Skip to content

Skip to table of contents

ਨੌਜਵਾਨ ਪੁੱਛਦੇ ਹਨ . . .

ਬੀਮਾਰੀ ਦੇ ਬਾਵਜੂਦ ਮੈਂ ਹੌਸਲਾ ਕਿਵੇਂ ਰੱਖ ਸਕਦਾ ਹਾਂ?

ਬੀਮਾਰੀ ਦੇ ਬਾਵਜੂਦ ਮੈਂ ਹੌਸਲਾ ਕਿਵੇਂ ਰੱਖ ਸਕਦਾ ਹਾਂ?

“ਜੁ ਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ।” (ਕਹਾਉਤਾਂ 20:29) ਜੇ ਤੁਸੀਂ ਬੀਮਾਰ ਜਾਂ ਅਪਾਹਜ ਹੋ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਇਹ ਆਇਤ ਤੁਹਾਡੇ ਤੇ ਕਦੇ ਨਹੀਂ ਲਾਗੂ ਹੋ ਸਕਦੀ। ਹੌਸਲਾ ਰੱਖੋ, ਇਹ ਆਇਤ ਤੁਹਾਡੇ ਤੇ ਲਾਗੂ ਹੋ ਸਕਦੀ ਹੈ! ਲੰਮੇ ਸਮੇਂ ਤੋਂ ਬੀਮਾਰ ਹੋਣ ਦੇ ਬਾਵਜੂਦ ਕਈ ਨੌਜਵਾਨਾਂ ਨੇ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਕਾਮਯਾਬੀ ਨਾਲ ਮੁਕਾਬਲਾ ਕੀਤਾ ਹੈ। ਜਾਗਰੂਕ ਬਣੋ! ਰਸਾਲੇ ਦੇ ਸੰਪਾਦਕਾਂ ਨੇ ਇਨ੍ਹਾਂ ਵਿੱਚੋਂ ਚਾਰ ਨੌਜਵਾਨਾਂ ਦੀ ਇੰਟਰਵਿਊ ਲਈ।

ਹਿਰੋਕਿ ਜਪਾਨ ਵਿਚ ਰਹਿੰਦਾ ਹੈ ਤੇ ਜਨਮ ਤੋਂ ਹੀ ਉਹ ਸੇਰੀਬ੍ਰੇਲ ਪਾਲਿਸੀ (ਦਿਮਾਗ਼ੀ ਨੁਕਸ) ਦੀ ਬੀਮਾਰੀ ਦਾ ਸ਼ਿਕਾਰ ਹੈ। ਉਹ ਦੱਸਦਾ ਹੈ: “ਮੇਰੀ ਧੌਣ ਮੇਰੇ ਸਿਰ ਨੂੰ ਸਹਾਰਾ ਨਹੀਂ ਦੇ ਸਕਦੀ ਤੇ ਮੇਰੇ ਹੱਥ ਮੇਰੀ ਮਰਜ਼ੀ ਮੁਤਾਬਕ ਨਹੀਂ ਚੱਲਦੇ। ਹਰ ਕੰਮ ਲਈ ਮੈਨੂੰ ਦੂਸਰਿਆਂ ਦੀ ਮਦਦ ਦੀ ਲੋੜ ਪੈਂਦੀ ਹੈ।”

ਨੈਟਲੀ ਤੇ ਉਸ ਦਾ ਭਰਾ ਜੇਮਜ਼ ਦੱਖਣੀ ਅਫ਼ਰੀਕਾ ਵਿਚ ਰਹਿੰਦੇ ਹਨ। ਉਹ ਦੋਵੇਂ ਬੌਣੇ ਹਨ। ਇਸ ਤੋਂ ਇਲਾਵਾ ਨੈਟਲੀ ਦੀ ਰੀੜ੍ਹ ਦੀ ਹੱਡੀ ਵੀ ਵਿੰਗੀ ਹੈ। ਉਹ ਦੱਸਦੀ ਹੈ: “ਮੇਰੀ ਰੀੜ੍ਹ ਦੀ ਹੱਡੀ ਦੇ ਚਾਰ ਓਪਰੇਸ਼ਨ ਹੋ ਚੁੱਕੇ ਹਨ ਅਤੇ ਹੱਡੀ ਵਿੰਗੀ ਹੋਣ ਕਾਰਨ ਮੇਰੇ ਫੇਫੜੇ ਵੀ ਕਮਜ਼ੋਰ ਹਨ।”

