Skip to content

Skip to table of contents

ਅੱਲੜ੍ਹ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ

ਅੱਲੜ੍ਹ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ

ਅੱਲੜ੍ਹ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ

ਫ਼ਰਜ਼ ਕਰੋ ਕਿ ਤੁਸੀਂ ਵਿਦੇਸ਼ ਸੈਰ ਕਰਨ ਗਏ ਹੋ। ਉੱਥੇ ਲੋਕ ਓਪਰੀ ਭਾਸ਼ਾ ਬੋਲਦੇ ਹਨ ਜੋ ਤੁਹਾਨੂੰ ਨਹੀਂ ਆਉਂਦੀ। ਪਰ ਕੀ ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਨਾਲ ਬਿਲਕੁਲ ਹੀ ਗੱਲ ਨਹੀਂ ਕਰ ਸਕਦੇ? ਇੱਦਾਂ ਤਾਂ ਨਹੀਂ ਹੋ ਸਕਦਾ। ਜੇ ਤੁਹਾਡੇ ਕੋਲ ਉਸ ਭਾਸ਼ਾ ਦੇ ਵਾਕਾਂ ਵਾਲੀ ਕਿਤਾਬ ਹੋਵੇ, ਤਾਂ ਤੁਸੀਂ ਉਸ ਦੀ ਮਦਦ ਨਾਲ ਥੋੜ੍ਹੀ-ਬਹੁਤੀ ਤਾਂ ਗੱਲ ਕਰ ਸਕੋਗੇ। ਜਾਂ ਫਿਰ ਜੇ ਕੋਈ ਉਹ ਭਾਸ਼ਾ ਬੋਲਣ ਵਾਲਾ ਤੁਹਾਡੇ ਨਾਲ ਹੋਵੇ, ਤਾਂ ਲੋਕ ਉਸ ਦੇ ਰਾਹੀਂ ਤੁਹਾਡੀ ਗੱਲਬਾਤ ਸਮਝ ਸਕਣਗੇ, ਨਾਲੇ ਤੁਸੀਂ ਉਨ੍ਹਾਂ ਦੀ ਸਮਝ ਸਕੋਗੇ।

ਆਓ ਉਨ੍ਹਾਂ ਮਾਪਿਆਂ ਬਾਰੇ ਗੱਲ ਕਰੀਏ ਜੋ ਅੱਲੜ੍ਹ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਦੇ ਹਨ। ਹਰ ਮਾਂ-ਬਾਪ ਜਾਣਦਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਕੋਈ ਸੌਖਾ ਕੰਮ ਨਹੀਂ। ਪਰ ਜਿਸ ਤਰ੍ਹਾਂ ਕਿਸੇ ਓਪਰੀ ਭਾਸ਼ਾ ਬੋਲਣ ਵਾਲੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਉਸੇ ਤਰ੍ਹਾਂ ਬੱਚਿਆਂ ਦੇ ਚਾਲ-ਚਲਣ ਨੂੰ ਵੀ ਸਮਝਿਆ ਜਾ ਸਕਦਾ ਹੈ। ਰਾਜ਼ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਪਛਾਣਨ ਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ।

ਬੱਚਿਆਂ ਨੂੰ ਸਮਝੋ

ਜਦ ਨੌਜਵਾਨ ਆਪਣੀ ਮਨ-ਮਰਜ਼ੀ ਕਰਦੇ ਹਨ, ਤਾਂ ਇਸ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਉਹ ਆਪਣੇ ਮਾਪਿਆਂ ਦੇ ਖ਼ਿਲਾਫ਼ ਜਾ ਰਹੇ ਹਨ। ਬਾਈਬਲ ਵਿਚ ਦੱਸਿਆ ਹੈ ਕਿ ਇਕ ਦਿਨ ਤਾਂ ‘ਮਰਦ ਨੂੰ ਆਪਣੇ ਮਾਪੇ ਛੱਡਣੇ’ ਪੈਣਗੇ ਤੇ ਉਹ “ਆਪਣੀ ਤੀਵੀਂ ਨਾਲ ਮਿਲਿਆ ਰਹੇਗਾ।” (ਉਤਪਤ 2:24) ਹਾਂ, ਬੱਚਿਆਂ ਨੂੰ ਵੱਡੇ ਹੋ ਕੇ ਕਈ ਜ਼ਿੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਹਨ। ਇਸ ਕਰਕੇ ਉਨ੍ਹਾਂ ਲਈ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਜਾਂ ਖ਼ੁਦ ਫ਼ੈਸਲੇ ਕਰਨੇ ਚੰਗੀ ਗੱਲ ਹੈ।

