Skip to content

Skip to table of contents

ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ?

ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ?

ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ?

ਕੁਝ ਲੋਕ ਸ਼ਾਇਦ ਪੁੱਛਣ ਕਿ ‘ਜੇ ਸੱਚ ਹੈ, ਤਾਂ ਮੈਨੂੰ ਉਸ ਦੀ ਭਾਲ ਕਰਨ ਦੀ ਕੀ ਲੋੜ ਹੈ? ਜੇ ਪਰਮਾਤਮਾ ਨੇ ਇਨਸਾਨਾਂ ਨੂੰ ਕੋਈ ਜ਼ਰੂਰੀ ਸੰਦੇਸ਼ ਦੇਣਾ ਹੈ, ਤਾਂ ਉਹ ਸਾਫ਼-ਸਾਫ਼ ਕਿਉਂ ਨਹੀਂ ਦੱਸਦਾ ਤਾਂਕਿ ਕਿਸੇ ਨੂੰ ਸਿਰ ਖਪਾਉਣ ਦੀ ਲੋੜ ਨਾ ਪਵੇ?’

ਇਸ ਵਿਚ ਕੋਈ ਸ਼ੱਕ ਨਹੀਂ ਕਿ ਰੱਬ ਕੋਲ ਇਸ ਤਰ੍ਹਾਂ ਕਰਨ ਦੀ ਕਾਬਲੀਅਤ ਹੈ। ਪਰ ਕੀ ਉਸ ਨੇ ਇਸ ਤਰ੍ਹਾਂ ਕੀਤਾ ਹੈ?

ਰੱਬ ਸਾਨੂੰ ਆਪਣਾ ਗਿਆਨ ਕਿਵੇਂ ਦਿੰਦਾ ਹੈ?

ਪਰਮੇਸ਼ੁਰ ਲੋਕਾਂ ਨੂੰ ਸਿੱਖਿਆ ਇਸ ਤਰੀਕੇ ਨਾਲ ਦਿੰਦਾ ਹੈ ਤਾਂਕਿ ਜਿਹੜੇ ਲੋਕ ਉਸ ਦੇ “ਤਾਲਿਬ” ਯਾਨੀ ਉਸ ਦੀ ਖੋਜ ਕਰਦੇ ਹਨ, ਉਸ ਨੂੰ ਪਛਾਣ ਸਕਣ। (ਜ਼ਬੂਰਾਂ ਦੀ ਪੋਥੀ 14:2) ਜ਼ਰਾ ਗੌਰ ਕਰੋ ਕਿ ਕਈ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਯਿਰਮਿਯਾਹ ਨਬੀ ਦੇ ਜ਼ਰੀਏ ਕੀ ਸੰਦੇਸ਼ ਦਿੱਤਾ ਸੀ। ਇਹ ਸੰਦੇਸ਼ ਯਹੂਦੀਆਂ ਯਾਨੀ ਪਰਮੇਸ਼ੁਰ ਦੇ ਆਪਣੇ ਲੋਕਾਂ ਲਈ ਸੀ ਜੋ ਕਿ ਜ਼ਿੱਦੀ ਸਨ। ਯਿਰਮਿਯਾਹ ਨੇ ਲੋਕਾਂ ਨੂੰ ਯਹੋਵਾਹ ਵੱਲੋਂ ਇਹ ਸੰਦੇਸ਼ ਦਿੱਤਾ ਕਿ ਬਾਬਲੀ ਫ਼ੌਜਾਂ ਆ ਕੇ ਯਰੂਸ਼ਲਮ ਨੂੰ ਤਬਾਹ ਕਰ ਦੇਣਗੀਆਂ।​—ਯਿਰਮਿਯਾਹ 25:8-11; 52:12-14.