ਟਿਮਥੀ ਬ੍ਰਿਟੇਨ ਦਾ ਰਹਿਣ ਵਾਲਾ ਹੈ। 17 ਸਾਲ ਦੀ ਉਮਰ ਤੇ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਹ ਕ੍ਰੌਨਿਕ ਫ਼ਟੀਗ ਸਿੰਡ੍ਰੋਮ (ਸੀ ਐੱਫ਼ ਐੱਸ) ਦਾ ਰੋਗੀ ਹੈ। ਉਹ ਕਹਿੰਦਾ ਹੈ: “ਕਿੱਥੇ ਮੈਂ ਇੰਨਾ ਸਿਹਤਮੰਦ ਹੁੰਦਾ ਸੀ ਕਿ ਹਰ ਥਾਂ ਨੱਠ-ਭੱਜ ਕੇ ਜਾ ਸਕਦਾ ਸੀ ਤੇ ਕਿੱਥੇ ਦੋ ਮਹੀਨਿਆਂ ਦੇ ਅੰਦਰ-ਅੰਦਰ ਮੈਂ ਇੰਨਾ ਕਮਜ਼ੋਰ ਹੋ ਗਿਆ ਕਿ ਮੇਰੀਆਂ ਲੱਤਾਂ ਮੇਰਾ ਭਾਰ ਸਹਾਰ ਨਹੀਂ ਸਕਦੀਆਂ ਸਨ।”

ਡੈਨਯਲਾ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ ਤੇ 19 ਸਾਲ ਦੀ ਉਮਰ ਵਿਚ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਸ਼ੂਗਰ ਦੀ ਬੀਮਾਰੀ ਹੈ। ਉਹ ਦੱਸਦੀ ਹੈ: “ਕੋਈ ਮੇਰੇ ਵੱਲ ਦੇਖ ਕੇ ਇਹ ਨਹੀਂ ਜਾਣ ਸਕਦਾ ਕਿ ਮੈਨੂੰ ਸ਼ੂਗਰ ਦੀ ਬੀਮਾਰੀ ਹੈ। ਕਈਆਂ ਨੂੰ ਤਾਂ ਪਤਾ ਵੀ ਨਹੀਂ ਕਿ ਇਹ ਬੀਮਾਰੀ ਕਿੰਨੀ ਗੰਭੀਰ ਹੈ। ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ।”

ਜੇਕਰ ਤੁਸੀਂ ਬੀਮਾਰ ਜਾਂ ਅਪਾਹਜ ਹੋ, ਤਾਂ ਤੁਹਾਨੂੰ ਹਿਰੋਕਿ, ਨੈਟਲੀ, ਟਿਮਥੀ ਅਤੇ ਡੈਨਯਲਾ ਦੀਆਂ ਟਿੱਪਣੀਆਂ ਤੋਂ ਹੌਸਲਾ ਜ਼ਰੂਰ ਮਿਲਿਆ ਹੋਵੇਗਾ। ਜੇਕਰ ਤੁਸੀਂ ਸਿਹਤਮੰਦ ਹੋ, ਤਾਂ ਉਨ੍ਹਾਂ ਦੀਆਂ ਟਿੱਪਣੀਆਂ ਸਦਕਾ ਤੁਸੀਂ ਹੋਰਨਾਂ ਲੋਕਾਂ ਦੇ ਜਜ਼ਬਾਤਾਂ ਨੂੰ ਸਮਝ ਪਾਓਗੇ ਜੋ ਬੀਮਾਰੀਆਂ ਦਾ ਮੁਕਾਬਲਾ ਕਰ ਰਹੇ ਹਨ।

ਜਾਗਰੂਕ ਬਣੋ!: ਤੁਹਾਡੇ ਲਈ ਸਭ ਤੋਂ ਵੱਡੀ ਮੁਸ਼ਕਲ ਕੀ ਹੈ?

ਹਿਰੋਕਿ, 23 ਜਪਾਨ

ਨੈਟਲੀ: ਮੈਨੂੰ ਉਦੋਂ ਬਿਲਕੁਲ ਚੰਗਾ ਨਹੀਂ ਲੱਗਦਾ ਜਦ ਲੋਕ ਮੇਰੇ ਵੱਲ ਝਾਕਦੇ ਰਹਿੰਦੇ ਹਨ। ਮੈਨੂੰ ਹਮੇਸ਼ਾ ਇੱਦਾਂ ਲੱਗਦਾ ਜਿਵੇਂ ਮੈਂ ਉਨ੍ਹਾਂ ਦੇ ਭਾਣੇ ਕੋਈ ਤਮਾਸ਼ਾ ਹਾਂ।

