Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

“1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਤਕ ਮੌਸਮ ਸੰਬੰਧੀ ਬਰਬਾਦੀਆਂ ਦੀ ਗਿਣਤੀ ਵਿਚ ਤਿੰਨ ਗੁਣਾਂ ਵਾਧਾ ਹੋਇਆ ਹੈ। ਇਸ ਦੇ ਪਿੱਛੇ ਧਰਤੀ ਦਾ ਵਧ ਰਿਹਾ ਤਾਪਮਾਨ (global warming) ਜਾਂ ਕੁਝ ਹੋਰ ਹੋ ਸਕਦਾ ਹੈ। ”​—ਦ ਇਕਨੋਮਿਸਟ ਰਸਾਲਾ, ਬਰਤਾਨੀਆ। (g 08 02)

ਅਮਰੀਕਾ ਦੇ ਇਲੀਨਾਇ ਰਾਜ ਵਿਚ 10 ਮਹੀਨਿਆਂ ਦੇ ਇਕ ਮੁੰਡੇ ਕੋਲ ਬੰਦੂਕ ਰੱਖਣ ਦੀ ਪਰਮਿਟ ਹੈ। ਇਸ ਪਰਮਿਟ ਲਈ ਉਸ ਦੇ ਪਿਤਾ ਨੇ ਅਰਜ਼ੀ ਭਰੀ ਸੀ ਜਿਸ ਵਿਚ ਉਸ ਨੇ ਕਿਹਾ ਕਿ ਬੱਚੇ ਦਾ ਕੱਦ ਦੋ ਫੁੱਟ ਤਿੰਨ ਇੰਚ ਹੈ ਤੇ ਉਸ ਦਾ ਵਜ਼ਨ 20 ਪੌਂਡ। ਉਸ ਰਾਜ ਵਿਚ ਪਰਮਿਟ ਮੰਗਣ ਵਾਲਿਆਂ ਦੀ ਉਮਰ ਨਹੀਂ ਪੁੱਛੀ ਜਾਂਦੀ।​—ਸੀ.ਐੱਨ.ਐੱਨ. ਨਿਊਜ਼ ਚੈਨਲ, ਅਮਰੀਕਾ। (g 08 02)

ਯੂਨਾਨ ਦੇਸ਼ ਵਿਚ “16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚੋਂ 62 ਫੀ ਸਦੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਮੋਬਾਇਲ ਫ਼ੋਨ ਤੇ ਗੰਦੀਆਂ ਤਸਵੀਰਾਂ ਕਾਪੀ ਕੀਤੀਆਂ ਹਨ।​— ਐਲੇਫਥੇਰੋਡੀਭਿਆ ਅਖ਼ਬਾਰ, ਯੂਨਾਨ। (g 08 03)

ਬਰਤਾਨੀਆ ਵਿਚ ਸਰਵੇ ਕੀਤੇ ਗਏ ਲੋਕਾਂ ਵਿੱਚੋਂ 82 ਫੀ ਸਦੀ ਕਹਿੰਦੇ ਹਨ ਕਿ “ਧਰਮ ਫ਼ਸਾਦਾਂ ਅਤੇ ਤਣਾਅ ਦੀ ਜੜ੍ਹ ਹਨ। ”​— ਦ ਗਾਰਡੀਅਨ, ਬਰਤਾਨੀਆ। (g 08 03)

ਜਾਰਜੀਆ ਵਿਚ ਅਦਾਲਤ ਵੱਲੋਂ ਭਗਤੀ ਕਰਨ ਦੀ ਆਜ਼ਾਦੀ

ਮਨੁੱਖੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਜਾਰਜੀਆ ਦੇਸ਼ ਦੀ ਸਰਕਾਰ ਖ਼ਿਲਾਫ਼ ਫ਼ੈਸਲਾ ਸੁਣਾਇਆ ਕਿਉਂਕਿ ਉਹ ਦੇਸ਼ ਯਹੋਵਾਹ ਦੇ ਗਵਾਹਾਂ ਉੱਤੇ ਕੀਤੇ ਗਏ ਹਮਲਿਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ। ਅਦਾਲਤ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਜਾਣਿਆ-ਪਛਾਣਿਆ ਹੈ ਤੇ ਇਨ੍ਹਾਂ ਨੂੰ ਇਕੱਠੇ ਹੋ ਕੇ ਭਗਤੀ ਤੇ ਬਾਈਬਲ ਸਟੱਡੀ ਕਰਨ ਦੀ ਇਜਾਜ਼ਤ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਗਵਾਹਾਂ ਨੂੰ ਦੁੱਖ ਝੱਲਣ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਮੁਆਵਜ਼ਾ ਦਿੱਤਾ ਜਾਵੇ। ਅਕਤੂਬਰ 1999 ਤੋਂ ਲੈ ਕੇ ਨਵੰਬਰ 2002 ਤਕ ਯਹੋਵਾਹ ਦੇ ਗਵਾਹਾਂ ਤੇ 138 ਵਹਿਸ਼ੀ ਹਮਲੇ ਕੀਤੇ ਗਏ ਸਨ ਤੇ ਗਵਾਹਾਂ ਨੇ ਪੁਲਸ ਕੋਲ 784 ਸ਼ਿਕਾਇਤਾਂ ਦਰਜ ਕਰਵਾਈਆਂ ਸਨ, ਪਰ ਇਨ੍ਹਾਂ ਬਾਰੇ ਬਹੁਤੀ ਤਫ਼ਤੀਸ਼ ਨਹੀਂ ਕੀਤੀ ਗਈ। ਜਦ ਗਵਾਹਾਂ ਨੂੰ ਮਾਰਿਆ-ਕੁੱਟਿਆ ਜਾਂਦਾ ਸੀ, ਤਾਂ ਪੁਲਸ ਨੇ ਉਨ੍ਹਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਨਵੰਬਰ 2003 ਤੋਂ ਗਵਾਹਾਂ ਉੱਤੇ ਹਮਲਿਆਂ ਦੀ ਗਿਣਤੀ ਘੱਟ ਗਈ ਹੈ। (g 08 02)

