‘ਮੇਰੀ ਬੱਚੀ ਨੂੰ ਕੀ ਹੋ ਗਿਆ?’
‘ਮੇਰੀ ਬੱਚੀ ਨੂੰ ਕੀ ਹੋ ਗਿਆ?’
ਆਪਣੀ 15 ਸਾਲਾਂ ਦੀ ਧੀ ਨੂੰ ਦੇਖ ਕੇ ਸਕੋਟ ਤੇ ਸੈਂਡਰਾ * ਹੱਕੇ-ਬੱਕੇ ਰਹਿ ਗਏ ਜਦੋਂ ਉਹ ਕਮਰੇ ਅੰਦਰ ਵੜੀ। ਉਨ੍ਹਾਂ ਦੀ ਧੀ ਨੇ ਆਪਣੇ ਵਾਲ, ਜੋ ਪਹਿਲਾਂ ਸੁਨਹਿਰੀ ਰੰਗ ਦੇ ਸਨ, ਹੁਣ ਗੂੜ੍ਹੇ ਲਾਲ ਰੰਗ ਨਾਲ ਰੰਗ ਲਏ ਸਨ! ਆਓ ਦੇਖੀਏ ਕਿ ਉਨ੍ਹਾਂ ਵਿਚ ਕੀ ਗੱਲਬਾਤ ਹੋਈ।
“ਵਾਲ ਰੰਗਣ ਤੋਂ ਪਹਿਲਾਂ ਸਾਨੂੰ ਪੁੱਛ ਤਾਂ ਲੈਂਦੀ!”
“ਪਰ ਮੰਮੀ, ਡੈਡੀ, ਤੁਸੀਂ ਕਦੇ ਕਿਹਾ ਹੀ ਨਹੀਂ ਕਿ ਮੈਂ ਵਾਲ ਨਹੀਂ ਰੰਗ ਸਕਦੀ।”
“ਫਿਰ ਵੀ, ਸਾਨੂੰ ਪੁੱਛਿਆ ਕਿਉਂ ਨਹੀਂ?”
“ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਹਾਂ ਤਾਂ ਕਰਨੀ ਨਹੀਂ!”
ਸਕੋਟ ਤੇ ਸੈਂਡਰਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਲ੍ਹੜ ਉਮਰ ਨਾ ਸਿਰਫ਼ ਬੱਚਿਆਂ ਲਈ ਮੁਸ਼ਕਲ ਸਮਾਂ ਹੁੰਦਾ ਹੈ, ਸਗੋਂ ਮਾਪਿਆਂ ਦੇ ਲਈ ਵੀ ਮੁਸ਼ਕਲ ਹੁੰਦਾ ਹੈ। ਜਦੋਂ ਮੁੰਡੇ-ਕੁੜੀਆਂ ਜਵਾਨੀ ਵਿਚ ਪੈਰ ਰੱਖਣ ਲੱਗਦੇ ਹਨ ਤੇ ਉਨ੍ਹਾਂ ਵਿਚ ਤਬਦੀਲੀਆਂ ਹੋਣ ਲੱਗਦੀਆਂ ਹਨ, ਤਾਂ ਇਹ ਸਮਾਂ ਕਈ ਮਾਪਿਆਂ ਲਈ ਕਾਫ਼ੀ ਤਣਾਅ-ਭਰਿਆ ਹੋ ਸਕਦਾ ਹੈ। ਕੈਨੇਡਾ ਵਿਚ ਬਾਬਰਾ ਨਾਂ ਦੀ ਮਾਂ ਨੇ ਕਿਹਾ: “ਸਾਡੀ ਧੀ ਇਕਦਮ ਬਦਲ ਗਈ। ਮੈਂ ਸੋਚਦੀ, ‘ਮੇਰੀ ਬੱਚੀ ਨੂੰ ਹੋ ਕੀ ਗਿਆ?’ ਮੈਨੂੰ ਇੰਜ ਲੱਗਦਾ ਜਿਵੇਂ ਮੇਰੀ ਬੱਚੀ ਨਹੀਂ, ਸਗੋਂ ਕੋਈ ਹੋਰ ਹੀ ਮੇਰੇ ਸਾਮ੍ਹਣੇ ਖੜ੍ਹੀ ਸੀ।”