ਡੈਨਯਲਾ: ਮੇਰੀ ਸਭ ਤੋਂ ਵੱਡੀ ਚੁਣੌਤੀ ਖਾਣ-ਪੀਣ ਦੀ ਹੈ ਕਿ ਮੈਂ ਕੀ ਖਾਵਾਂ, ਕਦੋਂ ਖਾਵਾਂ ਤੇ ਕਿਨ੍ਹਾਂ ਖਾਣਿਆਂ ਤੋਂ ਪਰਹੇਜ਼ ਕਰਾਂ। ਜੇ ਮੈਂ ਇਨ੍ਹਾਂ ਗੱਲਾਂ ਵਿਚ ਲਾਪਰਵਾਹੀ ਕਰਾਂ, ਤਾਂ ਮੇਰੇ ਸਰੀਰ ਵਿਚ ਸ਼ੂਗਰ ਘੱਟ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਮੈਂ ਬੇਸੁਰਤੀ ਦੀ ਹਾਲਤ ਵਿਚ ਜਾ ਸਕਦੀ ਹਾਂ।

ਹਿਰੋਕਿ: ਮੈਂ ਹਰ ਰੋਜ਼ 15 ਕੁ ਘੰਟੇ ਆਪਣੀ ਵ੍ਹੀਲ-ਚੇਅਰ (ਰੋਗੀਆਂ ਲਈ ਬਣਾਈ ਗਈ ਪਹੀਏਦਾਰ ਕੁਰਸੀ) ਵਿਚ ਬੈਠਾ ਰਹਿੰਦਾ ਹਾਂ, ਜੋ ਖ਼ਾਸ ਕਰਕੇ ਮੇਰੇ ਲਈ ਬਣਾਈ ਗਈ ਹੈ। ਰਾਤ ਨੂੰ ਮੈਨੂੰ ਕਦੇ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਮਾੜਾ ਜਿਹਾ ਖੜਾਕਾ ਹੋਣ ਤੇ ਮੇਰੀ ਅੱਖ ਖੁੱਲ੍ਹ ਜਾਂਦੀ ਹੈ।

ਟਿਮਥੀ: ਪਹਿਲਾਂ-ਪਹਿਲਾਂ ਮੇਰੇ ਲਈ ਇਹ ਕਬੂਲ ਕਰਨਾ ਮੁਸ਼ਕਲ ਸੀ ਕਿ ਮੈਂ ਬੀਮਾਰ ਹਾਂ। ਕਿਸੇ ਨੂੰ ਆਪਣੇ ਰੋਗ ਬਾਰੇ ਦੱਸਣ ਵਿਚ ਮੈਨੂੰ ਸ਼ਰਮ ਆਉਂਦੀ ਸੀ।

ਜਾਗਰੂਕ ਬਣੋ!: ਤੁਸੀਂ ਹੋਰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ?

ਨੈਟਲੀ, 20 ਦੱਖਣੀ ਅਫ਼ਰੀਕਾ

ਡੈਨਯਲਾ: ਸ਼ੂਗਰ ਦੀ ਬੀਮਾਰੀ ਕਾਰਨ ਮੈਂ ਜਲਦੀ ਥੱਕ ਜਾਂਦੀ ਹਾਂ। ਮੇਰੇ ਹਾਣੀਆਂ ਨਾਲੋਂ ਮੈਨੂੰ ਜ਼ਿਆਦਾ ਨੀਂਦ ਦੀ ਲੋੜ ਹੈ। ਇਸ ਤੋਂ ਇਲਾਵਾ ਮੈਂ ਇਹ ਵੀ ਜਾਣਦੀ ਹਾਂ ਕਿ ਮੇਰੀ ਬੀਮਾਰੀ ਦਾ ਕੋਈ ਇਲਾਜ ਨਹੀਂ।

ਨੈਟਲੀ: ਮੇਰੇ ਛੋਟੇ ਕੱਦ ਦਾ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਤੇ ਵੱਡਾ ਅਸਰ ਪੈਂਦਾ ਹੈ। ਜਿਹੜੇ ਕੰਮ ਬਾਕੀ ਦੇ ਲੋਕ ਬਿਨਾਂ ਸੋਚੇ ਕਰ ਲੈਂਦੇ ਹਨ, ਮੇਰੇ ਲਈ ਉਹ ਕਰਨੇ ਬਹੁਤ ਮੁਸ਼ਕਲ ਹਨ ਜਿਵੇਂ ਬਾਜ਼ਾਰ ਜਾਣਾ ਤੇ ਕਿਸੇ ਦੁਕਾਨ ਵਿਚ ਉਪਰਲੀ ਸ਼ੈਲਫ ਤੋਂ ਕੋਈ ਚੀਜ਼ ਚੁੱਕਣੀ। ਜਦ ਮੈਂ ਇਕੱਲੀ ਬਾਜ਼ਾਰ ਜਾਂਦੀ ਹਾਂ, ਤਾਂ ਮੈਨੂੰ ਕਾਫ਼ੀ ਔਖਿਆਈ ਆਉਂਦੀ ਹੈ।

