Skip to content

Skip to table of contents

ਮੈਂ ਆਪਣੀ ਜਾਨ ਹੀ ਕਿਉਂ ਨਾ ਲੈ ਲਵਾਂ?

ਮੈਂ ਆਪਣੀ ਜਾਨ ਹੀ ਕਿਉਂ ਨਾ ਲੈ ਲਵਾਂ?

ਨੌਜਵਾਨ ਪੁੱਛਦੇ ਹਨ

ਮੈਂ ਆਪਣੀ ਜਾਨ ਹੀ ਕਿਉਂ ਨਾ ਲੈ ਲਵਾਂ?

ਹਰ ਸਾਲ ਲੱਖਾਂ ਨੌਜਵਾਨ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿੱਚੋਂ ਹਜ਼ਾਰਾਂ ਸਫ਼ਲ ਹੋ ਜਾਂਦੇ ਹਨ। ਨੌਜਵਾਨਾਂ ਵਿਚ ਵਧਦੀ ਆਤਮ-ਹੱਤਿਆ ਦੇ ਕਾਰਨ “ਜਾਗਰੂਕ ਬਣੋ!” ਰਸਾਲੇ ਦੇ ਪ੍ਰਕਾਸ਼ਕਾਂ ਦਾ ਮੰਨਣਾ ਹੈ ਕਿ ਇਸ ਵਿਸ਼ੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ।

“ਮੇ ਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ!” ਇਹ ਲਫ਼ਜ਼ ਕਿਸ ਨੇ ਕਹੇ ਸਨ? ਇਹੋ ਜਿਹੇ ਇਨਸਾਨ ਨੇ ਜੋ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਸੀ ਰੱਖਦਾ? ਜਾਂ ਉਸ ਇਨਸਾਨ ਨੇ ਜਿਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਟੁੱਟ ਚੁੱਕਾ ਸੀ? ਨਹੀਂ, ਇਹ ਨਿਰਾਸ਼ਾ ਭਰੇ ਸ਼ਬਦ ਪਰਮੇਸ਼ੁਰ ਦੇ ਵਫ਼ਾਦਾਰ ਭਗਤ ਯੂਨਾਹ ਨੇ ਕਹੇ ਸਨ। * (ਯੂਨਾਹ 4:3) ਬਾਈਬਲ ਇਹ ਨਹੀਂ ਕਹਿੰਦੀ ਕਿ ਯੂਨਾਹ ਆਪਣੀ ਜਾਨ ਲੈਣ ਵਾਲਾ ਸੀ। ਫਿਰ ਵੀ ਉਸ ਦੀ ਦੁਹਾਈ ਤੋਂ ਇਹ ਗੰਭੀਰ ਸੱਚਾਈ ਪਤਾ ਲੱਗਦੀ ਹੈ ਕਿ ਕਦੀ-ਕਦੀ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਵੀ ਹੱਦੋਂ ਵੱਧ ਨਿਰਾਸ਼ ਹੋ ਸਕਦਾ ਹੈ।—ਜ਼ਬੂਰਾਂ ਦੀ ਪੋਥੀ 34:19.

ਕੁਝ ਨੌਜਵਾਨ ਇੰਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਜੀਣ ਦੀ ਇੱਛਾ ਹੀ ਛੱਡ ਦਿੰਦੇ ਹਨ। ਸ਼ਾਇਦ ਉਹ ਸੋਲਾਂ ਸਾਲਾਂ ਦੀ ਲੌਰਾ * ਵਾਂਗ ਮਹਿਸੂਸ ਕਰਨ ਜਿਸ ਨੇ ਕਿਹਾ: “ਕੁਝ ਸਾਲਾਂ ਤੋਂ ਮੈਂ ਡਿਪਰੈਸ਼ਨ ਦਾ ਸਾਮ੍ਹਣਾ ਕਰ ਰਹੀ ਹਾਂ। ਮੈਂ ਕਈ ਵਾਰੀ ਖ਼ੁਦਕਸ਼ੀ ਕਰਨ ਬਾਰੇ ਵੀ ਸੋਚਿਆ ਹੈ।” ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਖ਼ੁਦਕਸ਼ੀ ਕਰਨਾ ਚਾਹੁੰਦਾ ਹੈ ਜਾਂ ਜੇ ਤੁਸੀਂ ਖ਼ੁਦ ਇਸ ਤਰ੍ਹਾਂ ਕਰਨ ਬਾਰੇ ਸੋਚਿਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਪਹਿਲਾਂ ਕਿਉਂ ਨਾ ਅਸੀਂ ਇਹ ਦੇਖੀਏ ਕਿ ਇਹੋ ਜਿਹੇ ਖ਼ਿਆਲ ਮਨ ਵਿਚ ਕਿਉਂ ਆਉਂਦੇ ਹਨ?

