Skip to content

Skip to table of contents

ਕੀ ਅਪਰਾਧ ਦੀ ਸਮੱਸਿਆ ਦਾ ਕੋਈ ਹੱਲ ਹੈ?

ਕੀ ਅਪਰਾਧ ਦੀ ਸਮੱਸਿਆ ਦਾ ਕੋਈ ਹੱਲ ਹੈ?

ਕੀ ਅਪਰਾਧ ਦੀ ਸਮੱਸਿਆ ਦਾ ਕੋਈ ਹੱਲ ਹੈ?

“ਅਧਿਐਨ ਦਿਖਾਉਂਦੇ ਹਨ ਕਿ ਜ਼ਿਆਦਾਤਰ ਪੇਸ਼ਾਵਰ ਅਪਰਾਧੀ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਵੀ ਅਪਰਾਧ ਕਰਦੇ ਰਹਿਣਗੇ। ਉਨ੍ਹਾਂ ਦੇ ਅਪਰਾਧਾਂ ਕਰਕੇ ਸਮਾਜ ਨੂੰ ਮਾਨਸਿਕ ਸੰਤਾਪ ਦੇ ਨਾਲ-ਨਾਲ ਲੱਖਾਂ ਡਾਲਰਾਂ ਦਾ ਨੁਕਸਾਨ ਵੀ ਸਹਿਣਾ ਪਵੇਗਾ।”​—ਅਪਰਾਧੀਆਂ ਦੀ ਸੋਚ (ਅੰਗ੍ਰੇਜ਼ੀ), ਲੇਖਕ ਡਾ. ਸਟੈਂਟਨ ਈ. ਸੈਮਨੋ।

ਸੰਸਾਰ ਭਰ ਵਿਚ ਤੁਸੀਂ ਭਾਵੇਂ ਜਿੱਥੇ ਮਰਜ਼ੀ ਨਜ਼ਰ ਮਾਰੋ, ਘਿਣਾਉਣੇ ਅਪਰਾਧ ਛੂਤ ਦੀ ਬੀਮਾਰੀ ਵਾਂਗ ਫੈਲ ਰਹੇ ਹਨ। ਇਸ ਕਰਕੇ ਇਹ ਪੁੱਛਿਆ ਜਾ ਸਕਦਾ ਹੈ ਕਿ ਕੀ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਸਖ਼ਤ ਜਾਂ ਲੰਬੇ ਸਮੇਂ ਦੀਆਂ ਸਜ਼ਾਵਾਂ ਉਨ੍ਹਾਂ ਨੂੰ ਸਿੱਧੇ ਰਾਹ ਤੇ ਪਾ ਸਕਦੀਆਂ ਹਨ? ਇਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਕੀ ਸਮਾਜ ਅਪਰਾਧ ਨੂੰ ਜੜ੍ਹੋਂ ਉਖਾੜਨ ਲਈ ਕੁਝ ਕਰ ਰਿਹਾ ਹੈ?

ਅੱਜ-ਕੱਲ੍ਹ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਸਜ਼ਾਵਾਂ ਬਾਰੇ ਡਾ. ਸਟੈਂਟਨ ਈ. ਸੈਮਨੋ ਨੇ ਲਿਖਿਆ: “ਜੇਲ੍ਹ ਦਾ ਸੁਆਦ ਚੱਖਣ ਤੋਂ ਬਾਅਦ ਅਪਰਾਧੀ ਹੋਰ ਵੀ ਹੁਸ਼ਿਆਰ ਬਣ ਜਾਂਦੇ ਹਨ ਤੇ ਬਾਅਦ ਵਿਚ ਉਹ ਜੋਕਾਂ ਦੀ ਤਰ੍ਹਾਂ ਸਮਾਜ ਦਾ ਖ਼ੂਨ ਚੂਸਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਜੇਲ੍ਹ ਤੋਂ ਛੁੱਟ ਕੇ ਦੁਬਾਰਾ ਅਪਰਾਧ ਕਰਨ ਵਾਲਿਆਂ ਦੇ ਅੰਕੜਿਆਂ ਵਿਚ ਉਨ੍ਹਾਂ ਮੁਜਰਮਾਂ ਦੀ ਗਿਣਤੀ ਸ਼ਾਮਲ ਨਹੀਂ ਹੈ ਜੋ ਹੁਸ਼ਿਆਰੀ ਨਾਲ ਮੁੜ ਪੁਲਸ ਦੀ ਪਕੜ ਵਿਚ ਨਹੀਂ ਆਉਂਦੇ।” ਅਸਲ ਵਿਚ ਅਪਰਾਧੀਆਂ ਲਈ ਜੇਲ੍ਹ ਅਜਿਹੇ ਸਕੂਲ ਸਾਬਤ ਹੁੰਦੇ ਹਨ ਜਿੱਥੇ ਉਹ ਸਮਾਜ ਵਿਰੁੱਧ ਜ਼ੁਲਮ ਕਰਨ ਵਿਚ ਮਾਹਰ ਬਣ ਜਾਂਦੇ ਹਨ।​—ਸਫ਼ਾ 7 ਉੱਤੇ “ਜੇਲ੍ਹਾਂ ਵਿਚ ਅਪਰਾਧ ਦੀ ਸਿਖਲਾਈ” ਡੱਬੀ ਦੇਖੋ।

