Skip to content

Skip to table of contents

ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਬੁੱਧ ਤੋਂ ਕੰਮ ਲਓ

ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਬੁੱਧ ਤੋਂ ਕੰਮ ਲਓ

ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਬੁੱਧ ਤੋਂ ਕੰਮ ਲਓ

“ਅਸੀਂ ਆਪਣੀ ਕੁੜੀ ਤੇ ਮੁੰਡੇ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਲੱਗਦਾ ਹੈ ਕਿ ਅਸੀਂ ਹਰ ਵੇਲੇ ਉਨ੍ਹਾਂ ਨੂੰ ਡਾਂਟਦੇ ਰਹਿੰਦੇ ਹਾਂ। ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉਨ੍ਹਾਂ ਦਾ ਹੌਸਲਾ ਬੁਲੰਦ ਕਰ ਰਹੇ ਹਾਂ ਜਾਂ ਢਾਹ ਰਹੇ ਹਾਂ। ਸਾਨੂੰ ਪਤਾ ਨਹੀਂ ਕਿ ਕੀ ਕਰੀਏ ਜਾਂ ਕੀ ਨਾ ਕਰੀਏ।”—ਜੋਰਜ ਅਤੇ ਲੌਰੇਨ, ਆਸਟ੍ਰੇਲੀਆ।

ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ  ਆਸਾਨ ਨਹੀਂ। ਬੱਚਿਆਂ ਕਾਰਨ ਮਾਪਿਆਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ, ਪਰ ਨਾਲ ਹੀ ਮਾਪਿਆਂ ਨੂੰ ਇਸ ਹਕੀਕਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਕਿ ਬੱਚਿਆਂ ਨੇ ਇਕ ਦਿਨ ਉਨ੍ਹਾਂ ਨੂੰ ਛੱਡ ਕੇ ਚਲੇ ਜਾਣਾ ਹੈ। ਆਸਟ੍ਰੇਲੀਆ ਵਿਚ ਫਰੈਂਕ ਨਾਂ ਦੇ ਪਿਤਾ ਨੇ ਕਿਹਾ, “ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦਾ ਹਾਂ ਕਿ ਇਕ ਦਿਨ ਸਾਡੇ ਬੱਚੇ ਸਾਡੇ ਤੋਂ ਜੁਦਾ ਹੋ ਜਾਣਗੇ। ਇਹ ਮੰਨਣਾ ਮੁਸ਼ਕਲ ਹੈ ਕਿ ਉਨ੍ਹਾਂ ’ਤੇ ਸਾਡਾ ਕੋਈ ਅਧਿਕਾਰ ਨਹੀਂ।”

ਲੀਆਹ, ਜਿਸ ਦਾ ਜ਼ਿਕਰ ਪਹਿਲਾਂ ਵੀ ਕੀਤਾ ਸੀ, ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੈ। ਉਸ ਨੇ ਕਿਹਾ, “ਭਾਵੇਂ ਕਿ ਮੇਰਾ ਮੁੰਡਾ ਹੁਣ ਜਵਾਨ ਹੋ ਗਿਆ ਏ, ਪਰ ਮੇਰੀਆਂ ਨਜ਼ਰਾਂ ਵਿਚ ਤਾਂ ਉਹ ਅਜੇ ਵੀ ਬੱਚਾ ਹੀ ਏ, ਜਿਵੇਂ ਕੱਲ੍ਹ ਹੀ ਉਹ ਪਹਿਲੇ ਦਿਨ ਸਕੂਲੇ ਗਿਆ ਹੋਵੇ!”

ਹਕੀਕਤ ਤਾਂ ਇਹ ਹੈ ਕਿ ਜਵਾਨ ਮੁੰਡੇ-ਕੁੜੀਆਂ ਹੁਣ ਬੱਚੇ ਨਹੀਂ ਰਹੇ। ਉਹ ਵੱਡੇ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਬਣਾਉਣ ਦੀ ਲੋੜ ਹੈ। ਕਾਬਲ ਇਨਸਾਨ ਬਣਨ ਵਿਚ ਉਨ੍ਹਾਂ ਦੇ ਮਾਪੇ ਤੇ ਅਧਿਆਪਕ ਮਦਦ ਕਰਦੇ ਹਨ। ਪਰ ਜਿਵੇਂ ਜੋਰਜ ਅਤੇ ਲੌਰੇਨ ਨੇ ਲੇਖ ਦੇ ਸ਼ੁਰੂ ਵਿਚ ਕਿਹਾ, ਮਾਪੇ ਆਪਣੇ ਬੱਚਿਆਂ ਦਾ ਹੌਸਲਾ ਜਾਂ ਤਾਂ ਵਧਾ ਸਕਦੇ ਹਨ ਜਾਂ ਘਟਾ ਸਕਦੇ ਹਨ। ਤਾਂ ਫਿਰ ਮਾਪਿਆਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਬਾਈਬਲ ਦੀ ਸੇਧ ਵਿਚ ਚੱਲ ਕੇ ਉਨ੍ਹਾਂ ਨੂੰ ਮਦਦ ਮਿਲ ਸਕਦੀ ਹੈ। (ਯਸਾਯਾਹ 48:17, 18) ਆਓ ਦੇਖੀਏ ਕਿੱਦਾਂ।

