Skip to content

Skip to table of contents

ਆਖ਼ਰੀ ਦਿਨ—ਕਦੋਂ?

ਆਖ਼ਰੀ ਦਿਨ—ਕਦੋਂ?

ਆਖ਼ਰੀ ਦਿਨ​—ਕਦੋਂ?

ਸਕਾਈ ਐਂਡ ਟੈਲਿਸਕੋਪ ਨਾਂ ਦੇ ਰਸਾਲੇ ਦੇ ਹਾਲ ਹੀ ਦੇ ਇਕ ਅੰਕ ਵਿਚ ਲਿਖਿਆ ਸੀ: “ਇੱਕ ਅਰਬ ਸਾਲਾਂ ਵਿਚ ਧਰਤੀ ਤੱਪ ਕੇ ਵਿਰਾਨ ਰੇਗਿਸਤਾਨ ਬਣ ਜਾਵੇਗੀ। ਉਦੋਂ ਕੋਈ ਵੀ ਇਨਸਾਨ ਜਾਂ ਜੀਵ-ਜੰਤੂ ਜੀਉਂਦੇ ਨਹੀਂ ਬਚਣਗੇ।” ਅਜਿਹੇ ਹਾਲਾਤ ਪੈਦਾ ਹੋਣ ਦਾ ਕਾਰਨ ਕੀ ਹੋਵੇਗਾ? ਐਸਟ੍ਰੋਨਮੀ ਨਾਮਕ ਰਸਾਲਾ ਕਹਿੰਦਾ ਹੈ: “ਸੂਰਜ ਦੀ ਵਧਦੀ ਗਰਮੀ ਕਰਕੇ ਸਮੁੰਦਰ ਦਾ ਪਾਣੀ ਉਬਲਣ ਲੱਗੇਗਾ ਅਤੇ ਜ਼ਮੀਨ ਸੁੱਕ ਜਾਵੇਗੀ। ਇਹ ਭਿਆਨਕ ਦ੍ਰਿਸ਼ ਕਾਲਪਨਿਕ ਨਹੀਂ ਹੈ, ਸਗੋਂ ਇਹੋ ਸਾਡਾ ਭਵਿੱਖ ਹੈ।”

ਪਰੰਤੂ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ “ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਜਿਸ ਨੇ ਧਰਤੀ ਨੂੰ ਬਣਾਇਆ ਹੈ, ਉਹ ਇਸ ਨੂੰ ਕਾਇਮ ਰੱਖਣ ਦੀ ਵੀ ਤਾਕਤ ਰੱਖਦਾ ਹੈ। ਬਾਈਬਲ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਦੇ ‘ਵੱਸਣ ਲਈ ਧਰਤੀ ਨੂੰ ਸਾਜਿਆ ਸੀ।’ (ਯਸਾਯਾਹ 45:18) ਪਰ ਉਸ ਦੀ ਇਹ ਮਰਜ਼ੀ ਨਹੀਂ ਸੀ ਕਿ ਧਰਤੀ ਉੱਤੇ ਦੁਸ਼ਟ ਇਨਸਾਨ ਵੱਸਣ। ਸੋ ਉਸ ਨੇ ਸਮਾਂ ਮਿਥਿਆ ਹੈ ਜਦੋਂ ਉਹ ਦਾਨੀਏਲ 2:44 ਮੁਤਾਬਕ ਆਪਣਾ ਰਾਜ ਲਿਆ ਕੇ ਧਰਤੀ ਉੱਤੇ ਹਾਲਾਤ ਠੀਕ ਕਰੇਗਾ।