ਇਕ ਹੋਰ ਗੱਲ ਇਹ ਹੈ ਕਿ ਕਈ ਅਪਰਾਧੀ ਕਦੇ ਫੜੇ ਨਹੀਂ ਜਾਂਦੇ ਤੇ ਉਹ ਸੋਚਣ ਲੱਗ ਪੈਂਦੇ ਹਨ ਕਿ ਜੁਰਮ ਦੀ ਦੁਨੀਆਂ ਵਿਚ ਫ਼ਾਇਦਾ ਹੀ ਫ਼ਾਇਦਾ ਹੈ। ਅਜਿਹੀ ਸੋਚ ਉਨ੍ਹਾਂ ਨੂੰ ਹੋਰ ਵੀ ਢੀਠ ਬਣਾਉਂਦੀ ਹੈ। ਪੁਰਾਣੇ ਜ਼ਮਾਨੇ ਵਿਚ ਇਕ ਬੁੱਧਵਾਨ ਹਾਕਮ ਨੇ ਲਿਖਿਆ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।”​—ਉਪਦੇਸ਼ਕ ਦੀ ਪੋਥੀ 8:11.

ਉਹ ਅਪਰਾਧੀ ਕਿਉਂ ਬਣਦੇ ਹਨ?

ਅਪਰਾਧ ਕਰਨ ਤੋਂ ਸਿਵਾਇ ਕੀ ਗ਼ਰੀਬ ਲੋਕਾਂ ਕੋਲ ਆਪਣਾ ਪੇਟ ਭਰਨ ਦਾ ਕੋਈ ਹੋਰ ਚਾਰਾ ਨਹੀਂ ਹੈ? ਇਸ ਬਾਰੇ ਡਾ. ਸੈਮਨੋ ਨੇ ਕਿਹਾ: “ਮੈਂ ਸੋਚਦਾ ਸੀ ਕਿ ਲੋਕ ਘੋਰ ਗ਼ਰੀਬੀ ਦੇ ਮਾਰੇ ਹੀ ਅਪਰਾਧ ਕਰਦੇ ਹਨ।” ਪਰ ਇਸ ਵਿਸ਼ੇ ਉੱਤੇ ਕਾਫ਼ੀ ਖੋਜ ਕਰਨ ਤੋਂ ਬਾਅਦ ਉਸ ਨੇ ਆਪਣਾ ਵਿਚਾਰ ਬਦਲ ਲਿਆ। ਉਸ ਨੇ ਕਿਹਾ: ‘ਅਪਰਾਧੀ ਅਪਰਾਧ ਕਰਨਾ ਚੁਣਦੇ ਹਨ। ਜਿਸ ਤਰ੍ਹਾਂ ਦੀ ਸੋਚ ਅਸੀਂ ਅਪਣਾਉਂਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਚਰਿੱਤਰ ਨਿਰਮਾਣ ਹੁੰਦਾ ਹੈ। ਅਸੀਂ ਆਪਣੇ ਸੋਚ-ਵਿਚਾਰ ਅਨੁਸਾਰ ਹੀ ਕਦਮ ਚੁੱਕਦੇ ਹਾਂ।’ ਡਾ. ਸੈਮਨੋ ਅਪਰਾਧੀਆਂ ਨੂੰ ਘਟੀਆ ਮਾਹੌਲ ਦੇ ਬੇਬੱਸ ਸ਼ਿਕਾਰ ਸਮਝਣ ਦੀ ਬਜਾਇ ਇਸ ਸਿੱਟੇ ਤੇ ਪਹੁੰਚਿਆ ਕਿ “ਉਹ ਅਪਰਾਧ ਦੀ ਜ਼ਿੰਦਗੀ ਖ਼ੁਦ ਚੁਣਦੇ ਹਨ।” *

