Skip to content

Skip to table of contents

ਆਖ਼ਰੀ ਦਿਨ—ਉਸ ਤੋਂ ਬਾਅਦ ਕੀ?

ਆਖ਼ਰੀ ਦਿਨ—ਉਸ ਤੋਂ ਬਾਅਦ ਕੀ?

ਆਖ਼ਰੀ ਦਿਨ​—ਉਸ ਤੋਂ ਬਾਅਦ ਕੀ?

ਕੁਝ ਲੋਕ “ਅੰਤ ਦਿਆਂ ਦਿਨਾਂ” ਬਾਰੇ ਸੋਚ ਕੇ ਕੰਬ ਉੱਠਦੇ ਹਨ। (2 ਤਿਮੋਥਿਉਸ 3:1) ਉਨ੍ਹਾਂ ਦੇ ਮਨਾਂ ਵਿਚ ਸਿਰਫ਼ ਔਖੇ ਸਮਿਆਂ ਦਾ ਹੀ ਖ਼ਿਆਲ ਆਉਂਦਾ ਹੈ। ਫਿਰ ਵੀ ਸਦੀਆਂ ਤੋਂ ਬਹੁਤ ਸਾਰੇ ਲੋਕ ਅੰਤ ਦੇ ਦਿਨਾਂ ਦੀ ਉਤਸੁਕਤਾ ਨਾਲ ਉਡੀਕ ਕਰਦੇ ਆਏ ਹਨ। ਕਿਉਂ? ਕਿਉਂਕਿ ਅੰਤ ਦੇ ਦਿਨ ਆਉਣ ਦਾ ਇਹ ਵੀ ਮਤਲਬ ਹੈ ਕਿ ਚੰਗੇ ਸਮੇਂ ਹੁਣ ਛੇਤੀ ਆਉਣ ਵਾਲੇ ਹਨ।

ਸਰ ਆਈਜ਼ਕ ਨਿਊਟਨ ਦੀ ਮਿਸਾਲ ਲਓ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਅੰਤ ਦੇ ਸਮੇਂ ਤੋਂ ਬਾਅਦ ਵਿਸ਼ਵ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਹੋਵੇਗਾ ਜਦੋਂ ਪਰਮੇਸ਼ੁਰ ਦਾ ਰਾਜ ਸਾਰੀ ਧਰਤੀ ਉੱਤੇ ਹਜ਼ਾਰ ਸਾਲ ਤਕ ਹਕੂਮਤ ਕਰੇਗਾ। ਉਸ ਨੇ ਕਿਹਾ ਕਿ ਉਦੋਂ ਮੀਕਾਹ 4:3 ਅਤੇ ਯਸਾਯਾਹ 2:4 ਦੀ ਭਵਿੱਖਬਾਣੀ ਪੂਰੀ ਹੋਵੇਗੀ: “ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ।”

ਅੰਤ ਦੇ ਸਮੇਂ ਬਾਰੇ ਦੱਸਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਹੋਣ ਲਈ ਕਿਹਾ ਸੀ। ਵੱਡੇ ਕਸ਼ਟ ਦੇ ਸਮੇਂ ਦੀਆਂ ਮੁਸ਼ਕਲਾਂ, ਚਿੰਤਾਵਾਂ ਅਤੇ ਡਰ ਬਾਰੇ ਦੱਸਣ ਤੋਂ ਬਾਅਦ ਉਸ ਨੇ ਕਿਹਾ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।” (ਲੂਕਾ 21:28) ਯਿਸੂ ਕਿਸ ਚੀਜ਼ ਤੋਂ ਨਿਸਤਾਰਾ ਪਾਉਣ ਦੀ ਗੱਲ ਕਰ ਰਿਹਾ ਸੀ?

ਪਰਮੇਸ਼ੁਰ ਦੇ ਵਾਅਦੇ

ਅੱਜ ਯੁੱਧ, ਘਰੇਲੂ ਜੰਗ, ਅਪਰਾਧ, ਹਿੰਸਾ ਅਤੇ ਭੁੱਖਮਰੀ ਵਰਗੀਆਂ ਬਿਪਤਾਵਾਂ ਮਨੁੱਖਜਾਤੀ ਉੱਤੇ ਕਹਿਰ ਢਾਹ ਰਹੀਆਂ ਹਨ। ਨਤੀਜੇ ਵਜੋਂ ਲੱਖਾਂ ਲੋਕ ਖ਼ੌਫ਼ ਵਿਚ ਜੀਉਂਦੇ ਹਨ। ਕੀ ਇਨ੍ਹਾਂ ਚੀਜ਼ਾਂ ਦਾ ਤੁਹਾਡੇ ਉੱਤੇ ਅਸਰ ਪਿਆ ਹੈ? ਜੇਕਰ ਅਸਰ ਪਿਆ ਹੈ, ਤਾਂ ਹੇਠਾਂ ਦਿੱਤੇ ਪਰਮੇਸ਼ੁਰ ਦੇ ਕੁਝ ਵਾਅਦਿਆਂ ਉੱਤੇ ਵਿਚਾਰ ਕਰੋ:

“ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”​—ਜ਼ਬੂਰਾਂ ਦੀ ਪੋਥੀ 37:10, 11.

“ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।”​—ਯਸਾਯਾਹ 32:18.

“[ਯਹੋਵਾਹ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”​—ਜ਼ਬੂਰਾਂ ਦੀ ਪੋਥੀ 46:9.

“ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”​—ਮੀਕਾਹ 4:4.

‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ’​—ਜ਼ਬੂਰਾਂ ਦੀ ਪੋਥੀ 72:16.

“ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।”​—ਕਹਾਉਤਾਂ 1:33.

ਅਸੀਂ ਹੁਣ ਭਾਵੇਂ ਸ਼ਾਂਤ ਅਤੇ ਚੰਗੇ ਮਾਹੌਲ ਵਿਚ ਰਹਿੰਦੇ ਹੋਈਏ, ਤਾਂ ਵੀ ਅਸੀਂ ਬੀਮਾਰੀਆਂ ਅਤੇ ਮੌਤ ਤੋਂ ਨਹੀਂ ਬਚ ਸਕਦੇ। ਪਰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਇਹ ਦੁੱਖ ਨਹੀਂ ਹੋਣਗੇ। ਅਸੀਂ ਆਪਣੇ ਮਰ ਚੁੱਕੇ ਸਕੇ-ਸੰਬੰਧੀਆਂ ਨੂੰ ਵੀ ਦੁਬਾਰਾ ਮਿਲਣ ਦੀ ਆਸ ਰੱਖ ਸਕਦੇ ਹਾਂ। ਹੇਠਾਂ ਦਿੱਤੀਆਂ ਆਇਤਾਂ ’ਤੇ ਗੌਰ ਕਰੋ:

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”​—ਯਸਾਯਾਹ 33:24.

“[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”​—ਪਰਕਾਸ਼ ਦੀ ਪੋਥੀ 21:4.

“ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।”​—1 ਕੁਰਿੰਥੀਆਂ 15:26.

“ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”​—ਯੂਹੰਨਾ 5:28, 29.

ਇਨ੍ਹਾਂ ਸਾਰੀਆਂ ਗੱਲਾਂ ਦਾ ਸਾਰ ਦਿੰਦਿਆਂ ਪਤਰਸ ਰਸੂਲ ਨੇ ਲਿਖਿਆ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਧਰਤੀ ਉੱਤੇ ਧਰਮ ਤਾਂ ਰਹਿ ਸਕਦਾ ਹੈ ਜੇ ਹਰ ਉਸ ਇਨਸਾਨ ਨੂੰ ਹਟਾਇਆ ਜਾਵੇ ਜੋ ਸ਼ਾਂਤੀ ਨੂੰ ਭੰਗ ਕਰਦਾ ਹੈ। ਇਸੇ ਤਰ੍ਹਾਂ ਅੱਜ ਦੀਆਂ ਕੌਮਾਂ ਵੀ ਹਟਾਈਆਂ ਜਾਣਗੀਆਂ ਜੋ ਆਪਣੇ ਸੁਆਰਥ ਲਈ ਲੜਾਈਆਂ ਲੜਦੀਆਂ ਅਤੇ ਖ਼ੂਨ ਦੀਆਂ ਨਦੀਆਂ ਵਹਾਉਂਦੀਆਂ ਹਨ। ਹਰ ਮਨੁੱਖੀ ਸਰਕਾਰ ਉਲਟਾ ਦਿੱਤੀ ਜਾਵੇਗਾ ਅਤੇ ਸਾਰੀ ਧਰਤੀ ਉੱਤੇ ਮਸੀਹ ਦਾ ਹੀ ਰਾਜ ਹੋਵੇਗਾ। ਪਰਮੇਸ਼ੁਰ ਦੇ ਇਸ ਰਾਜ ਬਾਰੇ ਸਾਨੂੰ ਯਕੀਨ ਦਿਲਾਇਆ ਜਾਂਦਾ ਹੈ: “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ। ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।”​—ਯਸਾਯਾਹ 9:7.

ਜੇ ਤੁਸੀਂ ਚਾਹੋ, ਤਾਂ ਤੁਸੀਂ ਵੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ ਕਿਉਂਕਿ ਬਾਈਬਲ ਕਹਿੰਦੀ ਹੈ: “[ਪਰਮੇਸ਼ੁਰ] ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਸੋ ਦੇਰ ਨਾ ਕਰੋ। ਪਰਮੇਸ਼ੁਰ ਦਾ ਗਿਆਨ ਲਓ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਓ। (ਯੂਹੰਨਾ 17:3) ਕਿਉਂ ਨਾ ਤੁਸੀਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰੋ ਅਤੇ ਮੁਫ਼ਤ ਬਾਈਬਲ ਸਟੱਡੀ ਕਰਨ ਦੀ ਦਰਖ਼ਾਸਤ ਕਰੋ? (g 4/08)

[ਸਫ਼ੇ 8, 9 ਉੱਤੇ ਤਸਵੀਰਾਂ]

ਤੁਸੀਂ ਵੀ ਧਰਤੀ ਉੱਤੇ ਸੁੱਖ-ਚੈਨ ਨਾਲ ਚੰਗੀ ਸਿਹਤ ਅਤੇ ਸਦੀਵੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