Skip to content

Skip to table of contents

ਆਖ਼ਰੀ ਦਿਨ—ਕਿਸ ਚੀਜ਼ ਦੇ?

ਆਖ਼ਰੀ ਦਿਨ—ਕਿਸ ਚੀਜ਼ ਦੇ?

ਆਖ਼ਰੀ ਦਿਨ​—ਕਿਸ ਚੀਜ਼ ਦੇ?

ਜੇ ਕ੍ਰਿਕਟ ਮੈਚ ਵਿਚ ਕਮੈਂਟੇਟਰ ਕਹੇ ਕਿ ਆਖ਼ਰੀ ਓਵਰ ਰਹਿ ਗਿਆ ਹੈ, ਤਾਂ ਤੁਹਾਨੂੰ ਪਤਾ ਹੈ ਕਿ ਮੈਚ ਹੁਣ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਪਰ ਜੇ ਤੁਹਾਨੂੰ ਕੋਈ ਕਹੇ ਕਿ ‘ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ,’ ਤਾਂ ਤੁਸੀਂ ਇਸ ਤੋਂ ਕੀ ਸਮਝੋਗੇ?

ਬਾਈਬਲ ਵਿਚ ਸਦੀਆਂ ਪਹਿਲਾਂ “ਅੰਤ ਦਿਆਂ ਦਿਨਾਂ” ਜਾਂ “ਓੜਕ ਦੇ ਸਮੇਂ” ਬਾਰੇ ਜ਼ਿਕਰ ਕੀਤਾ ਗਿਆ ਸੀ। (2 ਤਿਮੋਥਿਉਸ 3:1; ਦਾਨੀਏਲ 12:4) ਅੱਜ ਤੋਂ 2,500 ਸਾਲ ਪਹਿਲਾਂ ਦਾਨੀਏਲ ਨਬੀ ਨੂੰ ਦਰਸ਼ਣ ਵਿਚ  ਵਿਸ਼ਵ-ਸ਼ਕਤੀਆਂ ਦਾ ਉਤਾਰ-ਚੜ੍ਹਾਅ ਦਿਖਾਇਆ ਗਿਆ ਸੀ। ਉਸ ਨੇ ਦੇਖਿਆ ਕਿ ਇਹ ਵਿਸ਼ਵ-ਸ਼ਕਤੀਆਂ ਤਾਕਤ ਹਾਸਲ ਕਰਨ ਲਈ “ਓੜਕ ਦੇ ਵੇਲੇ” ਤੀਕਰ ਕਿਵੇਂ ਸੰਘਰਸ਼ ਕਰਨਗੀਆਂ। ਦਾਨੀਏਲ ਨੂੰ ਦੱਸਿਆ ਗਿਆ ਸੀ ਕਿ ਅੰਤ ਦੇ ਸਮੇਂ ਵਿਚ ਇਨ੍ਹਾਂ ਦਰਸ਼ਣਾਂ ਦਾ ਮਤਲਬ ਸਪੱਸ਼ਟ ਕੀਤਾ ਜਾਵੇਗਾ। (ਦਾਨੀਏਲ 8:17, 19; 11:35, 40; 12:9) ਫਿਰ ਦਾਨੀਏਲ ਨੇ ਲਿਖਿਆ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”​—ਦਾਨੀਏਲ 2:44.

ਇਕ ਵਾਰ ਯਿਸੂ ਮਸੀਹ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ: “ਸਾਨੂੰ ਦੱਸ ਜੋ ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3-42) ਜਵਾਬ ਦਿੰਦਿਆਂ ਯਿਸੂ ਨੇ ਉਨ੍ਹਾਂ ਨੂੰ ਜੁਗ ਦੇ ਅੰਤਲੇ ਦਿਨਾਂ ਦੇ ਕਈ ਲੱਛਣ ਦੱਸੇ। ਦਾਨੀਏਲ ਅਤੇ ਯਿਸੂ ਦੋਵੇਂ ਦੁਨੀਆਂ ਦੇ ਉਸ ਭਿਆਨਕ ਅੰਤ ਦੀ ਗੱਲ ਕਰ ਰਹੇ ਸਨ ਜਿਸ ਦਾ ਅਸਰ ਹਰ ਇਨਸਾਨ ਉੱਤੇ ਪਵੇਗਾ। ਦਾਨੀਏਲ ਨੇ ਸਾਰੀਆਂ ਮਨੁੱਖੀ ਸਰਕਾਰਾਂ ਦੇ ਖ਼ਾਤਮੇ ਬਾਰੇ ਲਿਖਿਆ ਅਤੇ ਯਿਸੂ ਨੇ “ਜੁਗ ਦੇ ਅੰਤ” ਯਾਨੀ ਦੁਨੀਆਂ ਦੇ ਅੰਤ ਬਾਰੇ ਗੱਲ ਕੀਤੀ ਸੀ।

ਕੀ ਇਨ੍ਹਾਂ ਗੱਲਾਂ ਦਾ ਮਤਲਬ ਸਮਝਣਾ ਸਾਡੇ ਲਈ ਜ਼ਰੂਰੀ ਹੈ? ਜੀ ਹਾਂ, ਕਿਉਂਕਿ ਇਹ ਹਰੇਕ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਪਰ ਕਈ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਬਾਈਬਲ ਵਿਚ ਪਹਿਲਾਂ ਹੀ ਲਿਖਿਆ ਗਿਆ ਸੀ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ। ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।” (2 ਪਤਰਸ 3:3, 4) ਕਈ ਸੋਚਦੇ ਹਨ ਕਿ ਕੁਝ ਵੀ ਨਹੀਂ ਬਦਲਣ ਵਾਲਾ, ਸਭ ਕੁਝ ਐਵੇਂ ਹੀ ਚੱਲਦਾ ਰਹੇਗਾ ਜਿਵੇਂ ਇਹ ਸਦੀਆਂ ਤੋਂ ਚੱਲਦਾ ਆਇਆ ਹੈ।

ਕੀ ਕੋਈ ਸਬੂਤ ਹੈ ਕਿ ਅਸੀਂ ਵਾਕਈ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਨੂੰ ਬਾਈਬਲ ਅੰਤ ਦੇ ਦਿਨ ਕਹਿੰਦੀ ਹੈ? ਆਓ ਆਪਾਂ ਕੁਝ ਸਬੂਤ ’ਤੇ ਗੌਰ ਕਰੀਏ। (g 4/08)