Skip to content

Skip to table of contents

ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?

ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?

ਇਕ ਪੱਤਰਕਾਰ ਨੇ ਪੂਰੇ ਸਾਲ ਲਈ ਹਵਾਈ ਜਹਾਜ਼ ਵਿਚ ਸਫ਼ਰ ਨਹੀਂ ਕੀਤਾ ਕਿਉਂਕਿ ਇਕ ਜੋਤਸ਼ੀ ਨੇ ਉਸ ਨੂੰ ਦੱਸਿਆ ਕਿ ਉਹ ਇਕ ਹਵਾਈ ਹਾਦਸੇ ਵਿਚ ਮਾਰਿਆ ਜਾਵੇਗਾ। ਸਿਆਸਤਦਾਨ, ਬਿਜ਼ਨਿਸਮੈਨ, ਫ਼ਿਲਮੀ ਸਿਤਾਰੇ, ਖਿਡਾਰੀ ਅਤੇ ਸਕੂਲ-ਕਾਲਜਾਂ ਦੇ ਵਿਦਿਆਰਥੀ ਸਭ ਦੇ ਸਭ ਵਹਿਮਾਂ-ਭਰਮਾਂ ਵਿਚ ਵਿਸ਼ਵਾਸ ਕਰਦੇ ਹਨ। ਮੁਸ਼ਕਲ ਸਮਿਆਂ ਵਿਚ ਕਈ ਲੋਕ ਸੋਚਦੇ ਹਨ ਕਿ ਵਹਿਮਾਂ-ਭਰਮਾਂ ਨਾਲ ਜੁੜੀਆਂ ਰਸਮਾਂ ਨਿਭਾਉਣ ਅਤੇ ਧਾਗੇ-ਤਵੀਤ ਬੰਨ੍ਹਣ ਨਾਲ ਉਨ੍ਹਾਂ ਦੀ ਖ਼ਤਰਿਆਂ ਤੋਂ ਰੱਖਿਆ ਹੁੰਦੀ ਹੈ। ਇਸ ਦੇ ਨਾਲ-ਨਾਲ ਉਹ ਮੰਨਦੇ ਹਨ ਕਿ ਇਹ ਸਭ ਕੁਝ ਕਰਨ ਨਾਲ ਉਹ ਆਪਣੇ ਕੰਮਾਂ ਵਿਚ ਸਫ਼ਲਤਾ ਪਾਉਣਗੇ।

ਕਈਆਂ ਦਾ ਕਹਿਣਾ ਹੈ ਕਿ ਵਹਿਮ-ਭਰਮ ਦਾਦੇ-ਪੜਦਾਦਿਆਂ ਤੋਂ ਚਲੀ ਆ ਰਹੀ ਪਰੰਪਰਾ ਦਾ ਅਹਿਮ ਹਿੱਸਾ ਹਨ ਤੇ ਇਨ੍ਹਾਂ ਨੂੰ ਮੰਨਣ ਵਿਚ ਕੋਈ ਹਰਜ਼ ਨਹੀਂ। ਮਾਰਗਰਟ ਮੀਡ ਨਾਂ ਦੀ ਸਾਬਕਾ ਮਾਨਵ-ਵਿਗਿਆਨੀ ਨੇ ਕਿਹਾ: ‘ਲੋਕ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਜਾਂ ਦੁੱਖਾਂ ਤੋਂ ਬਚਣ ਲਈ ਰਸਮਾਂ-ਰੀਤਾਂ ਨਿਭਾਉਂਦੇ ਹਨ। ਕੁਝ ਲੋਕ ਵਹਿਮਾਂ-ਭਰਮਾਂ ਨੂੰ ਝੂਠ ਕਹਿੰਦੇ ਹੋਏ ਵੀ ਆਪਣੀ ਤਸੱਲੀ ਲਈ ਇਹੋ ਜਿਹੀਆਂ ਰੀਤਾਂ ਪੂਰੀਆਂ ਕਰਦੇ ਹਨ।’ ਲੇਕਿਨ ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ, ‘ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?’