ਦਿਲ ਖੋਲ੍ਹ ਕੇ ਗੱਲਬਾਤ ਕਰੋ

ਬਾਈਬਲ ਇਹ ਸਲਾਹ ਦਿੰਦੀ ਹੈ: ‘ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਹੋਵੇ।’ (ਯਾਕੂਬ 1:19) ਚਾਹੇ ਬੱਚੇ ਕਿਸੇ ਵੀ ਉਮਰ ਦੇ ਹੋਣ, ਮਾਪਿਆਂ ਨੂੰ ਇਹ ਸਲਾਹ ਜ਼ਰੂਰ ਲਾਗੂ ਕਰਨੀ ਚਾਹੀਦੀ ਹੈ। ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਖ਼ਾਸ ਕਰਕੇ ਕਿਸ਼ੋਰ ਉਮਰ ਦੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਨ।

ਇੰਗਲੈਂਡ ਵਿਚ ਰਹਿਣ ਵਾਲੇ ਪੀਟਰ ਨਾਂ ਦੇ ਇਕ ਪਿਤਾ ਨੇ ਕਿਹਾ: “ਜਦੋਂ ਮੇਰੇ ਮੁੰਡਿਆਂ ਨੇ ਜਵਾਨੀ ਵਿਚ ਪੈਰ ਰੱਖਿਆ, ਤਾਂ ਮੈਨੂੰ ਉਨ੍ਹਾਂ ਦੀ ਗੱਲ ਹੋਰ ਵੀ ਧਿਆਨ ਨਾਲ ਸੁਣਨੀ ਪੈਂਦੀ ਸੀ। ਜਦੋਂ ਉਹ ਛੋਟੇ ਹੁੰਦੇ ਸੀ, ਤਾਂ ਅਸੀਂ ਜੋ ਵੀ ਕਹਿੰਦੇ ਸਾਂ, ਉਹ ਸਾਡੇ ਆਖੇ ਝੱਟ ਲੱਗ ਜਾਂਦੇ ਸੀ। ਹੁਣ ਉਹ ਵੱਡੇ ਹੋ ਗਏ ਹਨ। ਅਸੀਂ ਬੈਠ ਕੇ ਆਰਾਮ ਨਾਲ ਗੱਲ ਕਰਦੇ ਹਾਂ। ਅਸੀਂ ਆਪਣੀ ਰਾਇ ਦੱਸਦੇ ਹਾਂ, ਫਿਰ ਉਹ ਇਸ ’ਤੇ ਸੋਚ-ਵਿਚਾਰ ਕਰ ਕੇ ਫ਼ੈਸਲੇ ਕਰਦੇ ਹਨ। ਅਸੀਂ ਉਨ੍ਹਾਂ ਦੇ ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ।”—2 ਤਿਮੋਥਿਉਸ 3:14.

ਕਿਸੇ ਦੀ ਗੱਲ ਧਿਆਨ ਨਾਲ ਸੁਣਨੀ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦੀ ਹੈ ਜਦੋਂ ਕਿਸੇ ਗੱਲ ’ਤੇ ਬਹਿਸ ਹੋ ਜਾਂਦੀ ਹੈ। (ਕਹਾਉਤਾਂ 17:27) ਇੰਗਲੈਂਡ ਵਿਚ ਰਹਿੰਦੀ ਇਕੱਲੀ ਮਾਂ ਡਾਨੀਏਲ ਇਸ ਗੱਲ ਨਾਲ ਹਾਮੀ ਭਰਦੀ ਹੈ। ਉਸ ਨੇ ਕਿਹਾ: “ਜਦੋਂ ਵੀ ਮੈਂ ਆਪਣੀ ਕੁੜੀ ਨੂੰ ਕੁਝ ਕਰਨ ਨੂੰ ਕਹਿੰਦੀ ਸੀ, ਤਾਂ ਉਹ ਮੁਹਰਿਓਂ ਮੈਨੂੰ ਕਰਾਰੇ ਜਵਾਬ ਦੇਂਦੀ ਸੀ। ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਉਹ ਮੈਨੂੰ ਕਹਿੰਦੀ ਕਿ ਮੈਂ ਉਸ ’ਤੇ ਚਿਲਾ ਰਹੀ ਹਾਂ ਤੇ ਆਪਣਾ ਰੋਹਬ ਉਹਦੇ ’ਤੇ ਝਾੜਦੀ ਹਾਂ। ਇਸ ਮਸਲੇ ਨੂੰ ਸੁਲਝਾਉਣ ਲਈ ਅਸੀਂ ਬੈਠ ਕੇ ਗੱਲ ਕੀਤੀ ਤੇ ਧਿਆਨ ਨਾਲ ਇਕ-ਦੂਜੇ ਦੀ ਗੱਲ ਸੁਣੀ। ਉਹ ਨੇ ਮੈਨੂੰ ਦੱਸਿਆ ਕਿ ਉਹ ਨੂੰ ਮੇਰਾ ਗੱਲ ਕਰਨ ਦਾ ਢੰਗ ਚੰਗਾ ਨਹੀਂ ਸੀ ਲੱਗਦਾ ਤੇ ਅੱਗੋਂ ਮੈਂ ਵੀ ਦੱਸਿਆ ਕਿ ਮੈਨੂੰ ਉਸ ਦੀਆਂ ਗੱਲਾਂ ਕਿਵੇਂ ਲੱਗਦੀਆਂ ਸਨ।”