ਟਿਮਥੀ: ਲਗਾਤਾਰ ਦਰਦ ਸਹਿਣ ਤੋਂ ਇਲਾਵਾ ਮੈਨੂੰ ਡਿਪਰੈਸ਼ਨ ਦੇ ਦੌਰ ਵੀ ਝੱਲਣੇ ਪਏ ਹਨ। ਬੀਮਾਰ ਹੋਣ ਤੋਂ ਪਹਿਲਾਂ ਮੈਂ ਬਹੁਤ ਕੁਝ ਕਰਦਾ ਹੁੰਦਾ ਸੀ। ਮੈਂ ਕੰਮ ਤੇ ਜਾਂਦਾ ਸੀ, ਕਾਰ ਚਲਾ ਸਕਦਾ ਸੀ ਅਤੇ ਫੁਟਬਾਲ ਤੇ ਹੋਰ ਖੇਡਾਂ ਖੇਡਦਾ ਹੁੰਦਾ ਸੀ। ਹੁਣ ਤਾਂ ਮੈਂ ਬੱਸ ਇਸ ਵ੍ਹੀਲ-ਚੇਅਰ ਨਾਲ ਬੱਝਾ ਰਹਿੰਦਾ ਹਾਂ।

ਹਿਰੋਕਿ: ਮੇਰੀ ਬੀਮਾਰੀ ਕਾਰਨ ਮੈਂ ਠੀਕ ਤਰ੍ਹਾਂ ਬੋਲ ਨਹੀਂ ਸਕਦਾ। ਇਸ ਲਈ ਮੈਂ ਕਿਸੇ ਨਾਲ ਗੱਲ ਸ਼ੁਰੂ ਕਰਨ ਤੋਂ ਬਹੁਤ ਘਬਰਾਉਂਦਾ ਹਾਂ। ਕਈ ਵਾਰ ਮੇਰਾ ਆਪਣੇ ਹੱਥਾਂ ਤੇ ਕੋਈ ਕਾਬੂ ਨਹੀਂ ਰਹਿੰਦਾ ਤੇ ਮੈਂ ਨਾ ਚਾਹੁੰਦੇ ਹੋਏ ਵੀ ਕਿਸੇ ਦੇ ਥੱਪੜ ਮਾਰ ਦਿੰਦਾ ਹਾਂ। ਜਦੋਂ ਇੱਦਾਂ ਹੁੰਦਾ ਹੈ, ਤਾਂ ਮੈਂ ਮਾਫ਼ੀ ਵੀ ਨਹੀਂ ਮੰਗ ਪਾਉਂਦਾ ਕਿਉਂਕਿ ਮੈਂ ਠੀਕ ਤਰ੍ਹਾਂ ਬੋਲ ਨਹੀਂ ਸਕਦਾ।

ਜਾਗਰੂਕ ਬਣੋ!: ਇਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਕਰਨ ਵਿਚ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ ਹੈ?

ਡੈਨਯਲਾ: ਮੈਂ ਉਨ੍ਹਾਂ ਗੱਲਾਂ ਉੱਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰਦੀ ਹਾਂ ਜਿਨ੍ਹਾਂ ਤੋਂ ਮੈਨੂੰ ਹੌਸਲਾ ਮਿਲਦਾ ਹੈ। ਮੇਰੇ ਘਰ ਦੇ ਸਾਰੇ ਜੀਅ ਮੇਰੀ ਬਹੁਤ ਹੌਸਲਾ-ਅਫ਼ਜ਼ਾਈ ਕਰਦੇ ਹਨ, ਸਾਡੀ ਕਲੀਸਿਯਾ ਵਿਚ ਭੈਣ-ਭਰਾਵਾਂ ਤੋਂ ਮੈਨੂੰ ਬਹੁਤ ਪਿਆਰ ਮਿਲਦਾ ਹੈ ਅਤੇ ਸਭ ਤੋਂ ਵੱਧ ਮੈਨੂੰ ਯਹੋਵਾਹ ਤੋਂ ਸਹਾਰਾ ਮਿਲਦਾ ਹੈ। ਇਸ ਤੋਂ ਇਲਾਵਾ ਮੈਂ ਸ਼ੱਕਰ ਰੋਗ ਬਾਰੇ ਜਿੰਨਾ ਕੁਝ ਸਿੱਖ ਸਕਦੀ ਹਾਂ, ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਇਸ ਲਈ ਮੈਂ ਆਪਣੀ ਸਿਹਤ ਦੀ ਆਪ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦੀ ਹਾਂ।

