Skip to content

Skip to table of contents

ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?

ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?

ਨੌਜਵਾਨ ਪੁੱਛਦੇ ਹਨ . . .

ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?

“ਮੈਂ ਸਕੂਲ ਵਿਚ ਆਪਣੀਆਂ ਸਹੇਲੀਆਂ ਵਰਗੀ ਬਣਨਾ ਚਾਹੁੰਦੀ ਸੀ। ਸ਼ਾਇਦ ਇਸੇ ਕਰਕੇ ਮੈਨੂੰ ਗਾਲ ਕੱਢਣ ਦੀ ਆਦਤ ਪੈ ਗਈ।”​—ਮੰਜੂ। *

“ਮੈਂ ਨਹੀਂ ਮੰਨਦਾ ਸੀ ਕਿ ਗਾਲ ਕੱਢਣੀ ਕੋਈ ਵੱਡੀ ਗੱਲ ਹੈ। ਸਕੂਲੇ ਸਾਰੇ ਗਾਲਾਂ ਕੱਢਦੇ ਸਨ ਤੇ ਘਰ ਵਿਚ ਵੀ ਮੈਂ ਗਾਲਾਂ ਸੁਣਨ ਦਾ ਆਦੀ ਸਾਂ।”​—ਦਲਜੀਤ।

ਇੱਦਾਂ ਕਿਉਂ ਹੈ ਕਿ ਜਦ ਵੱਡੇ ਗਾਲਾਂ ਕੱਢਦੇ ਹਨ, ਤਾਂ ਅਕਸਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਜਦ ਛੋਟੇ ਇਸ ਤਰ੍ਹਾਂ ਕਰਦੇ ਹਨ, ਤਾਂ ਸਾਰੇ ਬੁਰਾ ਮੰਨਦੇ ਹਨ? ਕੀ ਗਾਲਾਂ ਕੱਢਣ ਲਈ ਸਾਨੂੰ ਕਿਸੇ ਉਮਰ ਦੇ ਹੋਣਾ ਚਾਹੀਦਾ ਹੈ? ਜੇ ਇੰਨੇ ਸਾਰੇ ਲੋਕ ਗੰਦੀਆਂ-ਮੰਦੀਆਂ ਗੱਲਾਂ ਕਹਿੰਦੇ ਹਨ ਅਤੇ ਵੱਡੇ ਵੀ ਇੱਦਾਂ ਹੀ ਕਰਦੇ ਹਨ, ਤਾਂ ਗਾਲਾਂ ਕੱਢਣ ਵਿਚ ਕੀ ਹਰਜ਼ ਹੈ?

ਗੱਲ-ਗੱਲ ਤੇ ਗਾਲ ਕੱਢਣੀ

ਹਰ ਕੋਈ ਮੰਨਦਾ ਹੈ ਕਿ ਅੱਜ ਗਾਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕੁਝ ਨੌਜਵਾਨ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਸਕੂਲ ਵਿਚ ਸੁਣੀ ਹਰ ਗੰਦੀ ਗੱਲ ਲਈ ਇਕ ਰੁਪਇਆ ਮਿਲੇ, ਤਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਾਂ-ਬਾਪ ਨੂੰ ਸਾਰੀ ਉਮਰ ਨੌਕਰੀ ਕਰਨ ਦੀ ਲੋੜ ਨਹੀਂ ਪਵੇਗੀ। 15 ਸਾਲ ਦੀ ਨੀਨਾ ਕਹਿੰਦੀ ਹੈ: “ਸਕੂਲ ਵਿਚ ਕੁੜੀਆਂ ਗੱਲ-ਗੱਲ ਤੇ ਗਾਲਾਂ ਕੱਢਦੀਆਂ ਹਨ ਜਿਵੇਂ ਉਨ੍ਹਾਂ ਨੂੰ ਗਾਲ ਕੱਢਣ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਨੀ ਆਉਂਦੀ। ਜਦ ਕੋਈ ਪੂਰਾ ਦਿਨ ਗੰਦੀ ਬੋਲੀ ਸੁਣਦਾ ਰਹਿੰਦਾ ਹੈ, ਤਾਂ ਗਾਲਾਂ ਮੱਲੋ-ਮੱਲੀ ਉਹ ਦੇ ਮੂੰਹ ਚੜ੍ਹ ਜਾਂਦੀਆਂ ਹਨ।”

