੁਤਾਬਕ ਉਨ੍ਹਾਂ ਦੀ ਇਸ ਕਾਢ ਨੇ “ਵਾਤਾਵਰਣ ਦਾ ਬਹੁਤ ਨੁਕਸਾਨ ਕਰ ਦਿੱਤਾ।” ਕਿਵੇਂ? “ਯੂਰਪ ਵਿਚ ਪਾਮ ਦੇ ਤੇਲ ਦੀ ਵਾਹਵਾ ਮੰਗ ਹੋਣ ਲੱਗੀ। ਇਸ ਦਾ ਅਸਰ ਏਸ਼ੀਆ ਦੇ ਦੱਖਣੀ-ਪੂਰਬੀ ਦੇਸ਼ਾਂ ਦੇ ਜੰਗਲਾਂ ਤੇ ਪਿਆ। ਭਾਰੀ ਗਿਣਤੀ ਵਿਚ ਦਰਖ਼ਤਾਂ ਨੂੰ ਕੱਟਿਆ-ਵੱਢਿਆ ਜਾਣ ਲੱਗਾ ਅਤੇ ਹੱਦੋਂ ਵਧ ਰਸਾਇਣਕ ਖਾਦ ਦੀ ਵਰਤੋਂ ਕੀਤੀ ਜਾਣ ਲੱਗ ਪਈ। ” ਪਾਮ ਦੇ ਹੋਰ ਦਰਖ਼ਤ ਲਾਉਣ ਲਈ ਦਲਦਲੀ ਜ਼ਮੀਨ ਵਿੱਚੋਂ ਪਾਣੀ ਕੱਢਿਆ ਗਿਆ ਅਤੇ ਕਾਈ ਨੂੰ ਜਾਲ਼ ਦਿੱਤਾ ਗਿਆ। ਇੱਦਾਂ ਵਾਤਾਵਰਣ ਵਿਚ ਕਾਰਬਨ ਗੈਸ ਦੀ ਮਾਤਰਾ ਵੱਧ ਗਈ। ਇਸ ਦਾ ਨਤੀਜਾ ਕੀ ਨਿਕਲਿਆ? ਟਾਈਮਜ਼ ਅਖ਼ਬਾਰ ਦੱਸਦਾ ਹੈ ਕਿ ਹੁਣ ਇੰਡੋਨੇਸ਼ੀਆ “ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਤੀਜੇ ਨੰਬਰ ਤੇ ਆ ਗਿਆ ਹੈ ਜੋ ਵਾਤਾਵਰਣ ਵਿਚ ਕਾਰਬਨ ਗੈਸ ਫੈਲਾਉਣ ਲਈ ਜ਼ਿੰਮੇਵਾਰ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਗੈਸ ਦਾ ਅਸਰ ਧਰਤੀ ਦੇ ਤਾਪਮਾਨ ਤੇ ਪੈ ਰਿਹਾ ਹੈ। ” (g 1/08)
“ਡੂਮਜ਼ਡੇ ਕਲਾਕ” ਟਿਕ-ਟਿਕ ਕਰ ਰਿਹਾ ਹੈ
ਅੱਜ ਤੋਂ 60 ਸਾਲ ਪਹਿਲਾਂ ਬੁਲੇਟਿਨ ਆਫ਼ ਐਟੋਮਿਕ ਸਾਇੰਟਿਸਟਸ (BAS) ਨੇ “ਡੂਮਜ਼ਡੇ ਕਲਾਕ” ਦੀ ਸ਼ੁਰੂਆਤ ਕੀਤੀ ਸੀ। ਇਸ ਕਲਾਕ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਦੁਨੀਆਂ ਨਿਊਕਲੀ ਸਰਬਨਾਸ਼ ਦੇ ਕਿੰਨੀ ਨਜ਼ਦੀਕ ਹੈ। ਜਦ ਇਸ ਘੜੀ ਤੇ ਰਾਤ ਦੇ 12 ਵੱਜ ਜਾਣਗੇ, ਤਾਂ ਸਮਝ ਲਓ ਕਿ ਦੁਨੀਆਂ ਦਾ ਸਰਬਨਾਸ਼ ਹੋ ਹੀ ਗਿਆ। ਹਾਲ ਹੀ ਵਿਚ ਇਸ ਕਲਾਕ ਦਾ ਸਮਾਂ ਦੋ ਮਿੰਟ ਅੱਗੇ ਕੀਤਾ ਗਿਆ ਸੀ। ਹੁਣ ਇਸ ਘੜੀ ਮੁਤਾਬਕ ਰਾਤ ਦੇ ਬਾਰਾਂ ਵੱਜਣ ਵਿਚ ਸਿਰਫ਼ ਪੰਜ ਮਿੰਟ ਬਾਕੀ ਹਨ। ਪਿਛਲੇ 60 ਸਾਲਾਂ ਵਿਚ ਸਿਰਫ਼ 18 ਵਾਰ ਇਸ ਕਲਾਕ ਦੇ ਸਮੇਂ ਨੂੰ ਅੱਗੇ ਕੀਤਾ ਗਿਆ ਹੈ। ਪਿਛਲੀ ਵਾਰੀ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਹੋਣ ਤੋਂ ਬਾਅਦ ਫਰਵਰੀ 2002 ਵਿਚ ਇਸ ਦਾ ਸਮਾਂ ਅੱਗੇ ਕੀਤਾ ਗਿਆ ਸੀ। ਅੱਜ ਹੋਰ ਜ਼ਿਆਦਾ ਨਿਊਕਲੀ ਹਥਿਆਰ ਬਣਾਏ ਜਾ ਰਹੇ ਹਨ, ਜਦ ਕਿ ਪਹਿਲੇ ਅਜੇ ਤਕ ਸਾਂਭੇ ਨਹੀਂ ਗਏ। ਉੱਪਰ ਦੀ ਨਿਊਕਲੀ ਸਾਮੱਗਰੀ ਤੇ ਵੀ ਕੋਈ ਨਿਗਰਾਨੀ ਨਹੀਂ ਰੱਖੀ ਜਾਂਦੀ। BAS ਦੇ ਮੁਤਾਬਕ “ਇਹ ਸਭ ਖ਼ਤਰਿਆਂ ਦੀਆਂ ਨਿਸ਼ਾਨੀਆਂ ਹਨ ਅਤੇ ਇਹ ਦੁਨੀਆਂ ਤੇ ਭਾਰੀ ਪੈ ਸਕਦੇ ਹਨ। ” BAS ਨੇ ਅੱਗੇ ਕਿਹਾ: “ਜਿੰਨਾ ਡਰ ਸਾਨੂੰ ਨਿਊਕਲੀ ਹਥਿਆਰਾਂ ਤੋਂ ਹੈ ਤਕਰੀਬਨ ਉੱਨਾ ਹੀ ਡਰ ਸਾਨੂੰ ਮੌਸਮ ਵਿਚ ਆ ਰਹੀਆਂ ਤਬਦੀਲੀਆਂ ਤੋਂ ਵੀ ਹੈ। ” (g 1/08)
ਤਣਾਅ ਦਾ ਅਣਜੰਮੇ ਬੱਚੇ ਤੇ ਅਸਰ
ਗਰਭਵਤੀ ਔਰਤ ਤੇ ਆਉਣ ਵਾਲੇ ਤਣਾਅ ਦਾ ਉਸ ਦੇ ਅਣਜੰਮੇ ਬੱਚੇ ਦੀ ਦਿਮਾਗ਼ੀ ਹਾਲਤ ਤੇ ਅਸਰ ਪੈ ਸਕਦਾ ਹੈ। ਤਣਾਅ ਦਾ ਕਾਰਨ ਕੀ ਹੋ ਸਕਦਾ ਹੈ? ਸ਼ਾਇਦ ਉਸ ਦਾ ਸਾਥੀ ਉਸ ਨਾਲ ਲੜਦਾ-ਝਗੜਦਾ ਜਾਂ ਉਸ ਨੂੰ ਕੁੱਟਦਾ-ਮਾਰਦਾ ਹੋਵੇ। ਲੰਡਨ ਦੇ ਇੰਪੀਰੀਅਲ ਕਾਲਜ ਦੀ ਇਕ ਪ੍ਰੋਫ਼ੈਸਰ ਨੇ ਕਿਹਾ: “ਦੇਖਣ ਵਿਚ ਆਇਆ ਹੈ ਕਿ ਜੇ ਉਸ ਦਾ ਸਾਥੀ ਉਸ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦਾ ਹੈ ਅਤੇ ਉਸ ਨੂੰ ਤਾਅਨੇ-ਮਿਹਣੇ ਮਾਰਦਾ ਹੈ, ਤਾਂ ਇਸ ਦਾ ਅਸਰ ਉਨ੍ਹਾਂ ਦੇ ਅਣਜੰਮੇ ਬੱਚੇ ਦੀ ਸਿਹਤ ਤੇ ਪੈਂਦਾ ਹੈ। ਤਾਂ ਫਿਰ, ਗੱਲ ਸਾਫ਼ ਹੈ ਕਿ ਪਿਉ ਦਾ ਬੱਚੇ ਤੇ ਵੱਡਾ ਅਸਰ ਪੈਂਦਾ ਹੈ। ” ਇਸ ਪ੍ਰੋਫ਼ੈਸਰ ਨੇ ਇਹ ਵੀ ਕਿਹਾ ਕਿ ਮਾਤਾ-ਪਿਤਾ ਦਾ ਜਿਹੋ ਜਿਹਾ ਰਿਸ਼ਤਾ ਹੈ ਇਸ ਦਾ ਅਸਰ “ਮਾਂ ਦੀ ਸਿਹਤ ਤੇ ਪੈਂਦਾ ਹੈ। ਨਤੀਜੇ ਵਜੋਂ ਇਸ ਦਾ ਸਿੱਧਾ ਅਸਰ ਮਾਂ ਦੇ ਪੇਟ ਵਿਚ ਪਲ ਰਹੇ ਬੱਚੇ ਦੇ ਦਿਮਾਗ਼ ਤੇ ਪੈਂਦਾ ਹੈ। ” (g 1/08)
ਬੇਧਿਆਨੇ ਕਾਰ ਚਲਾਉਣੀ
ਜਰਮਨੀ ਵਿਚ ਡੂਸਬਰਗ-ਈਸੱਨ ਦੀ ਯੂਨੀਵਰਸਿਟੀ ਵਿਚ ਮੀਕਾਏਲ ਸ਼ਰੇਖ਼ਨਬੇਰਗ ਆਵਾਜਾਈ ਦਾ ਵਿਗਿਆਨੀ ਹੈ। ਉਸ ਮੁਤਾਬਕ ਜੋ ਲੋਕ ਹਰ ਰੋਜ਼ ਗੱਡੀ ਇੱਕੋ ਰਾਹ ਚਲਾਉਂਦੇ ਹਨ ਉਹ ਬੇਧਿਆਨੇ ਹੋ ਕੇ ਗੱਡੀ ਚਲਾਉਣ ਲੱਗ ਪੈਂਦੇ ਹਨ ਕਿਉਂਕਿ ਉਨ੍ਹਾਂ ਦੀ ਆਦਤ ਪੱਕ ਚੁੱਕੀ ਹੁੰਦੀ ਹੈ। ਜਦ ਕੋਈ ਰਾਹ ਤੋਂ ਚੰਗੀ ਤਰ੍ਹਾਂ ਵਾਕਫ਼ ਹੁੰਦਾ ਹੈ, ਤਾਂ ਉਹ ਗੱਡੀ ਚਲਾਉਂਦੇ ਵੇਲੇ ਰਾਹ ਬਾਰੇ ਸੋਚਣ ਦੀ ਬਜਾਇ ਹੋਰਨਾਂ ਡੂੰਘੀਆਂ ਸੋਚਾਂ ਵਿਚ ਡੁੱਬ ਜਾਂਦਾ ਹੈ। ਇਸ ਲਈ ਉਹ ਰਾਹ ਵਿਚ ਆਉਣ ਵਾਲੇ ਖ਼ਤਰੇ ਬਾਰੇ ਚੌਕਸ ਨਹੀਂ ਰਹਿੰਦਾ। ਸ਼ਰੇਖ਼ਨਬੇਰਗ ਸਾਰਿਆਂ ਨੂੰ ਅਰਜ਼ ਕਰਦਾ ਹੈ ਕਿ ਗੱਡੀ ਚਲਾਉਂਦੇ ਵੇਲੇ ਆਪਣੇ ਧਿਆਨ ਨੂੰ ਭਟਕਣ ਨਾ ਦਿਓ। ਸੜਕ ਤੇ ਧਿਆਨ ਰੱਖੋ, ਇੱਧਰ-ਉੱਧਰ ਦੀਆਂ ਸੋਚਾਂ ਵਿਚ ਨਾ ਡੁੱਬੋ। (g 1/08)