ਤਸਵੀਰਾਂ ਦੇਖ ਕੇ ਔਰਤਾਂ ਘਟੀਆ ਮਹਿਸੂਸ ਕਰਦੀਆਂ

ਅਮਰੀਕਾ ਵਿਚ ਮਿਸੂਰੀ-ਕੋਲੰਬੀਆ ਦੀ ਯੂਨੀਵਰਸਿਟੀ ਦੀ ਇਕ ਰਿਪੋਰਟ ਮੁਤਾਬਕ “ਰਸਾਲੇ ਦੀ ਜਿਲਦ ਤੇ ਕੱਕੇ ਵਾਲਾਂ ਵਾਲੀ ਦੁਬਲੀ ਜਿਹੀ ਹਲਕੀ-ਫੁਲਕੀ ਮੇਮ ਨੂੰ ਦੇਖ ਕੇ ਹਰ ਔਰਤ ਘਟੀਆ ਮਹਿਸੂਸ ਕਰਦੀ, ਚਾਹੇ ਉਹ ਪਤਲੀ ਹੋਵੇ ਜਾਂ ਭਾਰੀ, ਲੰਬੀ ਹੋਵੇ ਜਾਂ ਮਧਰੀ, ਜਵਾਨ ਹੋਵੇ ਜਾਂ ਬਿਰਧ। ” ਵਿਦਿਆ ਅਤੇ ਮਨੋਵਿਗਿਆਨਕ ਸਲਾਹ-ਮਸ਼ਵਰੇ ਦੀ ਅਸੋਸਿਏਟ ਪ੍ਰੋਫ਼ੈਸਰ ਲੌਰੀ ਮਿੰਟਜ਼ ਅਨੁਸਾਰ “ਮੰਨਿਆ ਜਾਂਦਾ ਸੀ ਕਿ ਟੀ. ਵੀ. ਅਤੇ ਅਖ਼ਬਾਰਾਂ-ਰਸਾਲਿਆਂ ਵਿਚ ਅਜਿਹੀਆਂ ਤਸਵੀਰਾਂ ਦੇਖ ਕੇ ਪਤਲੀਆਂ ਔਰਤਾਂ ਨਾਲੋਂ ਭਾਰੀਆਂ ਔਰਤਾਂ ਤੇ ਜ਼ਿਆਦਾ ਬੁਰਾ ਅਸਰ ਪੈਂਦਾ ਹੈ। ” ਪਰ “ਅਸੀਂ ਇਹ ਨੋਟ ਕੀਤਾ ਹੈ ਇਹ ਤਸਵੀਰਾਂ ਦੇਖ ਕੇ ਜੋ ਅਸਰ ਔਰਤਾਂ ਤੇ ਪੈਂਦਾ ਹੈ ਉਸ ਦਾ ਉਨ੍ਹਾਂ ਦੇ ਵਜ਼ਨ ਨਾਲ ਕੋਈ ਤਅੱਲਕ ਨਹੀਂ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਰੀਆਂ ਔਰਤਾਂ ਹੀ ਨਿਰਾਸ਼ਾ ਵਿਚ ਡੁੱਬ ਜਾਂਦੀਆਂ ਹਨ। ” (g 08 02)