ਉਨ੍ਹੀਂ ਦਿਨੀਂ ਯਿਰਮਿਯਾਹ ਤੋਂ ਇਲਾਵਾ ਹੋਰ ਵੀ ਕਈ ਨਬੀ ਸਨ ਜੋ ਰੱਬ ਤੋਂ ਸੰਦੇਸ਼ ਸੁਣਾਉਣ ਦਾ ਦਾਅਵਾ ਕਰ ਰਹੇ ਸਨ। ਹਨਨਯਾਹ ਨੇ ਕਿਹਾ ਕਿ ਯਰੂਸ਼ਲਮ ਤਬਾਹ ਨਹੀਂ ਕੀਤਾ ਜਾਵੇਗਾ, ਬਲਕਿ ਉੱਥੇ ਦੀ ਸ਼ਾਂਤੀ ਬਰਕਰਾਰ ਰਹੇਗੀ। ਇਹ ਸੰਦੇਸ਼ ਯਿਰਮਿਯਾਹ ਦੇ ਸੰਦੇਸ਼ ਤੋਂ ਬਿਲਕੁਲ ਉਲਟ ਸੀ। ਇਕ ਪਾਸੇ ਯਿਰਮਿਯਾਹ ਸੀ ਤੇ ਦੂਜੇ ਪਾਸੇ ਇਹ ਢੌਂਗੀ ਨਬੀ, ਲੋਕ ਕਿਸ ਦੀ ਗੱਲ ਤੇ ਯਕੀਨ ਕਰਦੇ?​—ਯਿਰਮਿਯਾਹ 23:16, 17; 28:1, 2, 10-17.

ਸੱਚ ਨੂੰ ਪਛਾਣਨ ਲਈ ਲੋਕਾਂ ਨੂੰ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਸੀ। ਉਨ੍ਹਾਂ ਨੂੰ ਉਸ ਦੇ ਹੁਕਮਾਂ ਤੇ ਸਿਧਾਂਤਾਂ ਨੂੰ ਸਮਝਣ ਅਤੇ ਗ਼ਲਤ ਕੰਮਾਂ ਪ੍ਰਤੀ ਉਸ ਦਾ ਨਜ਼ਰੀਆ ਅਪਣਾਉਣ ਦੀ ਲੋੜ ਸੀ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਯਿਰਮਿਯਾਹ ਦੁਆਰਾ ਕਹੇ ਗਏ ਪਰਮੇਸ਼ੁਰ ਦੇ ਸ਼ਬਦਾਂ ਨਾਲ ਸਹਿਮਤ ਹੋਣਾ ਸੀ ਕਿ ‘ਕੋਈ ਮਨੁੱਖ ਆਪਣੀ ਬੁਰਿਆਈ ਤੋਂ ਤੋਬਾ ਕਰਨ’ ਲਈ ਤਿਆਰ ਨਹੀਂ ਸੀ। (ਯਿਰਮਿਯਾਹ 8:5-7) ਅਤੇ ਇਸ ਤਰ੍ਹਾਂ ਉਨ੍ਹਾਂ ਨੇ ਖ਼ੁਦ ਦੇਖ ਪਾਉਣਾ ਸੀ ਕਿ ਇਸ ਸਥਿਤੀ ਵਿਚ ਸਿਰਫ਼ ਤਬਾਹੀ ਦੀ ਹੀ ਉਮੀਦ ਰੱਖੀ ਜਾ ਸਕਦੀ ਸੀ।​—ਬਿਵਸਥਾ ਸਾਰ 28:15-68; ਯਿਰਮਿਯਾਹ 52:4-14.

ਅਖ਼ੀਰ ਵਿਚ ਉਹੀ ਹੋਇਆ ਜੋ ਯਿਰਮਿਯਾਹ ਨੇ ਕਿਹਾ ਸੀ। 607 ਈਸਵੀ ਪੂਰਵ ਵਿਚ ਬਾਬਲੀਆਂ ਨੇ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ।

ਲੋਕਾਂ ਨੂੰ ਅਣਆਗਿਆਕਾਰੀ ਦਾ ਅੰਜਾਮ ਕਾਫ਼ੀ ਸਮਾਂ ਪਹਿਲਾਂ ਹੀ ਦੱਸਿਆ ਗਿਆ ਸੀ। ਪਰ ਉਹ ਇਸ ਤੋਂ ਤਾਂ ਹੀ ਬਚ ਸਕਦੇ ਸਨ ਜੇ ਉਹ ਆਪ ਜਤਨ ਕਰ ਕੇ ਸੱਚਾਈ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਕਿ ਪਰਮੇਸ਼ੁਰ ਕੀ ਕਰਨ ਵਾਲਾ ਸੀ।

ਕੀ ਯਿਸੂ ਮਸੀਹ ਦੀ ਸਿੱਖਿਆ ਪਰਮੇਸ਼ੁਰ ਵੱਲੋਂ ਸੀ?