ਆਓ ਦੇਖੀਏ ਕਿ ਪਿਛਲੇ ਲੇਖ ਵਿਚ ਮਾਪਿਆਂ ਦੀਆਂ ਕਹੀਆਂ ਗੱਲਾਂ ਤੋਂ ਅਸੀਂ ਬੱਚਿਆਂ ਬਾਰੇ ਕੀ ਸਿੱਖ ਸਕਦੇ ਹਾਂ।

ਇੰਗਲੈਂਡ ਵਿਚ ਰਹਿਣ ਵਾਲੀ ਲੀਆਹ ਨੇ ਕਿਹਾ: “ਸਾਡਾ ਮੁੰਡਾ ਤਾਂ ਬਸ ਆਪਣੀਆਂ ਹੀ ਮਾਰਦਾ ਰਹਿੰਦਾ। ਉਹ ਸਾਡੀ ਸੁਣਦਾ ਤਕ ਨਹੀਂ।”

ਜਦ ਤੁਹਾਡੇ ਬੱਚੇ ਛੋਟੇ ਸੀ, ਤਾਂ ਉਹ ਹਰ ਗੱਲ ਤੇ ਸਵਾਲ ਪੁੱਛਦੇ ਸਨ। ਉਦੋਂ ਉਨ੍ਹਾਂ ਨੂੰ ਸਾਧਾਰਣ ਜਿਹਾ ਜਵਾਬ ਦੇਣਾ ਹੀ ਕਾਫ਼ੀ ਸੀ। ਪੌਲੁਸ ਰਸੂਲ ਨੇ ਲਿਖਿਆ: ‘ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਸਮਝਦਾ ਸਾਂ।’ (1 ਕੁਰਿੰਥੀਆਂ 13:11) ਪਰ ਹੁਣ ਸਾਧਾਰਣ ਜਿਹੇ ਜਵਾਬ ਕਾਫ਼ੀ ਨਹੀਂ ਹਨ ਕਿਉਂਕਿ ਤੁਹਾਡੇ ਬੱਚਿਆਂ ਦੀ ਸਮਝ ਵਧ ਗਈ ਹੈ। ਇਸ ਲਈ ਉਨ੍ਹਾਂ ਨੂੰ ਕਈ ਗੱਲਾਂ ਖੋਲ੍ਹ ਕੇ ਦੱਸਣੀਆਂ ਪੈਂਦੀਆਂ ਹਨ ਤਾਂਕਿ ਉਹ “ਭਲੇ ਬੁਰੇ ਦੀ ਜਾਚ” ਕਰ ਕੇ ਸਹੀ ਫ਼ੈਸਲੇ ਕਰ ਸਕਣ।—ਇਬਰਾਨੀਆਂ 5:14.

ਘਾਨਾ ਵਿਚ ਰਹਿਣ ਵਾਲੇ ਜੋਨ ਨੇ ਕਿਹਾ: “ਸਾਡੀਆਂ ਧੀਆਂ ਸ਼ੀਸ਼ੇ ਮੁਹਰਿਓਂ ਨਹੀਂ ਹਟਦੀਆਂ।”

ਚੜ੍ਹਦੀ ਜਵਾਨੀ ਕਰਕੇ ਕਈ ਨੌਜਵਾਨਾਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਉਹ ਦੇਖਣ ਨੂੰ ਕਿੱਦਾਂ ਦੇ ਲੱਗਦੇ ਹਨ। ਕੁੜੀਆਂ ਦੇ ਸਰੀਰ ਵਿਚ ਕਾਫ਼ੀ ਤਬਦੀਲੀਆਂ ਆਉਂਦੀਆਂ ਹਨ ਜੋ ਉਨ੍ਹਾਂ ਨੂੰ ਸ਼ਾਇਦ ਅਜੀਬੋ-ਗ਼ਰੀਬ ਲੱਗਣ ਜਾਂ ਫਿਰ ਉਹ ਸ਼ਾਇਦ ਖ਼ੁਸ਼ ਹੋਣ। ਜਦੋਂ ਮੂੰਹ ਤੇ ਫਿੰਸਣੀਆਂ ਆਉਣ ਲੱਗਦੀਆਂ ਹਨ ਜਾਂ ਫਿਰ ਜਦੋਂ ਕੁੜੀਆਂ ਮੇਕ-ਅੱਪ ਕਰਨ ਲੱਗਦੀਆਂ ਹਨ, ਤਾਂ ਕੋਈ ਹੈਰਾਨੀ ਨਹੀਂ ਕਿ ਸਕੂਲ ਦੀਆਂ ਕਿਤਾਬਾਂ ਪੜ੍ਹਨ ਦੀ ਬਜਾਇ ਉਹ ਸ਼ੀਸ਼ੇ ਮੁਹਰੇ ਇੰਨਾ ਜ਼ਿਆਦਾ ਸਮਾਂ ਕਿਉਂ ਲਾਉਂਦੀਆਂ ਹਨ।

