Skip to content

Skip to table of contents

ਵਧਦੇ ਜੁਰਮ ਦਾ ਕੀ ਕਰੀਏ?

ਵਧਦੇ ਜੁਰਮ ਦਾ ਕੀ ਕਰੀਏ?

ਵਧਦੇ ਜੁਰਮ ਦਾ ਕੀ ਕਰੀਏ?

◼ ਇਕ ਮਨੋਰੋਗੀ ਮੁੰਡੇ ਨੇ ਸਕੂਲ ਵਿਚ ਕਈ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ

◼ ਚਾਰ-ਸਾਲਾ ਕੁੜੀ ਅਗਵਾ​—ਮਾਪਿਆਂ ਦਾ ਸੀਨਾ ਚੀਰਿਆ ਗਿਆ

◼ ਮੁੰਡੇ ਨੇ ਸ਼ੌਕ ਲਈ ਕਤਲ ਕਰ ਕੇ ਦੋਸਤਾਂ ਨੂੰ ਲਾਸ਼ ਦਿਖਾਈ ਤੇ ਉਨ੍ਹਾਂ ਨੇ ਹਫ਼ਤਿਆਂ ਤਕ ਇਸ ਗੱਲ ਨੂੰ ਰਾਜ਼ ਰੱਖਿਆ

◼ ਬਾਲ ਯੌਨ ਅਪਰਾਧੀ ਨੇ ਇੰਟਰਨੈੱਟ ਰਾਹੀਂ ਹੋਰਨਾਂ ਕੁਕਰਮੀਆਂ ਨੂੰ ਨੁਸਖੇ ਦੱਸੇ ਕਿ ਉਹ ਕਿੱਦਾਂ ਬੱਚਿਆਂ ਨੂੰ ਆਪਣੇ ਜਾਲ ਵਿਚ ਫਸਾ ਸਕਦੇ ਹਨ

ਸਾਨੂੰ ਘਿਣਾਉਣੇ ਅਪਰਾਧਾਂ ਦੀਆਂ ਅੱਜ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਕੀ ਤੁਸੀਂ ਆਪਣੇ ਆਂਢ-ਗੁਆਂਢ ਵਿਚ ਖ਼ਾਸ ਕਰਕੇ ਰਾਤ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ? ਕੀ ਤੁਹਾਡੇ ਉੱਤੇ ਜਾਂ ਤੁਹਾਡੇ ਪਰਿਵਾਰ ਉੱਤੇ ਅਪਰਾਧ ਦਾ ਅਸਰ ਪਿਆ ਹੈ? ਸੰਸਾਰ ਭਰ ਵਿਚ ਲੱਖਾਂ ਹੀ ਲੋਕ ਜੁਰਮ ਤੇ ਹਿੰਸਾ ਦੇ ਸ਼ਿਕਾਰ ਬਣਨ ਤੋਂ ਡਰਦੇ ਹਨ। ਇਹ ਡਰ ਉਨ੍ਹਾਂ ਦੇਸ਼ਾਂ ਵਿਚ ਵੀ ਫੈਲਿਆ ਹੈ ਜਿਨ੍ਹਾਂ ਨੂੰ ਪਹਿਲਾਂ ਸੁਰੱਖਿਅਤ ਮੰਨਿਆ ਜਾਂਦਾ ਸੀ। ਹੇਠਾਂ ਦੱਸੇ ਕੁਝ ਦੇਸ਼ਾਂ ਤੋਂ ਮਿਲੀਆਂ ਖ਼ਬਰਾਂ ਤੇ ਜ਼ਰਾ ਗੌਰ ਕਰੋ।

ਜਪਾਨ: ਏਸ਼ੀਆ ਟਾਈਮਜ਼ ਅਨੁਸਾਰ: ‘ਕੁਝ ਸਮਾਂ ਪਹਿਲਾਂ ਜਪਾਨ ਕਾਫ਼ੀ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਸੀ। ਪਰ ਦੁਨੀਆਂ ਭਰ ਵਿਚ ਵਧਦੇ ਅਪਰਾਧ ਤੇ ਅੱਤਵਾਦੀ ਹਮਲਿਆਂ ਦੇ ਖ਼ੌਫ਼ ਨੇ ਲੋਕਾਂ ਦੇ ਮਨ ਦਾ ਚੈਨ ਖੋਹ ਲਿਆ ਹੈ।’