“ਚੁਣਦੇ” ਸ਼ਬਦ ਵੱਲ ਧਿਆਨ ਦਿਓ। ਹਾਲ ਹੀ ਦੀ ਇਕ ਬਰਤਾਨਵੀ ਅਖ਼ਬਾਰ ਦੀ ਸੁਰਖੀ ਸੀ: “ਬਿਹਤਰ ਜ਼ਿੰਦਗੀ ਦੀ ਖੋਜ ਵਿਚ ਨਿਕਲੇ ਸ਼ਹਿਰੀ ਨੌਜਵਾਨ ਅਪਰਾਧ ਦੀ ਜ਼ਿੰਦਗੀ ਚੁਣ ਰਹੇ ਹਨ।” ਇਨਸਾਨ ਆਪਣੀ ਮਰਜ਼ੀ ਦੇ ਮਾਲਕ ਹਨ ਤੇ ਮੁਸ਼ਕਲ ਹਾਲਾਤਾਂ ਵਿਚ ਵੀ ਆਪਣੇ ਫ਼ੈਸਲੇ ਆਪ ਕਰਨ ਦੇ ਯੋਗ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਲੱਖਾਂ ਹੀ ਲੋਕ ਰੋਜ਼ ਬੇਇਨਸਾਫ਼ੀਆਂ ਸਹਿੰਦੇ ਤੇ ਗ਼ਰੀਬੀ ਵਿਚ ਦਿਨ ਕੱਟਦੇ ਹਨ ਜਾਂ ਉਨ੍ਹਾਂ ਨੂੰ ਘਰੇਲੂ ਲੜਾਈ-ਝਗੜਿਆਂ ਦਾ ਦੁੱਖ ਸਹਿਣਾ ਪੈਂਦਾ ਹੈ, ਪਰ ਉਹ ਇਸ ਵਜ੍ਹਾ ਕਰਕੇ ਅਪਰਾਧੀ ਨਹੀਂ ਬਣ ਜਾਂਦੇ। ਡਾ. ਸੈਮਨੋ ਨੇ ਕਿਹਾ ਕਿ “ਘਟੀਆ ਆਂਢ-ਗੁਆਂਢ, ਬੁਰੀ ਪਰਵਰਿਸ਼ ਜਾਂ ਬੇਕਾਰੀ ਅਪਰਾਧ ਦੇ ਅਸਲੀ ਕਾਰਨ ਨਹੀਂ ਹਨ, ਸਗੋਂ ਅਪਰਾਧੀ ਆਪਣੀ ਮਰਜ਼ੀ ਨਾਲ ਅਪਰਾਧ ਕਰਨਾ ਚੁਣਦੇ ਹਨ। ਮਾੜੇ ਸਮਾਜਕ ਹਾਲਾਤਾਂ ਦੀ ਬਜਾਇ ਗ਼ਲਤ ਇੱਛਾਵਾਂ ਅਪਰਾਧ ਨੂੰ ਜਨਮ ਦਿੰਦੀਆਂ ਹਨ।”

ਜਿੱਦਾਂ ਦੀ ਸੋਚ ਉੱਦਾਂ ਦੇ ਕੰਮ

ਬਾਈਬਲ ਸਾਡੇ ਹਾਲਾਤਾਂ ਨਾਲੋਂ ਸਾਡੇ ਖ਼ਿਆਲਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੈ। ਯਾਕੂਬ 1:14, 15 ਵਿਚ ਕਿਹਾ ਗਿਆ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।” ਭੈੜੀ ਸੋਚ ਕਰਕੇ ਇਨਸਾਨ ਵਿਚ ਭੈੜੀਆਂ ਇੱਛਾਵਾਂ ਪੈਦਾ ਹੁੰਦੀਆਂ ਹਨ ਜੋ ਅੱਗੋਂ ਉਸ ਨੂੰ ਗ਼ਲਤ ਕੰਮ ਕਰਨ ਲਈ ਉਕਸਾਉਂਦੀਆਂ ਹਨ। ਮਿਸਾਲ ਲਈ ਅਸ਼ਲੀਲ ਤਸਵੀਰਾਂ ਵਿਚ ਮਾੜੀ-ਮੋਟੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੇ ਸਿਰ ਤੇ ਸੈਕਸ ਦਾ ਭੂਤ ਸਵਾਰ ਹੋ ਸਕਦਾ ਹੈ ਤੇ ਅਖ਼ੀਰ ਵਿਚ ਉਹ ਆਪਣੀ ਹਵਸ ਪੂਰੀ ਕਰਨ ਲਈ ਜੁਰਮ ਵੀ ਕਰ ਸਕਦਾ ਹੈ।