ਉਸ ਸਿੱਖਿਆ ਬਾਰੇ ਕੀ ਜੋ ਯਿਸੂ ਮਸੀਹ ਨੇ ਦਿੱਤੀ ਸੀ? ਕੀ ਹਰ ਕੋਈ ਮੰਨਦਾ ਸੀ ਕਿ ਉਸ ਦੀ ਸਿੱਖਿਆ ਪਰਮੇਸ਼ੁਰ ਵੱਲੋਂ ਸੀ? ਨਹੀਂ। ਭਾਵੇਂ ਯਿਸੂ ਨੇ ਖੁੱਲ੍ਹੇ-ਆਮ ਇਸਰਾਏਲੀਆਂ ਨੂੰ ਸਿੱਖਿਆ ਦਿੱਤੀ ਤੇ ਕਰਾਮਾਤਾਂ ਕੀਤੀਆਂ ਸਨ, ਪਰ ਫਿਰ ਵੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਇਹ ਗੱਲ ਨਾ ਪਛਾਣ ਪਾਏ ਕਿ ਉਹੀ ਪਰਮੇਸ਼ੁਰ ਵੱਲੋਂ ਭੇਜਿਆ ਹੋਇਆ ਮਸੀਹਾ ਸੀ।

ਜਦ ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ, ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ: “ਪਰਮੇਸ਼ਰ ਦਾ ਰਾਜ ਆਉਣਾ, ਕੋਈ ਇਹੋ ਜਿਹੀ ਚੀਜ਼ ਨਹੀਂ, ਜਿਸ ਨੂੰ ਤੁਸੀਂ ਅੱਖਾਂ ਦੇ ਨਾਲ ਦੇਖ ਸਕਦੇ ਹੋ।” ਫਿਰ ਉਸ ਨੇ ਅੱਗੇ ਕਿਹਾ: “ਪਰਮੇਸ਼ਰ ਦਾ ਰਾਜ ਤੁਹਾਡੇ ਵਿਚਕਾਰ ਹੀ ਹੈ।” (ਲੂਕਾ 17:20, 21, CL) ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਦਾ ਨਿਯੁਕਤ ਕੀਤਾ ਗਿਆ ਰਾਜਾ ਯਿਸੂ ਮਸੀਹ ਉਨ੍ਹਾਂ ਦੇ ਵਿਚਕਾਰ ਸੀ। ਮਸੀਹਾ ਬਾਰੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ ਉਹ ਯਿਸੂ ਵਿਚ ਪੂਰੀਆਂ ਹੋਈਆਂ ਸਨ। ਇੰਨੇ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਫ਼ਰੀਸੀਆਂ ਨੇ ਆਪਣੀਆਂ ਅੱਖਾਂ ਤੋਂ ਪੱਟੀ ਉਤਾਰਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਯਿਸੂ ਨੂੰ ‘ਮਸੀਹ ਜੀਉਂਦੇ ਪਰਮੇਸ਼ੁਰ ਦੇ ਪੁੱਤ੍ਰ’ ਵਜੋਂ ਸਵੀਕਾਰ ਨਾ ਕੀਤਾ।​—ਮੱਤੀ 16:16.