ਲਾਤੀਨੀ ਅਮਰੀਕਾ: 2006 ਵਿਚ ਇਕ ਅਖ਼ਬਾਰ ਮੁਤਾਬਕ ਬ੍ਰਾਜ਼ੀਲ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਸਾਓ ਪੌਲੋ ਸ਼ਹਿਰ ਵਿਚ ਗੁਰੀਲਾ ਜੰਗ ਭੜਕਣ ਦਾ ਖਦਸ਼ਾ ਜ਼ਾਹਰ ਕੀਤਾ। ਕਈ ਹਫ਼ਤਿਆਂ ਤੋਂ ਵੱਖ-ਵੱਖ ਥਾਵਾਂ ਤੇ ਹਿੰਸਾ ਭੜਕਣ ਦੇ ਕਾਰਨ ਰਾਸ਼ਟਰਪਤੀ ਦੇ ਹੁਕਮ ਤੇ ਪੂਰੇ ਸ਼ਹਿਰ ਵਿਚ ਫ਼ੌਜ ਤਾਇਨਾਤ ਕੀਤੀ ਗਈ। ਟਿੰਮਪੋਸ ਡੈਲ ਮੁੰਡੋ ਅਖ਼ਬਾਰ ਦਾ ਕਹਿਣਾ ਹੈ ਕਿ ਕੇਂਦਰੀ ਅਮਰੀਕਾ ਤੇ ਮੈਕਸੀਕੋ ਵਿਚ “ਵੱਖ-ਵੱਖ ਗੈਂਗਾਂ ਦੇ 50,000 ਨੌਜਵਾਨਾਂ ਨੇ ਪੁਲਸ ਵਾਲਿਆਂ ਦੀ ਨੀਂਦ ਉਡਾ ਦਿੱਤੀ ਹੈ।” ਇਸ ਅਖ਼ਬਾਰ ਨੇ ਕਿਹਾ ਕਿ “ਕੇਵਲ 2005 ਵਿਚ ਐਲ ਸੈਲਵੇਡਾਰ, ਹਾਂਡੂਰਸ ਤੇ ਗੁਆਤੇਮਾਲਾ ਵਿਚ ਨੌਜਵਾਨ ਗੁੰਡਿਆਂ ਦੀਆਂ ਟੋਲੀਆਂ ਹੱਥੋਂ ਕੁਝ 15,000 ਲੋਕ ਕਤਲ ਹੋਏ।”

ਕੈਨੇਡਾ: 2006 ਵਿਚ ਯੂ. ਐੱਸ. ਏ. ਟੂਡੇ ਅਖ਼ਬਾਰ ਅਨੁਸਾਰ ‘ਜੁਰਮ ਦੇ ਮਾਹਰਾਂ ਨੂੰ ਚਿੰਤਾ ਹੈ ਕਿ ਗੁੰਡਿਆਂ ਦੀਆਂ ਟੋਲੀਆਂ ਵਧ ਰਹੀਆਂ ਹਨ। ਪੁਲਸ ਸੂਤਰਾਂ ਮੁਤਾਬਕ ਟੋਰੌਂਟੋ ਦੀਆਂ ਸੜਕਾਂ ਤੇ ਗੁੰਡਿਆਂ ਦੇ 73 ਗਿਰੋਹ ਸਰਗਰਮ ਹਨ।’ ਟੋਰੌਂਟੋ ਦੇ ਪ੍ਰਮੁੱਖ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਹਿਰਾਂ ਵਿਚ ਗੁੰਡਾਗਰਦੀ ਦੀ ਵਧ ਰਹੀ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ।

ਦੱਖਣੀ ਅਫ਼ਰੀਕਾ: ਅਪਰਾਧ ਦੀ ਰੋਕਥਾਮ ਲਈ ਬਣੀ ਇਕ ਸੰਸਥਾ ਦੇ ਮੁਖੀ ਪੈਟਰਿਕ ਬਰਟਨ ਨੇ ਫਾਇਨੈਂਸ਼ਲ ਮੇਲ ਅਖ਼ਬਾਰ ਵਿਚ ਕਿਹਾ: ‘ਦੱਖਣੀ ਅਫ਼ਰੀਕਨਾਂ ਦੀਆਂ ਜ਼ਿੰਦਗੀਆਂ ਵਿਚ ਦਿਨ-ਰਾਤ ਡਰ ਛਾਇਆ ਰਹਿੰਦਾ ਹੈ। ਹਥਿਆਰਬੰਦ ਲੁਟੇਰਿਆਂ ਦੁਆਰਾ ਲੁੱਟਮਾਰ, ਹਾਈਜੈਕਿੰਗ ਤੇ ਬੈਂਕਾਂ ਵਿਚ ਡਾਕੇ ਵਰਗੇ ਹਿੰਸਕ ਅਪਰਾਧ ਆਮ ਹਨ।’

ਫਰਾਂਸ: ਗ਼ਰੀਬ ਪਰਿਵਾਰਾਂ ਲਈ ਬਣਾਈਆਂ ਗਈਆਂ ਰਿਹਾਇਸ਼ੀ ਇਮਾਰਤਾਂ ਵਿਚ ਰਹਿਣ ਵਾਲੇ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਉਨ੍ਹਾਂ ਨੂੰ ਹਰ ਵੇਲੇ ਇਹੋ ਖ਼ੌਫ਼ ਰਹਿੰਦਾ ਹੈ ਕਿ “ਬਿਲਡਿੰਗ ਦੀਆਂ ਪੌੜੀਆਂ ਚੜ੍ਹਦਿਆਂ, ਕਾਰ ਪਾਰਕਿੰਗ ਵਿਚ ਜਾਂਦਿਆਂ ਜਾਂ ਹਨੇਰਾ ਹੋਣ ਤੋਂ ਬਾਅਦ ਪਬਲਿਕ ਬੱਸਾਂ ਵਿਚ ਘਰ ਆਉਂਦਿਆਂ ਕਦੋਂ ਉਨ੍ਹਾਂ ਤੇ ਹਮਲਾ ਹੋ ਜਾਵੇ।”​—ਗਾਰਡੀਅਨ ਵੀਕਲੀ।