ਨਿਰਾਸ਼ਾ ਦਾ ਕਾਰਨ

ਇਨਸਾਨ ਆਪਣੀ ਜਾਨ ਲੈਣ ਬਾਰੇ ਕਿਉਂ ਸੋਚਦਾ ਹੈ? ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਹੈ ਕਿ ਅਸੀਂ ਅਜਿਹੇ “ਭੈੜੇ ਸਮੇਂ” ਵਿਚ ਜੀ ਰਹੇ ਹਾਂ ਜਿਸ ਵਿਚ ਨੌਜਵਾਨ ਮੁਸ਼ਕਲਾਂ ਨਾਲ ਜੂਝਦੇ-ਜੂਝਦੇ ਅੱਕ ਜਾਂਦੇ ਹਨ। (2 ਤਿਮੋਥਿਉਸ 3:1) ਇਸ ਦੇ ਨਾਲ-ਨਾਲ ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਹਾਲਾਤਾਂ ਦੇ ਕਾਰਨ ਕੁਝ ਨੌਜਵਾਨ ਬਹੁਤ ਨਿਰਾਸ਼ ਹੋ ਜਾਂਦੇ ਹਨ। (ਰੋਮੀਆਂ 7:22-24) ਹੋ ਸਕਦਾ ਹੈ ਕਿ ਇਹ ਨਿਰਾਸ਼ਾ ਦੂਸਰਿਆਂ ਦੀ ਬਦਸਲੂਕੀ ਕਾਰਨ ਹੋਵੇ । ਕਈ ਵਾਰ ਨੌਜਵਾਨਾਂ ਦੀ ਨਿਰਾਸ਼ਾ ਦੇ ਪਿੱਛੇ ਕੋਈ ਸਰੀਰਕ ਜਾਂ ਮਾਨਸਿਕ ਰੋਗ ਹੁੰਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਕ ਦੇਸ਼ ਵਿਚ ਕੀਤੇ ਗਏ ਸਰਵੇਖਣ ਮੁਤਾਬਕ ਖ਼ੁਦਕਸ਼ੀ ਕਰਨ ਵਾਲਿਆਂ ਵਿੱਚੋਂ 90 ਪ੍ਰਤਿਸ਼ਤ ਤੋਂ ਜ਼ਿਆਦਾ ਲੋਕ ਮਾਨਸਿਕ ਰੋਗ ਦੇ ਸ਼ਿਕਾਰ ਸਨ। *

ਇਹ ਸੱਚ ਹੈ ਕਿ ਮੁਸੀਬਤਾਂ ਤਾਂ ਸਾਰਿਆਂ ’ਤੇ ਆਉਂਦੀਆਂ ਹਨ। ਬਾਈਬਲ ਦੱਸਦੀ ਹੈ ਕਿ “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਇਸ ਵਿਚ ਨੌਜਵਾਨ ਵੀ ਸ਼ਾਮਲ ਹਨ। ਦਰਅਸਲ ਨੌਜਵਾਨ ਤੇ ਮਾੜੀਆਂ ਗੱਲਾਂ ਦਾ ਗਹਿਰਾ ਅਸਰ ਪੈ ਸਕਦਾ ਹੈ। ਇਨ੍ਹਾਂ ਵਿੱਚੋਂ ਕੁਝ ਹਨ:

◼ ਕਿਸੇ ਰਿਸ਼ਤੇਦਾਰ, ਮਿੱਤਰ ਜਾਂ ਪਾਲਤੂ ਜਾਨਵਰ ਦੀ ਮੌਤ

◼ ਘਰ ਵਿਚ ਕਲੇਸ਼

◼ ਸਕੂਲੇ ਫੇਲ੍ਹ ਹੋਣਾ

◼ ਪ੍ਰੇਮੀ ਜਾਂ ਪ੍ਰੇਮਿਕਾ ਦੀ ਬੇਵਫ਼ਾਈ

◼ ਬਦਸਲੂਕੀ (ਮਾਰ-ਕੁਟਾਪਾ ਜਾਂ ਜਿਨਸੀ ਸ਼ੋਸ਼ਣ)

ਇਹ ਸੱਚ ਹੈ ਕਿ ਕਿਸੇ ਨਾ ਕਿਸੇ ਸਮੇਂ ਸਾਰੇ ਨੌਜਵਾਨਾਂ ਨੂੰ ਇਨ੍ਹਾਂ ਵਿੱਚੋਂ ਕਿਸੇ ਦੁੱਖ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਕੁਝ ਨੌਜਵਾਨ ਇਨ੍ਹਾਂ ਮੁਸ਼ਕਲਾਂ ਨੂੰ ਦੂਜਿਆਂ ਨਾਲੋਂ ਬਿਹਤਰ ਤਰੀਕੇ ਨਾਲ ਕਿਵੇਂ ਨਜਿੱਠ ਲੈਂਦੇ ਹਨ? ਮਾਹਰਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਖ਼ੁਦਕਸ਼ੀ ਕਰਨ ਬਾਰੇ ਸੋਚਦੇ ਹਨ ਜੋ ਹਿੰਮਤ ਹਾਰ ਬੈਠਦੇ ਹਨ ਤੇ ਮਜਬੂਰ ਅਤੇ ਲਾਚਾਰ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਕੋਈ ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ। ਡਾ. ਕੈਥਲੀਨ ਮਕੌਏ ਨੇ ਜਾਗਰੂਕ ਬਣੋ! ਦੇ ਪੱਤਰਕਾਰ ਨੂੰ ਦੱਸਿਆ ਕਿ “ਅਕਸਰ ਇਹ ਨੌਜਵਾਨ ਮਰਨਾ ਨਹੀਂ ਚਾਹੁੰਦੇ, ਸਗੋਂ ਉਹ ਸਿਰਫ਼ ਆਪਣੇ ਦੁੱਖ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ।”

ਕੀ ਵਾਕਈ ਕੋਈ ਹੱਲ ਨਹੀਂ?