ਵਧਦੇ ਅਪਰਾਧ ਦਾ ਇਕ ਹੋਰ ਕਾਰਨ ਇਹ ਹੈ ਕਿ ਅੱਜ ਦੀ ਖ਼ੁਦਗਰਜ਼ ਦੁਨੀਆਂ ਧਨ-ਦੌਲਤ ਤੇ ਮੌਜ-ਮਸਤੀ ਉੱਤੇ ਜ਼ੋਰ ਦਿੰਦੀ ਹੈ ਤੇ ਸਾਨੂੰ ਹਰ ਇੱਛਾ ਤੁਰੰਤ ਪੂਰੀ ਕਰਨ ਲਈ ਉਕਸਾਉਂਦੀ ਹੈ। ਸਾਡੇ ਸਮੇਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਕਿਹਾ ਗਿਆ ਹੈ ਕਿ ‘ਅੰਤ ਦਿਆਂ ਦਿਨਾਂ ਵਿੱਚ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਕਰੜੇ, ਨੇਕੀ ਦੇ ਵੈਰੀ ਤੇ ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।’ (2 ਤਿਮੋਥਿਉਸ 3:1-5) ਦੁੱਖ ਦੀ ਗੱਲ ਇਹ ਹੈ ਕਿ ਫਿਲਮਾਂ, ਵਿਡਿਓ-ਗੇਮਾਂ, ਸਾਹਿੱਤ ਤੇ ਮਸ਼ਹੂਰ ਹਸਤੀਆਂ ਦੀਆਂ ਬੁਰੀਆਂ ਮਿਸਾਲਾਂ ਦੇ ਜ਼ਰੀਏ ਸੰਸਾਰ ਅਜਿਹੇ ਲੱਛਣ ਨੂੰ ਹੱਲਾਸ਼ੇਰੀ ਦਿੰਦਾ ਹੈ ਜਿਸ ਕਰਕੇ ਜੁਰਮ ਵਧ ਰਹੇ ਹਨ। ਪਰ ਸਾਨੂੰ ਇਨ੍ਹਾਂ ਤੋਂ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੈ। ਅਸਲ ਵਿਚ ਕਈਆਂ ਲੋਕਾਂ ਨੇ ਅਪਰਾਧ ਦੀ ਜ਼ਿੰਦਗੀ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ।

ਅਪਰਾਧੀ ਬਦਲ ਸਕਦੇ ਹਨ!

ਅਪਰਾਧੀ ਨੂੰ ਸਾਰੀ ਉਮਰ ਅਪਰਾਧੀ ਹੀ ਰਹਿਣ ਦੀ ਲੋੜ ਨਹੀਂ। ਅਪਰਾਧੀਆਂ ਦੀ ਸੋਚ ਨਾਂ ਦੀ ਪੁਸਤਕ ਕਹਿੰਦੀ ਹੈ ਕਿ ਜਿਵੇਂ ਕਿਸੇ ਨੇ ਅਪਰਾਧ ਦੀ ਜ਼ਿੰਦਗੀ ਚੁਣੀ ਸੀ, ਉਸੇ ਤਰ੍ਹਾਂ ਉਹ “ਨਵੇਂ ਸਿਰਿਓਂ ਨੇਕ ਜ਼ਿੰਦਗੀ ਵੀ ਚੁਣ ਸਕਦਾ ਹੈ।”

ਹਰ ਤਰ੍ਹਾਂ ਦੇ ਅਪਰਾਧੀ ਬਦਲ ਸਕਦੇ ਹਨ। * ਇਹ ਕਰਨ ਲਈ ਉਨ੍ਹਾਂ ਨੂੰ ਆਪਣੇ ਰਵੱਈਏ ਤੇ ਸੋਚਣ ਦੇ ਢੰਗ ਨੂੰ ਬਦਲਣ ਅਤੇ ਮਾੜੀਆਂ ਖ਼ਾਹਸ਼ਾਂ ਛੱਡਣ ਦੀ ਲੋੜ ਹੈ। ਉਨ੍ਹਾਂ ਨੂੰ ਮਨੁੱਖ ਦੀਆਂ ਬਦਲਦੀਆਂ ਕਦਰਾਂ-ਕੀਮਤਾਂ ਨੂੰ ਛੱਡ ਕੇ ਪਰਮੇਸ਼ੁਰ ਦੇ ਸਥਿਰ ਮਿਆਰ ਅਪਣਾਉਣੇ ਚਾਹੀਦੇ ਹਨ। ਆਖ਼ਰਕਾਰ ਉਸ ਤੋਂ ਜ਼ਿਆਦਾ ਸਾਨੂੰ ਹੋਰ ਕੌਣ ਜਾਣਦਾ? ਤਾਂ ਫਿਰ ਕੀ ਪਰਮੇਸ਼ੁਰ ਇਹ ਫ਼ੈਸਲਾ ਕਰਨ ਦਾ ਹੱਕਦਾਰ ਨਹੀਂ ਹੈ ਕਿ ਸਾਡੇ ਲਈ ਕੀ ਚੰਗਾ ਹੈ ਤੇ ਕੀ ਮਾੜਾ? ਉਸ ਨੇ ਸਾਨੂੰ ਆਪਣੇ ਮਿਆਰ ਸਿਖਾਉਣ ਲਈ 40 ਭਗਤਾਂ ਨੂੰ ਪਵਿੱਤਰ ਬਾਈਬਲ ਲਿਖਣ ਲਈ ਪ੍ਰੇਰਿਆ। ਇਸ ਬੇਮਿਸਾਲ ਪੁਸਤਕ ਵਿਚ ਮਕਸਦ-ਭਰੀ ਸੁਖੀ ਜ਼ਿੰਦਗੀ ਬਤੀਤ ਕਰਨ ਲਈ ਵਧੀਆ ਸੁਝਾਅ ਦਿੱਤੇ ਗਏ ਹਨ।​—2 ਤਿਮੋਥਿਉਸ 3:​16, 17.

ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤਬਦੀਲੀਆਂ ਕਰਨੀਆਂ ਸ਼ਾਇਦ ਔਖੀਆਂ ਲੱਗਣ ਕਿਉਂਕਿ ਸਾਨੂੰ ਆਪਣੇ ਪਾਪੀ ਝੁਕਾਅ ਦਾ ਵਿਰੋਧ ਕਰਨਾ ਪੈਂਦਾ ਹੈ। ਇਕ ਬਾਈਬਲ ਲਿਖਾਰੀ ਨੇ ਸਾਡੇ ਅੰਦਰਲੇ ਇਸ ਸੰਘਰਸ਼ ਨੂੰ ‘ਲੜਾਈ’ ਕਿਹਾ। (ਰੋਮੀਆਂ 7:​21-25) ਉਸ ਨੇ ਇਹ ਲੜਾਈ ਜਿੱਤੀ ਕਿਉਂਕਿ ਉਸ ਨੇ ਆਪਣੇ ਤੇ ਭਰੋਸਾ ਰੱਖਣ ਦੀ ਬਜਾਇ ਪਰਮੇਸ਼ੁਰ ਤੇ ਭਰੋਸਾ ਰੱਖਿਆ। ਨਾਲੇ ਉਸ ਨੂੰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲੀ ਜੋ ਬਚਨ “ਜੀਉਂਦਾ ਅਤੇ ਗੁਣਕਾਰ” ਹੈ।​—ਇਬਰਾਨੀਆਂ 4:12.

ਚੰਗੀ “ਖ਼ੁਰਾਕ” ਦੀ ਮਹੱਤਤਾ

ਚੰਗੀ ਸਿਹਤ ਲਈ ਚੰਗੇ ਭੋਜਨ ਦੀ ਲੋੜ ਹੁੰਦੀ ਹੈ। ਨਾਲੇ ਉਸ ਭੋਜਨ ਨੂੰ ਚੰਗੀ ਤਰ੍ਹਾਂ ਚਿੱਥਣ ਤੇ ਹਜ਼ਮ ਕਰਨ ਦੀ ਲੋੜ ਹੁੰਦੀ ਜਿਸ ਲਈ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਰੂਹਾਨੀ ਤੌਰ ਤੇ ਸਿਹਤਮੰਦ ਬਣਨ ਲਈ ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਨੂੰ “ਚਿੱਥਣ” ਯਾਨੀ ਉਨ੍ਹਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਦੀ ਲੋੜ ਹੈ ਤਾਂਕਿ ਅਸੀਂ ਇਨ੍ਹਾਂ ਨੂੰ “ਹਜ਼ਮ” ਕਰ ਕੇ ਆਪਣੇ ਦਿਲ ਤੇ ਦਿਮਾਗ਼ ਵਿਚ ਉਤਾਰ ਸਕੀਏ। (ਮੱਤੀ 4:4) ਬਾਈਬਲ ਕਹਿੰਦੀ ਹੈ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ। . . . ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।”​—ਫ਼ਿਲਿੱਪੀਆਂ 4:​8, 9.

ਧਿਆਨ ਦਿਓ ਕਿ ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਵਿਚਾਰ ਕਰਦੇ ਰਹਿਣ ਦੀ ਲੋੜ ਹੈ ਜੇ ਅਸੀਂ ਪੁਰਾਣੇ ਸੁਭਾਅ ਦੀ ਥਾਂ ਨਵਾਂ ਸੁਭਾਅ ਪੈਦਾ ਕਰਨਾ ਚਾਹੁੰਦੇ ਹਾਂ। ਸਾਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਨਵਾਂ ਸੁਭਾਅ ਰਾਤੋ-ਰਾਤ ਪੈਦਾ ਨਹੀਂ ਹੋ ਜਾਂਦਾ।​—ਕੁਲੁੱਸੀਆਂ 1:​9, 10; 3:​8-10.