ਵਹਿਮਾਂ-ਭਰਮਾਂ ਦੀ ਜੜ੍ਹ

ਲੰਮੇ ਸਮੇਂ ਤੋਂ ਮਨੁੱਖ ਡਰ ਦੇ ਸਾਏ ਹੇਠ ਜੀ ਰਹੇ ਹਨ। ਮਿਸਾਲ ਲਈ ਕਈ ਲੋਕਾਂ ਨੂੰ ਮੌਤ ਦਾ ਡਰ ਹੈ। ਕਈਆਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਵੇਗਾ। ਤੇ ਕਈਆਂ ਨੂੰ ਇਹ ਵੀ ਫ਼ਿਕਰ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਪਰਮੇਸ਼ੁਰ ਦਾ ਵਿਰੋਧੀ ਸ਼ਤਾਨ ਲੋਕਾਂ ਨੂੰ ਆਪਣੇ ਗ਼ੁਲਾਮ ਬਣਾਉਣ ਤੇ ਤੁਲਿਆ ਹੋਇਆ ਹੈ। ਉਹ ਝੂਠ ਦੇ ਸਹਾਰੇ ਉਨ੍ਹਾਂ ਦੇ ਡਰ ਦਾ ਫ਼ਾਇਦਾ ਉਠਾਉਂਦਾ ਹੈ। (ਯੂਹੰਨਾ 8:44; ਪਰਕਾਸ਼ ਦੀ ਪੋਥੀ 12:9) ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦੇ ਜਤਨਾਂ ਵਿਚ ਸ਼ਤਾਨ ਇਕੱਲਾ ਨਹੀਂ ਹੈ। ਬਾਈਬਲ ਵਿਚ ਸ਼ਤਾਨ ਨੂੰ “ਭੂਤਾਂ ਦਾ ਸਰਦਾਰ” ਸੱਦਿਆ ਗਿਆ ਹੈ। (ਮੱਤੀ 12:24-27) ਇਹ “ਭੂਤ” ਯਾਨੀ ਦੁਸ਼ਟ ਆਤਮਾਵਾਂ ਕੌਣ ਹਨ? ਪਰਮੇਸ਼ੁਰ ਦੇ ਭਗਤ ਨੂਹ ਦੇ ਸਮੇਂ ਵਿਚ ਕੁਝ ਦੂਤਾਂ ਨੇ ਸ਼ਤਾਨ ਦੇ ਪਿੱਛੇ ਲੱਗ ਕੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ। ਇਸ ਤਰ੍ਹਾਂ ਇਹ ਦੂਤ ਦੁਸ਼ਟ ਬਣ ਗਏ। ਉਸ ਸਮੇਂ ਤੋਂ ਹੀ ਦੁਸ਼ਟ ਆਤਮਾਵਾਂ ਨੇ ਵਹਿਮਾਂ-ਭਰਮਾਂ ਨੂੰ ਵਰਤ ਕੇ ਲੋਕਾਂ ਦੀਆਂ ਸੋਚਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।​—ਉਤਪਤ 6:1, 2; ਲੂਕਾ 8:2, 30; ਯਹੂਦਾਹ 6.

ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਫਸਾਈ ਰੱਖਣ ਲਈ ਸ਼ਤਾਨ ਨੇ ਇਹ ਝੂਠੀ ਸਿੱਖਿਆ ਫੈਲਾਈ ਹੈ ਕਿ ਮੌਤ ਹੋਣ ਤੇ ਦੇਹ ਮਰ ਜਾਂਦੀ ਹੈ ਪਰ ਆਤਮਾ ਜ਼ਿੰਦਾ ਰਹਿੰਦੀ ਹੈ। ਇਸ ਸਿੱਖਿਆ ਅਨੁਸਾਰ ਇਹ ਆਤਮਾਵਾਂ ਵਾਪਸ ਆਣ ਕੇ ਜੀਉਂਦੇ ਇਨਸਾਨਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਲੇਕਿਨ ਬਾਈਬਲ ਦਾ ਕਹਿਣਾ ਹੈ ਕਿ ‘ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਨਾ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।’​—ਉਪਦੇਸ਼ਕ ਦੀ ਪੋਥੀ 9:5, 10.

