Skip to content

Skip to table of contents

ਹੁਣ ਉਹ ਦਿਨ ਦੂਰ ਨਹੀਂ ਜਦੋਂ ਜੁਰਮ “ਨਹੀਂ ਹੋਵੇਗਾ”

ਹੁਣ ਉਹ ਦਿਨ ਦੂਰ ਨਹੀਂ ਜਦੋਂ ਜੁਰਮ “ਨਹੀਂ ਹੋਵੇਗਾ”

ਹੁਣ ਉਹ ਦਿਨ ਦੂਰ ਨਹੀਂ ਜਦੋਂ ਜੁਰਮ “ਨਹੀਂ ਹੋਵੇਗਾ”

“ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ।”​—ਜ਼ਬੂਰਾਂ ਦੀ ਪੋਥੀ 37:10.

ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਸਾਡੇ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ। ਉਹ ਸਾਡੇ ਤੋਂ ਦੂਰ ਨਹੀਂ ਹੈ ਜਿਵੇਂ ਕਈ ਲੋਕ ਮੰਨਦੇ ਹਨ। (ਜ਼ਬੂਰਾਂ ਦੀ ਪੋਥੀ 11:4, 5) ਇਸ ਤੋਂ ਇਲਾਵਾ, ਉਹ ਮਨੁੱਖਾਂ ਦੇ ਉਲਟ ਹਰ ਜੁਰਮ ਤੇ ਬੇਇਨਸਾਫ਼ੀ ਨੂੰ ਦੇਖ ਸਕਦਾ ਹੈ। “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।” (ਕਹਾਉਤਾਂ 15:3) ਇਸ ਲਈ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਦੁਸ਼ਟ ਵਾਕਈ “ਤਿਲਕਣਿਆਂ ਥਾਂਵਾਂ” ਤੇ ਹਨ।​—ਜ਼ਬੂਰਾਂ ਦੀ ਪੋਥੀ 73:12, 18.

ਪਰ ਰੱਬ ਤੋਂ ਡਰਨ ਵਾਲੇ ਲੋਕਾਂ ਦਾ ਭਵਿੱਖ ਉੱਜਲ ਹੈ ਭਾਵੇਂ ਉਹ ਇਸ ਵੇਲੇ ਗ਼ਰੀਬ ਹੋਣ ਕਰਕੇ ਕਈ ਅਨਿਆਂ ਸਹਿੰਦੇ ਹਨ। “ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ।” (ਜ਼ਬੂਰਾਂ ਦੀ ਪੋਥੀ 37:37) ਸਾਨੂੰ ਇਨ੍ਹਾਂ ਸ਼ਬਦਾਂ ਤੋਂ ਬਹੁਤ ਹੌਸਲਾ ਮਿਲਦਾ ਹੈ ਕਿਉਂਕਿ ਅਸੀਂ ਜਲਦੀ ਹੀ ਸੰਸਾਰ ਭਰ ਵਿਚ ਇਨ੍ਹਾਂ ਸ਼ਬਦਾਂ ਦੀ ਪੂਰਤੀ ਦੇਖਾਂਗੇ।

ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ

ਕੁਝ 2,000 ਸਾਲ ਪਹਿਲਾਂ ਯਿਸੂ ਮਸੀਹ ਦੇ ਚੇਲਿਆਂ ਨੇ ਉਸ ਨੂੰ ਆਉਣ ਵਾਲੇ ਸਮੇਂ ਬਾਰੇ ਸਵਾਲ ਪੁੱਛਿਆ ਸੀ। “ਸਾਨੂੰ ਦੱਸ ਜੋ . . . ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਯਿਸੂ ਨੇ ਮੱਤੀ 24, ਮਰਕੁਸ 13 ਤੇ ਲੂਕਾ 21 ਵਿਚ ਇਸ ਸਵਾਲ ਦਾ ਖੋਲ੍ਹ ਕੇ ਜਵਾਬ ਦਿੱਤਾ। ਬਾਈਬਲ ਦੇ ਇਨ੍ਹਾਂ ਤਿੰਨਾਂ ਅਧਿਆਵਾਂ ਵਿਚ ਦੱਸਿਆ ਗਿਆ ਹੈ ਕਿ ਅੰਤ ਦੇ ਦਿਨਾਂ ਵਿਚ ਲੜਾਈਆਂ, ਕਾਲ, ਬੀਮਾਰੀਆਂ, ਵੱਡੇ ਭੁਚਾਲ ਤੇ ਕੁਧਰਮ ਦਾ ਵਾਧਾ ਹੋਵੇਗਾ।

