Skip to content

Skip to table of contents

“ਜਦੋਂ ਦਿਨੇ ਰਾਤ ਪੈ ਗਈ”

“ਜਦੋਂ ਦਿਨੇ ਰਾਤ ਪੈ ਗਈ”

“ਜਦੋਂ ਦਿਨੇ ਰਾਤ ਪੈ ਗਈ”

ਬੇਨਿਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

“ਵਾਹ! ਲੱਖਾਂ ਲੋਕ ਸੂਰਜ ਗ੍ਰਹਿਣ ਦੇਖ ਕੇ ਹੈਰਾਨ ਰਹਿ ਗਏ।” ਇਹ ਸੀ ਘਾਨਾ ਦੀ ਅਖ਼ਬਾਰ ਡੇਲੀ ਗ੍ਰਾਫਿਕ ਦੀ ਸੁਰਖੀ ਜੋ 29 ਮਾਰਚ 2006 ਨੂੰ ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਛਪੀ ਸੀ। ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਬ੍ਰਾਜ਼ੀਲ ਦੇ ਪੂਰਬੀ ਹਿੱਸੇ ਵਿਚ ਦਿਖਾਈ ਦਿੱਤਾ। ਫਿਰ ਇਹ 1,600 ਕਿਲੋਮੀਟਰ ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਅੰਧਮਹਾਂਸਾਗਰ ਤੋਂ ਪਾਰ ਅਫ਼ਰੀਕਾ ਦੇ ਤਟਵਰਤੀ ਦੇਸ਼ਾਂ ਘਾਨਾ, ਟੋਗੋ ਅਤੇ ਬੇਨਿਨ ਵੱਲ ਵਧਿਆ। ਉੱਥੇ ਸੂਰਜ ਗ੍ਰਹਿਣ ਸਵੇਰੇ 8 ਵਜੇ ਦਿਖਾਈ ਦਿੱਤਾ। ਪੱਛਮੀ ਅਫ਼ਰੀਕਾ ਵਿਚ ਸੂਰਜ ਗ੍ਰਹਿਣ ਕਿੱਦਾਂ ਦਾ ਵਿਖਾਈ ਦਿੱਤਾ?

ਘਾਨਾ ਵਿਚ ਪਿਛਲੀ ਵਾਰ ਪੂਰਣ ਸੂਰਜ ਗ੍ਰਹਿਣ 1947 ਵਿਚ ਵਿਖਾਈ ਦਿੱਤਾ ਸੀ। ਥੀਓਡੋਰ ਨਾਂ ਦਾ ਵਿਅਕਤੀ ਉਸ ਵੇਲੇ 27 ਸਾਲਾਂ ਦਾ ਸੀ। ਉਸ ਸਮੇਂ ਲੱਗੇ ਗ੍ਰਹਿਣ ਬਾਰੇ ਉਹ ਦੱਸਦਾ ਹੈ: “ਉਦੋਂ ਬਹੁਤ ਸਾਰਿਆਂ ਨੇ ਸੂਰਜ ਗ੍ਰਹਿਣ ਕਦੇ ਨਹੀਂ ਦੇਖਿਆ ਸੀ, ਇਸ ਕਰਕੇ ਕੋਈ ਨਹੀਂ ਜਾਣਦਾ ਸੀ ਕਿ ਕੀ ਹੋ ਰਿਹਾ ਸੀ। ਇਸ ਕਰਕੇ ਲੋਕਾਂ ਨੇ ਇਸ ਕੁਦਰਤੀ ਘਟਨਾ ਨੂੰ ਇਹ ਨਾਂ ਦਿੱਤਾ ‘ਜਦੋਂ ਦਿਨੇ ਰਾਤ ਪੈ ਗਈ।’”

ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈਆਂ ਗਈਆਂ ਮੁਹਿੰਮਾਂ

ਸੂਰਜ ਗ੍ਰਹਿਣ ਦੌਰਾਨ ਨੰਗੀਆਂ ਅੱਖਾਂ ਨਾਲ ਸੂਰਜ ਦੇਖਣ ਦੇ ਖ਼ਤਰਿਆਂ ਤੋਂ ਖ਼ਬਰਦਾਰ ਕਰਨ ਲਈ ਸਰਕਾਰੀ ਅਧਿਕਾਰੀਆਂ ਨੇ ਕਈ ਮੁਹਿੰਮਾਂ ਚਲਾਈਆਂ। ਟੋਗੋ ਵਿਚ ਸੋਹਣੇ-ਸੋਹਣੇ ਪੋਸਟਰਾਂ ਉੱਤੇ ਨਸੀਹਤ ਦਿੱਤੀ ਗਈ ਸੀ: “ਆਪਣੀਆਂ ਅੱਖਾਂ ਬਚਾ ਕੇ ਰੱਖੋ! ਤੁਹਾਡੀ ਨਜ਼ਰ ਵੀ ਜਾ ਸਕਦੀ ਹੈ!”

ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਰਜ ਗ੍ਰਹਿਣ ਦੇਖਣ ਦੇ ਦੋ ਤਰੀਕੇ ਦੱਸੇ। ਪਹਿਲਾ, ਘਰੇ ਬੈਠ ਕੇ ਟੈਲੀਵਿਯਨ ਉੱਤੇ ਸੂਰਜ ਗ੍ਰਹਿਣ ਦੇਖਣ ਦਾ ਮਜ਼ਾ ਲਵੋ। ਦੂਜਾ, ਜੇ ਬਾਹਰ ਜਾ ਕੇ ਦੇਖਣਾ ਹੈ, ਤਾਂ ਖ਼ਾਸ ਐਨਕਾਂ ਲਾ ਕੇ ਦੇਖੋ। ਲੱਖਾਂ ਲੋਕਾਂ ਨੇ ਟੈਲੀਵਿਯਨ ਤੇ ਕੰਪਿਊਟਰ ਉੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਪਰ ਬਾਹਰ ਜਾ ਕੇ ਗ੍ਰਹਿਣ ਦੇਖਣ ਦਾ ਆਪਣਾ ਹੀ ਮਜ਼ਾ ਸੀ। ਲੋਕ ਗ੍ਰਹਿਣ ਲੱਗਣ ਤੋਂ ਪਹਿਲਾਂ ਤੇ ਦੌਰਾਨ ਜੋਸ਼ ਵਿਚ ਆਏ ਹੋਏ ਸਨ। ਆਓ ਆਪਾਂ ਉਸ ਸਮੇਂ ਦੀ ਕਲਪਨਾ ਕਰੀਏ ਜਦੋਂ ਗ੍ਰਹਿਣ ਲੱਗਾ ਸੀ।

ਉਤਸ਼ਾਹ ਵਧਣਾ

ਆਮ ਵਾਂਗ ਉਸ ਦਿਨ ਵੀ ਸਵੇਰੇ ਸੂਰਜ ਨਿਕਲਿਆ ਤੇ ਆਸਮਾਨ ਸਾਫ਼ ਸੀ। ਇਸ ਲਈ, ਕਈ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉੱਠਿਆ: ਕੀ ਸੂਰਜ ਗ੍ਰਹਿਣ ਸੱਚ-ਮੁੱਚ ਲੱਗੇਗਾ? ਜਿਉਂ-ਜਿਉਂ ਗ੍ਰਹਿਣ ਲੱਗਣ ਦਾ ਸਮਾਂ ਨੇੜੇ ਆਉਣ ਲੱਗਾ, ਤਾਂ ਬਾਹਰ ਖੜ੍ਹੇ ਲੋਕ ਐਨਕਾਂ ਲਾ ਕੇ ਸੂਰਜ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਏ। ਕਈ ਲੋਕ ਦੂਸਰੇ ਇਲਾਕਿਆਂ ਵਿਚ ਰਹਿੰਦੇ ਆਪਣੇ ਦੋਸਤਾਂ-ਮਿੱਤਰਾਂ ਨੂੰ ਮੋਬਾਇਲ ਫ਼ੋਨਾਂ ਰਾਹੀਂ ਪੁੱਛ ਰਹੇ ਸਨ ਕਿ ਉਨ੍ਹਾਂ ਨੇ ਕੀ ਦੇਖਿਆ।

ਧਰਤੀ ਤੋਂ 3,50,000 ਕਿਲੋਮੀਟਰ ਉੱਪਰ ਅੰਬਰਾਂ ਵਿਚ ਚੰਦ ਆਪਣੀ ਚਾਲੇ ਉਸ ਜਗ੍ਹਾ ਵੱਲ ਵਧ ਰਿਹਾ ਸੀ ਜਿੱਥੇ ਸੂਰਜ ਗ੍ਰਹਿਣ ਲੱਗਣਾ ਸੀ। ਪਹਿਲਾਂ-ਪਹਿਲ ਚੰਦ ਨਜ਼ਰ ਨਹੀਂ ਆਇਆ। ਫਿਰ ਇਕਦਮ ਇਹ ਕਾਲੀ ਫਾੜੀ ਵਾਂਗ ਨਜ਼ਰ ਆਇਆ ਤੇ ਇਸ ਨੇ ਸੂਰਜ ਨੂੰ ਢੱਕਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੂੰ ਇਹ ਨਜ਼ਾਰਾ ਦਿੱਸਿਆ, ਤਾਂ ਉਹ ਤਾਂ ਖ਼ੁਸ਼ੀ ਨਾਲ ਨੱਚ ਉੱਠੇ।