ਕੀ ਤੁਸੀਂ ਵੀ ਨੀਨਾ ਵਾਂਗ ਗੰਦੀ ਬੋਲੀ ਵਰਤਣ ਵਾਲੇ ਲੋਕਾਂ ਨਾਲ ਘਿਰੇ ਹੋਏ ਹੋ? ਕੀ ਤੁਹਾਨੂੰ ਵੀ ਗਾਲਾਂ ਕੱਢਣ ਦੀ ਆਦਤ ਪੈ ਗਈ ਹੈ? * ਦੋ ਮਿੰਟ ਕੱਢ ਕੇ ਜ਼ਰਾ ਸੋਚੋ ਕਿ ਤੁਸੀਂ ਗਾਲਾਂ ਕੱਢਦੇ ਕਿਉਂ ਹੋ। ਇਸ ਕਿਉਂ ਦਾ ਜਵਾਬ ਦੇ ਕੇ ਤੁਸੀਂ ਇਸ ਆਦਤ ਨੂੰ ਤੋੜਨ ਵਿਚ ਕਾਮਯਾਬ ਹੋ ਸਕੋਗੇ।

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਗਲੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।

ਆਮ ਤੌਰ ਤੇ ਤੁਸੀਂ ਕਿਉਂ ਗਾਲਾਂ ਕੱਢਦੇ ਹੋ?

□ ਗੁੱਸਾ ਕੱਢਣ ਲਈ

□ ਆਪਣੇ ਵੱਲ ਧਿਆਨ ਖਿੱਚਣ ਲਈ

□ ਹਾਣੀਆਂ ਵਰਗੇ ਬਣਨ ਲਈ

□ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ

□ ਰੋਹਬ ਜਮਾਉਣ ਲਈ

□ ਕੋਈ ਹੋਰ ਵਜ੍ਹਾ ਕਰਕੇ

ਤੁਸੀਂ ਕਦੋਂ ਜਾਂ ਕਿੱਥੇ ਗੰਦੀ ਬੋਲੀ ਵਰਤਦੇ ਹੋ?

□ ਸਕੂਲੇ

□ ਕੰਮ ਤੇ

□ ਕੰਪਿਊਟਰ ਤੇ ਈ-ਮੇਲ ਜਾਂ ਮੋਬਾਇਲ ਤੇ ਮੈਸਿਜ ਵਿਚ

□ ਇਕੱਲੇ ਹੁੰਦਿਆਂ

ਗਾਲ ਕੱਢਣ ਦਾ ਤੁਹਾਡਾ ਬਹਾਨਾ ਕੀ ਹੈ?

□ ਸਕੂਲੇ ਸਾਰੇ ਕੱਢਦੇ ਹਨ

□ ਮਾਂ-ਬਾਪ ਕੱਢਦੇ ਹਨ

□ ਅਧਿਆਪਕ ਕੱਢਦੇ ਹਨ

□ ਫ਼ਿਲਮਾਂ ਜਾਂ ਟੀ.ਵੀ. ਪ੍ਰੋਗ੍ਰਾਮਾਂ ਵਿਚ ਕੱਢੀਆਂ ਜਾਂਦੀਆਂ ਹਨ

□ ਫਿਰ ਕੀ ਹੋਇਆ​—ਗਾਲਾਂ ਕੱਢਣੀਆਂ ਕੋਈ ਵੱਡੀ ਗੱਲ ਨਹੀਂ

□ ਮੈਂ ਸਿਰਫ਼ ਉਨ੍ਹਾਂ ਸਾਮ੍ਹਣੇ ਗਾਲਾਂ ਕੱਢਦਾ ਹਾਂ ਜੋ ਬੁਰਾ ਨਹੀਂ ਮੰਨਦੇ

□ ਕੋਈ ਹੋਰ ਬਹਾਨਾ

ਸਾਨੂੰ ਇਸ ਬੁਰੀ ਆਦਤ ਤੇ ਕਿਉਂ ਕਾਬੂ ਪਾਉਣਾ ਚਾਹੀਦਾ ਹੈ? ਕੀ ਗਾਲਾਂ ਕੱਢਣੀਆਂ ਬਹੁਤ ਹੀ ਮਾੜੀ ਗੱਲ ਹੈ? ਆਓ ਆਪਾਂ ਕੁਝ ਗੱਲਾਂ ਤੇ ਗੌਰ ਕਰੀਏ।