ਪਹਿਲੀ ਸਦੀ ਵਿਚ ਜਦ ਯਿਸੂ ਦੇ ਚੇਲਿਆਂ ਨੇ ਸੱਚਾਈ ਸਿਖਾਉਣੀ ਸ਼ੁਰੂ ਕੀਤੀ, ਤਾਂ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਦੇ ਸੰਦੇਸ਼ ਵੱਲ ਵੀ ਧਿਆਨ ਨਹੀਂ ਦਿੱਤਾ ਸੀ। ਭਾਵੇਂ ਉਨ੍ਹਾਂ ਨੇ ਕਰਾਮਾਤਾਂ ਕਰ ਕੇ ਦਿਖਾਇਆ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੇ ਜ਼ਰੀਏ ਇਹ ਕੰਮ ਕਰ ਰਹੇ ਸਨ, ਫਿਰ ਵੀ ਕਈਆਂ ਨੇ ਸੱਚਾਈ ਨੂੰ ਨਹੀਂ ਪਛਾਣਿਆ। (ਰਸੂਲਾਂ ਦੇ ਕਰਤੱਬ 8:1-8; 9:32-41) ਯਿਸੂ ਨੇ ਆਪਣੇ ਚੇਲਿਆਂ ਨੂੰ ਸਿੱਖਿਆ ਦੇ ਕੇ ‘ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਸੀ। ਉਨ੍ਹਾਂ ਦਾ ਸੰਦੇਸ਼ ਸੁਣ ਕੇ ਜੋ ਲੋਕ ਸੱਚੇ ਦਿਲ ਨਾਲ ਸੱਚਾਈ ਨੂੰ ਭਾਲ ਰਹੇ ਸਨ, ਉਹ ਖ਼ੁਦ ਯਿਸੂ ਦੇ ਚੇਲੇ ਬਣ ਗਏ ਸਨ।​—ਮੱਤੀ 28:19; ਰਸੂਲਾਂ ਦੇ ਕਰਤੱਬ 5:42; 17:2-4, 32-34.

ਅੱਜ ਵੀ ਯਿਸੂ ਦੇ ਚੇਲੇ ਬਿਲਕੁਲ ਇੱਦਾਂ ਹੀ ਕਰਦੇ ਹਨ। ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾ ਰਿਹਾ ਹੈ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।’ (ਮੱਤੀ 24:14) ਜੀ ਹਾਂ, ਖ਼ੁਸ਼ ਖ਼ਬਰੀ ਦਾ ਇਹ ਸੰਦੇਸ਼ ਸੁਣਾਇਆ ਜ਼ਰੂਰ ਜਾ ਰਿਹਾ ਹੈ, ਪਰ ਧਰਤੀ ਦਾ ਹਰ ਇਨਸਾਨ ਪਛਾਣਦਾ ਨਹੀਂ ਕਿ ਇਹ ਸੰਦੇਸ਼ ਪਰਮੇਸ਼ੁਰ ਵੱਲੋਂ ਹੈ। ਪਰ ਜਿਹੜੇ ਲੋਕ ਸੱਚੇ ਦਿਲੋਂ ਰੱਬ ਨੂੰ ਜਾਣਨਾ ਚਾਹੁੰਦੇ ਹਨ ਤੇ ਉਸ ਦੀ ਮਰਜ਼ੀ ਮੁਤਾਬਕ ਉਸ ਦੀ ਭਗਤੀ ਕਰਨੀ ਚਾਹੁੰਦੇ ਹਨ, ਉਹ ਸੱਚਾਈ ਨੂੰ ਪਛਾਣ ਲੈਂਦੇ ਹਨ ਅਤੇ ਇਸ ਨੂੰ ਕਬੂਲ ਕਰਦੇ ਹਨ।​—ਯੂਹੰਨਾ 10:4, 27.

ਤੁਸੀਂ ਬਾਈਬਲ ਤੇ ਆਧਾਰਿਤ ਇਹ ਰਸਾਲਾ ਪੜ੍ਹ ਰਹੇ ਹੋ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕਿਹੜਾ ਧਰਮ ਰੱਬ ਬਾਰੇ ਸੱਚਾਈ ਸਿਖਾ ਰਿਹਾ ਹੈ?

ਤੁਸੀਂ ਸੱਚਾਈ ਨੂੰ ਭਾਲ ਸਕਦੇ ਹੋ

ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਬਰਿਯਾ ਸ਼ਹਿਰ ਦੇ ਕੁਝ ਵਾਸੀਆਂ ਦੀ ਸ਼ਲਾਘਾ ਕੀਤੀ ਸੀ। ਕਿਉਂ? ਕਿਉਂਕਿ ਜਦ ਪੌਲੁਸ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ, ਤਾਂ ਉਨ੍ਹਾਂ ਨੇ ਉਸ ਦੀਆਂ ਸਾਰੀਆਂ ਗੱਲਾਂ ਇਕਦਮ ਕਬੂਲ ਨਹੀਂ ਕੀਤੀਆਂ ਸਨ। ਫਿਰ ਵੀ ਉਨ੍ਹਾਂ ਨੇ ਬੜੇ ਆਦਰ ਨਾਲ ਉਸ ਦੀ ਗੱਲ ਸੁਣੀ। ਅਸੀਂ ਬਰਿਯਾ ਦੇ ਲੋਕਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦਾ ਸੰਦੇਸ਼ ਸੁਣਨ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ।