ਡਾਨੀਏਲ ਨੇ ਦੇਖਿਆ ਕਿ ‘ਸੁਣਨ ਵਿੱਚ ਕਾਹਲੇ’ ਹੋਣ ਨਾਲ ਉਹ ਮਸਲੇ ਦੀ ਜੜ੍ਹ ਤਕ ਪਹੁੰਚ ਸਕੀ। ਉਸ ਨੇ ਕਿਹਾ: “ਹੁਣ ਮੈਂ ਠੰਢੇ ਦਿਮਾਗ਼ ਨਾਲ ਆਪਣੀ ਕੁੜੀ ਦੀ ਗੱਲ ਸੁਣਦੀ ਹਾਂ ਤੇ ਸਿਰਫ਼ ਉਦੋਂ ਹੀ ਆਪਣਾ ਮੂੰਹ ਖੋਲ੍ਹਦੀ ਹਾਂ ਜਦੋਂ ਮੈਂ ਸ਼ਾਂਤ ਹੁੰਦੀ ਹਾਂ।” ਉਸ ਨੇ ਅੱਗੇ ਕਿਹਾ: “ਹੁਣ ਸਾਡੀ ਇਕ-ਦੂਜੀ ਨਾਲ ਬਣਦੀ ਵੀ ਹੈ।”

ਕਹਾਉਤਾਂ 18:13 ਵਿਚ ਲਿਖਿਆ ਹੈ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” ਆਸਟ੍ਰੇਲੀਆ ਵਿਚ ਰਹਿਣ ਵਾਲੇ ਗ੍ਰੈਗ ਦੇ ਹਿਸਾਬ ਨਾਲ ਇਹ ਆਇਤ ਸੋਲਾਂ ਆਨੇ ਸੱਚ ਹੈ। ਉਸ ਨੇ ਕਿਹਾ: “ਕਦੇ-ਕਦੇ ਬੱਚਿਆਂ ਨਾਲ ਸਾਡੇ ਝਗੜੇ ਉਦੋਂ ਹੁੰਦੇ ਹਨ, ਜਦੋਂ ਉਨ੍ਹਾਂ ਦੀ ਗੱਲ ਸੁਣੇ ਬਗੈਰ ਜਾਂ ਉਨ੍ਹਾਂ ਦਾ ਦਰਦ ਸਮਝਣ ਦੀ ਬਜਾਇ, ਅਸੀਂ ਲੈਕਚਰ ਝਾੜਨ ਲੱਗ ਜਾਂਦੇ ਹਾਂ। ਜਦ ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦੇ, ਤਾਂ ਵੀ ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਆਪਣੀ ਪੂਰੀ ਗੱਲ ਦੱਸਣ। ਫਿਰ ਅਸੀਂ ਜੋ ਕਹਿਣਾ ਹੈ ਕਹਿ ਸਕਦੇ ਹਾਂ।”

ਕਿੰਨੀ ਕੁ ਖੁੱਲ੍ਹ?

ਦੇਖਣ ਵਿਚ ਆਇਆ ਹੈ ਕਿ ਮਾਪਿਆਂ ਤੇ ਬੱਚਿਆਂ ਦੇ ਆਪਸ ਵਿਚ ਲੜਾਈ-ਝਗੜੇ ਇਸ ਗੱਲ ’ਤੇ ਹੁੰਦੇ ਹਨ ਕਿ ਬੱਚਿਆਂ ਨੂੰ ਕਿੰਨੀ ਕੁ ਖੁੱਲ੍ਹ ਦੇਣੀ ਚਾਹੀਦੀ ਹੈ। ਵੈਸੇ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਕਿੰਨੀ ਕੁ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ? ਇਕ ਪਿਤਾ ਨੇ ਕਿਹਾ, “ਮੈਂ ਆਪਣੀ ਕੁੜੀ ਨੂੰ ਜਿੰਨੀ ਵੀ ਖੁੱਲ੍ਹ ਦਿੰਦਾ ਹਾਂ, ਉਹ ਨੂੰ ਉਹ ਵੀ ਥੋੜ੍ਹੀ ਲੱਗਦੀ ਏ।”

ਇਹ ਵੀ ਠੀਕ ਨਹੀਂ ਕਿ ਨੌਜਵਾਨ ਜੋ ਜੀ ਆਇਆ ਕਰਨ। ਬਾਈਬਲ ਕਹਿੰਦੀ ਹੈ: “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” (ਕਹਾਉਤਾਂ 29:15) ਕਿਸੇ ਵੀ ਉਮਰ ਦੇ ਬੱਚੇ ਨੂੰ ਚੰਗੀ ਸੇਧ ਦੀ ਲੋੜ ਹੁੰਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸੇਧ ਦੇਣ। (ਅਫ਼ਸੀਆਂ 6:4) ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਨੌਜਵਾਨਾਂ ’ਤੇ ਜ਼ਿਆਦਾ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ। ਥੋੜ੍ਹੀ ਖੁੱਲ੍ਹ ਦੇਣ ਨਾਲ ਉਹ ਵੱਡੇ ਹੋ ਕੇ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰ ਪਾਉਣਗੇ।