ਅਮਰੀਕਾ: ਅੱਜ ਕਈ ਮਾਫ਼ੀਆ ਗਿਰੋਹ ਵੱਡੇ ਪੱਧਰ ਤੇ ਸਰਗਰਮ ਹਨ ਜਿਸ ਕਰਕੇ ਜੁਰਮ ਹੋਰ ਵੀ ਵਧ ਗਿਆ ਹੈ। ਦ ਨਿਊਯਾਰਕ ਟਾਈਮਜ਼ ਵਿਚ ਦਿੱਤੀ ਇਕ ਪੁਲਸ ਰਿਪੋਰਟ ਮੁਤਾਬਕ ਇਕ ਸੂਬੇ ਵਿਚ ਤਕਰੀਬਨ 17,000 ਮੁੰਡੇ-ਕੁੜੀਆਂ ਕੁਝ 700 ਗੈਂਗਾਂ ਨਾਲ ਜੁੜੇ ਹੋਏ ਹਨ। ਕੇਵਲ ਚਾਰ ਸਾਲਾਂ ਵਿਚ ਤਕਰੀਬਨ 10,000 ਹੋਰ ਨਵੇਂ ਮੈਂਬਰ ਆ ਰਲੇ ਹਨ।

ਬਰਤਾਨੀਆ: ਲੰਡਨ ਦੀ ਦ ਟਾਈਮਜ਼ ਅਖ਼ਬਾਰ ਵਿਚ ਬੱਚਿਆਂ ਉੱਤੇ ਪੈਂਦੇ ਜੁਰਮ ਦੇ ਪ੍ਰਭਾਵ ਬਾਰੇ ਇਕ ਯੂਨੀਸੈਫ਼ ਰਿਪੋਰਟ ਨੇ ਕਿਹਾ: “ਬਰਤਾਨੀਆ ਵਿਚ ਬੰਦੂਕਾਂ ਨਾਲ ਕਤਲ ਕੀਤੇ ਜਾਂਦੇ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ . . . ਕਾਤਲ ਅੱਲੜ੍ਹ ਉਮਰ ਦੇ ਹੁੰਦੇ ਹਨ।” ਇੰਗਲੈਂਡ ਤੇ ਵੇਲਜ਼ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ 80,000 ਤਕ ਪਹੁੰਚਣ ਵਾਲੀ ਹੈ।

ਕੀਨੀਆ: ਇਕ ਖ਼ਬਰ ਮੁਤਾਬਕ ਲੁਟੇਰਿਆਂ ਨੇ ਹਾਈਵੇ ਤੇ ਜਾਂਦੀ ਇਕ ਕਾਰ ਨੂੰ ਰੋਕ ਕੇ ਉਸ ਵਿਚ ਬੈਠੀ ਤੀਵੀਂ ਤੇ ਉਸ ਦੀ ਧੀ ਨੂੰ ਬਾਹਰ ਨਿਕਲਣ ਲਈ ਕਿਹਾ। ਜਦੋਂ ਉਨ੍ਹਾਂ ਨੇ ਨਿਕਲਣ ਵਿਚ ਢਿੱਲ-ਮੱਠ ਕੀਤੀ, ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਚੋਰ ਆਏ ਦਿਨ ਲੋਕਾਂ ਤੋਂ ਉਨ੍ਹਾਂ ਦੀਆਂ ਗੱਡੀਆਂ ਜਾਂ ਪੈਸਾ ਖੋਹ ਰਹੇ ਹਨ, ਇੱਥੋਂ ਤਕ ਕਿ ਉਹ ਜਬਰਨ ਲੋਕਾਂ ਦੇ ਘਰਾਂ ਵਿਚ ਵੜ ਕੇ ਲੁੱਟ-ਮਾਰ ਵੀ ਕਰਦੇ ਹਨ।

ਕੀ ਇਨ੍ਹਾਂ ਵਧ ਰਹੇ ਅਪਰਾਧਾਂ ਉੱਤੇ ਕਾਬੂ ਪਾਉਣਾ ਸੰਭਵ ਹੈ? ਅਪਰਾਧਾਂ ਦੀਆਂ ਜੜ੍ਹਾਂ ਕੀ ਹਨ? ਕੀ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਹੈ ਕਿ ਇਕ ਦਿਨ ਲੋਕ ਸੁੱਖ-ਚੈਨ ਨਾਲ ਜੀਉਣਗੇ? ਅਗਲੇ ਲੇਖਾਂ ਵਿਚ ਇਸ ਵਿਸ਼ੇ ਉੱਤੇ ਚਰਚਾ ਕੀਤੀ ਜਾਵੇਗੀ। (g 08 02)