ਯਿਸੂ ਦੁਆਰਾ ਦੱਸੀਆਂ ਗਈਆਂ ਇਹ ਬਿਪਤਾਵਾਂ 1914 ਵਿਚ ਸ਼ੁਰੂ ਹੋਈਆਂ। ਇਸ ਸੰਬੰਧ ਵਿਚ ਇਤਿਹਾਸਕਾਰ ਐਰਿਕ ਹੌਬਸਬੌਮ ਨੇ ਆਪਣੀ ਕਿਤਾਬ ਕਹਿਰਾਂ ਦਾ ਯੁਗ (ਅੰਗ੍ਰੇਜ਼ੀ) ਵਿਚ ਲਿਖਿਆ ਕਿ ਪੂਰੇ ਇਤਿਹਾਸ ਵਿਚ 20ਵੀਂ ਸਦੀ “ਬਿਨਾਂ ਸ਼ੱਕ ਸਭ ਤੋਂ ਲਹੂ-ਲੁਹਾਨ ਸਦੀ ਰਹੀ ਹੈ।”

ਅੱਜ ਜੁਰਮ ਦੇ ਵਾਧੇ ਬਾਰੇ ਬਾਈਬਲ ਕਹਿੰਦੀ ਹੈ: “ਜਦੋਂ ਦੁਸ਼ਟ ਘਾਹ ਵਾਂਙੁ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਏਹ ਇਸ ਕਰਕੇ ਹੈ ਭਈ ਓਹ ਸਦਾ ਲਈ ਨਾਸ ਹੋ ਜਾਣ।” (ਜ਼ਬੂਰਾਂ ਦੀ ਪੋਥੀ 92:7) ਸਬੂਤ ਸਾਡੀਆਂ ਨਜ਼ਰਾਂ ਸਾਮ੍ਹਣੇ ਹੈ: ਅੱਜ ਜੁਰਮ ਤੇ ਅਨਿਆਂ ਜੰਗਲੀ ਘਾਹ ਵਾਂਗ ਥਾਂ-ਥਾਂ ਫੁੱਟ ਰਿਹਾ ਹੈ। ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਦੁਸ਼ਟਤਾ ਜਲਦੀ ਹੀ ਖ਼ਤਮ ਹੋਣ ਵਾਲੀ ਹੈ! ਕੀ ਇਹ ਖ਼ੁਸ਼ੀ ਦੀ ਗੱਲ ਨਹੀਂ?​—2 ਪਤਰਸ 3:7.

“ਧਰਮੀ ਧਰਤੀ ਦੇ ਵਾਰਸ ਹੋਣਗੇ”

ਜ਼ਬੂਰ 37:29 ਵਿਚ ਲਿਖਿਆ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਫਿਰ ਕਦੇ ਵੀ ਕਿਸੇ ਤਰ੍ਹਾਂ ਦਾ ਜੁਰਮ ਤੇ ਅਨਿਆਂ ਨਹੀਂ ਹੋਵੇਗਾ। ਜੁਰਮ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਜਿਵੇਂ ਚੋਰ ਅਲਾਰਮ, ਜਿੰਦੇ, ਕੋਟ-ਕਚਹਿਰੀਆਂ, ਵਕੀਲ, ਪੁਲਸ, ਜੇਲ੍ਹਾਂ ਤੇ ਹੋਰ ਇੱਦਾਂ ਦੀਆਂ ਚੀਜ਼ਾਂ ਦਾ ਨਾਮੋ-ਨਿਸ਼ਾਨ ਨਹੀਂ ਰਹੇਗਾ। ਬਾਈਬਲ ਵਾਅਦਾ ਕਰਦੀ ਹੈ ਕਿ “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”​—ਯਸਾਯਾਹ 65:17.