ਗਾਲਾਂ ਸਿਰਫ਼ ਖਾਲੀ ਸ਼ਬਦ ਹੀ ਨਹੀਂ। ਯਿਸੂ ਨੇ ਕਿਹਾ: ‘ਜੋ ਮਨ ਵਿੱਚ ਭਰਿਆ ਹੋਇਆ ਹੈ ਆਦਮੀ ਦੇ ਮੂੰਹ ਉੱਤੇ ਉਹੋ ਆਉਂਦਾ ਹੈ।’ (ਲੂਕਾ 6:45) ਕੀ ਤੁਸੀਂ ਧਿਆਨ ਦਿੱਤਾ ਕਿ ਸਾਡੀ ਗੱਲ ਤੋਂ ਸਿਰਫ਼ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹਾਂ, ਪਰ ਇਹ ਵੀ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਜੇ ਤੁਸੀਂ ਗੰਦੀ ਬੋਲੀ ਸਿਰਫ਼ ਇਸ ਲਈ ਵਰਤਦੇ ਹੋ ਕਿਉਂਕਿ ਤੁਸੀਂ ਬਾਕੀਆਂ ਦੀ ਨਕਲ ਕਰਨੀ ਚਾਹੁੰਦੇ ਹੋ, ਤਾਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਤੁਸੀਂ ‘ਬਹੁਤਿਆਂ ਦੇ ਮਗਰ ਲੱਗ ਕੇ’ ਇਹ ਕਰਦੇ ਹੋ ਯਾਨੀ ਤੁਸੀਂ ਲਾਈਲੱਗ ਹੋ।​—ਕੂਚ 23:2.

ਗੰਦੀਆਂ ਗਾਲਾਂ ਕੱਢਣ ਨਾਲ ਤੁਹਾਡੇ ਬਾਰੇ ਇਕ ਹੋਰ ਗੱਲ ਵੀ ਜ਼ਾਹਰ ਹੁੰਦੀ ਹੈ। ਭਾਸ਼ਾ ਦੀ ਵਰਤੋ ਦੇ ਮਾਹਰ, ਜੇਮਜ਼ ਓਕੌਂਨਰ ਦਾ ਕਹਿਣਾ ਹੈ: “ਗਾਲਾਂ ਕੱਢਣ ਵਾਲਿਆਂ ਦੀ ਅਕਸਰ ਕਿਸੇ ਨਾਲ ਨਹੀਂ ਬਣਦੀ। ਉਹ ਝਗੜਾਲੂ, ਗੁੱਸੇਖ਼ੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲੇ ਇਨਸਾਨ ਹੁੰਦੇ ਹਨ ਜੋ ਕਦੇ ਖ਼ੁਸ਼ ਨਹੀਂ ਹੁੰਦੇ।” ਮਿਸਾਲ ਲਈ, ਜਿਹੜੇ ਲੋਕ ਉਦੋਂ ਗਾਲਾਂ ਦਾ ਸਹਾਰਾ ਲੈਂਦੇ ਹਨ ਜਦ ਕੰਮ ਉਨ੍ਹਾਂ ਦੇ ਤਰੀਕੇ ਨਾਲ ਨਹੀਂ ਹੁੰਦਾ, ਤਾਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਹਰ ਗੱਲ ਵਿਚ ਆਪਣੀ ਮਰਜ਼ੀ ਪੁਗਾਉਣੀ ਚਾਹੁੰਦੇ ਹਨ। ਉਹ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਜਾਂ ਗ਼ਲਤੀਆਂ ਸਹਾਰ ਨਹੀਂ ਸਕਦੇ ਤੇ ਛੋਟੀ-ਛੋਟੀ ਗੱਲ ਤੇ ਭੜਕ ਉੱਠਦੇ ਹਨ। ਜੇਮਜ਼ ਓਕੌਂਨਰ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਗਾਲਾਂ ਨਹੀਂ ਕੱਢਦੇ ‘ਉਹ ਅਕਸਰ ਸ਼ਾਂਤ ਸੁਭਾਅ ਵਾਲੇ ਸਿਆਣੇ ਲੋਕ ਹੁੰਦੇ ਹਨ ਜੋ ਰੋਜ਼ਮੱਰਾ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰ ਪਾਉਂਦੇ ਹਨ।’ ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?