ਯਿਸੂ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ। ਉਸ ਨੇ ਦੱਸਿਆ ਕਿ ਅਜਿਹਾ ਸਮਾਂ ਆਵੇਗਾ ਜਦੋਂ ਸਾਰੀਆਂ ਕੌਮਾਂ ਦਾ ਨਿਆਂ ਕੀਤਾ ਜਾਵੇਗਾ। ਉਸ ਨੇ ਅਜਿਹੇ ਵੱਡੇ ਕਸ਼ਟ ਦੀ ਚੇਤਾਵਨੀ ਵੀ ਦਿੱਤੀ ਜੋ ਜਗਤ ਦੇ ਮੁੱਢੋਂ ਲੈ ਕੇ ਹੁਣ ਤਕ ਕਦੇ ਨਹੀਂ ਹੋਇਆ। ਨਾਲ ਹੀ ਉਸ ਨੇ ਕਈ ਗੱਲਾਂ ਦੱਸੀਆਂ ਜੋ ਸਾਬਤ ਕਰਨਗੀਆਂ ਕਿ ਦੁਨੀਆਂ ਦਾ ਅੰਤ ਨੇੜੇ ਹੈ।​—ਮੱਤੀ 9:35; ਮਰਕੁਸ 13:19; ਲੂਕਾ 21:7-11; ਯੂਹੰਨਾ 12:31.

ਯਿਸੂ ਵਰਗੇ ਮਹਾਨ ਇਨਸਾਨ ਦੀ ਇਸ ਭਵਿੱਖਬਾਣੀ ਨੇ ਕਈਆਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਇਹ ਘਟਨਾਵਾਂ ਕਦੋਂ ਵਾਪਰਨਗੀਆਂ? ਕੁਝ ਵਿਅਕਤੀਆਂ ਨੇ ਇਹ ਪਤਾ ਲਗਾਉਣ ਲਈ ਕਿ ਦੁਨੀਆਂ ਦਾ ਅੰਤ ਕਦੋਂ ਆਵੇਗਾ, ਬਾਈਬਲ ਵਿਚ ਦਿੱਤੀਆਂ ਤਾਰੀਖ਼ਾਂ ਅਤੇ ਭਵਿੱਖਬਾਣੀਆਂ ਦਾ ਗਹਿਰਾਈ ਨਾਲ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਸੀ 17ਵੀਂ ਸਦੀ ਦਾ ਗਣਿਤ-ਸ਼ਾਸਤਰੀ ਸਰ ਆਈਜ਼ਕ ਨਿਊਟਨ ਜਿਸ ਨੇ ਗੁਰੂਤਾ ਖਿੱਚ ਦੇ ਨਿਯਮ ਅਤੇ ਕੈਲਕੂਲਸ ਦੀ ਖੋਜ ਕੀਤੀ ਸੀ।

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।” (ਰਸੂਲਾਂ ਦੇ ਕਰਤੱਬ 1:7) ‘ਆਪਣੇ ਆਉਣ ਅਰ ਜੁਗ ਦੇ ਅੰਤ ਦਾ ਲੱਛਣ’ ਦੱਸਦਿਆਂ ਯਿਸੂ ਨੇ ਕਿਹਾ ਸੀ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:3, 36) ਫਿਰ ਨੂਹ ਦੇ ਸਮੇਂ ਦੇ ਦੁਸ਼ਟ ਸੰਸਾਰ ਦੇ ਨਾਸ਼ ਅਤੇ ਸਾਡੇ ਸਮੇਂ ਵਿਚ ਹੋਣ ਵਾਲੇ ਨਾਸ਼ ਵਿਚ ਤੁਲਨਾ ਕਰਦੇ ਹੋਏ ਯਿਸੂ ਨੇ ਕਿਹਾ: “ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।”​—ਮੱਤੀ 24:39, 42.

ਸੋ ਯਿਸੂ ਦੀਆਂ ਗੱਲਾਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਭਾਵੇਂ ਸਾਨੂੰ ਦੁਨੀਆਂ ਦੇ ਨਾਸ਼ ਦਾ ਪੱਕਾ ਸਮਾਂ ਨਹੀਂ ਦਿੱਤਾ ਗਿਆ ਹੈ, ਪਰ ਯਿਸੂ ਦੁਆਰਾ ਦੱਸੇ “ਲੱਛਣ” ਦੇਖ ਕੇ ਅਸੀਂ ਸਮਝ ਜਾਵਾਂਗੇ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਸਾਨੂੰ ‘ਜਾਗਦੇ ਰਹਿਣ’ ਦੀ ਲੋੜ ਹੈ ਤਾਂਕਿ ਅਸੀਂ ‘ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੀਏ।’​—ਲੂਕਾ 21:36.