ਨੈਟਲੀ: ਪ੍ਰਾਰਥਨਾ ਕਰਨ ਨਾਲ ਮੈਨੂੰ ਬਹੁਤ ਹਿੰਮਤ ਮਿਲਦੀ ਹੈ। ਮੈਂ ਆਪਣੀਆਂ ਮੁਸ਼ਕਲਾਂ ਦਾ ਇਕ-ਇਕ ਕਰ ਕੇ ਸਾਮ੍ਹਣਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਪੁੱਠੀਆਂ-ਸਿੱਧੀਆਂ ਸੋਚਾਂ ਵਿਚ ਡੁੱਬਣ ਦੀ ਬਜਾਇ ਕਿਸੇ-ਨ-ਕਿਸੇ ਕੰਮ ਵਿਚ ਲੱਗੀ ਰਹਿੰਦੀ ਹਾਂ। ਮੇਰੇ ਮੰਮੀ-ਡੈਡੀ ਬਹੁਤ ਹੀ ਚੰਗੇ ਹਨ ਤੇ ਮੈਂ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਦੀ ਹਾਂ।

ਟਿਮਥੀ, 20 ਬ੍ਰਿਟੇਨ

ਟਿਮਥੀ: ਮੈਂ ਹਰ ਰੋਜ਼ ਯਹੋਵਾਹ ਦੀਆਂ ਗੱਲਾਂ ਉੱਤੇ ਮਨ ਲਾਉਣ ਦੀ ਕੋਸ਼ਿਸ਼ ਕਰਦਾ ਹਾਂ, ਭਾਵੇਂ ਇਹ ਕੁਝ ਮਿੰਟਾਂ ਲਈ ਹੀ ਕਿਉਂ ਨਾ ਹੋਵੇ। ਮਿਸਾਲ ਲਈ, ਮੈਂ ਰੋਜ਼ ਸਵੇਰੇ ਬਾਈਬਲ ਦੇ ਇਕ ਹਵਾਲੇ ਦੀ ਜਾਂਚ ਕਰਦਾ ਹਾਂ। ਖ਼ਾਸਕਰ ਜਦੋਂ ਮੈਂ ਡਿਪਰੈਸ਼ਨ ਦੇ ਦੌਰ ਵਿੱਚੋਂ ਲੰਘ ਰਿਹਾ ਹੁੰਦਾ ਹਾਂ, ਉਦੋਂ ਮੈਂ ਬਾਈਬਲ ਦੀ ਸਟੱਡੀ ਕਰਨੀ ਅਤੇ ਪ੍ਰਾਰਥਨਾ ਕਰਨੀ ਨਹੀਂ ਭੁੱਲਦਾ।

ਹਿਰੋਕਿ: ਮੈਂ ਉਨ੍ਹਾਂ ਗੱਲਾਂ ਬਾਰੇ ਚਿੰਤਾ ਨਹੀਂ ਕਰਦਾ ਜਿਨ੍ਹਾਂ ਬਾਰੇ ਮੈਂ ਕੁਝ ਕਰ ਨਹੀਂ ਸਕਦਾ। ਮੈਂ ਜਾਣਦਾ ਹਾਂ ਕਿ ਇੱਦਾਂ ਕਰਨ ਨਾਲ ਮੇਰਾ ਹੀ ਸਮਾਂ ਬਰਬਾਦ ਹੋਵੇਗਾ। ਇਸ ਲਈ ਮੈਂ ਆਪਣਾ ਸਮਾਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਲਾਉਂਦਾ ਹਾਂ। ਮੈਂ ਆਪਣੀ ਬੀਮਾਰੀ ਦਾ ਬਹਾਨਾ ਬਣਾ ਕੇ ਬਾਈਬਲ ਦੀ ਸਟੱਡੀ ਕਰਨ ਤੋਂ ਇਨਕਾਰ ਨਹੀਂ ਕਰਦਾ। ਰਾਤ ਨੂੰ ਜਦੋਂ ਮੈਨੂੰ ਨੀਂਦ ਨਹੀਂ ਆਉਂਦੀ, ਤਾਂ ਮੈਂ ਇਹ ਸਮਾਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਵਿਚ ਲਾਉਂਦਾ ਹਾਂ।​—ਰੋਮੀਆਂ 12:12 ਦੇਖੋ।

ਜਾਗਰੂਕ ਬਣੋ!: ਦੂਸਰਿਆਂ ਨੇ ਤੁਹਾਡੀ ਮਦਦ ਕਿਵੇਂ ਕੀਤੀ ਹੈ?