“ਯਹੋਵਾਹ ਅੱਗੇ ਘਿਣਾਉਣਾ”

ਕਈਆਂ ਇਨਸਾਨਾਂ ਨੇ ਸ਼ਤਾਨ ਦੇ ਝੂਠ ਨੂੰ ਸੱਚ ਮੰਨਿਆ ਹੈ। ਲੇਕਿਨ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਵਹਿਮਾਂ-ਭਰਮਾਂ ਬਾਰੇ ਸਾਫ਼ ਹੁਕਮ ਦਿੱਤਾ ਸੀ। ਉਸ ਦਾ ਬਚਨ ਕਹਿੰਦਾ ਹੈ, ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।’​—ਬਿਵਸਥਾ ਸਾਰ 18:10-12.

ਦੁੱਖ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਹਮੇਸ਼ਾ ਇਸ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ। ਮਿਸਾਲ ਦੇ ਲਈ ਯਸਾਯਾਹ ਦੇ ਸਮੇਂ ਵਿਚ ਇਸਰਾਏਲੀ ਚੰਗੀ ਫ਼ਸਲ ਲਈ “ਪਰਾਲਭਦ ਦੀ ਦੇਵੀ” ਯਾਨੀ ਕਿਸਮਤ ਦੀ ਦੇਵੀ ਅੱਗੇ ਬੇਨਤੀ ਕਰਦੇ ਸਨ। ਇੱਦਾਂ ਦੇ ਵਹਿਮਾਂ-ਭਰਮਾਂ ਵਿਚ ਪੈਣ ਕਰਕੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪਏ। ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਯਹੋਵਾਹ ਨੇ ਉਨ੍ਹਾਂ ਤੋਂ ਮੂੰਹ ਫੇਰ ਲਿਆ ਸੀ।​—ਯਸਾਯਾਹ 65:11, 12.

ਮਸੀਹੀਅਤ ਸਥਾਪਿਤ ਹੋਣ ਤੇ ਵੀ ਵਹਿਮਾਂ-ਭਰਮਾਂ ਬਾਰੇ ਯਹੋਵਾਹ ਦਾ ਨਜ਼ਰੀਆ ਬਦਲਿਆ ਨਹੀਂ। ਉਹ ਅਜੇ ਵੀ ਵਹਿਮਾਂ-ਭਰਮਾਂ ਨਾਲ ਨਫ਼ਰਤ ਕਰਦਾ ਹੈ। ਲੁਸਤ੍ਰਾ ਸ਼ਹਿਰ ਦੇ ਵਹਿਮੀ ਲੋਕਾਂ ਨੂੰ ਪੌਲੁਸ ਰਸੂਲ ਨੇ ਤਾਕੀਦ ਕੀਤੀ: “ਇਨ੍ਹਾਂ ਵਿਰਥੀਆਂ ਗੱਲਾਂ ਤੋਂ ਲਾਂਭੇ ਹੋ ਕੇ ਜੀਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ।”​—ਰਸੂਲਾਂ ਦੇ ਕਰਤੱਬ 14:15.

ਵਹਿਮਾਂ-ਭਰਮਾਂ ਤੋਂ ਛੁਟਕਾਰਾ

ਲੋਕ ਕਈ ਤਰ੍ਹਾਂ ਦੇ ਵਹਿਮ-ਭਰਮ ਕਰਦੇ ਹਨ ਲੇਕਿਨ ਇਹ ਸਾਰੇ ਖੋਖਲੇ ਤੇ ਬੇਬੁਨਿਆਦ ਹਨ। ਕਈ ਵਾਰ ਸਾਡੀ ਜ਼ਿੰਦਗੀ ਵਿਚ ਸਾਡੀਆਂ ਹੀ ਗ਼ਲਤੀਆਂ ਨਾਲ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਨਾਲ ਸਾਡਾ ਜਾਂ ਹੋਰਨਾਂ ਦਾ ਨੁਕਸਾਨ ਹੁੰਦਾ ਹੈ। ਪਰ ਅਸੀਂ ਆਪਣੀਆਂ ਗ਼ਲਤੀਆਂ ਨੂੰ ਕਬੂਲ ਕਰਨ ਦੀ ਬਜਾਇ ਉਨ੍ਹਾਂ ਨੂੰ ਰੱਬ ਦੀ ਕਰਨੀ ਕਹਿ ਕੇ ਆਪਣੇ ਵੱਲੋਂ ਵਰਤੀ ਗਈ ਲਾਪਰਵਾਹੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ।