ਫ਼ਿਲਪੀਨ ਵਿਚ ਰਹਿਣ ਵਾਲੇ ਡੈਨੀਅਲ ਨੇ ਕਿਹਾ: “ਸਾਡੇ ਬੱਚੇ ਆਪਣੇ ਆਪ ਵਿਚ ਰਹਿਣ ਲੱਗ ਪਏ। ਉਹ ਸਾਨੂੰ ਕੁਝ ਦੱਸਦੇ ਨਹੀਂ। ਬਸ ਇੰਨਾ ਸੀ ਕਿ ਸਾਡੇ ਨਾਲ ਰਹਿਣ ਦੀ ਬਜਾਇ ਉਹ ਆਪਣੇ ਯਾਰਾਂ-ਦੋਸਤਾਂ ਨਾਲ ਰਹਿਣਾ ਪਸੰਦ ਕਰਦੇ ਸਨ।”

ਕਿਸੇ ਨੂੰ ਕੁਝ ਨਾ ਦੱਸਣਾ ਜਾਂ ਆਪਣੇ ਆਪ ਵਿਚ ਹੀ ਰਹਿਣਾ ਚੰਗੀ ਗੱਲ ਨਹੀਂ ਹੈ। (ਅਫ਼ਸੀਆਂ 5:12) ਪਰ ਕਦੇ-ਕਦੇ ਇਕੱਲੇ ਰਹਿਣਾ ਚੰਗੀ ਗੱਲ ਹੈ। ਇਕ ਸਮੇਂ ਯਿਸੂ ਵੀ “ਇੱਕ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ” ਸੀ। (ਮੱਤੀ 14:13) ਨੌਜਵਾਨਾਂ ਨੂੰ ਵੀ ਕੁਝ ਸਮਾਂ ਆਪਣੇ ਲਈ ਚਾਹੀਦਾ ਹੁੰਦਾ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ। ਏਕਾਂਤ ਵਿਚ ਬਿਤਾਇਆ ਇਹ ਸਮਾਂ ਉਨ੍ਹਾਂ ਵਾਸਤੇ ਲਾਹੇਵੰਦ ਸਾਬਤ ਹੁੰਦਾ ਹੈ ਜਿਸ ਦੌਰਾਨ ਉਹ ਕਈ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਨ।

ਦੋਸਤ-ਮਿੱਤਰ ਬਣਾਉਣੇ ਨੌਜਵਾਨਾਂ ਦੀ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਹੈ। ਇਹ ਗੱਲ ਸੱਚ ਹੈ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਪਰ ਦੂਸਰੇ ਪਾਸੇ ਇਹ ਵੀ ਸੱਚ ਹੈ ਕਿ “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਪੱਕੇ ਦੋਸਤ ਬਣਾਉਣੇ ਜ਼ਰੂਰੀ ਹੁੰਦੇ ਹਨ। ਆਖ਼ਰ ਦੁੱਖ-ਸੁਖ ਦੇ ਸਮੇਂ ਦੋਸਤ ਇਕ-ਦੂਜੇ ਦੇ ਕੰਮ ਆਉਂਦੇ ਹਨ।

ਉਪਰਲੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਨੂੰ ਸਮਝਦਾਰ ਹੋਣ ਦੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਦੇ ਚਾਲ-ਚਲਣ ਨੂੰ ਹਮੇਸ਼ਾ ਗ਼ਲਤ ਨਾ ਸਮਝਣ। ਅਕਲ ਤੋਂ ਕੰਮ ਲੈਂਦਿਆਂ ਮਾਪਿਆਂ ਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਨਾਲ ਸਲੀਕੇ ਨਾਲ ਪੇਸ਼ ਆਉਣ ਤਾਂਕਿ ਬੱਚਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਪਰ ਮਾਪੇ ਇਹ ਕਿੱਦਾਂ ਕਰ ਸਕਦੇ ਹਨ? (g 6/08)

[ਸਫ਼ੇ 21 ਉੱਤੇ ਸੁਰਖੀ]

◼ ਜਿਉਂ ਹੀ ਬੱਚਿਆਂ ਦੀ ਸਮਝ ਵਧਦੀ ਜਾਂਦੀ ਹੈ, ਤਿਉਂ-ਤਿਉਂ ਮਾਪਿਆਂ ਨੂੰ ਕਈ ਗੱਲਾਂ ਖੋਲ੍ਹ ਕੇ ਸਮਝਾਉਣੀਆਂ ਪੈਂਦੀਆਂ ਹਨ