ਡੈਨਯਲਾ, 24 ਆਸਟ੍ਰੇਲੀਆ

ਹਿਰੋਕਿ: ਆਪਣੀ ਸਿਹਤ ਮੁਤਾਬਕ ਮੈਂ ਜਿੰਨਾ ਕਰ ਸਕਦਾ ਹਾਂ ਉਸ ਲਈ ਕਲੀਸਿਯਾ ਦੇ ਬਜ਼ੁਰਗ ਹਮੇਸ਼ਾ ਮੇਰੀ ਸ਼ਲਾਘਾ ਕਰਦੇ ਹਨ। ਕਲੀਸਿਯਾ ਦੇ ਭੈਣ-ਭਰਾ ਜਦ ਕਿਸੇ ਨੂੰ ਦੁਬਾਰਾ ਮਿਲਣ ਜਾਂ ਬਾਈਬਲ ਸਟੱਡੀ ਕਰਾਉਣ ਜਾਂਦੇ ਹਨ, ਤਾਂ ਉਹ ਮੈਨੂੰ ਆਪਣੇ ਨਾਲ ਲੈ ਜਾਂਦੇ ਹਨ।​—ਰੋਮੀਆਂ 12:10 ਦੇਖੋ।

ਡੈਨਯਲਾ: ਜਦੋਂ ਕਲੀਸਿਯਾ ਦਾ ਕੋਈ ਭੈਣ-ਭਰਾ ਦਿਲੋਂ ਮੇਰੀ ਸਿਫ਼ਤ ਕਰਦਾ ਹੈ, ਤਾਂ ਇਸ ਦਾ ਮੇਰੇ ਦਿਲ ਤੇ ਗਹਿਰਾ ਅਸਰ ਪੈਂਦਾ ਹੈ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਭੈਣ-ਭਰਾ ਮੇਰੀ ਕਦਰ ਕਰਦੇ ਹਨ ਤੇ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਹੌਸਲਾ ਮਿਲਦਾ ਹੈ।

ਟਿਮਥੀ: ਮੀਟਿੰਗਾਂ ਵਿਚ ਇਕ ਕਾਫ਼ੀ ਸਿਆਣੀ ਭੈਣ ਹਮੇਸ਼ਾ ਮੇਰੇ ਨਾਲ ਆ ਕੇ ਗੱਲ ਕਰਦੀ ਹੈ। ਕਲੀਸਿਯਾ ਦੇ ਬਜ਼ੁਰਗ ਤੇ ਉਨ੍ਹਾਂ ਦੀਆਂ ਪਤਨੀਆਂ ਵੀ ਮੇਰੀ ਬਹੁਤ ਹੌਸਲਾ-ਅਫ਼ਜ਼ਾਈ ਕਰਦੇ ਤੇ ਮੈਨੂੰ ਸਲਾਹ-ਮਸ਼ਵਰਾ ਦਿੰਦੇ ਹਨ। ਇਕ 84 ਸਾਲਾਂ ਦੇ ਬਜ਼ੁਰਗ ਨੇ ਢੁਕਵੇਂ ਟੀਚੇ ਰੱਖਣ ਵਿਚ ਮੇਰੀ ਮਦਦ ਕੀਤੀ ਹੈ। ਇਕ ਸਹਾਇਕ ਸੇਵਕ ਮੈਨੂੰ ਆਪਣੇ ਨਾਲ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਨ ਲਈ ਲੈ ਗਿਆ ਜਿੱਥੇ ਮੇਰੀ ਵ੍ਹੀਲ-ਚੇਅਰ ਆਸਾਨੀ ਨਾਲ ਜਾ ਸਕਦੀ ਸੀ।​—ਜ਼ਬੂਰਾਂ ਦੀ ਪੋਥੀ 55:22 ਦੇਖੋ।

