ਪਰਮੇਸ਼ੁਰ ਤੁਹਾਡੇ ਤੋਂ ਕੀ ਉਮੀਦ ਰੱਖਦਾ ਹੈ?
ਬਾਈਬਲ ਦਾ ਦ੍ਰਿਸ਼ਟੀਕੋਣ
ਪਰਮੇਸ਼ੁਰ ਤੁਹਾਡੇ ਤੋਂ ਕੀ ਉਮੀਦ ਰੱਖਦਾ ਹੈ?
ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਦਿਨ ਭਰ ਦਾ ਕੰਮ ਹੀ ਨਹੀਂ ਮੁੱਕਦਾ। ਸਾਨੂੰ ਜ਼ਿੰਦਗੀ ਵਿਚ ਇੰਨੇ ਸਾਰੇ ਕੰਮ ਕਰਨੇ ਪੈਂਦੇ ਹਨ ਕਿ ਵਕਤ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਚਲਾ ਜਾਂਦਾ ਹੈ। ਕਈ ਵਾਰੀ ਤਾਂ ਅਸੀਂ ਆਪਣੀਆਂ ਕੁਝ ਜ਼ਿੰਮੇਵਾਰੀਆਂ ਵੀ ਪੂਰੀਆਂ ਨਹੀਂ ਕਰ ਪਾਉਂਦੇ। ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜ਼ਿੰਦਗੀ ਪਰਮੇਸ਼ੁਰ ਦਾ ਤੋਹਫ਼ਾ ਹੈ। (ਜ਼ਬੂਰਾਂ ਦੀ ਪੋਥੀ 36:9) ਪਰਮੇਸ਼ੁਰ ਸਾਡੇ ਤੋਂ ਉਸ ਦੀ ਸੇਵਾ ਵਿਚ ਕਿੰਨਾ ਕੁ ਸਮਾਂ ਤੇ ਮਿਹਨਤ ਲਾਉਣ ਦੀ ਉਮੀਦ ਰੱਖਦਾ ਹੈ? ਬਾਈਬਲ ਵਿੱਚੋਂ ਇਸ ਸਵਾਲ ਦਾ ਜਵਾਬ ਜਾਣ ਕੇ ਤੁਹਾਨੂੰ ਜ਼ਰੂਰ ਚੰਗਾ ਲੱਗੇਗਾ।
ਯਿਸੂ ਨਾਲੋਂ ਜ਼ਿਆਦਾ ਹੋਰ ਕੋਈ ਨਹੀਂ ਜਾਣਦਾ ਕਿ ਉਸ ਦਾ ਪਿਤਾ ਸਾਡੇ ਤੋਂ ਕੀ ਉਮੀਦ ਰੱਖਦਾ ਹੈ। (ਮੱਤੀ 11:27) ਇਕ ਵਾਰ ਯਿਸੂ ਨੂੰ ਕਿਸੇ ਨੇ ਪੁੱਛਿਆ ਕਿ ਸਭ ਤੋਂ ਵੱਡਾ ਹੁਕਮ ਕੀ ਹੈ। ਉਸ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ? ਕੀ ਇੱਦਾਂ ਕਰਨਾ ਸਾਡੇ ਲਈ ਔਖਾ ਨਹੀਂ?
ਸਾਰੀ ਜਾਨ ਨਾਲ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ
ਅਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਦੀ ਅਪਾਰ ਕਿਰਪਾ ਉੱਤੇ ਗੌਰ ਕਰਾਂਗੇ, ਉੱਨਾ ਹੀ ਜ਼ਿਆਦਾ ਸਾਡਾ ਉਸ ਲਈ ਪਿਆਰ ਵਧੇਗਾ। ਜੇ ਅਸੀਂ ਉਸ ਨਾਲ ਤਹਿ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਦੀ ਪੁਰਜ਼ੋਰ ਸੇਵਾ ਕਰਨੀ ਚਾਹਾਂਗੇ। ਅਸੀਂ ਉਸ ਬਾਈਬਲ ਦੇ ਲਿਖਾਰੀ ਵਾਂਗ ਮਹਿਸੂਸ ਕਰਾਂਗੇ ਜਿਸ ਨੇ ਕਿਹਾ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂਰਾਂ ਦੀ ਪੋਥੀ 116:12) ਜੇ ਅਸੀਂ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਆਪਣਾ ਸਮਾਂ ਕਿਵੇਂ ਵਰਤਾਂਗੇ?
ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਸਾਨੂੰ ਹਰ ਹਫ਼ਤੇ ਪਰਮੇਸ਼ੁਰ ਦੀ ਭਗਤੀ ਵਿਚ ਕਿੰਨੇ ਘੰਟੇ ਲਾਉਣੇ ਚਾਹੀਦੇ ਹਨ। ਪਰ ਇਹ ਸਾਨੂੰ ਦੱਸਦੀ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਕਿਉਂ। ਮਿਸਾਲ ਲਈ, ਯਿਸੂ ਨੇ ਸਿਖਾਇਆ ਸੀ ਕਿ “ਸਦੀਪਕ ਜੀਉਣ” ਹਾਸਲ ਕਰਨ ਲਈ ਸਾਡੇ ਲਈ ਪਰਮੇਸ਼ੁਰ ਦਾ ਗਿਆਨ ਲੈਣਾ ਜ਼ਰੂਰੀ ਹੈ। (ਯੂਹੰਨਾ 17:3) ਉਸ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਤਾਂਕਿ ਉਹ ਵੀ ਸਦੀਪਕ ਜੀਵਨ ਹਾਸਲ ਕਰ ਸਕਣ। (ਮੱਤੀ 28:19, 20) ਬਾਈਬਲ ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸਭਾਵਾਂ ਵਿਚ ਇਕੱਠੇ ਹੋਣ ਦੀ ਤਾਕੀਦ ਕਰਦੀ ਹੈ ਤਾਂਕਿ ਸਾਡੀ ਨਿਹਚਾ ਮਜ਼ਬੂਤ ਹੋਵੇ ਤੇ ਅਸੀਂ ਇਕ-ਦੂਜੇ ਦਾ ਹੌਸਲਾ ਵਧਾ ਸਕੀਏ। (ਇਬਰਾਨੀਆਂ 10:24, 25) ਇਹ ਸਭ ਕਰਨ ਲਈ ਸਮੇਂ ਦੀ ਲੋੜ ਪੈਂਦੀ ਹੈ।
ਕੀ ਪਰਮੇਸ਼ੁਰ ਇਹ ਚਾਹੁੰਦਾ ਹੈ ਕਿ ਅਸੀਂ ਸਾਧੂ-ਸੰਤਾਂ ਵਰਗੀ ਜ਼ਿੰਦਗੀ ਬਤੀਤ ਕਰੀਏ ਯਾਨੀ ਹੋਰ ਸਾਰੇ ਕੰਮ-ਕਾਰ ਛੱਡ ਕੇ ਦਿਨ ਭਰ ਭਗਤੀ ਵਿਚ ਲੀਨ ਰਹੀਏ? ਹਰਗਿਜ਼ ਨਹੀਂ! ਸਾਨੂੰ ਆਪਣੀ ਰੋਜ਼ੀ ਕਮਾਉਣ ਦੀ ਵੀ ਲੋੜ ਹੈ। ਬਾਈਬਲ ਪਰਿਵਾਰ ਦੇ ਮੁਖੀ ਨੂੰ ਇਹ ਤਾਕੀਦ ਕਰਦੀ ਹੈ: “ਜੇ ਕੋਈ ਆਪਣਿਆਂ ਲਈ ਅਤੇ ਖ਼ਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।”—1 ਤਿਮੋਥਿਉਸ 5:8.
ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਾ ਮਜ਼ਾ ਲੈਣ ਲਈ ਬਣਾਇਆ ਉਪਦੇਸ਼ਕ ਦੀ ਪੋਥੀ 3:12, 13.
ਹੈ। ਸੋ ਆਪਣੇ ਪਰਿਵਾਰਾਂ ਤੇ ਦੋਸਤਾਂ-ਮਿੱਤਰਾਂ ਨਾਲ ਬੈਠ ਕੇ ਖਾਣ-ਪੀਣ ਤੇ ਦਿਲਪਰਚਾਵਾ ਕਰਨ ਵਿਚ ਕੋਈ ਹਰਜ਼ ਨਹੀਂ ਹੈ। ਰਾਜਾ ਸੁਲੇਮਾਨ ਨੇ ਕਿਹਾ: “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਯਹੋਵਾਹ ਪਰਮੇਸ਼ੁਰ ਸਾਡੀਆਂ ਸੀਮਾਵਾਂ ਵੀ ਜਾਣਦਾ ਹੈ ਤੇ ਉਸ ਨੂੰ “ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਬਾਈਬਲ ਦੱਸਦੀ ਹੈ ਕਿ ਸਾਨੂੰ ਆਰਾਮ ਕਰਨ ਦੀ ਵੀ ਲੋੜ ਹੈ। ਜਦੋਂ ਚੇਲੇ ਕਾਫ਼ੀ ਸਮਾਂ ਪ੍ਰਚਾਰ ਕਰਨ ਤੋਂ ਬਾਅਦ ਥੱਕੇ ਹੋਏ ਵਾਪਸ ਆਏ, ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ “ਤੁਸੀਂ ਵੱਖਰੇ ਇਕਾਂਤ ਥਾਂ ਵਿਚ ਚਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ।”—ਮਰਕੁਸ 6:31, CL.