ਬਾਈਬਲ ਦੱਸਦੀ ਹੈ ਕਿ ਬਰਿਯਾ ਦੇ ‘ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ। ਇਸ ਲਈ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਨਿਹਚਾ ਕੀਤੀ।’ (ਰਸੂਲਾਂ ਦੇ ਕਰਤੱਬ 17:10-12) ਉਹ ਸਿਰਫ਼ ਉੱਪਰੋਂ-ਉੱਪਰੋਂ ਹੀ ਨਹੀਂ ਬਲਕਿ ਦਿਲੋਂ ਰੱਬ ਦੇ ਰਾਹ ਨੂੰ ਭਾਲ ਰਹੇ ਸਨ। ਉਨ੍ਹਾਂ ਨੇ ਬਿਨਾਂ ਸੋਚੇ-ਸਮਝੇ ਹੀ ਪੌਲੁਸ ਦੀਆਂ ਗੱਲਾਂ ਕਬੂਲ ਨਹੀਂ ਕੀਤੀਆਂ ਸਨ, ਸਗੋਂ ਉਨ੍ਹਾਂ ਨੇ ਉਸ ਦੀਆਂ ਗੱਲਾਂ ਨੂੰ ਪਰਖਿਆ ਅਤੇ ਫਿਰ ਸੱਚਾਈ ਦੀ ਡੂੰਘੀ ਖੋਜ ਕੀਤੀ ਤਦ ਜਾ ਕੇ ਉਨ੍ਹਾਂ ਨੇ ਉਸ ਦੀਆਂ ਗੱਲਾਂ ਨੂੰ ਕਬੂਲ ਕੀਤਾ ਸੀ।

ਇਸ ਗੱਲ ਵੱਲ ਵੀ ਧਿਆਨ ਦਿਓ ਕਿ ਬਰਿਯਾ ਦੇ ਲੋਕਾਂ ਨੇ ‘ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ।’ ਇਸ ਤੋਂ ਉਨ੍ਹਾਂ ਬਾਰੇ ਸਾਨੂੰ ਬਹੁਤ ਕੁਝ ਪਤਾ ਲੱਗਦਾ ਹੈ। ਉਹ ਅਜਿਹੇ ਭੋਲੇ-ਭਾਲੇ ਲੋਕ ਨਹੀਂ ਸਨ ਭਈ ਪੌਲੁਸ ਨੇ ਉਨ੍ਹਾਂ ਨੂੰ ਜੋ ਦੱਸਿਆ ਉਨ੍ਹਾਂ ਨੇ ਮੰਨ ਲਿਆ ਤੇ ਨਾ ਹੀ ਉਹ ਅਜਿਹੇ ਸ਼ੱਕੀ ਇਨਸਾਨ ਸਨ ਕਿ ਬਿਨਾਂ ਸੋਚੇ-ਸਮਝੇ ਉਨ੍ਹਾਂ ਨੇ ਪੌਲੁਸ ਦੀਆਂ ਸਾਰੀਆਂ ਗੱਲਾਂ ਨੂੰ ਠੁਕਰਾ ਦਿੱਤਾ। ਹਾਂ ਉਨ੍ਹਾਂ ਨੇ ਪੌਲੁਸ ਦੁਆਰਾ ਮਿਲੀ ਪਰਮੇਸ਼ੁਰ ਦੀ ਸਿੱਖਿਆ ਦੀ ਨੁਕਤਾਚੀਨੀ ਨਹੀਂ ਕੀਤੀ ਸੀ, ਪਰ ਧਿਆਨ ਨਾਲ ਉਸ ਦੀ ਜਾਂਚ ਕੀਤੀ ਸੀ।