64 ਸਾਲ ਤੋਂ ਸਿਰਦਰਦ

ਜਦ ਡਾਕਟਰਾਂ ਨੇ 77 ਸਾਲ ਦੀ ਇਕ ਚੀਨੀ ਔਰਤ ਦੇ ਸਿਰ ਵਿੱਚੋਂ ਬੰਦੂਕ ਦੀ ਤਿੰਨ ਸੈਂਟੀਮੀਟਰ ਲੰਬੀ ਗੋਲੀ ਕੱਢੀ, ਤਾਂ ਉਸ ਔਰਤ ਨੂੰ ਆਖ਼ਰਕਾਰ ਪਤਾ ਲੱਗਾ ਕਿ ਉਸ ਨੂੰ ਪਿਛਲੇ 60 ਤੋਂ ਜ਼ਿਆਦਾ ਸਾਲਾਂ ਤੋਂ ਸਿਰਦਰਦ ਕਿਉਂ ਹੁੰਦਾ ਰਿਹਾ ਸੀ। ਉਹ 13 ਸਾਲ ਦੀ ਸੀ ਜਦ ਸਤੰਬਰ 1943 ਵਿਚ ਜਪਾਨ ਨੇ ਸਿਨਯੀ ਜ਼ਿਲ੍ਹੇ ਵਿਚ ਉਸ ਦੇ ਪਿੰਡ ਤੇ ਚੜ੍ਹਾਈ ਕੀਤੀ ਸੀ। ਉਸ ਹਮਲੇ ਦੌਰਾਨ ਉਸ ਦੇ ਸਿਰ ਤੇ ਸੱਟ ਲੱਗੀ ਸੀ, ਪਰ ਕਿਸੇ ਨੂੰ ਪੂਰੀ ਗੱਲ ਦਾ ਪਤਾ ਨਹੀਂ ਸੀ। ਇਕ ਨਿਊਜ਼ ਏਜੰਸੀ ਨੇ ਰਿਪੋਰਟ ਕੀਤਾ ਕਿ ਜਦ ਉਸ ਦਾ ਸਿਰਦਰਦ ਬਹੁਤ ਹੀ ਵੱਧ ਗਿਆ, ਤਾਂ ਡਾਕਟਰਾਂ ਨੇ ਐਕਸ-ਰੇ ਦੇ ਜ਼ਰੀਏ ਬੰਦੂਕ ਦੀ ਗੋਲੀ ਦੇਖੀ। ਹੁਣ ਉਹ ਬਿਲਕੁਲ ਠੀਕ-ਠਾਕ ਹੈ। (g 08 03)

ਲੰਬੀ ਉਮਰ ਵਾਲੀ ਵ੍ਹੇਲ ਮੱਛੀ

ਜਦ 2007 ਵਿਚ ਅਲਾਸਕਾ ਦੇ ਸ਼ਿਕਾਰੀਆਂ ਨੇ ਬੋਹੇੱਡ ਨਾਂ ਦੀ ਵ੍ਹੇਲ ਮੱਛੀ ਦਾ ਸ਼ਿਕਾਰ ਕੀਤਾ, ਤਾਂ ਉਨ੍ਹਾਂ ਨੂੰ ਉਸ ਦੇ ਸਰੀਰ ਵਿਚ ਇਕ ਬਹੁਤ ਹੀ ਪੁਰਾਣੇ ਬਰਛੇ ਦੀ ਨੋਕ ਤੇ ਉਸ ਦੇ ਕੁਝ ਟੁਕੜੇ ਲੱਭੇ। ਬੌਸਟਨ ਗਲੋਬ ਅਖ਼ਬਾਰ ਦੀ ਰਿਪੋਰਟ ਦੱਸਦੀ ਹੈ ਕਿ “ਇਹ ਟੁਕੜੇ ਉਸ ਬਰਛੇ ਦੇ ਹਿੱਸੇ ਸਨ ਜੋ ਨਿਊ ਬੈਡਫ਼ਰਡ, ਮੈਸੇਚਿਉਸੇਟਸ ਵਿਚ 1800 ਦੇ ਦਹਾਕੇ ਦੇ ਅਖ਼ੀਰ ਵਿਚ ਬਣਾਇਆ ਗਿਆ ਸੀ। ” ਅਜਿਹੇ ਕਿਸਮ ਦੇ ਬਰਛੇ ਦੀ ਲੋਕ ਬਹੁਤ ਜਲਦੀ ਵਰਤੋਂ ਕਰਨੋਂ ਹਟ ਗਏ ਸਨ। ਇਸ ਲਈ ਨਿਊ ਬੈਡਫ਼ਰਡ ਦੇ ਵ੍ਹੇਲ ਮਿਊਜ਼ੀਅਮ ਦੇ ਇਤਿਹਾਸਕਾਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਵ੍ਹੇਲ ਮੱਛੀ ਨੂੰ “1885 ਤੋਂ ਲੈ 1895 ਦੇ” ਸਮੇਂ ਦੌਰਾਨ ਵਿੰਨ੍ਹਿਆ ਗਿਆ ਹੋਣਾ। ਇਸ ਦਾ ਮਤਲਬ ਹੈ ਕਿ ਇਹ ਵ੍ਹੇਲ ਮੱਛੀ ਮਰਨ ਸਮੇਂ ਤਕਰੀਬਨ 115 ਸਾਲਾਂ ਦੀ ਸੀ। ਗਲੋਬ ਅਖ਼ਬਾਰ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਸਦਕਾ “ਹੁਣ ਹੋਰ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਥਣਧਾਰੀ ਜੀਵਾਂ ਵਿੱਚੋਂ ਬੋਹੇੱਡ ਵ੍ਹੇਲ ਮੱਛੀ ਦੀ ਉਮਰ ਸਭ ਤੋਂ ਲੰਬੀ ਹੈ। ਇਸ ਮੱਛੀ ਦੀ ਉਮਰ ਤਕਰੀਬਨ 150 ਸਾਲ ਤੋਂ ਵੱਧ ਹੋ ਸਕਦੀ ਹੈ। ” (g 08 03)