ਬਾਬਰਾ ਦੀ ਤਰ੍ਹਾਂ ਹੋਰਨਾਂ ਮਾਪਿਆਂ ਨਾਲ ਵੀ ਹੋਇਆ ਹੈ। ਆਓ ਦੇਖੀਏ ਕਿ ਵੱਖ-ਵੱਖ ਦੇਸ਼ਾਂ ਤੋਂ ਮਾਪਿਆਂ ਨੇ ਜਾਗਰੂਕ ਬਣੋ! ਨੂੰ ਕੀ ਦੱਸਿਆ।
“ਸਾਡਾ ਮੁੰਡਾ ਵੱਡਾ ਹੋ ਕੇ ਆਪਣੀਆਂ ਹੀ ਮਾਰਦਾ ਰਹਿੰਦਾ। ਉਹ ਸਾਡੀ ਸੁਣਦਾ ਤਕ ਨਹੀਂ।”—ਲੀਆਹ, ਇੰਗਲੈਂਡ।
“ਸਾਡੀਆਂ ਧੀਆਂ ਸ਼ੀਸ਼ੇ ਮੁਹਰਿਓਂ ਨਹੀਂ ਹਟਦੀਆਂ।”—ਜੌਨ, ਘਾਨਾ।
“ਸਾਡਾ ਮੁੰਡਾ ਆਪਣੇ ਫ਼ੈਸਲੇ ਆਪ ਕਰਨੇ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਅਸੀਂ ਉਸ ਦੇ ਕੰਮਾਂ-ਕਾਰਾਂ ਵਿਚ ਦਖ਼ਲ ਦੇਈਏ।”—ਸਲੀਨ, ਬ੍ਰਾਜ਼ੀਲ।
“ਸਾਡੀ ਧੀ ਹੁਣ ਸਾਡੀਆਂ ਜੱਫੀਆਂ-ਪੱਪੀਆਂ ਤੋਂ ਵੀ ਸ਼ਰਮਾਉਣ ਲੱਗ ਪਈ।”—ਐਂਡਰੂ, ਕੈਨੇਡਾ।
“ਸਾਡੇ ਮੁੰਡਿਆਂ ਨੂੰ ਗੁੱਸਾ ਬੜੀ ਜਲਦੀ ਚੜ੍ਹ ਜਾਂਦਾ ਸੀ। ਗੱਲ-ਗੱਲ ਤੇ ਉਹ ਸਾਨੂੰ ਚੁਣੌਤੀਆਂ ਦਿੰਦੇ। ਸਾਡੀ ਤਾਂ ਉੱਕਾ ਨਹੀਂ ਮੰਨਦੇ।”—ਸਟੀਵ, ਆਸਟ੍ਰੇਲੀਆ।
“ਮੇਰੀ ਧੀ ਤਾਂ ਬਸ ਆਪਣੀ ਹੀ ਦੁਨੀਆਂ ਵਿਚ ਮਗਨ ਰਹਿਣ ਲੱਗ ਪਈ। ਮੈਨੂੰ ਕੁਝ ਨਹੀਂ ਦੱਸਦੀ। ਜਦੋਂ ਮੈਂ ਕੁਝ ਪੁੱਛਦੀ ਵੀ ਸੀ, ਤਾਂ ਉਸ ਨੂੰ ਇਕਦਮ ਗੁੱਸਾ ਚੜ੍ਹ ਜਾਂਦਾ ਸੀ।”—ਜੋਐਨ, ਮੈਕਸੀਕੋ।
“ਸਾਡੇ ਬੱਚੇ ਆਪਣੇ ਆਪ ਵਿਚ ਰਹਿਣ ਲੱਗੇ। ਉਹ ਸਾਨੂੰ ਕੁਝ ਦੱਸਦੇ ਨਹੀਂ। ਬਸ ਇੰਨਾ ਸੀ ਕਿ ਸਾਡੇ ਨਾਲ ਰਹਿਣ ਦੀ ਬਜਾਇ ਉਹ ਆਪਣੇ ਯਾਰਾਂ-ਦੋਸਤਾਂ ਨਾਲ ਰਹਿਣਾ ਪਸੰਦ ਕਰਦੇ ਸਨ।”—ਡੈਨੀਅਲ, ਫ਼ਿਲਪੀਨ।