ਗ੍ਰਹਿਣ ਲੱਗਣ ਦੇ ਪਹਿਲੇ ਘੰਟੇ ਦੌਰਾਨ ਲੋਕਾਂ ਨੂੰ ਆਪਣੇ ਵਾਤਾਵਰਣ ਵਿਚ ਕੋਈ ਤਬਦੀਲੀ ਨਜ਼ਰ ਨਹੀਂ ਆਈ। ਪਰ ਜਿੱਦਾਂ-ਜਿੱਦਾਂ ਚੰਦ ਸੂਰਜ ਨੂੰ ਢੱਕਦਾ ਗਿਆ, ਤਾਂ ਇਕ ਵਾਤਾਵਰਣ ਵਿਚ ਤਬਦੀਲੀ ਆ ਗਈ। ਨੀਲਾ ਆਕਾਸ਼ ਕਾਲਾ ਪੈਣਾ ਸ਼ੁਰੂ ਹੋ ਗਿਆ। ਤਾਪਮਾਨ ਘਟਣ ਲੱਗਾ। ਹਨੇਰਾ ਹੋਣ ਤੇ ਗਲੀਆਂ ਵਿਚ ਆਟੋਮੈਟਿਕ ਲਾਈਟਾਂ ਜਗ ਪਈਆਂ। ਗਲੀਆਂ ਸੁੰਨਸਾਨ ਹੋ ਗਈਆਂ। ਦੁਕਾਨਾਂ ਬੰਦ ਹੋ ਗਈਆਂ। ਪੰਛੀਆਂ ਨੇ ਚਹਿਕਣਾ ਛੱਡ ਦਿੱਤਾ ਤੇ ਜਾਨਵਰ ਵੀ ਸੌਣ ਦੀ ਤਿਆਰੀ ਕਰਨ ਲੱਗੇ। ਚਾਰੇ ਪਾਸੇ ਹਨੇਰਾ ਛਾ ਗਿਆ। ਫਿਰ ਪੂਰਣ ਸੂਰਜ ਗ੍ਰਹਿਣ ਲੱਗਾ ਤੇ ਸਾਰੇ ਪਾਸੇ ਚੁੱਪ ਪਸਰ ਗਈ।

ਕਦੇ ਨਾ ਭੁੱਲਣ ਵਾਲਾ ਕੁਦਰਤੀ ਨਜ਼ਾਰਾ

ਤਾਰੇ ਟਿਮਟਿਮਾਉਣ ਲੱਗੇ। ਪੂਰਣ ਗ੍ਰਹਿਣ ਦੌਰਾਨ ਚੰਦ ਕਾਲਾ ਹੋ ਗਿਆ ਤੇ ਉਸ ਦੇ ਪਿੱਛੇ ਸੂਰਜ ਦੇ ਚੁਫੇਰੇ ਦਾ ਚਾਨਣ-ਘੇਰਾ ਚਿੱਟੇ ਮੋਤੀਆਂ ਵਾਂਗ ਚਮਕਣ ਲੱਗਾ। ਜਦੋਂ ਸੂਰਜ ਚੰਦ ਉੱਤੇ ਸਥਿਤ ਘਾਟੀਆਂ ਵਿੱਚੋਂ ਦੀ ਝਾਕਿਆ, ਤਾਂ ਸੂਰਜ ਦੀ ਤੇਜ਼ ਰੌਸ਼ਨੀ ਚੰਦ ਦੇ ਬਾਹਰੀ ਘੇਰੇ ਉੱਤੇ ਮਣਕਿਆਂ ਵਾਂਗ ਚਮਕੀ। ਇਨ੍ਹਾਂ ਮਣਕਿਆਂ ਨੂੰ ਬੇਲੀ ਦੇ ਮਣਕੇ * ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸੂਰਜ ਗ੍ਰਹਿਣ ਹੀਰੇ ਦੀ ਮੁੰਦਰੀ ਵਾਂਗ ਨਜ਼ਰ ਆਇਆ। ਫਿਰ ਸੂਰਜ ਦੇ ਚਾਨਣ-ਘੇਰੇ ਦੇ ਥੱਲੇ ਗੁਲਾਬੀ ਤੇ ਜਾਮਣੀ ਰੰਗ ਚਮਕੇ। ਸੂਰਜ ਗ੍ਰਹਿਣ ਦੇਖਣ ਵਾਲੇ ਇਕ ਵਿਅਕਤੀ ਨੇ ਕਿਹਾ: “ਇਹੋ ਜਿਹਾ ਦਿਲਕਸ਼ ਨਜ਼ਾਰਾ ਮੈਂ ਕਦੇ ਨਹੀਂ ਦੇਖਿਆ।”