ਇਸ ਗੱਲ ਉੱਤੇ ਵੀ ਗੌਰ ਕਰੋ: ਬਰਿਯਾ ਦੇ ਵਾਸੀ ਯਿਸੂ ਬਾਰੇ ਪਹਿਲੀ ਵਾਰ ਸੁਣ ਰਹੇ ਸਨ। ਪੌਲੁਸ ਦੀਆਂ ਗੱਲਾਂ ਸੁਣ ਕੇ ਉਹ ਸ਼ਾਇਦ ਹੈਰਾਨ ਹੋਏ ਹੋਣ ਜਾਂ ਉਨ੍ਹਾਂ ਨੂੰ ਲੱਗਾ ਹੋਵੇ ਕਿ ਇਹ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ। ਪਰ ਉਨ੍ਹਾਂ ਨੇ ਉਸ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਨ ਦੀ ਬਜਾਇ ਧਿਆਨ ਨਾਲ ਇਨ੍ਹਾਂ ਦੀ ਜਾਂਚ ਕੀਤੀ ‘ਭਈ ਪੌਲੁਸ ਜੋ ਗੱਲਾਂ ਦੱਸ ਰਿਹਾ ਸੀ ਇਸੇ ਤਰਾਂ ਹਨ ਕਿ ਨਹੀਂ।’ ਬਰਿਯਾ ਅਤੇ ਥੱਸਲੁਨੀਕੇ ਵਿਚ ਜਿਨ੍ਹਾਂ ਲੋਕਾਂ ਨੇ ਸੱਚਾਈ ਜਾਣਨ ਲਈ ਧਿਆਨ ਨਾਲ ਪਰਮੇਸ਼ੁਰ ਦੀਆਂ ਲਿਖਤਾਂ ਵਿਚ ਖੋਜ ਕੀਤੀ, ਉਹੀ ਨਿਹਚਾ ਕਰਨ ਲੱਗੇ ਸਨ। (ਰਸੂਲਾਂ ਦੇ ਕਰਤੱਬ 17:4, 12) ਸੱਚਾਈ ਨੂੰ ਭਾਲਣ ਲਈ ਉਨ੍ਹਾਂ ਨੂੰ ਮਿਹਨਤ ਕਰਨੀ ਪਈ। ਮਿਹਨਤ ਤੋਂ ਬਾਅਦ ਹੀ ਉਹ ਰੱਬ ਦੇ ਗਿਆਨ ਨੂੰ ਪਛਾਣ ਪਾਏ ਸਨ।

ਸੱਚਾਈ ਦਿਲਾਂ ਨੂੰ ਛੋਹ ਲੈਂਦੀ ਹੈ

ਜਦ ਬਰਿਯਾ ਦੇ ਵਾਸੀਆਂ ਵਾਂਗ ਕਿਸੇ ਨੂੰ ਸੱਚਾਈ ਲੱਭ ਪੈਂਦੀ ਹੈ, ਤਾਂ ਉਹ ਵੀ ਇਸ ਨੂੰ ਦੂਜਿਆਂ ਨਾਲ ਜ਼ੋਰ-ਸ਼ੋਰ ਨਾਲ ਸਾਂਝੀ ਕਰਨੀ ਚਾਹੁੰਦਾ ਹੈ। ਪਰ ਕਈਆਂ ਨੂੰ ਸ਼ਾਇਦ ਉਸ ਦੀ ਇਹ ਗੱਲ ਪਸੰਦ ਨਾ ਆਵੇ ਕਿਉਂਕਿ ਉਨ੍ਹਾਂ ਦੇ ਭਾਣੇ ਸਾਰੇ ਰਸਤੇ ਇੱਕੋ ਥਾਂ ਜਾਂਦੇ ਹਨ ਤੇ ਸਾਰਿਆਂ ਧਰਮਾਂ ਵਿਚ ਸੱਚਾਈ ਹੈ। ਲੇਕਿਨ ਜਦ ਇਨਸਾਨ ਇਕ ਵਾਰ ਰੱਬ ਬਾਰੇ ਸੱਚਾਈ ਸਿੱਖ ਲੈਂਦਾ ਹੈ, ਤਾਂ ਉਸ ਦੇ ਦਿਮਾਗ਼ ਵਿਚ ਕੋਈ ਸ਼ੱਕ ਨਹੀਂ ਰਹਿੰਦਾ। ਉਹ ਅਜਿਹੀਆਂ ਸੋਚਾਂ ਵਿਚ ਭਟਕਦਾ ਨਹੀਂ ਰਹਿੰਦਾ ਕਿ ਕੀ ਸੱਚ ਵਰਗੀ ਕੋਈ ਚੀਜ਼ ਹੈ? ਜਾਂ ਕੀ ਸਾਰੇ ਧਰਮ ਸੱਚ ਦੇ ਰਾਹ ਤੇ ਚੱਲ ਰਹੇ ਹਨ? ਪਰ ਸੱਚਾਈ ਨੂੰ ਪਛਾਣਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਨਸਾਨ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰਨ।