ਨੈਟਲੀ: ਮੇਰੇ ਕਿੰਗਡਮ ਹਾਲ ਵਿਚ ਪੈਰ ਰੱਖਦਿਆਂ ਹੀ ਭੈਣ-ਭਾਈ ਹੈਲੋ ਕਹਿਣ ਮੇਰੇ ਕੋਲ ਆ ਜਾਂਦੇ ਹਨ। ਭਾਵੇਂ ਸਿਆਣੇ ਭੈਣ-ਭਰਾਵਾਂ ਨੂੰ ਖ਼ੁਦ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਫਿਰ ਵੀ ਉਹ ਮੇਰਾ ਹੌਸਲਾ ਵਧਾਉਣ ਲਈ ਹਮੇਸ਼ਾ ਮੇਰੇ ਨਾਲ ਗੱਲ ਕਰਦੇ ਹਨ।​—2 ਕੁਰਿੰਥੀਆਂ 4:16, 17 ਦੇਖੋ।

ਜਾਗਰੂਕ ਬਣੋ!: ਖ਼ੁਸ਼ ਰਹਿਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰਦੀ ਹੈ?

ਹਿਰੋਕਿ: ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਮੇਰਾ ਵਾਹ ਅਜਿਹੇ ਲੋਕਾਂ ਨਾਲ ਪੈਂਦਾ ਹੈ ਜਿਨ੍ਹਾਂ ਦੇ ਦਿਲਾਂ ਵਿਚ ਭਵਿੱਖ ਲਈ ਸ਼ਾਨਦਾਰ ਆਸ ਹੈ। ਜਦ ਮੈਂ ਸੋਚਦਾ ਹਾਂ ਕਿ ਮੈਂ ਵੀ ਇਨ੍ਹਾਂ ਲੋਕਾਂ ਵਿੱਚੋਂ ਹਾਂ, ਤਾਂ ਮੈਨੂੰ ਖ਼ੁਸ਼ੀ ਮਿਲਦੀ ਹੈ।​—2 ਇਤਹਾਸ 15:7 ਦੇਖੋ।

ਡੈਨਯਲਾ: ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਜਾਣ ਕਿ ਮੈਂ ਇੰਨੀ ਖ਼ੁਸ਼ ਹਾਂ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਦੁਨੀਆਂ ਵਿਚ ਬਹੁਤ ਸਾਰੇ ਸਿਹਤਮੰਦ ਲੋਕ ਹਨ, ਪਰ ਉਹ ਆਪਣੀ ਜ਼ਿੰਦਗੀ ਨਾਲ ਇੰਨੇ ਖ਼ੁਸ਼ ਨਹੀਂ ਜਿੰਨੀ ਮੈਂ ਹਾਂ।​—ਕਹਾਉਤਾਂ 15:15 ਦੇਖੋ।

ਨੈਟਲੀ: ਮੈਂ ਖ਼ੁਸ਼-ਮਿਜ਼ਾਜ ਸੁਭਾਅ ਵਾਲੇ ਲੋਕਾਂ ਨਾਲ ਉੱਠਣਾ-ਬੈਠਣਾ ਪਸੰਦ ਕਰਦੀ ਹਾਂ। ਮੈਨੂੰ ਉਨ੍ਹਾਂ ਭੈਣ-ਭਰਾਵਾਂ ਦੀਆਂ ਜੀਵਨੀਆਂ ਪੜ੍ਹ ਕੇ ਵੀ ਹੌਸਲਾ ਮਿਲਦਾ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰ ਰਹੇ ਹਨ। ਮੈਨੂੰ ਪਤਾ ਹੈ ਕਿ ਜਦ ਮੈਂ ਕਿੰਗਡਮ ਹਾਲ ਵਿਚ ਜਾਂਦੀ ਹਾਂ, ਤਾਂ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ। ਯਹੋਵਾਹ ਦੀ ਗਵਾਹ ਹੋਣ ਕਰਕੇ ਮੈਨੂੰ ਅਤਿਅੰਤ ਖ਼ੁਸ਼ੀ ਮਿਲਦੀ ਹੈ।​—ਇਬਰਾਨੀਆਂ 10:24, 25 ਦੇਖੋ।

ਟਿਮਥੀ: 1 ਕੁਰਿੰਥੀਆਂ 10:13 ਦੇ ਮੁਤਾਬਕ ਯਹੋਵਾਹ ਕਦੇ ਵੀ ਸਾਡੀ ਬਰਦਾਸ਼ਤ ਤੋਂ ਵੱਧ ਸਾਨੂੰ ਪਰਖੇ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਸੋ ਜੇ ਮੇਰੇ ਪਿਤਾ ਯਹੋਵਾਹ ਨੂੰ ਮੇਰੇ ਤੇ ਭਰੋਸਾ ਹੈ ਕਿ ਮੈਂ ਇਸ ਬੀਮਾਰੀ ਨੂੰ ਬਰਦਾਸ਼ਤ ਕਰ ਸਕਦਾ ਹਾਂ, ਤਾਂ ਮੈਂ ਵੀ ਭਰੋਸਾ ਰੱਖ ਸਕਦਾ ਹਾਂ। (g 08 02)