ਇਕ ਮਿਸਾਲ ’ਤੇ ਗੌਰ ਕਰੋ। ਜ਼ਰਾ ਸੋਚੋ ਕਿ ਤੁਸੀਂ ਤੁਰਨਾ ਕਿੱਦਾਂ ਸਿੱਖਿਆ ਸੀ। ਜਦੋਂ ਤੁਸੀਂ ਪੈਦਾ ਹੋਏ ਸੀ, ਤਾਂ ਤੁਹਾਨੂੰ ਗੋਦੀ ਚੁੱਕ ਕੇ ਇੱਧਰ-ਉੱਧਰ ਲਿਜਾਇਆ ਜਾਂਦਾ ਸੀ। ਫਿਰ ਤੁਸੀਂ ਰਿੜ੍ਹਨਾ ਸਿੱਖਿਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਤੁਰਨਾ ਸਿੱਖਿਆ। ਪਰ ਤੁਹਾਡੇ ਮਾਪਿਆਂ ਨੇ ਕਦੇ ਵੀ ਤੁਹਾਨੂੰ ਇਕੱਲੇ ਨਹੀਂ ਛੱਡਿਆ, ਨਹੀਂ ਤਾਂ ਤੁਹਾਡੇ ਸੱਟ ਲੱਗ ਸਕਦੀ ਸੀ। ਉਨ੍ਹਾਂ ਦੀ ਨਿਗਾਹ ਹਮੇਸ਼ਾ ਤੁਹਾਡੇ ’ਤੇ ਰਹੀ ਅਤੇ ਤੁਹਾਡੀ ਹਿਫਾਜ਼ਤ ਲਈ ਸ਼ਾਇਦ ਉਨ੍ਹਾਂ ਨੇ ਤੁਹਾਨੂੰ ਪੌੜੀਆਂ ਚੜ੍ਹਨ ਤੋਂ ਵੀ ਰੋਕਿਆ ਹੋਵੇ। ਫਿਰ ਵੀ ਉਨ੍ਹਾਂ ਨੇ ਤੁਹਾਨੂੰ ਚੱਲਣ-ਫਿਰਨ ਦਿੱਤਾ ਤਾਂਕਿ ਤੁਸੀਂ ਆਰਾਮ ਨਾਲ ਤੁਰਨਾ ਸਿੱਖ ਸਕੋ, ਹਾਲਾਂਕਿ ਉਨ੍ਹਾਂ ਨੂੰ ਪਤਾ ਸੀ ਕਿ ਤੁਸੀਂ ਕਈ ਵਾਰ ਡਿੱਗਣਾ ਹੈ।

ਬੱਚਿਆਂ ਨੂੰ ਛੋਟ ਦੇਣੀ ਵੀ ਕੁਝ ਇਸੇ ਤਰ੍ਹਾਂ ਹੀ ਹੈ। ਪਹਿਲਾਂ-ਪਹਿਲ ਮਾਪੇ ਆਪਣੇ ਬੱਚਿਆਂ ਨੂੰ ਗੋਦੀ ਚੁੱਕਦੇ ਹਨ ਮਤਲਬ ਉਨ੍ਹਾਂ ਵਾਸਤੇ ਫ਼ੈਸਲੇ ਕਰਦੇ ਹਨ। ਫਿਰ ਜਦੋਂ ਬੱਚੇ ਥੋੜ੍ਹੇ ਵੱਡੇ ਹੁੰਦੇ ਹਨ ਤੇ ਸਮਝਦਾਰੀ ਦਿਖਾਉਂਦੇ ਹਨ, ਤਾਂ ਮਾਪੇ ਉਨ੍ਹਾਂ ਨੂੰ ਮਾਨੋ ‘ਰਿੜ੍ਹਨ’ ਦਿੰਦੇ ਹਨ। ਕਹਿਣ ਦਾ ਭਾਵ ਮਾਪੇ ਬੱਚਿਆਂ ਨੂੰ ਛੋਟੇ-ਮੋਟੇ ਫ਼ੈਸਲੇ ਆਪ ਕਰਨ ਦਿੰਦੇ ਹਨ। ਪਰ ਨਾਲੋਂ-ਨਾਲ ਮਾਪੇ ਬੱਚਿਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਤੋਂ ਵਰਜਦੇ ਹਨ। ਜਿਉਂ ਹੀ ਬੱਚੇ ਸਮਝਦਾਰ ਬਣਦੇ ਜਾਂਦੇ ਹਨ, ਮਾਪੇ ਉਨ੍ਹਾਂ ਨੂੰ ‘ਤੁਰਨ’ ਯਾਨੀ ਆਪ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੰਦੇ ਹਨ। ਇਸ ਤਰ੍ਹਾਂ ਵੱਡੇ ਹੋ ਕੇ ਉਹ ‘ਆਪਣਾ ਭਾਰ ਆਪ ਹੀ ਚੁੱਕਣ’ ਦੇ ਕਾਬਲ ਹੋ ਜਾਂਦੇ ਹਨ।—ਗਲਾਤੀਆਂ 6:5.