ਅੰਤ ਦੇ ਦਿਨਾਂ ਦੇ ਲੱਛਣ ਦੱਸਣ ਤੋਂ ਪਹਿਲਾਂ ਯਿਸੂ ਨੇ ਸਾਵਧਾਨ ਕੀਤਾ ਸੀ: “ਚੌਕਸ ਰਹੋ ਭਈ ਤੁਸੀਂ ਕਿਤੇ ਭੁਲਾਵੇ ਵਿੱਚ ਨਾ ਪਓ ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਉਹੋ ਹਾਂ ਅਤੇ ਉਹ ਵੇਲਾ ਨੇੜੇ ਹੈ। ਉਨ੍ਹਾਂ ਦੇ ਮਗਰ ਨਾ ਲੱਗਣਾ। ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਓਵੇਂ ਨਹੀਂ।”​—ਲੂਕਾ 21:8, 9.

ਅੰਤ ਦੇ ਦਿਨਾਂ ਦੇ ਲੱਛਣ

ਅੰਤ ਦੇ ਦਿਨਾਂ ਦੇ ਲੱਛਣ ਦੱਸਦਿਆਂ ਯਿਸੂ ਨੇ ਕਿਹਾ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਅਤੇ ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।” (ਲੂਕਾ 21:10, 11) ਯਿਸੂ ਨੇ ਅੱਗੇ ਇਹ ਵੀ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਯਿਸੂ ਦੁਆਰਾ ਦੱਸੇ ਲੱਛਣ​—ਲੜਾਈਆਂ, ਭੁਚਾਲ, ਕਾਲ ਅਤੇ ਮਰੀਆਂ​—ਨਵੀਆਂ ਗੱਲਾਂ ਨਹੀਂ ਹਨ। ਇਹ ਚੀਜ਼ਾਂ ਤਾਂ ਮਨੁੱਖੀ ਇਤਿਹਾਸ ਦੇ ਮੁੱਢੋਂ ਹੀ ਦੇਖੀਆਂ ਜਾ ਰਹੀਆਂ ਹਨ। ਫ਼ਰਕ ਇਹ ਹੈ ਕਿ ਅੰਤ ਦੇ ਦਿਨਾਂ ਵਿਚ ਇਹ ਸਭ ਚੀਜ਼ਾਂ ਇੱਕੋ ਸਮੇਂ ’ਤੇ ਹੋਣਗੀਆਂ।

ਜ਼ਰਾ ਆਪਣੇ ਆਪ ਨੂੰ ਪੁੱਛੋ, ‘ਯਿਸੂ ਦੁਆਰਾ ਦੱਸੀਆਂ ਸਾਰੀਆਂ ਗੱਲਾਂ ਇਤਿਹਾਸ ਦੇ ਕਿਹੜੇ ਦੌਰ ਵਿਚ ਇੱਕੋ ਸਮੇਂ ਪੂਰੀਆਂ ਹੋਈਆਂ ਹਨ?’ ਸਾਲ 1914 ਤੋਂ ਇਨਸਾਨਾਂ ਨੇ ਦੋ ਭਿਆਨਕ ਵਿਸ਼ਵ ਯੁੱਧ ਦੇਖੇ ਹਨ। ਉਨ੍ਹਾਂ ਨੇ ਵੱਡੇ-ਵੱਡੇ ਭੁਚਾਲ ਅਤੇ ਇਨ੍ਹਾਂ ਦੇ ਦਰਦਨਾਕ ਨਤੀਜੇ [ਜਿਵੇਂ ਕਿ ਸੁਨਾਮੀ ਲਹਿਰਾਂ] ਸਹੇ ਹਨ। ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਮਲੇਰੀਆ, ਫਲੂ ਅਤੇ ਏਡਜ਼ ਵਰਗੀਆਂ ਮਾਰੂ ਬੀਮਾਰੀਆਂ ਤੋਂ ਪੀੜਿਤ ਹਨ। ਲੱਖਾਂ ਲੋਕ ਭੋਜਨ ਦੀ ਕਮੀ ਹੋਣ ਕਾਰਨ ਸੁੱਕ ਕੇ ਪਿੰਜਰ ਬਣ ਗਏ ਹਨ। ਲੋਕ ਹਰ ਸਮੇਂ ਅੱਤਵਾਦੀ ਹਮਲਿਆਂ ਅਤੇ ਸਰਬਨਾਸ਼ੀ ਹਥਿਆਰਾਂ ਦੇ ਖ਼ੌਫ਼ ਦੇ ਸਾਏ ਹੇਠ ਜੀ ਰਹੇ ਹਨ। ਪਰ ਦੂਸਰੇ ਪਾਸੇ, ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਸਵਰਗੀ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ। ਇਹ ਸਭ ਗੱਲਾਂ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਹਨ।