ਇਕ ਔਰਤ ਦੀ ਮਿਸਾਲ ਲਵੋ ਜਿਸ ਨਾਲ ਬਚਪਨ ਵਿਚ ਕੁਕਰਮ ਹੋਇਆ। ਉਹ ਡ੍ਰੱਗਜ਼, ਸ਼ਰਾਬ ਤੇ ਤਮਾਖੂ ਵਰਤਣ ਲੱਗ ਪਈ ਤੇ ਹੁਣ ਉਹ ਕਈ ਅਪਰਾਧ ਕਰਨ ਕਰਕੇ ਉਮਰ ਕੈਦ ਕੱਟ ਰਹੀ ਹੈ। ਜੇਲ੍ਹ ਵਿਚ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਜਿਸ ਨੇ ਉਸ ਦੇ ਦਿਲ ਨੂੰ ਛੋਹਿਆ। ਇਸ ਦਾ ਕੀ ਨਤੀਜਾ ਹੋਇਆ? ਹੌਲੀ-ਹੌਲੀ ਉਸ ਦਾ ਸੁਭਾਅ ਬਦਲ ਗਿਆ ਅਤੇ ਉਹ ਮਸੀਹ ਦੇ ਕਦਮਾਂ ਤੇ ਚੱਲਣ ਲੱਗ ਪਈ। ਹੁਣ ਉਹ ਭੈੜੇ ਸੋਚ-ਵਿਚਾਰਾਂ ਤੇ ਆਦਤਾਂ ਦੇ ਸ਼ਿਕੰਜੇ ਤੋਂ ਆਜ਼ਾਦ ਹੈ। ਬਾਈਬਲ ਵਿੱਚੋਂ ਉਸ ਦੀ ਸਭ ਤੋਂ ਮਨ-ਪਸੰਦ ਆਇਤ ਹੈ 2 ਕੁਰਿੰਥੀਆਂ 3:17 ਜਿੱਥੇ ਲਿਖਿਆ ਹੈ: “ਹੁਣ ਉਹ ਪ੍ਰਭੁ ਤਾਂ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” ਭਾਵੇਂ ਉਹ ਕੈਦਣ ਹੈ, ਫਿਰ ਵੀ ਉਹ ਅਜਿਹੀ ਆਜ਼ਾਦੀ ਮਾਣ ਰਹੀ ਹੈ ਜੋ ਉਸ ਨੇ ਪਹਿਲਾਂ ਕਦੇ ਵੀ ਨਹੀਂ ਸੀ ਮਾਣੀ।

ਪਰਮੇਸ਼ੁਰ ਦਇਆਵਾਨ ਹੈ

ਯਹੋਵਾਹ ਪਰਮੇਸ਼ੁਰ ਦੀ ਨਜ਼ਰ ਵਿਚ ਕੋਈ ਵੀ ਭੁੱਲਿਆ-ਭਟਕਿਆ ਇਨਸਾਨ ਸਹੀ ਰਾਹ ਤੇ ਆ ਸਕਦਾ ਹੈ। * ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਕਿਹਾ: “ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।” (ਲੂਕਾ 5:32) ਇਹ ਗੱਲ ਸੱਚ ਹੈ ਕਿ ਬਾਈਬਲ ਦਿਆਂ ਮਿਆਰਾਂ ਉੱਤੇ ਪੂਰਾ ਉਤਰਨਾ ਸੌਖਾ ਨਹੀਂ ਹੈ। ਪਰ ਤੁਸੀਂ ਧੀਰਜ, ਪਰਮੇਸ਼ੁਰ ਦੀ ਮਦਦ ਅਤੇ ਮਸੀਹੀ ਭੈਣਾਂ-ਭਰਾਵਾਂ ਦੇ ਪਿਆਰ-ਭਰੇ ਸਹਾਰੇ ਨਾਲ ਸਫ਼ਲ ਹੋ ਸਕਦੇ ਹੋ। (ਲੂਕਾ 11:​9-13; ਗਲਾਤੀਆਂ 5:​22, 23) ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਬਾਕਾਇਦਾ ਜੇਲ੍ਹਾਂ ਵਿਚ ਜਾ ਕੇ ਉਨ੍ਹਾਂ ਆਦਮੀਆਂ ਤੇ ਔਰਤਾਂ ਨਾਲ ਮੁਫ਼ਤ ਬਾਈਬਲ ਸਟੱਡੀ ਕਰਦੇ ਹਨ ਜਿਨ੍ਹਾਂ ਨੇ ਘਿਣਾਉਣੇ ਤੋਂ ਘਿਣਾਉਣੇ ਅਪਰਾਧ ਕੀਤੇ ਹਨ। * ਕਈ ਜੇਲ੍ਹਾਂ ਵਿਚ ਗਵਾਹ ਹਰ ਹਫ਼ਤੇ ਮਸੀਹੀ ਸਭਾਵਾਂ ਵੀ ਕਰਦੇ ਹਨ।​—ਇਬਰਾਨੀਆਂ 10:​24, 25.