ਬਾਈਬਲ ਦੀ ਇਕ ਮਿਸਾਲ ਤੋਂ ਸਬਕ ਸਿੱਖੋ

ਜਦ ਯਿਸੂ ਬਾਰਾਂ ਕੁ ਸਾਲਾਂ ਦਾ ਸੀ, ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਕੁਝ ਹੱਦ ਤਕ ਖੁੱਲ੍ਹ ਦਿੱਤੀ ਸੀ। ਪਰ ਉਸ ਨੇ ਇਸ ਗੱਲ ਦਾ ਨਾਜਾਇਜ਼ ਫ਼ਾਇਦਾ ਨਹੀਂ ਸੀ ਉਠਾਇਆ। ਇਸ ਦੇ ਉਲਟ ਯਿਸੂ ਆਪਣੇ ਮਾਂ-ਬਾਪ ਦੇ ‘ਅਧੀਨ ਰਿਹਾ ਅਤੇ ਗਿਆਨ ਅਰ ਕੱਦ ਅਰ ਪਰਮੇਸ਼ੁਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।’—ਲੂਕਾ 2:51, 52.

ਮਾਪੇ ਇਸ ਮਿਸਾਲ ਤੋਂ ਕੁਝ ਸਿੱਖ ਸਕਦੇ ਹਨ। ਜੇ ਬੱਚਾ ਤੁਹਾਡੇ ਆਖੇ ਲੱਗਦਾ ਹੈ ਤੇ ਕਈ ਗੱਲਾਂ ਵਿਚ ਠੀਕ ਵੀ ਹੈ, ਤਾਂ ਤੁਸੀਂ ਉਸ ਨੂੰ ਹੋਰ ਖੁੱਲ੍ਹ ਦੇ ਸਕਦੇ ਹੋ। ਇਸ ਸੰਬੰਧ ਵਿਚ ਕੁਝ ਮਾਪਿਆਂ ਦੇ ਵਿਚਾਰਾਂ ਵੱਲ ਧਿਆਨ ਦਿਓ।

“ਮੈਂ ਆਪਣੇ ਬੱਚਿਆਂ ਦੇ ਕੰਮਾਂ ਵਿਚ ਟੰਗ ਅੜਾਉਂਦੀ ਹੁੰਦੀ ਸੀ। ਫਿਰ ਮੈਂ ਉਨ੍ਹਾਂ ਨੂੰ ਕੁਝ ਅਸੂਲ ਸਿਖਾਏ ਅਤੇ ਉਨ੍ਹਾਂ ਮੁਤਾਬਕ ਬੱਚਿਆਂ ਨੂੰ ਫ਼ੈਸਲੇ ਕਰਨ ਦਿੱਤੇ। ਮੈਂ ਦੇਖਿਆ ਕਿ ਉਹ ਸੋਚ-ਸਮਝ ਕੇ ਫ਼ੈਸਲੇ ਕਰਨ ਲੱਗੇ।”—ਸੂ ਹਯਨ, ਕੋਰੀਆ।

“ਅਸੀਂ ਆਪਣੇ ਬੱਚਿਆਂ ਨੂੰ ਜ਼ਿਆਦਾ ਖੁੱਲ੍ਹ ਦੇਣ ਤੋਂ ਝਿਜਕਦੇ ਹਾਂ। ਪਰ ਅਸੀਂ ਦੇਖਿਆ ਏ ਕਿ ਉਹ ਸਮਝਦਾਰ ਅਤੇ ਜ਼ਿੰਮੇਵਾਰ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਹੋਰ ਖੁੱਲ੍ਹ ਦਿੱਤੀ ਏ।”—ਡਾਰਿਆ, ਬ੍ਰਾਜ਼ੀਲ।

“ਜਦ ਮੇਰਾ ਮੁੰਡਾ ਸਮਝਦਾਰੀ ਵਰਤਦਾ ਹੈ, ਤਾਂ ਮੈਂ ਉਸ ਨੂੰ ਸ਼ਾਬਾਸ਼ੀ ਦਿੰਦੀ ਹਾਂ। ਮੈਂ ਵੀ ਉਹੀਓ ਕਰਦੀ ਹਾਂ ਜੋ ਉਸ ਨੂੰ ਕਰਨ ਨੂੰ ਕਹਿੰਦੀ ਹਾਂ। ਜੇ ਮੈਂ ਕਿਤੇ ਜਾਣਾ ਹੁੰਦਾ, ਤਾਂ ਉਹ ਨੂੰ ਦੱਸ ਕੇ ਜਾਂਦੀ ਹਾਂ। ਜੇ ਕਿਤੇ ਮੈਨੂੰ ਦੇਰ ਹੋ ਜਾਂਦੀ, ਤਾਂ ਉਹ ਨੂੰ ਫ਼ੋਨ ਕਰ ਦਿੰਦੀ ਹਾਂ।”—ਐਨਾ, ਇਟਲੀ।

“ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਕਿ ਜੇ ਉਨ੍ਹਾਂ ਨੂੰ ਹੋਰ ਆਜ਼ਾਦੀ ਚਾਹੀਦੀ ਹੈ, ਤਾਂ ਉਨ੍ਹਾਂ ਨੂੰ ਸਾਬਤ ਕਰਨਾ ਪਵੇਗਾ ਕਿ ਉਹ ਜ਼ਿੰਮੇਵਾਰ ਇਨਸਾਨ ਹਨ। ਤਾਂ ਹੀ ਅਸੀਂ ਉਨ੍ਹਾਂ ’ਤੇ ਭਰੋਸਾ ਰੱਖ ਸਕਦੇ ਹਾਂ।”—ਪੀਟਰ, ਇੰਗਲੈਂਡ।