ਸੱਚ-ਮੁੱਚ ਸਾਰੇ ਦਾ ਸਾਰਾ ਸੰਸਾਰ ਅਜਿਹੀਆਂ ਤਬਦੀਲੀਆਂ ਦੇਖੇਗਾ ਜਿਵੇਂ ਪਹਿਲਾਂ ਕਦੇ ਵੀ ਨਹੀਂ ਦੇਖੀਆਂ ਗਈਆਂ। (ਯਸਾਯਾਹ 11:9; 2 ਪਤਰਸ 3:13) ਇਹੋ ਯਹੋਵਾਹ ਦੇ ਗਵਾਹਾਂ ਦੀ ਪੱਕੀ ਉਮੀਦ ਹੈ ਤੇ ਉਹ ਚਾਹੁੰਦੇ ਹਨ ਕਿ ਇਸ ਪਰਿਵਰਤਨ ਨੂੰ ਤੁਸੀਂ ਵੀ ਆਪਣੀ ਅੱਖੀਂ ਦੇਖੋ। ਇਹ ਗੱਲ ਨਾ ਭੁੱਲੋ ਕਿ ਜਿਸ ਪਰਮੇਸ਼ੁਰ ਨੇ ਪਵਿੱਤਰ ਬਾਈਬਲ ਲਿਖਵਾਈ ਹੈ, ਉਹ “ਝੂਠ ਬੋਲ ਨਹੀਂ ਸੱਕਦਾ।”​—ਤੀਤੁਸ 1:2. (g 08 02)

[ਸਫ਼ਾ 9 ਉੱਤੇ ਡੱਬੀ/ਤਸਵੀਰ]

ਕੈਦੀਆਂ ਲਈ ਪਰਮੇਸ਼ੁਰ ਦਾ ਗਿਆਨ

ਪਿੱਛਲੇ ਕੁਝ ਵੀਹ-ਤੀਹ ਸਾਲਾਂ ਦੌਰਾਨ ਅਮਰੀਕਾ ਵਿਚ 4,169 ਜੇਲ੍ਹਾਂ, ਹਸਪਤਾਲਾਂ ਤੇ ਨਸ਼ਾ-ਮੁਕਤੀ ਕੇਂਦਰਾਂ ਤੋਂ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀਆਂ ਲਿਖੀਆਂ ਹਨ। ਕਈ ਕੈਦੀਆਂ ਨੇ ਆਪਣੀਆਂ ਚਿੱਠੀਆਂ ਵਿਚ ਬਾਈਬਲ ਸਾਹਿੱਤ ਮੰਗਿਆ ਤੇ ਹੋਰਨਾਂ ਨੇ ਮੁਫ਼ਤ ਬਾਈਬਲ ਦੀ ਸਟੱਡੀ ਬਾਰੇ ਪੁੱਛਿਆ। ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਸੰਸਾਰ ਭਰ ਵਿਚ ਗਵਾਹ ਪਰਮੇਸ਼ੁਰ ਬਾਰੇ ਗਿਆਨ ਲੈਣ ਦੀ ਇੱਛਾ ਰੱਖਣ ਵਾਲੇ ਕੈਦੀ-ਕੈਦਣਾਂ ਕੋਲ ਜਾ ਕੇ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਹਨ। ਇਨ੍ਹਾਂ ਵਿੱਚੋਂ ਕਾਫ਼ੀ ਜਣਿਆਂ ਨੇ ਆਪਣੀ ਸ਼ਖ਼ਸੀਅਤ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਕੇ ਮਸੀਹੀਆਂ ਵਜੋਂ ਬਪਤਿਸਮਾ ਲਿਆ ਹੈ। ਹੁਣ ਉਹ ਦੇਸ਼ ਦੇ ਚੰਗੇ ਨਾਗਰਿਕ ਬਣ ਗਏ ਹਨ।