ਪੌਲੁਸ ਰਸੂਲ ਦੀ ਗੱਲ ਵੀ ਚੇਤੇ ਰੱਖੋ। ਉਸ ਨੇ ਲਿਖਿਆ: “ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।” (2 ਤਿਮੋਥਿਉਸ 3:1-5) ਜੀ ਹਾਂ, ਅੰਤ ਦੇ ਦਿਨਾਂ ਵਿਚ ਧਰਤੀ ਉੱਤੇ ਜੁਰਮ, ਕੁਧਰਮ, ਅਤਿਆਚਾਰ ਅਤੇ ਸੁਆਰਥ ਦਾ ਬੋਲਬਾਲਾ ਹੋਵੇਗਾ। *

ਪਰੰਤੂ ਕੀ ‘ਅੰਤ ਦੇ ਦਿਨ’ ਆਉਣ ਵਿਚ ਅਜੇ ਕਾਫ਼ੀ ਸਮਾਂ ਪਿਆ ਹੈ? ਕੀ ਇਸ ਗੱਲ ਦਾ ਕੋਈ ਹੋਰ ਸਬੂਤ ਹੈ ਕਿ ‘ਅੰਤ ਦੇ ਦਿਨ’ ਕਦੋਂ ਸ਼ੁਰੂ ਹੋਣੇ ਸਨ?

‘ਓੜਕ ਦਾ ਸਮਾਂ’ ਕਦੋਂ ਸ਼ੁਰੂ ਹੋਣਾ ਸੀ?

ਦੂਰ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਦਰਸ਼ਣ ਦੇਖਣ ਤੋਂ ਬਾਅਦ ਦਾਨੀਏਲ ਨਬੀ ਨੂੰ ਇਹ ਕਿਹਾ ਗਿਆ ਸੀ: “ਉਸ ਵੇਲੇ [ਦਾਨੀਏਲ 11:40 ਵਿਚ ਦੱਸੇ “ਓੜਕ ਦੇ ਸਮੇਂ”] ਮੀਕਾਏਲ [ਯਿਸੂ ਮਸੀਹ] ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ।” (ਦਾਨੀਏਲ 12:1) ਮੀਕਾਏਲ ਉਦੋਂ ਕੀ ਕਰੇਗਾ?

ਬਾਈਬਲ ਵਿਚ ਪਰਕਾਸ਼ ਦੀ ਪੋਥੀ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਮੀਕਾਏਲ ਆਪਣੀ ਰਾਜ-ਗੱਦੀ ਸੰਭਾਲੇਗਾ। ਇਸ ਵਿਚ ਲਿਖਿਆ ਹੈ: “ਫੇਰ ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ। ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”​—ਪਰਕਾਸ਼ ਦੀ ਪੋਥੀ 12:7-9, 12.

ਬਾਈਬਲ ਦੀ ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਇਸ ਜੰਗ ਵਿਚ ਹਾਰਨ ਵਾਲੇ ਸ਼ਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਜਦੋਂ ਸਵਰਗ ਵਿੱਚੋਂ ਕੱਢਿਆ ਜਾਵੇਗਾ, ਉਦੋਂ ਧਰਤੀ ਉੱਤੇ ਵੱਡੀਆਂ ਆਫ਼ਤਾਂ ਆਉਣਗੀਆਂ। ਕਿਉਂ? ਕਿਉਂਕਿ ਸ਼ਤਾਨ ਨੂੰ ਪਤਾ ਹੋਵੇਗਾ ਕਿ ਉਸ ਕੋਲ ਧਰਤੀ ਉੱਤੇ ਰਾਜ ਕਰਨ ਦਾ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਸੋ ਉਹ ਗੁੱਸੇ ਵਿਚ ਪਾਗਲ ਹੋ ਕੇ ਧਰਤੀ ਉੱਤੇ ਅੱਤ ਮਚਾਏਗਾ। ਅੰਤ ਦੇ ਦਿਨਾਂ ਵਿਚ ਉਸ ਦਾ ਕ੍ਰੋਧ ਵਧਦਾ ਹੀ ਜਾਵੇਗਾ ਜਦ ਤਕ ਕਿ ਆਰਮਾਗੇਡਨ ਵਿਚ ਉਸ ਨੂੰ ਪੂਰੀ ਤਰ੍ਹਾਂ ਹਰਾ ਨਾ ਦਿੱਤਾ ਜਾਵੇ।​—ਪਰਕਾਸ਼ ਦੀ ਪੋਥੀ 16:14, 16; 19:11, 15; 20:1-3.