ਪੂਰਣ ਸੂਰਜ ਗ੍ਰਹਿਣ ਤਕਰੀਬਨ ਤਿੰਨ ਮਿੰਟ ਲੱਗਾ। ਫਿਰ ਸੂਰਜ ਹੌਲੀ-ਹੌਲੀ ਚੰਦ ਦੇ ਪਿੱਛਿਓਂ ਆਉਣ ਲੱਗਾ। ਬਹੁਤ ਸਾਰੇ ਲੋਕਾਂ ਨੇ ਖ਼ੁਸ਼ੀ ਵਿਚ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਆਕਾਸ਼ ਵਿਚ ਫਿਰ ਰੌਸ਼ਨੀ ਹੋ ਗਈ ਤੇ ਤਾਰੇ ਗਾਇਬ ਹੋ ਗਏ। ਰਹੱਸਮਈ ਮਾਹੌਲ ਸਵੇਰ ਦੀ ਧੁੰਦ ਵਾਂਗ ਚੁੱਕਿਆ ਗਿਆ।

ਚੰਦ “ਗਗਣ ਦੀ ਸੱਚੀ ਸਾਖੀ” ਹੈ। ਇਸ ਲਈ ਸਦੀਆਂ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਗ੍ਰਹਿਣ ਕਦੋਂ ਲੱਗਣਗੇ। (ਜ਼ਬੂਰਾਂ ਦੀ ਪੋਥੀ 89:37) ਪੱਛਮੀ ਅਫ਼ਰੀਕਾ ਵਿਚ ਲਗਭਗ 60 ਸਾਲ ਬਾਅਦ ਸੂਰਜ ਗ੍ਰਹਿਣ ਲੱਗਾ। ਉੱਥੇ ਅਗਲਾ ਸੂਰਜ ਗ੍ਰਹਿਣ 2081 ਵਿਚ ਵਿਖਾਈ ਦੇਵੇਗਾ। ਸ਼ਾਇਦ ਤੁਹਾਨੂੰ ਆਪਣੇ ਇਲਾਕੇ ਵਿਚ ਨਾ ਭੁੱਲਣ ਵਾਲਾ ਇਹ ਨਜ਼ਾਰਾ ਜਲਦੀ ਹੀ ਦੇਖਣ ਨੂੰ ਮਿਲੇ। (g 08 03)

[ਫੁਟਨੋਟ]

^ ਪੈਰਾ 13 ਇਸ ਨੂੰ ਬੇਲੀ ਦੇ ਮਣਕੇ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਅੰਗ੍ਰੇਜ਼ ਖਗੋਲ-ਵਿਗਿਆਨੀ ਫ੍ਰਾਂਸਿਸ ਬੇਲੀ ਨੇ 1836 ਵਿਚ ਸੂਰਜ ਗ੍ਰਹਿਣ ਦੌਰਾਨ ਇਨ੍ਹਾਂ ਦੇ ਨਜ਼ਰ ਆਉਣ ਨੂੰ ਰਿਕਾਰਡ ਕੀਤਾ ਸੀ।

[ਸਫ਼ਾ 11 ਉੱਤੇ ਡੱਬੀ/ਤਸਵੀਰ]

ਕੀ ਯਿਸੂ ਦੇ ਮਰਨ ਤੇ ਸੂਰਜ ਗ੍ਰਹਿਣ ਲੱਗਿਆ ਸੀ?