ਗਾਲਾਂ ਕਰਦੀਆਂ ਤੁਹਾਡੀ ਬੇਇੱਜ਼ਤੀ। ਹੋਰਨਾਂ ਨੌਜਵਾਨਾਂ ਵਾਂਗ ਸ਼ਾਇਦ ਤੁਸੀਂ ਵੀ ਦੂਜਿਆਂ ਤੇ ਚੰਗਾ ਪ੍ਰਭਾਵ ਪਾਉਣ ਲਈ ਆਪਣੀ ਸ਼ਕਲ-ਸੂਰਤ ਵੱਲ ਕਾਫ਼ੀ ਧਿਆਨ ਦਿੰਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਕਲ-ਸੂਰਤ ਨਾਲੋਂ ਤੁਹਾਡੀ ਬੋਲੀ ਦਾ ਦੂਜਿਆਂ ਤੇ ਇਸ ਤੋਂ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ? ਸੱਚ ਤਾਂ ਇਹ ਹੈ ਕਿ ਤੁਹਾਡੀ ਜ਼ਬਾਨ ਤੋਂ ਲੋਕ ਇਹ ਤੈਅ ਕਰਦੇ ਹਨ ਕਿ ਉਹ

ਤੁਹਾਡੇ ਨਾਲ ਦੋਸਤੀ ਪਾਉਣਗੇ ਕਿ ਨਹੀਂ।

ਤੁਹਾਨੂੰ ਨੌਕਰੀ ਤੇ ਰੱਖਣਗੇ ਕਿ ਨਹੀਂ।

ਤੁਹਾਡੀ ਕਿੰਨੀ ਕੁ ਇੱਜ਼ਤ ਕਰਨਗੇ।

ਇਹ ਸੱਚ ਹੈ ਕਿ ਜੇ ਕਿਸੇ ਨੇ ਸਾਨੂੰ ਦੇਖ ਕੇ ਸਾਡੇ ਬਾਰੇ ਕੁਝ ਚੰਗਾ ਕਿਹਾ ਵੀ ਹੋਵੇ, ਤਾਂ ਸਾਡੇ ਮੂੰਹ ਖੋਲ੍ਹਦਿਆਂ ਸਾਰ ਉਹ ਆਪਣੀ ਰਾਇ ਬਦਲ ਲੈਣਗੇ। ਜੇਮਜ਼ ਓਕੌਂਨਰ ਕਹਿੰਦਾ ਹੈ: “ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੀ ਗੰਦੀ ਜ਼ਬਾਨ ਕਾਰਨ ਤੁਸੀਂ ਕਿੰਨੀਆਂ ਦੋਸਤੀਆਂ ਪਾਉਣ ਦੇ ਮੌਕੇ ਹੱਥੋਂ ਖੋਹ ਦਿੰਦੇ ਹੋ ਜਾਂ ਕਿੰਨਿਆਂ ਦੇ ਦਿਲਾਂ ਵਿਚ ਤੁਹਾਡੇ ਲਈ ਇੱਜ਼ਤ-ਮਾਣ ਘੱਟ ਜਾਂਦਾ ਹੈ।” ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਇਹੋ ਕਿ ਗੰਦੀ ਬੋਲੀ ਵਰਤਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ।