ਸਵਰਗ ਵਿਚ ਹੋਏ ਜੰਗ ਦਾ ਨਤੀਜਾ ਦੱਸਣ ਤੋਂ ਬਾਅਦ ਯੂਹੰਨਾ ਰਸੂਲ ਨੇ ਕਿਹਾ: “ਮੈਂ ਇੱਕ ਵੱਡੀ ਅਵਾਜ਼ ਸੁਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ!” (ਪਰਕਾਸ਼ ਦੀ ਪੋਥੀ 12:10) ਧਿਆਨ ਦਿਓ ਕਿ ਇਸ ਆਇਤ ਵਿਚ ਮਸੀਹ ਦੇ ਰਾਜ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ। ਇਹ ਰਾਜ ਸਾਲ 1914 ਵਿਚ ਸਵਰਗ ਵਿਚ ਸਥਾਪਿਤ ਹੋਇਆ ਸੀ। * ਪਰ ਜਿਵੇਂ ਕਿ ਜ਼ਬੂਰ 110:2 ਵਿਚ ਦੱਸਿਆ ਹੈ, ਯਿਸੂ ‘ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰੇਗਾ’ ਜਦੋਂ ਤਕ ਕਿ ਪਰਮੇਸ਼ੁਰ ਦਾ ਰਾਜ ਸਾਰੀ ਧਰਤੀ ਉੱਤੇ ਨਹੀਂ ਫੈਲ ਜਾਂਦਾ।​—ਮੱਤੀ 6:10.

ਦਿਲਚਸਪੀ ਦੀ ਗੱਲ ਇਹ ਹੈ ਕਿ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਦੱਸਦਿਆਂ ਦੂਤ ਨੇ ਦਾਨੀਏਲ ਨਬੀ ਨੂੰ ਇਹ ਵੀ ਕਿਹਾ: “ਪਰ ਤੂੰ ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਮੂੰਦ ਰੱਖ ਅਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।” (ਦਾਨੀਏਲ 12:4) ਇਹ ਇਕ ਹੋਰ ਸਬੂਤ ਹੈ ਕਿ ਅਸੀਂ ਹੁਣ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ ਕਿਉਂਕਿ ਇਨ੍ਹਾਂ ਭਵਿੱਖਬਾਣੀਆਂ ਦਾ ਅਰਥ ਅੱਜ ਸਪੱਸ਼ਟ ਹੋ ਚੁੱਕਾ ਹੈ ਅਤੇ ਸੰਸਾਰ ਭਰ ਵਿਚ ਲੋਕਾਂ ਨੂੰ ਇਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ। *

‘ਅੰਤ ਦੇ ਦਿਨ’ ਕਦੋਂ ਖ਼ਤਮ ਹੋਣਗੇ?