ਮਰਕੁਸ 15:33 ਵਿਚ ਕਿਹਾ ਗਿਆ ਹੈ: “ਜਾਂ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਅਨ੍ਹੇਰਾ ਛਾ ਗਿਆ ਅਰ ਤੀਏ ਪਹਿਰ ਤੀਕ ਰਿਹਾ।” ਇਹ ਹਨੇਰਾ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤਕ ਰਿਹਾ। ਇਹ ਚਮਤਕਾਰੀ ਹਨੇਰਾ ਸੀ। ਇਹ ਹਨੇਰਾ ਸੂਰਜ ਗ੍ਰਹਿਣ ਕਰਕੇ ਨਹੀਂ ਲੱਗਿਆ। ਇਸ ਦੇ ਕੁਝ ਕਾਰਨ ਹਨ। ਇਕ ਤਾਂ ਇਹ ਕਿ ਧਰਤੀ ਉੱਤੇ ਕਿਸੇ ਵੀ ਥਾਂ ਤੇ ਸੂਰਜ ਗ੍ਰਹਿਣ ਜ਼ਿਆਦਾ ਤੋਂ ਜ਼ਿਆਦਾ ਸਾਢੇ ਸੱਤ ਮਿੰਟ ਲੰਬਾ ਹੋ ਸਕਦਾ ਹੈ। ਦੂਸਰਾ, ਯਿਸੂ ਚੰਦਰ ਕਲੰਡਰ ਮੁਤਾਬਕ ਨੀਸਾਨ ਮਹੀਨੇ ਦੀ 14 ਤਾਰੀਖ਼ ਨੂੰ ਮਰਿਆ ਸੀ। ਦਰਅਸਲ, ਨੀਸਾਨ ਮਹੀਨਾ ਨਵੇਂ ਚੰਦ ਦੇ ਨਜ਼ਰ ਆਉਣ ਨਾਲ ਸ਼ੁਰੂ ਹੁੰਦਾ ਹੈ। ਉਸ ਵੇਲੇ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ, ਇਸ ਕਰਕੇ ਸੂਰਜ ਗ੍ਰਹਿਣ ਲੱਗ ਸਕਦਾ ਹੈ। ਪਰ 14 ਨੀਸਾਨ ਤਕ ਚੰਦ ਧਰਤੀ ਦੁਆਲੇ ਆਪਣਾ ਅੱਧਾ ਚੱਕਰ ਪੂਰਾ ਕਰ ਚੁੱਕਾ ਹੁੰਦਾ ਹੈ। ਉਸ ਵੇਲੇ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਹੁੰਦੀ ਹੈ। ਇਹ ਸੂਰਜ ਦੀ ਰੌਸ਼ਨੀ ਨੂੰ ਰੋਕਣ ਦੀ ਬਜਾਇ ਉਸ ਨੂੰ ਪੂਰੀ ਤਰ੍ਹਾਂ ਪ੍ਰਤਿਬਿੰਬਤ ਕਰਦੀ ਹੈ। ਇਸ ਲਈ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੀ ਰਾਤ ਪੂਰਾ ਚੰਦ ਨਜ਼ਰ ਆਉਂਦਾ ਹੈ।

[ਤਸਵੀਰ]

ਜਦੋਂ ਪੂਰਾ ਚੰਦ ਹੁੰਦਾ ਹੈ, ਤਾਂ 14 ਨੀਸਾਨ ਸ਼ੁਰੂ ਹੁੰਦਾ ਹੈ

[ਸਫ਼ਾ 10, 11 ਉੱਤੇ ਡਾਇਆਗ੍ਰਾਮ/ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸੂਰਜ ਗ੍ਰਹਿਣ ਦਾ ਰਾਹ

⇧ ਅਫ਼ਰੀਕਾ

ਬੇਨਿਨ ●

ਟੋਗੋ ●

ਘਾਨਾ ●

[ਕ੍ਰੈਡਿਟ ਲਾਈਨ]

Map: Based on NASA/Visible Earth imagery

[ਸਫ਼ਾ 10 ਉੱਤੇ ਤਸਵੀਰ]

29 ਮਾਰਚ 2006 ਨੂੰ ਨਜ਼ਰ ਆਇਆ ਪੂਰਣ ਸੂਰਜ ਗ੍ਰਹਿਣ

[ਸਫ਼ਾ 10 ਉੱਤੇ ਤਸਵੀਰ]

ਲੋਕਾਂ ਨੇ ਸੂਰਜ ਗ੍ਰਹਿਣ ਦੇਖਣ ਲਈ ਖ਼ਾਸ ਐਨਕਾਂ ਇਸਤੇਮਾਲ ਕੀਤੀਆਂ