ਯਹੋਵਾਹ ਦੇ ਗਵਾਹਾਂ ਨੇ ਅਜਿਹਾ ਅਧਿਐਨ ਕੀਤਾ ਹੈ। ਇਸੇ ਕਰਕੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੇ ਰੱਬ ਦੇ ਗਿਆਨ ਦੇ ਖ਼ਜ਼ਾਨੇ ਨੂੰ ਪਾ ਲਿਆ ਹੈ। ਉਹ ਚਾਹੁੰਦੇ ਹਨ ਕਿ ਸਾਰੇ ਲੋਕ ਬਾਈਬਲ ਦੀ ਸਟੱਡੀ ਕਰ ਕੇ ਇਹ ਗਿਆਨ ਪਾਉਣ ਤੇ ਖ਼ੁਦ ਪਰਖ ਕੇ ਦੇਖਣ ਕਿ ਕਿਹੜੇ ਧਰਮ ਦੇ ਲੋਕ ਰੱਬ ਦੇ ਰਾਹ ਤੇ ਚੱਲ ਰਹੇ ਹਨ। ਇੱਥੇ ਇਕ-ਦੋ ਗੱਲਾਂ ਦੱਸ ਕੇ ਸੱਚਾਈ ਸਪੱਸ਼ਟ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਇਸ ਸਫ਼ੇ ਤੇ ਦਿੱਤੀ ਡੱਬੀ ਵਿਚ ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਦੀਆਂ ਸਿੱਖਿਆਵਾਂ ਦੀ ਜਾਂਚ ਕਰ ਕੇ ਤੁਸੀਂ ਸੱਚਾਈ ਦੀ ਭਾਲ ਕਰਨੀ ਸ਼ੁਰੂ ਕਰ ਸਕਦੇ ਹੋ।

ਯਹੋਵਾਹ ਦੇ ਗਵਾਹ ਤੁਹਾਡੇ ਨਾਲ ਮੁਫ਼ਤ ਵਿਚ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਹਨ। ਫਿਰ ਤੁਸੀਂ ਆਪ ਖੋਜ ਕਰ ਕੇ ਜਾਣ ਸਕੋਗੇ ਕਿ ਬਾਈਬਲ ਕੀ ਸਿਖਾਉਂਦੀ ਹੈ। ਇਸ ਤਰ੍ਹਾਂ ਸੱਚਾਈ ਦੀ ਪਛਾਣ ਕਰਨ ਵਿਚ ਤੁਹਾਡੀ ਮਦਦ ਹੋਵੇਗੀ। (g 08 03)

[ਸਫ਼ਾ 27 ਉੱਤੇ ਡੱਬੀ]

ਸੱਚਾਈ ਦੀਆਂ ਵਿਸ਼ੇਸ਼ਤਾਵਾਂ

ਆਓ ਆਪਾਂ ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਕੰਮਾਂ ਤੇ ਗੌਰ ਕਰੀਏ:

ਉਹ ਪਰਮੇਸ਼ੁਰ ਦੀਆਂ ਪਵਿੱਤਰ ਲਿਖਤਾਂ ਤੇ ਚੱਲਦੇ ਸਨ।​—2 ਤਿਮੋਥਿਉਸ 3:16; 2 ਪਤਰਸ 1:21.

ਉਹ ਯਿਸੂ ਨੂੰ ਪਰਮੇਸ਼ੁਰ ਨਹੀਂ, ਸਗੋਂ ਪਰਮੇਸ਼ੁਰ ਦਾ ਪੁੱਤਰ ਮੰਨਦੇ ਸਨ ਜੋ ਪਰਮੇਸ਼ੁਰ ਦੇ ਅਧੀਨ ਹੈ।​—1 ਕੁਰਿੰਥੀਆਂ 11:3; 1 ਪਤਰਸ 1:3.