ਬਾਈਬਲ ਇਹ ਨਹੀਂ ਦੱਸਦੀ ਕਿ ਅੰਤ ਦੇ ਦਿਨ ਕਦੋਂ ਤਕ ਚੱਲਣਗੇ। ਪਰ ਅੰਤ ਦੇ ਦਿਨਾਂ ਵਿਚ ਧਰਤੀ ਦੇ ਹਾਲਾਤ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਕਿਉਂਕਿ ਜਿਉਂ-ਜਿਉਂ ਸ਼ਤਾਨ ਦਾ ਸਮਾਂ ਘੱਟਦਾ ਜਾਂਦਾ ਹੈ, ਤਿਓਂ ਤਿਓਂ ਉਸ ਦਾ ਗੁੱਸਾ ਵਧਦਾ ਜਾ ਰਿਹਾ ਹੈ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:13) ਅਤੇ ਭਵਿੱਖ ਦੀ ਗੱਲ ਕਰਦਿਆਂ ਯਿਸੂ ਨੇ ਕਿਹਾ ਸੀ: “ਉਨ੍ਹੀਂ ਦਿਨੀਂ ਐਡਾ ਕਸ਼ਟ ਹੋਵੇਗਾ ਜੋ ਸਰਿਸ਼ਟ ਦੇ ਮੁੱਢੋਂ ਜਿਹ ਨੂੰ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਹੈ ਅਤੇ ਨਾ ਕਦੇ ਹੋਵੇਗਾ। ਅਰ ਜੇ ਪ੍ਰਭੁ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਸਰੀਰ ਨਾ ਬਚਦਾ ਪਰ ਉਨ੍ਹਾਂ ਚੁਣਿਆਂ ਹੋਇਆਂ ਦੀ ਖ਼ਾਤਰ ਜਿਨ੍ਹਾਂ ਨੂੰ ਉਹ ਨੇ ਚੁਣਿਆ ਹੈ ਉਸ ਨੇ ਉਨ੍ਹਾਂ ਦਿਨਾਂ ਨੂੰ ਘਟਾਇਆ।”​—ਮਰਕੁਸ 13:19, 20.

ਕੁਝ ਗੱਲਾਂ ਅਜੇ ਭਵਿੱਖ ਵਿਚ ਹੋਣ ਵਾਲੀਆਂ ਹਨ, ਜਿਵੇਂ ਕਿ “ਵੱਡਾ ਕਸ਼ਟ” ਜਿਸ ਵਿਚ ਆਰਮਾਗੇਡਨ ਦੀ ਲੜਾਈ ਵੀ ਸ਼ਾਮਲ ਹੈ। (ਮੱਤੀ 24:21) ਇਸ ਤੋਂ ਇਲਾਵਾ, ਸ਼ਤਾਨ ਤੇ ਉਸ ਦੇ ਬੁਰੇ ਦੂਤਾਂ ਨੂੰ ਵੀ ਕੈਦ ਕੀਤਾ ਜਾਵੇਗਾ ਤਾਂਕਿ ਉਹ ਧਰਤੀ ਉੱਤੇ ਲੋਕਾਂ ਨੂੰ ਹੋਰ ਤੰਗ ਨਾ ਕਰ ਸਕਣ। ‘ਪਰਮੇਸ਼ੁਰ ਜੋ ਝੂਠ ਬੋਲ ਨਹੀਂ ਸੱਕਦਾ,’ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਹ ਚੀਜ਼ਾਂ ਜ਼ਰੂਰ ਹੋਣਗੀਆਂ। (ਤੀਤੁਸ 1:2) ਆਰਮਾਗੇਡਨ ਦੀ ਲੜਾਈ ਅਤੇ ਸ਼ਤਾਨ ਦੀ ਕੈਦ ਪਰਮੇਸ਼ੁਰ ਦੇ ਨਿਆਂ ਦਾ ਸਬੂਤ ਹੋਵੇਗਾ।

ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਦੱਸਿਆ ਕਿ ਦੁਨੀਆਂ ਦੇ ਨਾਸ਼ ਤੋਂ ਪਹਿਲਾਂ ਕੀ ਕੁਝ ਹੋਵੇਗਾ। “ਸਮਿਆਂ ਅਤੇ ਵੇਲਿਆਂ” ਬਾਰੇ ਉਸ ਨੇ ਲਿਖਿਆ: “ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ। ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।” (1 ਥੱਸਲੁਨੀਕੀਆਂ 5:1-3) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਕਿਨ੍ਹਾਂ ਹਾਲਾਤਾਂ ਕਰਕੇ “ਅਮਨ ਚੈਨ ਅਤੇ ਸੁਖ ਸਾਂਦ” ਦਾ ਐਲਾਨ ਕੀਤਾ ਜਾਵੇਗਾ। ਇਹ ਤਾਂ ਸਮਾਂ ਹੀ ਦੱਸੇਗਾ ਕਿ ਭਵਿੱਖ ਵਿਚ ਕੀ ਹੋਵੇਗਾ। ਪਰ ਇਹ ਗੱਲ ਪੱਕੀ ਹੈ ਕਿ ਇਨਸਾਨ ਭਾਵੇਂ ਜੋ ਮਰਜ਼ੀ ਐਲਾਨ ਕਰਨ, ਲੇਕਿਨ ਯਹੋਵਾਹ ਦੇ ਨਿਆਂ ਦਾ ਦਿਨ ਨਹੀਂ ਟਲੇਗਾ। *