ਗਾਲ ਕੱਢ ਕੇ ਅਸੀਂ ਆਪਣੇ ਸਿਰਜਣਹਾਰ ਦਾ ਅਪਮਾਨ ਕਰਦੇ ਹਾਂ। ਫ਼ਰਜ਼ ਕਰੋ ਕਿ ਤੁਸੀਂ ਆਪਣੇ ਦੋਸਤ ਨੂੰ ਕਮੀਜ਼ ਜਾਂ ਸੂਟ ਤੋਹਫ਼ੇ ਵਜੋਂ ਦਿੰਦੇ ਹੋ। ਜੇ ਤੁਸੀਂ ਆਪਣੇ ਦੋਸਤ ਨੂੰ ਉਸ ਕੱਪੜੇ ਨਾਲ ਪੋਚਾ ਫੇਰਦੇ ਜਾਂ ਪੈਰਾਂ ਹੇਠ ਮਧੋਲ਼ਦਿਆਂ ਦੇਖੋ, ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਹੁਣ ਜ਼ਰਾ ਸੋਚੋ ਕਿ ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਕਿਵੇਂ ਮਹਿਸੂਸ ਕਰਦਾ ਹੋਵੇਗਾ ਜਦ ਅਸੀਂ ਉਸ ਤੋਂ ਮਿਲੀ ਦਾਤ ਯਾਨੀ ਸਾਡੀ ਜ਼ਬਾਨ ਨੂੰ ਗਾਲ ਕੱਢਣ ਲਈ ਵਰਤਦੇ ਹਾਂ। ਬਾਈਬਲ ਵਿਚ ਕਿਹਾ ਗਿਆ ਹੈ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।”​—ਅਫ਼ਸੀਆਂ 4:31.

ਇਸ ਲੇਖ ਵਿਚ ਜੋ ਗੱਲਾਂ ਦੱਸੀਆਂ ਗਈਆਂ ਹਨ ਉਨ੍ਹਾਂ ਨੂੰ ਪੜ੍ਹ ਕੇ ਅਸੀਂ ਦੇਖ ਸਕਦੇ ਹਾਂ ਕਿ ਗਾਲਾਂ ਨਾ ਕੱਢਣ ਦੇ ਵਧੀਆ ਕਾਰਨ ਹਨ। ਪਰ ਜੇ ਗਾਲ ਕੱਢਣ ਦੀ ਤੁਹਾਡੀ ਆਦਤ ਪੱਕ ਚੁੱਕੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

ਪਹਿਲਾ ਕਦਮ: ਤੁਹਾਨੂੰ ਇਹ ਗੱਲ ਪਛਾਣਨ ਦੀ ਲੋੜ ਹੈ ਕਿ ਤੁਹਾਨੂੰ ਆਪਣੀ ਜ਼ਬਾਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਤੁਸੀਂ ਉੱਨਾ ਚਿਰ ਗੰਦੀ ਬੋਲੀ ਵਰਤੀ ਜਾਓਗੇ ਜਿੰਨਾ ਚਿਰ ਤੁਸੀਂ ਇਹ ਨਹੀਂ ਸਮਝਦੇ ਕਿ ਸੁਧਾਰ ਲਿਆਉਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ। ਇੱਥੇ ਦੱਸੇ ਕਿਹੜੇ ਕਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਗਾਲ ਕੱਢਣ ਤੋਂ ਰੋਕਣਾ ਚਾਹੁੰਦੇ ਹੋ?

□ ਸਿਰਜਣਹਾਰ ਨੂੰ ਖ਼ੁਸ਼ ਕਰਨ ਲਈ

□ ਦੂਜਿਆਂ ਤੋਂ ਇੱਜ਼ਤ-ਮਾਣ ਪਾਉਣ ਲਈ

□ ਆਪਣੀ ਭਾਸ਼ਾ ਨੂੰ ਬਿਹਤਰ ਬਣਾਉਣ ਲਈ

□ ਬਿਹਤਰ ਇਨਸਾਨ ਬਣਨ ਲਈ

ਦੂਜਾ ਕਦਮ: ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਉਂ ਗਾਲਾਂ ਕੱਢਦੇ ਹੋ। ਮੰਜੂ ਕਹਿੰਦੀ ਹੈ: “ਗਾਲ ਕੱਢ ਕੇ ਮੈਂ ਆਪਣੇ ਆਪ ਨੂੰ ਹਿੰਮਤ ਵਾਲੀ ਸਮਝਦੀ ਸੀ। ਮੈਂ ਨਹੀਂ ਸੀ ਚਾਹੁੰਦੀ ਕਿ ਕੋਈ ਮੈਨੂੰ ਕਮਜ਼ੋਰ ਸਮਝ ਕੇ ਮੇਰੇ ਤੇ ਰੋਹਬ ਜਮਾਵੇ। ਮੈਂ ਦੂਜਿਆਂ ਤੇ ਉਸੇ ਤਰ੍ਹਾਂ ਰੋਹਬ ਜਮਾਉਣਾ ਚਾਹੁੰਦੀ ਸੀ ਜਿਸ ਤਰ੍ਹਾਂ ਮੇਰੀਆਂ ਸਹੇਲੀਆਂ ਜਮਾਉਂਦੀਆਂ ਸਨ।”