ਇਸ ਦਾ ਮਤਲਬ ਹੋਇਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਭਗਤੀ ਅਤੇ ਰੋਜ਼ਮੱਰਾ ਜ਼ਿੰਦਗੀ ਦੇ ਕੰਮਾਂ ਵਿਚ ਸੰਤੁਲਨ ਬਣਾਈ ਰੱਖਣ ਦੀ ਲੋੜ ਹੈ। ਪਰ ਸਾਡੇ ਹਰ ਕੰਮ ਤੋਂ ਪਰਮੇਸ਼ੁਰ ਲਈ ਸਾਡਾ ਗੂੜ੍ਹਾ ਪਿਆਰ ਜ਼ਾਹਰ ਹੋਣਾ ਚਾਹੀਦਾ ਹੈ। ਬਾਈਬਲ ਸਲਾਹ ਦਿੰਦੀ ਹੈ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31.
ਅਹਿਮ ਗੱਲਾਂ ਨੂੰ ਕਿੱਦਾਂ ਪਹਿਲ ਦੇਈਏ
ਕੀ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦੇਣੀ ਮੁਮਕਿਨ ਹੈ? ਇਹ ਗੱਲ ਸੱਚ ਹੈ ਕਿ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਲਈ ਸਾਨੂੰ ਆਪਣੇ ਸਮੇਂ ਦੀ ਵਰਤੋਂ ਵਿਚ ਕੁਝ ਤਬਦੀਲੀਆਂ, ਸ਼ਾਇਦ ਕੁਰਬਾਨੀਆਂ ਵੀ ਕਰਨੀਆਂ ਪੈਣ। ਪਰ ਸਾਡਾ ਪਿਆਰਾ ਸ੍ਰਿਸ਼ਟੀਕਰਤਾ ਸਾਨੂੰ ਕੋਈ ਨਾਮੁਮਕਿਨ ਕੰਮ ਕਰਨ ਲਈ ਨਹੀਂ ਕਹਿੰਦਾ, ਸਗੋਂ ਉਹ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਲਈ ਹਰ ਮਦਦ ਦਿੰਦਾ ਹੈ। ਅਸੀਂ “ਓਸ ਸਮਰੱਥਾ” ਦੇ ਸਹਾਰੇ ਸਫ਼ਲ ਹੋ ਸਕਦੇ ਹਾਂ “ਜੋ ਪਰਮੇਸ਼ੁਰ ਦਿੰਦਾ ਹੈ।”—1 ਪਤਰਸ 4:11.
ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣੀ ਤੁਹਾਨੂੰ ਸ਼ਾਇਦ ਸ਼ੁਰੂ-ਸ਼ੁਰੂ ਵਿਚ ਔਖੀ ਲੱਗੇ। ਇਸ ਬਾਰੇ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਯਹੋਵਾਹ ਨਾਲ ਰੋਜ਼ ਗੱਲ ਕਰੋ। (ਜ਼ਬੂਰਾਂ ਦੀ ਪੋਥੀ 65:2) ਪ੍ਰਾਰਥਨਾ ਵਿਚ ਤੁਸੀਂ ਉਸ ਨੂੰ ਕਿਸੇ ਵੀ ਚਿੰਤਾ ਬਾਰੇ ਦੱਸ ਸਕਦੇ ਹੋ “ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਰਾਜਾ ਦਾਊਦ ਨੇ ਪ੍ਰਾਰਥਨਾ ਕੀਤੀ ਸੀ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ।” (ਜ਼ਬੂਰਾਂ ਦੀ ਪੋਥੀ 143:10) ਇਸੇ ਤਰ੍ਹਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਫੇਰ-ਬਦਲ ਕਰਨ ਲਈ ਪਰਮੇਸ਼ੁਰ ਤੋਂ ਮਦਦ ਮੰਗ ਸਕਦੇ ਹੋ।
ਬਾਈਬਲ ਵਿਚ ਇਹ ਨਿੱਘਾ ਸੱਦਾ ਦਿੱਤਾ ਗਿਆ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਜਦੋਂ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰਨੇ ਸ਼ੁਰੂ ਕਰੋਗੇ, ਜਿਵੇਂ ਕਿ ਬਾਈਬਲ ਸਟੱਡੀ ਕਰਨੀ ਤੇ ਮਸੀਹੀ ਸਭਾਵਾਂ ਵਿਚ ਜਾਣਾ, ਤਾਂ ਤੁਸੀਂ ਪਰਮੇਸ਼ੁਰ ਦੇ ਨੇੜੇ ਹੋਵੋਗੇ। ਉਹ ਤੁਹਾਨੂੰ ਤਕੜਾ ਕਰੇਗਾ ਤਾਂਕਿ ਤੁਸੀਂ ਅਗਾਹਾਂ ਤਰੱਕੀ ਕਰ ਸਕੋ।