ਪਰ ਖ਼ੁਸ਼ੀ ਦੀ ਗੱਲ ਹੈ ਕਿ ਕਈ ਲੋਕ ਵਹਿਮਾਂ-ਭਰਮਾਂ ਤੋਂ ਆਜ਼ਾਦ ਹੋਏ ਹਨ। ਯਿਸੂ ਨੇ ਕਿਹਾ ਸੀ ਕਿ ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਬ੍ਰਾਜ਼ੀਲ ਦੀ ਰਹਿਣ ਵਾਲੀ ਕਲੈਮੰਟੀਨਾ 25 ਸਾਲਾਂ ਤੋਂ ਜੋਤਸ਼-ਵਿੱਦਿਆ ਦੇ ਸਹਾਰੇ ਆਪਣਾ ਗੁਜ਼ਾਰਾ ਤੋਰ ਰਹੀ ਸੀ। ਲੇਕਿਨ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਸੱਚੇ ਗਿਆਨ ਨੇ ਉਸ ਨੂੰ ਵਹਿਮਾਂ-ਭਰਮਾਂ ਤੋਂ ਆਜ਼ਾਦ ਕੀਤਾ। ਜੀ ਹਾਂ, ਲਗਾਤਾਰ ਬਾਈਬਲ ਅਧਿਐਨ ਕਰਨ ਨਾਲ ਅਤੇ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨ ਨਾਲ ਸਾਨੂੰ ਅੰਦਰੂਨੀ ਤਾਕਤ ਮਿਲਦੀ ਹੈ। ਇਸ ਤਰ੍ਹਾਂ ਅਸੀਂ ਠੰਢੇ ਦਿਮਾਗ਼ ਨਾਲ ਸੋਚ ਕੇ ਚੰਗੇ ਫ਼ੈਸਲੇ ਕਰਾਂਗੇ ਜੋ ਨੁਕਸਾਨਦੇਹ ਨਹੀਂ ਹੋਣਗੇ। ਨਤੀਜੇ ਵਜੋਂ ਸਾਡੀਆਂ ਚਿੰਤਾਵਾਂ ਵੀ ਘੱਟ ਜਾਣਗੀਆਂ ਤੇ ਸਾਨੂੰ ਮਨ ਦੀ ਸ਼ਾਂਤੀ ਵੀ ਮਿਲੇਗੀ।​—ਫ਼ਿਲਿੱਪੀਆਂ 4:6, 7, 13.

ਬਾਈਬਲ ਕਹਿੰਦੀ ਹੈ: “ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ? ਅਤੇ ਮਸੀਹ ਦਾ ਬਲਿਆਲ [ਸ਼ਤਾਨ] ਦੇ ਨਾਲ ਕੀ ਮਿਲਾਪ ਹੈ?” ਜੀ ਹਾਂ, ਯਹੋਵਾਹ ਦੇ ਸੱਚੇ ਸੇਵਕਾਂ ਨੂੰ ਵਹਿਮਾਂ-ਭਰਮਾਂ ਤੋਂ ਦੁਰ ਰਹਿਣਾ ਚਾਹੀਦਾ ਹੈ।​—2 ਕੁਰਿੰਥੀਆਂ 6:14-16. (g 08 03)

ਕੀ ਤੁਸੀਂ ਕਦੇ ਸੋਚਿਆ ਹੈ ਕਿ:

ਯਸਾਯਾਹ ਨਬੀ ਦੇ ਦਿਨਾਂ ਵਿਚ ਵਹਿਮੀ ਇਸਰਾਏਲੀ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਣ ਦੀ ਬਜਾਇ ਕਿਸ ਨੂੰ ਪੂਜ ਰਹੇ ਸਨ?​—ਯਸਾਯਾਹ 65:11, 12.

ਲੁਸਤ੍ਰਾ ਦੇ ਵਹਿਮੀ ਲੋਕਾਂ ਲਈ ਪੌਲੁਸ ਰਸੂਲ ਦੀ ਕੀ ਸਲਾਹ ਸੀ?​—ਰਸੂਲਾਂ ਦੇ ਕਰਤੱਬ 14:15.

ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?​—2 ਕੁਰਿੰਥੀਆਂ 6:14-16.