ਤੁਹਾਡੇ ਬਾਰੇ ਕੀ? ਤੁਸੀਂ ਕਿਉਂ ਗਾਲਾਂ ਕੱਢਦੇ ਹੋ? ਜੇ ਤੁਸੀਂ ਇਹ ਗੱਲ ਸਮਝ ਲਵੋ, ਤਾਂ ਫਿਰ ਤੁਸੀਂ ਇਸ ਮਸਲੇ ਨੂੰ ਸੁਲਝਾ ਸਕਦੇ ਹੋ। ਮਿਸਾਲ ਲਈ, ਜੇ ਤੁਸੀਂ ਸਿਰਫ਼ ਇਸ ਕਰਕੇ ਗੰਦੀ ਬੋਲੀ ਵਰਤਦੇ ਹੋ ਕਿਉਂਕਿ ਬਾਕੀ ਸਾਰੇ ਇਸੇ ਤਰ੍ਹਾਂ ਕਰਦੇ ਹਨ, ਤਾਂ ਤੁਹਾਨੂੰ ਖ਼ੁਦ ਆਪਣੀ ਇੱਜ਼ਤ ਕਰਨੀ ਸਿੱਖਣੀ ਚਾਹੀਦੀ ਹੈ। ਬਚਪਣਾ ਛੱਡਣ ਲਈ ਆਪਣੇ ਅਸੂਲਾਂ ਦੇ ਪੱਕੇ ਰਹਿਣਾ ਤੇ ਸਵੈ-ਮਾਣ ਰੱਖਣਾ ਜ਼ਰੂਰੀ ਹੈ। ਇਸ ਤਰ੍ਹਾਂ ਕਰ ਕੇ ਹੀ ਤੁਸੀਂ ਗਾਲ ਕੱਢਣ ਦੀ ਮਾੜੀ ਆਦਤ ਛੱਡ ਸਕੋਗੇ।

ਤੀਜਾ ਕਦਮ: ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਦੇ ਹੋਰ ਤਰੀਕੇ ਭਾਲੋ। ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਣਾ ਕਾਫ਼ੀ ਨਹੀਂ ਹੈ। ਇਸ ਮਾੜੀ ਆਦਤ ਨੂੰ ਬਦਲਣ ਲਈ “ਨਵੀਂ ਇਨਸਾਨੀਅਤ” ਨੂੰ ਪਹਿਨਣਾ ਜ਼ਰੂਰੀ ਹੈ। (ਅਫ਼ਸੀਆਂ 4:22-24) ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਕੰਟ੍ਰੋਲ ਵਿਚ ਰੱਖ ਸਕੋਗੇ। ਇਸ ਤੋਂ ਇਲਾਵਾ ਤੁਸੀਂ ਆਪਣੀ ਤੇ ਹੋਰਨਾਂ ਦੀ ਵੀ ਇੱਜ਼ਤ ਕਰਨੀ ਸਿੱਖੋਗੇ।

ਬਾਈਬਲ ਤੋਂ ਹੇਠ ਦਿੱਤੀਆਂ ਗਈਆਂ ਆਇਤਾਂ ਨਾਲ ਨਵੀਂ ਇਨਸਾਨੀਅਤ ਪਹਿਨਣ ਤੇ ਪਹਿਨੀ ਰੱਖਣ ਵਿਚ ਤੁਹਾਡੀ ਮਦਦ ਹੋਵੇਗੀ।

ਕੁਲੁੱਸੀਆਂ 3:2: “ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ।”

ਸਬਕ: ਆਪਣਾ ਮਨ ਸ਼ੁੱਧ ਤੇ ਸੁੱਚੀਆਂ ਗੱਲਾਂ ਤੇ ਲਾਓ। ਤੁਹਾਡੀਆਂ ਸੋਚਾਂ ਦਾ ਤੁਹਾਡੀ ਬੋਲੀ ਤੇ ਪ੍ਰਭਾਵ ਪੈਂਦਾ ਹੈ।

ਕਹਾਉਤਾਂ 13:20: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”