 

ਇਸ ਬਾਰੇ ਸੋਚੋ

  •   ਹਿਰੋਕਿ ਤੇ ਟਿਮਥੀ ਦੋਵੇਂ ਵ੍ਹੀਲ-ਚੇਅਰ ਦੇ ਸਹਾਰੇ ਹੀ ਕਿਤੇ ਆ-ਜਾ ਸਕਦੇ ਹਨ। ਜੇ ਉਨ੍ਹਾਂ ਵਾਂਗ ਤੁਸੀਂ ਵੀ ਵ੍ਹੀਲ-ਚੇਅਰ ਨਾਲ ਬੱਝੇ ਹੋਏ ਹੋ, ਤਾਂ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਤੁਹਾਨੂੰ ਹੌਸਲਾ ਕਿਵੇਂ ਮਿਲਿਆ ਹੈ?

  •   ਡੈਨਯਲਾ ਕਹਿੰਦੀ ਹੈ ਕਿ “ਕੋਈ ਮੇਰੇ ਵੱਲ ਦੇਖ ਕੇ ਨਹੀਂ ਜਾਣ ਸਕਦਾ ਕਿ ਮੈਨੂੰ ਸ਼ੂਗਰ ਦੀ ਬੀਮਾਰੀ ਹੈ। ਨਾਲੇ ਕਈਆਂ ਨੂੰ ਇਹ ਨਹੀਂ ਪਤਾ ਕਿ ਇਹ ਬੀਮਾਰੀ ਕਿੰਨੀ ਗੰਭੀਰ ਹੈ।” ਕੀ ਤੁਸੀਂ ਕਿਸੇ ਅਜਿਹੀ ਬੀਮਾਰੀ ਤੋਂ ਪੀੜਿਤ ਹੋ ਜਿਸ ਬਾਰੇ ਦੂਸਰਿਆਂ ਨੂੰ ਝੱਟ ਪਤਾ ਨਹੀਂ ਲੱਗਦਾ? ਤਾਂ ਫਿਰ ਡੈਨਯਲਾ ਦੀਆਂ ਗੱਲਾਂ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

  •   ਨੈਟਲੀ ਕਹਿੰਦੀ ਹੈ ਕਿ ਉਸ ਲਈ ਸਭ ਤੋਂ ਔਖੀ ਗੱਲ ਇਹ ਹੈ ਕਿ ਲੋਕ ਉਸ ਵੱਲ ਝਾਕਦੇ ਰਹਿੰਦੇ ਹਨ। ਨੈਟਲੀ ਵਰਗੇ ਇਨਸਾਨਾਂ ਨਾਲ ਗੱਲ ਕਰਦੇ ਹੋਏ ਤੁਸੀਂ ਕੀ ਕਰੋਗੇ ਤਾਂਕਿ ਉਹ ਪਰੇਸ਼ਾਨ ਨਾ ਹੋਣ? ਜੇ ਤੁਸੀਂ ਬੀਮਾਰ ਜਾਂ ਅਪਾਹਜ ਹੋ ਅਤੇ ਤੁਸੀਂ ਨੈਟਲੀ ਵਾਂਗ ਮਹਿਸੂਸ ਕਰਦੇ ਹੋ, ਤਾਂ ਤੁਸੀਂ ਉਸ ਦੇ ਖ਼ੁਸ਼-ਮਿਜ਼ਾਜ ਸੁਭਾਅ ਦੀ ਕਿਵੇਂ ਰੀਸ ਕਰ ਸਕਦੇ ਹੋ?

  •   ਹੇਠ ਉਨ੍ਹਾਂ ਲੋਕਾਂ ਦੇ ਨਾਂ ਲਿਖੋ ਜੋ ਕਿਸੇ ਬੀਮਾਰੀ ਨਾਲ ਪੀੜਿਤ ਹਨ।

  •   ਇਨ੍ਹਾਂ ਨੂੰ ਸਹਾਰਾ ਤੇ ਮਦਦ ਦੇਣ ਲਈ ਤੁਸੀਂ ਕੀ ਕਰ ਸਕਦੇ ਹੋ?