ਜੇ ਸਾਨੂੰ ਯਕੀਨ ਹੈ ਕਿ ਇਹ ਭਵਿੱਖਬਾਣੀਆਂ ਸੱਚ ਹਨ, ਤਾਂ ਸਾਨੂੰ ਹੁਣ ਠੋਸ ਕਦਮ ਚੁੱਕਣ ਦੀ ਲੋੜ ਹੈ। ਕਿਹੜੇ ਕਦਮ? ਪਤਰਸ ਜਵਾਬ ਦਿੰਦਾ ਹੈ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤਰਸ 3:11, 12) ਪਰ ਤੁਸੀਂ ਸ਼ਾਇਦ ਪੁੱਛੋਗੇ ਕਿ ‘ਇਸ ਤਰ੍ਹਾਂ ਕਰਨ ਨਾਲ ਮੈਨੂੰ ਕੀ ਫ਼ਾਇਦਾ ਹੋਵੇਗਾ?’ ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ। (g 4/08)

[ਫੁਟਨੋਟ]

^ ਪੈਰਾ 12 “ਅੰਤ ਦਿਆਂ ਦਿਨਾਂ” ਦੇ ਹੋਰ ਸਬੂਤ ਦੇਖਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਰਸਾਲੇ ਜਾਗਰੂਕ ਬਣੋ!, ਜੁਲਾਈ-ਸਤੰਬਰ 2007, ਸਫ਼ੇ 8-10 ਅਤੇ ਪਹਿਰਾਬੁਰਜ, 15 ਸਤੰਬਰ 2006, ਸਫ਼ੇ 4-7 ਅਤੇ 1 ਅਕਤੂਬਰ 2005, ਸਫ਼ੇ 4-7 ਦੇਖੋ।

^ ਪੈਰਾ 18 ਸਮਿਆਂ ਸੰਬੰਧੀ ਭਵਿੱਖਬਾਣੀਆਂ ਨੂੰ ਸਮਝਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 215-217 ਦੇਖੋ।

^ ਪੈਰਾ 19 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਅਤੇ ਅੰਗ੍ਰੇਜ਼ੀ ਵਿਚ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ 2008, ਸਫ਼ੇ 31-9 ਦੇਖੋ।

[ਸਫ਼ਾ 5 ਉੱਤੇ ਸੁਰਖੀ]

ਯਿਸੂ ਨੇ ਕਿਹਾ ਸੀ ਕਿ ਸਿਰਫ਼ ਪਰਮੇਸ਼ੁਰ ਹੀ ‘ਉਹ ਦਿਨ ਅਤੇ ਘੜੀ’ ਜਾਣਦਾ ਹੈ

[ਸਫ਼ਾ 4 ਉੱਤੇ ਤਸਵੀਰ]

ਸਰ ਆਈਜ਼ਕ ਨਿਊਟਨ

[ਕ੍ਰੈਡਿਟ ਲਾਈਨ]

© A. H. C./​age fotostock

[ਸਫ਼ਾ 7 ਉੱਤੇ ਤਸਵੀਰਾਂ]

ਯਿਸੂ ਦੁਆਰਾ ਦੱਸੇ ਗਏ ਲੱਛਣ 1914 ਤੋਂ ਸਾਫ਼ ਨਜ਼ਰ ਆ ਰਹੇ ਹਨ

[ਕ੍ਰੈਡਿਟ ਲਾਈਨਾਂ]

© Heidi Bradner/​Panos Pictures

© Paul Smith/​Panos Pictures