ਸਬਕ: ਜੇ ਤੁਹਾਡੇ ਦੋਸਤ-ਮਿੱਤਰ ਗਾਲਾਂ ਕੱਢਦੇ ਹਨ, ਤਾਂ ਅਜਿਹੀ ਗੰਦੀ ਬੋਲੀ ਤੁਹਾਡੇ ਮੂੰਹ ਵੀ ਚੜ੍ਹ ਜਾਵੇਗੀ।

ਜ਼ਬੂਰਾਂ ਦੀ ਪੋਥੀ 19:14: “ਹੇ ਯਹੋਵਾਹ, . . . ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।”

ਸਬਕ: ਯਹੋਵਾਹ ਨੇ ਸਾਨੂੰ ਬੋਲਣ ਦੀ ਦਾਤ ਦਿੱਤੀ ਹੈ ਤੇ ਉਹ ਦੇਖਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਵਰਤਦੇ ਹਾਂ।

ਜੇ ਤੁਹਾਨੂੰ ਹੋਰ ਮਦਦ ਦੀ ਲੋੜ ਹੈ, ਤਾਂ ਉੱਪਰ ਦਿੱਤੇ ਗਏ ਚਾਰਟ ਤੇ ਲਿਖੋ ਕਿ ਤੁਸੀਂ ਕਿੰਨੀ ਵਾਰ ਗਾਲ ਕੱਢੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਕਿੰਨੀ ਜਲਦੀ ਆਪਣੀ ਬੋਲੀ ਨੂੰ ਸੁਧਾਰ ਪਾਓਗੇ! (g 08 03)

“ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 8 ਰੱਬ ਦੀ ਭਗਤੀ ਕਰਨ ਵਾਲਿਆਂ ਨੂੰ ਗਾਲਾਂ ਕੱਢਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ।” “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ।”​—ਅਫ਼ਸੀਆਂ 4:29; ਕੁਲੁੱਸੀਆਂ 4:6.

ਇਸ ਬਾਰੇ ਸੋਚੋ

ਤੁਹਾਡੀ ਗੰਦੀ ਬੋਲੀ ਕਾਰਨ

ਕਿਹੋ ਜਿਹੇ ਲੋਕ ਤੁਹਾਡੇ ਨਾਲ ਦੋਸਤੀ ਕਰਨਗੇ?

ਕੀ ਤੁਸੀਂ ਨੌਕਰੀ ਲੱਭ ਪਾਓਗੇ?

ਦੂਜੇ ਤੁਹਾਡੇ ਬਾਰੇ ਕੀ ਸੋਚਣਗੇ?

[ਸਫ਼ਾ 21 ਉੱਤੇ ਚਾਰਟ]

ਦੇਖੋ ਤੁਸੀਂ ਕਿੰਨੀ ਕੁ ਤਰੱਕੀ ਕੀਤੀ ਹੈ

ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ

ਪਹਿਲਾ ਹਫ਼ਤਾ ․․․․․․ ․․․․․․․ ․․․․․․․․․ ․․․․․․․․ ․․․․․․ ․․․․․․․․ ․․․․․․

ਦੂਜਾ ਹਫ਼ਤਾ ․․․․․․ ․․․․․․․ ․․․․․․․․․ ․․․․․․․․ ․․․․․․ ․․․․․․․․ ․․․․․․

ਤੀਜਾ ਹਫ਼ਤਾ ․․․․․․ ․․․․․․․ ․․․․․․․․․ ․․․․․․․․ ․․․․․․ ․․․․․․․․ ․․․․․․

ਚੌਥਾ ਹਫ਼ਤਾ ․․․․․․ ․․․․․․․ ․․․․․․․․․ ․․․․․․․․ ․․․․․․ ․․․․․․․․ ․․․․․․

[ਸਫ਼ਾ 20 ਉੱਤੇ ਤਸਵੀਰ]

ਤੁਸੀਂ ਇਕ ਕੀਮਤੀ ਤੋਹਫ਼ੇ ਦੀ ਦੁਰਵਰਤੋਂ ਨਹੀਂ ਕਰੋਗੇ। ਤਾਂ ਫਿਰ ਤੁਸੀਂ ਬੋਲਣ ਦੀ ਦਾਤ ਨੂੰ ਕਿਉਂ ਗੰਦੀ ਕਰਨੀ ਚਾਹੋਗੇ?