ਭਾਵੇਂ ਕਿ ਕਈ ਸਾਬਕਾ ਅਪਰਾਧੀ ਆਪਣੀਆਂ ਆਦਤਾਂ ਬਦਲ ਕੇ ਹੁਣ ਸੱਚੇ ਮਸੀਹੀ ਬਣ ਗਏ ਹਨ, ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਈਬਲ ਸਾਫ਼-ਸਾਫ਼ “ਕੁਧਰਮ ਦੇ ਵਧਣ” ਦਾ ਜ਼ਿਕਰ ਕਰਦੀ ਹੈ। (ਮੱਤੀ 24:12) ਜਿਵੇਂ ਅਸੀਂ ਅਗਲੇ ਲੇਖ ਵਿਚ ਦੇਖਾਂਗੇ, ਇਹ ਉਸ ਮਹਾਨ ਭਵਿੱਖਬਾਣੀ ਦਾ ਹਿੱਸਾ ਹੈ ਜਿਸ ਵਿਚ ਵੱਡੀ ਖ਼ੁਸ਼ ਖ਼ਬਰੀ ਵੀ ਸ਼ਾਮਲ ਹੈ। (g 08 02)

[ਫੁਟਨੋਟ]

^ ਪੈਰਾ 7 ਕੁਝ ਅਪਰਾਧਾਂ ਦਾ ਕਾਰਨ ਮਾਨਸਿਕ ਬੀਮਾਰੀ ਹੋ ਸਕਦਾ ਹੈ। ਇਹ ਗੱਲ ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਬਾਰੇ ਸੱਚ ਹੈ ਜਿੱਥੇ ਮਾਨਸਿਕ ਤੌਰ ਤੇ ਬੀਮਾਰ ਲੋਕ ਸੜਕਾਂ ਤੇ ਆਜ਼ਾਦ ਘੁੰਮਦੇ-ਫਿਰਦੇ ਹਨ ਤੇ ਜਿੱਥੇ ਲੋਕਾਂ ਨੂੰ ਸੌਖਿਆਂ ਹੀ ਹਥਿਆਰ ਮਿਲ ਸਕਦੇ ਹਨ। ਪਰ ਇਹ ਲੇਖ ਇਸ ਗੁੰਝਲਦਾਰ ਵਿਸ਼ੇ ਦੀ ਚਰਚਾ ਨਹੀਂ ਕਰ ਰਿਹਾ।

^ ਪੈਰਾ 14 ਜਾਗਰੂਕ ਬਣੋ! ਤੇ ਪਹਿਰਾਬੁਰਜ ਵਿਚ ਉਨ੍ਹਾਂ ਕਈਆਂ ਲੋਕਾਂ ਦੀਆਂ ਕਹਾਣੀਆਂ ਛਾਪੀਆਂ ਗਈਆਂ ਹਨ ਜਿਨ੍ਹਾਂ ਨੇ ਬਾਈਬਲ ਤੋਂ ਪ੍ਰੇਰਿਤ ਹੋ ਕੇ ਅਪਰਾਧ ਦੀ ਜ਼ਿੰਦਗੀ ਤਿਆਗ ਦਿੱਤੀ ਹੈ। ਅੰਗ੍ਰੇਜ਼ੀ ਵਿਚ ਜਾਗਰੂਕ ਬਣੋ!, ਜੁਲਾਈ 2006, ਸਫ਼ੇ 11-13; 8 ਅਕਤੂਬਰ 2005, ਸਫ਼ੇ 20-1 ਅਤੇ ਪਹਿਰਾਬੁਰਜ, 15 ਅਕਤੂਬਰ 1998, ਸਫ਼ੇ 27-9; 15 ਫਰਵਰੀ 1997, ਸਫ਼ੇ 21-4 ਦੇਖੋ। ਨਾਲੇ ਪੰਜਾਬੀ ਵਿਚ ਪਹਿਰਾਬੁਰਜ, 1 ਜਨਵਰੀ 2000, ਸਫ਼ੇ 4-5 ਵੀ ਦੇਖੋ।

[ਸਫ਼ਾ 5 ਉੱਤੇ ਸੁਰਖੀ]

ਲੱਖਾਂ ਹੀ ਗ਼ਰੀਬ ਲੋਕ ਅਪਰਾਧ ਨਹੀਂ ਕਰਦੇ

[ਸਫ਼ੇ 6, 7 ਉੱਤੇ ਡੱਬੀ/ਤਸਵੀਰ]

“ਦੋ ਸਾਲਾਂ ਦੇ ਅੰਦਰ-ਅੰਦਰ ਮੁੜ ਕੇ ਕੈਦ ਵਿਚ”