ਕੀਤੀ ਭੁਗਤਣੀ

ਬਾਈਬਲ ਕਹਿੰਦੀ ਹੈ: “ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।” (ਵਿਰਲਾਪ 3:27) ਕਹਿਣ ਦਾ ਭਾਵ ਹੈ ਕਿ ਨੌਜਵਾਨ ਜ਼ਿੰਮੇਵਾਰੀਆਂ ਦਾ ਭਾਰ ਚੁੱਕ ਸਕਦੇ ਹਨ, ਪਰ ਜਿੱਦਾਂ ਉਹ ਜ਼ਿੰਮੇਵਾਰੀਆਂ ਸੰਭਾਲਦੇ ਹਨ, ਉਸ ਅਨੁਸਾਰ ਉਨ੍ਹਾਂ ਨੂੰ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇਸ ਬਾਰੇ ਬਾਈਬਲ ਕਹਿੰਦੀ ਹੈ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।”—ਗਲਾਤੀਆਂ 6:7.

ਜੇ ਬੱਚੇ ਨੇ ਕਿਸੇ ਗੱਲ ਵਿਚ ਨਾਸਮਝੀ ਵਰਤੀ ਹੋਵੇ, ਤਾਂ ਕਈ ਦਫ਼ਾ ਮਾਪੇ ਉਸ ਦੀਆਂ ਗ਼ਲਤੀਆਂ ਦੇ ਨਤੀਜੇ ਭੁਗਤਣ ਤੋਂ ਉਸ ਨੂੰ ਬਚਾ ਲੈਂਦੇ ਹਨ। ਫ਼ਰਜ਼ ਕਰੋ ਕਿ ਤੁਹਾਡਾ ਮੁੰਡਾ ਬਿਨਾਂ ਸੋਚੇ-ਸਮਝੇ ਕਾਫ਼ੀ ਪੈਸੇ ਖ਼ਰਚ ਕੇ ਕਰਜ਼ੇ ਹੇਠ ਆ ਗਿਆ ਹੈ। ਕੀ ਉਸ ਨੂੰ ਅਕਲ ਆ ਜਾਏਗੀ ਜੇ ਤੁਸੀਂ ਕਰਜ਼ੇ ਦਾ ਬੋਝ ਉਸ ਉੱਤੋਂ ਦੀ ਲਾਹ ਦਿੱਤਾ? ਪਰ ਜੇ ਤੁਸੀਂ ਉਸ ਨੂੰ ਸਮਝਾਇਆ ਕਿ ਉਹ ਆਪ ਇਹ ਕਰਜ਼ਾ ਕਿੱਦਾਂ ਲਾਹ ਸਕਦਾ ਹੈ, ਤਾਂ ਉਹ ਕਿਹੜਾ ਅਹਿਮ ਸਬਕ ਸਿੱਖੇਗਾ?

ਜਦੋਂ ਬੱਚੇ ਵਾਰ-ਵਾਰ ਗ਼ਲਤੀਆਂ ਕਰਦੇ ਹਨ ਅਤੇ ਮਾਪੇ ਉਨ੍ਹਾਂ ਦੀਆਂ ਗ਼ਲਤੀਆਂ ਦੇ ਨਤੀਜੇ ਭੁਗਤਣ ਤੋਂ ਉਨ੍ਹਾਂ ਨੂੰ ਬਚਾ ਲੈਂਦੇ ਹਨ, ਤਾਂ ਉਹ ਆਪਣੇ ਬੱਚਿਆਂ ਦਾ ਭਲਾ ਨਹੀਂ, ਸਗੋਂ ਨੁਕਸਾਨ ਹੀ ਕਰਦੇ ਹਨ। ਵੱਡੇ ਹੋ ਕੇ ਜ਼ਿੰਮੇਵਾਰ ਇਨਸਾਨ ਬਣਨ ਦੀ ਬਜਾਇ ਉਹ ਸਭ ਕੁਝ ਦੂਸਰਿਆਂ ਦੇ ਆਸਰੇ ਹੀ ਕਰਦੇ ਰਹਿਣਗੇ। ਚਾਹੇ ਉਹ ਕਿਸੇ ਵੀ ਮੁਸੀਬਤ ਵਿਚ ਪੈਣ, ਉਨ੍ਹਾਂ ਨੂੰ ਲੱਗੇਗਾ ਕਿ ਕੋਈ-ਨ-ਕੋਈ ਉਨ੍ਹਾਂ ਦੀ ਮਦਦ ਕਰ ਦੇਵੇਗਾ। ਪਰ ਇਸ ਤੋਂ ਚੰਗਾ ਹੈ ਕਿ ਉਹ ਆਪ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਲਾਇਕ ਬਣਨ, ਆਪ ਮੁਸੀਬਤਾਂ ਵਿੱਚੋਂ ਨਿਕਲਣ। ਮਾਪਿਆਂ ਵਾਸਤੇ ਆਪਣੇ ਬੱਚਿਆਂ ਨੂੰ “ਭਲੇ ਬੁਰੇ ਦੀ ਜਾਚ ਕਰਨ” ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ।—ਇਬਰਾਨੀਆਂ 5:14.