ਜੇ ਤੁਹਾਡੇ ਬੱਚੇ ਅੱਲੜ੍ਹ ਉਮਰ ਦੇ ਹਨ, ਤਾਂ ਸ਼ਾਇਦ ਤੁਸੀਂ ਉਪਰਲੀਆਂ ਗੱਲਾਂ ਨਾਲ ਸਹਿਮਤ ਹੋਵੋ। ਪਰ ਹੌਸਲਾ ਰੱਖੋ, ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਸਮਝ ਸਕਦੇ ਅਤੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਪਰ ਕਿਸ ਤਰ੍ਹਾਂ? ਬਾਈਬਲ ਦੀ ਮਦਦ ਨਾਲ। ਆਓ ਦੇਖੀਏ ਕਿੱਦਾਂ।
ਬੁੱਧ ਅਤੇ ਸਮਝ
ਬਾਈਬਲ ਕਹਿੰਦੀ ਹੈ: “ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ।” (ਕਹਾਉਤਾਂ 4:5) ਨੌਜਵਾਨਾਂ ਨਾਲ ਪੇਸ਼ ਆਉਣ ਲਈ ਇਹ ਦੋਵੇਂ ਗੁਣ ਜ਼ਰੂਰੀ ਹਨ। ਮਿਸਾਲ ਲਈ, ਤੁਹਾਨੂੰ ਆਪਣੇ ਬੱਚੇ ਦਾ ਚਾਲ-ਚਲਣ ਦੇਖ ਕੇ ਸਮਝਣ ਦੀ ਲੋੜ ਹੈ ਕਿ ਉਹ ਇੱਦਾਂ ਕਿਉਂ ਪੇਸ਼ ਆਇਆ ਹੈ। ਬੁੱਧ ਨਾਲ ਤੁਸੀਂ ਆਪਣੇ ਬੱਚੇ ਨੂੰ ਸਹੀ ਸੇਧ ਦੇ ਕੇ ਉਸ ਨੂੰ ਇਕ ਜ਼ਿੰਮੇਵਾਰ ਇਨਸਾਨ ਬਣਾਉਣ ਦਾ ਜਤਨ ਕਰ ਸਕਦੇ ਹੋ।
ਇਹ ਨਾ ਸੋਚੋ ਕਿ ਤੁਹਾਡੇ ਬੱਚੇ ਨੂੰ ਤੁਹਾਡੀ ਲੋੜ ਨਹੀਂ। ਭਾਵੇਂ ਤੁਹਾਨੂੰ ਇੱਦਾਂ ਲੱਗੇ ਕਿ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਰਿਸ਼ਤੇ ਵਿਚ ਦਰਾੜ ਪੈ ਰਹੀ ਹੈ, ਪਰ ਸੱਚ ਤਾਂ ਇਹ ਹੈ ਕਿ ਚੜ੍ਹਦੀ ਜਵਾਨੀ ਦੇ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਨੂੰ ਤੁਹਾਡੀ ਸੇਧ ਦੀ ਲੋੜ ਹੈ। ਆਓ ਦੇਖੀਏ ਕਿ ਇਹ ਸੇਧ ਦੇਣ ਵਿਚ ਬੁੱਧ ਅਤੇ ਸਮਝ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਨ? (g 6/08)
[ਫੁਟਨੋਟ]
^ ਪੈਰਾ 2 ਇਸ ਲੇਖ-ਲੜੀ ਵਿਚ ਨਾਂ ਬਦਲੇ ਗਏ ਹਨ।