ਇਸ ਸਿਰਲੇਖ ਦੇ ਹੇਠ ਲੰਡਨ ਦੀ ਦ ਟਾਈਮਜ਼ ਅਖ਼ਬਾਰ ਨੇ ਰਿਪੋਰਟ ਕੀਤਾ ਕਿ ਬਰਤਾਨੀਆ ਵਿਚ ਜੇਲ੍ਹ ਦੀ ਸਜ਼ਾ ਕੱਟ ਚੁੱਕੇ 70 ਫੀ ਸਦੀ ਚੋਰ-ਲੁਟੇਰੇ ਦੋ ਸਾਲਾਂ ਦੇ ਅੰਦਰ-ਅੰਦਰ ਮੁੜ ਕੇ ਫੜੇ ਜਾਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਸ਼ੇਬਾਜ਼ ਹੁੰਦੇ ਹਨ ਜੋ ਆਪਣੀ ਤਲਬ ਪੂਰੀ ਕਰਨ ਲਈ ਮਹਿੰਗੇ ਤੇ ਜਾਨਲੇਵਾ ਡ੍ਰੱਗਜ਼ ਖ਼ਰੀਦਣ ਲਈ ਅਪਰਾਧ ਕਰਦੇ ਹਨ।

[ਸਫ਼ਾ 7 ਉੱਤੇ ਡੱਬੀ]

“ਜੇਲ੍ਹਾਂ ਵਿਚ ਅਪਰਾਧ ਦੀ ਸਿਖਲਾਈ”

ਇਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੌਨ ਬ੍ਰੇਥਵੇਟ ਨੇ ਲਿਖਿਆ ਕਿ “ਜੇਲ੍ਹਾਂ ਵਿਚ ਅਪਰਾਧ ਦੀ ਸਿਖਲਾਈ ਦਿੱਤੀ ਜਾਂਦੀ ਹੈ। ” ਡਾ. ਸਟੈਂਟਨ ਈ. ਸੈਮਨੋ ਨੇ ਅਪਰਾਧੀਆਂ ਦੀ ਸੋਚ (ਅੰਗ੍ਰੇਜ਼ੀ) ਨਾਂ ਦੀ ਆਪਣੀ ਪੁਸਤਕ ਵਿਚ ਕਿਹਾ ਕਿ ਸਮਾਜ ਨੂੰ ਭਾਉਂਦੇ ਕੰਮ-ਕਾਰ ਸਿੱਖਣ ਦੀ ਬਜਾਇ, ‘ਜ਼ਿਆਦਾ ਅਪਰਾਧੀ ਜੇਲ੍ਹ ਦੇ ਤਜਰਬਿਆਂ ਤੋਂ ਹੋਰ ਘਿਣਾਉਣੇ ਅਪਰਾਧ ਕਰਨੇ ਸਿੱਖਦੇ ਹਨ।’ ਉਸ ਨੇ ਕਿਹਾ ਕਿ ‘ਜੇਲ੍ਹ ਵਿਚ ਉਨ੍ਹਾਂ ਨੂੰ ਹੋਰ ਹੁਸ਼ਿਆਰ ਬਣਨ ਦਾ ਸਮਾਂ ਤੇ ਮੌਕਾ ਮਿਲਦਾ ਹੈ। ਅਸਲ ਵਿਚ ਕਈ ਤਾਂ ਜੁਰਮ ਕਰਨ ਵਿਚ ਇੰਨੇ ਮਾਹਰ ਬਣ ਜਾਂਦੇ ਹਨ ਕਿ ਉਹ ਮੁੜ ਕਾਨੂੰਨ ਦੀ ਪਕੜ ਵਿਚ ਹੀ ਨਹੀਂ ਆਉਂਦੇ।’

ਆਪਣੀ ਪੁਸਤਕ ਦੇ ਇਕ ਹੋਰ ਅਧਿਆਇ ਵਿਚ ਡਾ. ਸੈਮਨੋ ਨੇ ਕਿਹਾ: “ਜੇਲ੍ਹ ਵਿਚ ਰਹਿ ਕੇ ਅਪਰਾਧੀ ਦਾ ਸੁਭਾਅ ਨਹੀਂ ਬਦਲਦਾ। ਭਾਵੇਂ ਉਹ ਜੇਲ੍ਹ ਦੇ ਅੰਦਰ ਹੋਵੇ ਜਾਂ ਬਾਹਰ, ਉਹ ਨਵੇਂ ਯਾਰ-ਮਿੱਤਰ ਬਣਾ ਕੇ ਨਵੀਆਂ ਚਲਾਕੀਆਂ ਸਿੱਖਦਾ ਹੈ ਤੇ ਹੋਰਨਾਂ ਨੂੰ ਵੀ ਸਿਖਾਉਂਦਾ ਹੈ।” ਇਕ ਨੌਜਵਾਨ ਅਪਰਾਧੀ ਨੇ ਕਿਹਾ: “ਕੈਦ ਵਿਚ ਰਹਿ ਕੇ ਮੈਂ ਜੁਰਮ ਦਾ ਉਸਤਾਦ ਬਣ ਗਿਆ ਹਾਂ। ”