‘ਬੱਚੇ ਵੱਡੇ ਹੋ ਰਹੇ ਹਨ’

ਵਾਕਈ, ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ ਬਹੁਤ ਵੱਡਾ ਕੰਮ ਹੈ। ਬੱਚਿਆਂ ਨੂੰ ਯਹੋਵਾਹ ਦੀ “ਸਿੱਖਿਆ ਅਰ ਮੱਤ ਦੇ ਕੇ” ਪਾਲਨਾ ਕਰਨ ਵਾਲੇ ਮਾਪਿਆਂ ਨੂੰ ਕਦੇ-ਕਦੇ ਸ਼ਾਇਦ ਲੱਗੇ ਕਿ ਉਨ੍ਹਾਂ ਦੀ ਮਿਹਨਤ ਵਿਅਰਥ ਜਾ ਰਹੀ ਹੈ।—ਅਫ਼ਸੀਆਂ 6:4.

ਪਰ ਮਾਪਿਆਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਉਂਦੇ ਰਹਿਣ ਤੇ ਉਨ੍ਹਾਂ ਦੇ ਦਿਲਾਂ ਵਿਚ ਚੰਗੇ ਅਸੂਲ ਬਿਠਾਉਂਦੇ ਰਹਿਣ, ਪਰ ਬੱਚਿਆਂ ਉੱਤੇ ਰੋਹਬ ਨਾ ਝਾੜਨ। (ਬਿਵਸਥਾ ਸਾਰ 6:6-9) ਗ੍ਰੈਗ, ਜਿਸ ਦਾ ਜ਼ਿਕਰ ਅਸੀਂ ਇਸ ਲੇਖ-ਲੜੀ ਵਿਚ ਪਹਿਲਾਂ ਵੀ ਕੀਤਾ ਹੈ, ਨੇ ਕਿਹਾ: “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਵੱਡੇ ਹੋ ਰਹੇ ਹਨ, ਉਨ੍ਹਾਂ ਵਿਚ ਨਵੀਆਂ ਤੋਂ ਨਵੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਸਾਨੂੰ ਉਨ੍ਹਾਂ ਨੂੰ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

ਇਸ ਲੇਖ ਵਿਚ ਦਿੱਤੀ ਬਾਈਬਲ ਦੀ ਸਲਾਹ ’ਤੇ ਚੱਲਣ ਦੀ ਕੋਸ਼ਿਸ਼ ਕਰੋ। ਆਪਣੇ ਬੱਚਿਆਂ ਤੋਂ ਹੱਦੋਂ ਵੱਧ ਆਸ ਨਾ ਰੱਖੋ ਕਿ ਉਹ ਹਮੇਸ਼ਾ ਉਹੀ ਕਰਨਗੇ ਜੋ ਤੁਸੀਂ ਕਹਿੰਦੇ ਹੋ। ਪਰ ਤੁਸੀਂ ਵੀ ਉਨ੍ਹਾਂ ਲਈ ਮਿਸਾਲ ਬਣ ਕੇ ਰਹੋ। ਬਾਈਬਲ ਕਹਿੰਦੀ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6. (g 6/08)

[ਸਫ਼ਾ 23 ਉੱਤੇ ਸੁਰਖੀ]

ਜਿਵੇਂ ਤੁਸੀਂ ਹੌਲੀ-ਹੌਲੀ ਤੁਰਨਾ ਸਿੱਖਿਆ ਸੀ, ਉਵੇਂ ਹੀ ਤੁਹਾਨੂੰ ਥੋੜ੍ਹੀ-ਥੋੜ੍ਹੀ ਖੁੱਲ੍ਹ ਦਿੱਤੀ ਜਾਂਦੀ ਹੈ

[ਸਫ਼ਾ 24 ਉੱਤੇ ਸੁਰਖੀ]

ਜਦ ਯਿਸੂ ਨੌਜਵਾਨ ਸੀ, ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਕੁਝ ਹੱਦ ਤਕ ਖੁੱਲ੍ਹ ਦਿੱਤੀ ਸੀ

[ਸਫ਼ਾ 23 ਉੱਤੇ ਡੱਬੀ]

“ਅਧਿਕਾਰ ਨੂੰ ਪੂਰੀ ਤਰ੍ਹਾਂ ਵਰਤੋ”

ਜੇ ਤੁਹਾਡੇ ਬੱਚੇ ਨੂੰ ਤੁਹਾਡੇ ਵੱਲੋਂ ਲਾਈ ਕਿਸੇ ਬੰਦਸ਼ ਕਰਕੇ ਗੁੱਸਾ ਚੜ੍ਹਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਸ ਨੂੰ ਖ਼ੁਸ਼ ਕਰਨ ਲਈ ਕੁਝ ਵੀ ਕਰਨ ਦੀ ਖੁੱਲ੍ਹ ਦੇ ਦਿਓ। ਯਾਦ ਰੱਖੋ ਕਿ ਉਹ ਅਜੇ ਨੌਜਵਾਨ ਹੈ ਤੇ ਉਸ ਨੂੰ ਚੰਗੇ-ਮਾੜੇ ਦਾ ਪੂਰੀ ਤਰ੍ਹਾਂ ਨਹੀਂ ਪਤਾ। ਇਸ ਲਈ ਉਸ ਨੂੰ ਤੁਹਾਡੀ ਸਲਾਹ ਦੀ ਜ਼ਰੂਰਤ ਹੈ।—ਕਹਾਉਤਾਂ 22:15.