ਉਹ ਸਿਖਾਉਂਦੇ ਸਨ ਕਿ ਜੋ ਲੋਕ ਮਰ ਗਏ ਹਨ ਉਹ ਭਵਿੱਖ ਵਿਚ ਦੁਬਾਰਾ ਜ਼ਿੰਦਾ ਕੀਤੇ ਜਾਣਗੇ।​—ਰਸੂਲਾਂ ਦੇ ਕਰਤੱਬ 24:15.

ਉਨ੍ਹਾਂ ਦਾ ਆਪਸੀ ਪਿਆਰ ਉਨ੍ਹਾਂ ਦੀ ਪਛਾਣ ਸੀ।​—ਯੂਹੰਨਾ 13:34, 35.

ਉਹ ਇਕੱਲੇ ਘਰ ਬੈਠ ਕੇ ਭਗਤੀ ਕਰਨ ਦੀ ਬਜਾਇ ਕਲੀਸਿਯਾਵਾਂ ਵਿਚ ਇਕੱਠੇ ਮਿਲ ਕੇ ਭਗਤੀ ਕਰਦੇ ਸਨ ਤੇ ਇਨ੍ਹਾਂ ਕਲੀਸਿਯਾਵਾਂ ਵਿਚ ਬਜ਼ੁਰਗ ਨਿਯੁਕਤ ਕੀਤੇ ਗਏ ਸਨ। ਇਸ ਤੋਂ ਇਲਾਵਾ ਸਾਰੀਆਂ ਕਲੀਸਿਯਾਵਾਂ ਉੱਤੇ ਇਕ ਪ੍ਰਬੰਧਕ ਸਭਾ ਸੀ ਜੋ ਯਿਸੂ ਦੀ ਸਰਦਾਰੀ ਅਧੀਨ ਕੰਮ ਕਰਦੀ ਸੀ।​—ਰਸੂਲਾਂ ਦੇ ਕਰਤੱਬ 14:21-23; 15:1-31; ਅਫ਼ਸੀਆਂ 1:22; 1 ਤਿਮੋਥਿਉਸ 3:1-13.

ਉਹ ਜ਼ੋਰਾਂ-ਸ਼ੋਰਾਂ ਨਾਲ ਸਾਰਿਆਂ ਨੂੰ ਦੱਸਦੇ ਸਨ ਕਿ ਪਰਮੇਸ਼ੁਰ ਦੇ ਰਾਜ ਦੇ ਸਿਵਾਇ ਇਨਸਾਨਾਂ ਲਈ ਹੋਰ ਕੋਈ ਉਮੀਦ ਨਹੀਂ।​—ਮੱਤੀ 24:14; 28:19, 20; ਰਸੂਲਾਂ ਦੇ ਕਰਤੱਬ 1:8.

[ਸਫ਼ਾ 25 ਉੱਤੇ ਤਸਵੀਰ]

ਲੋਕ ਕਿਵੇਂ ਜਾਣ ਸਕਦੇ ਸਨ ਕਿ ਯਿਰਮਿਯਾਹ ਪਰਮੇਸ਼ੁਰ ਦਾ ਸੱਚਾ ਨਬੀ ਸੀ ਜਦ ਢੌਂਗੀ ਨਬੀ ਉਸ ਤੋਂ ਬਿਲਕੁਲ ਉਲਟ ਸੰਦੇਸ਼ ਸੁਣਾ ਰਹੇ ਸਨ?

[ਸਫ਼ੇ 26, 27 ਉੱਤੇ ਤਸਵੀਰ]

ਬਰਿਯਾ ਸ਼ਹਿਰ ਦੇ ਵਾਸੀਆਂ ਨੇ ਪੌਲੁਸ ਰਸੂਲ ਦੀਆਂ ਗੱਲਾਂ ਸੁਣ ਕੇ ਧਿਆਨ ਨਾਲ ਲਿਖਤਾਂ ਵਿਚ ਭਾਲ ਕੀਤੀ ਕਿ ਉਸ ਦੀਆਂ ਗੱਲਾਂ ਸੱਚੀਆਂ ਸਨ ਕਿ ਨਹੀਂ

[ਸਫ਼ੇ 26, 27 ਉੱਤੇ ਤਸਵੀਰ]

ਧਿਆਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਰੱਬ ਬਾਰੇ ਸੱਚਾਈ ਜਾਣ ਸਕੋਗੇ