ਜੈਲੇਨਾ ਨਾਂ ਦੀ ਔਰਤ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਹੀ ਹੈ। ਉਸ ਨੇ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦੇਣ ਦੇ ਆਪਣੇ ਜਤਨਾਂ ਬਾਰੇ ਕਿਹਾ ਕਿ “ਮੇਰੇ ਲਈ ਇਵੇਂ ਕਰਨਾ ਔਖਾ ਸੀ, ਪਰ ਜਦੋਂ ਮੈਂ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ, ਤਾਂ ਮੈਨੂੰ ਬਾਈਬਲ ਦੀਆਂ ਸਲਾਹਾਂ ਲਾਗੂ ਕਰਨ ਦੀ ਸ਼ਕਤੀ ਮਿਲੀ। ਭੈਣਾਂ-ਭਰਾਵਾਂ ਨੇ ਹਰ ਕਦਮ ਤੇ ਮੈਨੂੰ ਸਹਾਰਾ ਦਿੱਤਾ।” ਪਰਮੇਸ਼ੁਰ ਦੀ ਸੇਵਾ ਕਰਨ ਦੇ ਫ਼ਾਇਦੇ ਦੇਖ ਕੇ ਵੀ ਸਾਨੂੰ ਹੋਰ ਪ੍ਰੇਰਣਾ ਮਿਲਦੀ ਹੈ। (ਅਫ਼ਸੀਆਂ 6:10) ਜੈਲੇਨਾ ਨੇ ਕਿਹਾ: “ਸਾਡਾ ਪਤੀ-ਪਤਨੀ ਦਾ ਰਿਸ਼ਤਾ ਪਹਿਲਾਂ ਨਾਲੋਂ ਬਹੁਤ ਸੁਧਰ ਗਿਆ ਹੈ। ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਪਿਆਰ ਨਾਲ ਤਾੜਦੀ ਹਾਂ।”
ਅੱਜ-ਕੱਲ੍ਹ ਦੀ ਹਫੜਾ-ਦਫੜੀ ਭਰੀ ਜ਼ਿੰਦਗੀ ਦੇ ਬਾਵਜੂਦ, ਯਹੋਵਾਹ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਉਸ ਦੀ ਸੇਵਾ ਕਰਨ ਲਈ “ਸਮੇਂ ਨੂੰ ਲਾਭਦਾਇਕ” ਬਣਾਉਣ ਦੀ ਤਾਕਤ ਦੇ ਸਕਦਾ ਹੈ। (ਅਫ਼ਸੀਆਂ 3:16; 5:15-17) ਯਿਸੂ ਨੇ ਕਿਹਾ ਸੀ: “ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਓਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।”—ਲੂਕਾ 18:27. (g 4/08)
ਕੀ ਤੁਸੀਂ ਕਦੇ ਸੋਚਿਆ ਹੈ ਕਿ:
◼ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਕਿਉਂ ਪਹਿਲ ਦੇਣੀ ਚਾਹੀਦੀ ਹੈ?—ਜ਼ਬੂਰਾਂ ਦੀ ਪੋਥੀ 116:12; ਮਰਕੁਸ 12:30.
◼ ਪਰਮੇਸ਼ੁਰ ਤੁਹਾਡੇ ਤੋਂ ਕਿਹੜੇ ਕੰਮਾਂ-ਕਾਰਾਂ ਵਿਚ ਹਿੱਸਾ ਲੈਣ ਦੀ ਉਮੀਦ ਰੱਖਦਾ ਹੈ?—ਮੱਤੀ 28:19, 20; ਯੂਹੰਨਾ 17:3; ਇਬਰਾਨੀਆਂ 10:24, 25.
◼ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ?—ਅਫ਼ਸੀਆਂ 5:15-17; ਯਾਕੂਬ 4:8.
[ਸਫ਼ਾ 14 ਉੱਤੇ ਤਸਵੀਰ]
ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸੰਤੁਲਨ ਰੱਖਣਾ ਜ਼ਰੂਰੀ ਹੈ