ਮਾਪਿਆਂ ਦੇ ਅਧਿਕਾਰ ਬਾਰੇ ਆਪਣੀ ਕਿਤਾਬ ਵਿਚ ਇਕ ਲੇਖਕ ਨੇ ਕਿਹਾ: “ਮਾਪੇ ਕਈ ਵਾਰ ਆਪਣੇ ਬੱਚੇ ਦੀਆਂ ਗੱਲਾਂ ਵਿਚ ਆ ਕੇ ਉਸ ਨੂੰ ਜ਼ਿਆਦਾ ਖੁੱਲ੍ਹ ਦੇਣ ਦੀ ਭੁੱਲ ਕਰ ਬੈਠਦੇ ਹਨ ਕਿਉਂਕਿ ਉਹ ਘਰ ਵਿਚ ਕਲੇਸ਼ ਨਹੀਂ ਚਾਹੁੰਦੇ। ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਇੱਦਾਂ ਨਾ ਕਰਨ। ਬੱਚਿਆਂ ਨੂੰ ਆਪਣੇ ਉੱਤੇ ਅਧਿਕਾਰ ਨਾ ਚਲਾਉਣ ਦਿਓ, ਸਗੋਂ ਉਨ੍ਹਾਂ ਨੂੰ ਦਿਖਾਓ ਕਿ ਤੁਹਾਡਾ ਹਾਲੇ ਵੀ ਉਨ੍ਹਾਂ ਉੱਤੇ ਅਧਿਕਾਰ ਹੈ। ਭਾਵੇਂ ਉਨ੍ਹਾਂ ਨੂੰ ਚੰਗਾ ਨਾ ਲੱਗੇ, ਪਰ ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਹਾਲੇ ਵੀ ਉਨ੍ਹਾਂ ਦੀ ਅਗਵਾਈ ਕਰੋਗੇ।”

[ਸਫ਼ਾ 24 ਉੱਤੇ ਕੈਪਸ਼ਨ]

ਹੋਰ ਖੁੱਲ੍ਹ ਦੇਣੀ

ਆਮ ਤੌਰ ਤੇ ਨੌਜਵਾਨ ਹੱਦੋਂ ਵੱਧ ਖੁੱਲ੍ਹ ਚਾਹੁੰਦੇ ਹਨ। ਪਰ ਕਈ ਮਾਪੇ ਕਿਸੇ ਵੀ ਤਰ੍ਹਾਂ ਦੀ ਖੁੱਲ੍ਹ ਦੇਣ ਨੂੰ ਤਿਆਰ ਨਹੀਂ ਹੁੰਦੇ। ਕੀ ਇਸ ਮਸਲੇ ਨੂੰ ਸੁਲਝਾਇਆ ਜਾ ਸਕਦਾ ਹੈ? ਹੇਠਾਂ ਦਿੱਤੀ ਸੂਚੀ ਵੱਲ ਜ਼ਰਾ ਨਿਗਾਹ ਮਾਰੋ। ਦੇਖੋ ਕਿ ਤੁਹਾਡਾ ਮੁੰਡਾ ਜਾਂ ਕੁੜੀ ਕਿਨ੍ਹਾਂ ਗੱਲਾਂ ਵਿਚ ਠੀਕ ਹੈ।

□ ਦੋਸਤ-ਮਿੱਤਰ ਚੁਣਨ ਵਿਚ

□ ਕੱਪੜੇ ਪਸੰਦ ਕਰਨ ਵਿਚ

□ ਪੈਸੇ ਖ਼ਰਚਣ ਵਿਚ

□ ਸਹੀ ਸਮੇਂ ਤੇ ਘਰ ਵਾਪਸ ਆਉਣ ਵਿਚ

□ ਘਰ ਦੇ ਕੰਮ-ਕਾਜ ਕਰਨ ਵਿਚ

□ ਸਕੂਲ ਦਾ ਕੰਮ ਕਰਨ ਵਿਚ

□ ਗ਼ਲਤੀਆਂ ਲਈ ਮਾਫ਼ੀ ਮੰਗਣ ਵਿਚ

□ ਹੋਰ ਗੱਲਾਂ ਵਿਚ ․․․․․․․․․․․․․․․․․․․․․․․․․․․․․․․․․․․․․․․․․

ਜੇ ਤੁਹਾਡਾ ਬੱਚਾ ਜ਼ਿਆਦਾਤਰ ਗੱਲਾਂ ਵਿਚ ਠੀਕ ਹੈ, ਤਾਂ ਕਿਉਂ ਨਾ ਉਸ ਨੂੰ ਹੋਰ ਖੁੱਲ੍ਹ ਦੇਣ ਬਾਰੇ ਸੋਚੋ?

[ਸਫ਼ਾ 23 ਉੱਤੇ ਤਸਵੀਰ]

ਉਨ੍ਹਾਂ ਨੂੰ ਆਪਣੀ ਪੂਰੀ ਗੱਲ ਦੱਸਣ ਦਿਓ, ਫਿਰ ਜੋ ਕਹਿਣਾ ਹੈ ਕਹੋ