ਤੁਸੀਂ ਸ਼ਾਇਦ ਕਿਸੇ ਨੂੰ ਜਾਣਦੇ ਹੋ ਜੋ ‘ਆਪਣੇ ਦੁੱਖ ਨੂੰ ਖ਼ਤਮ ਕਰਨ ਦੀ ਕੋਸ਼ਿਸ਼’ ਵਿਚ ਆਪਣੀ ਜਾਨ ਲੈਣ ਦੀ ਗੱਲ ਕਰ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਕੀ ਕੀਤਾ ਜਾ ਸਕਦਾ ਹੈ?

ਜੇ ਤੁਹਾਡਾ ਦੋਸਤ ਇੰਨਾ ਬੇਬੱਸ ਹੈ ਕਿ ਉਹ ਆਪਣੀ ਜਾਨ ਲੈਣੀ ਚਾਹੁੰਦਾ ਹੈ, ਤਾਂ ਉਹ ਨੂੰ ਸਮਝਾਓ ਕਿ ਉਸ ਨੂੰ ਕਿਸੇ ਦੀ ਮਦਦ ਦੀ ਸਖ਼ਤ ਜ਼ਰੂਰਤ ਹੈ। ਉਹ ਜੋ ਮਰਜ਼ੀ ਕਹੇ, ਪਰ ਤੁਸੀਂ ਇਸ ਬਾਰੇ ਵੱਡਿਆਂ ਨੂੰ ਜ਼ਰੂਰ ਦੱਸੋ। ਇਸ ਗੱਲ ਬਾਰੇ ਫ਼ਿਕਰ ਨਾ ਕਰੋ ਕਿ ਤੁਹਾਡੀ ਦੋਸਤੀ ਟੁੱਟ ਜਾਵੇਗੀ। ਕਿਸੇ ਹੋਰ ਨੂੰ ਇਸ ਬਾਰੇ ਦੱਸ ਕੇ ਤੁਸੀਂ ਦਿਖਾ ਰਹੇ ਹੋ ਕਿ ਤੁਸੀਂ ਅਜਿਹੇ ਸੱਚੇ ‘ਮਿੱਤ੍ਰ ਹੋ ਜੋ ਬਿਪਤਾ ਦੇ ਦਿਨ ਲਈ ਜੰਮਿਆ ਹੈ।’ (ਕਹਾਉਤਾਂ 17:17) ਤੁਸੀਂ ਸ਼ਾਇਦ ਉਸ ਨੌਜਵਾਨ ਦੀ ਜਾਨ ਬਚਾ ਸਕੋ!

ਉਦੋਂ ਕੀ ਜੇ ਤੁਸੀਂ ਖ਼ੁਦ ਆਪਣੀ ਜਾਨ ਲੈਣ ਬਾਰੇ ਸੋਚ ਰਹੇ ਹੋ? ਡਾ. ਕੈਥਲੀਨ ਮਕੌਏ ਦੀ ਸਲਾਹ ਹੈ: “ਦੂਸਰਿਆਂ ਦੀ ਮਦਦ ਭਾਲੋ। ਕਿਸੇ ਨੂੰ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਆਪਣੇ ਮਾਪਿਆਂ ਨਾਲ, ਕਿਸੇ ਰਿਸ਼ਤੇਦਾਰ ਨਾਲ, ਦੋਸਤ ਨਾਲ, ਅਧਿਆਪਕ ਨਾਲ ਜਾਂ ਧਰਮ ਭਾਈ-ਭੈਣ ਨਾਲ ਗੱਲ ਕਰੋ। ਇਕ ਇਹੋ ਜਿਹੇ ਇਨਸਾਨ ਨਾਲ ਗੱਲ ਕਰੋ ਜਿਸ ਨੂੰ ਤੁਹਾਡਾ ਫ਼ਿਕਰ ਹੈ, ਜੋ ਚੰਗੀ ਤਰ੍ਹਾਂ ਤੁਹਾਡੀ ਸੁਣੇਗਾ ਅਤੇ ਤੁਹਾਡੇ ਘਰਦਿਆਂ ਨੂੰ ਦੱਸੇਗਾ ਕਿ ਤੁਹਾਡੇ ’ਤੇ ਕੀ ਬੀਤ ਰਹੀ ਹੈ।”

ਦੂਸਰਿਆਂ ਨੂੰ ਆਪਣਾ ਦੁੱਖ ਦੱਸਣ ਨਾਲ ਤੁਹਾਡਾ ਫ਼ਾਇਦਾ ਹੀ ਹੋਵੇਗਾ, ਨੁਕਸਾਨ ਨਹੀਂ। ਬਾਈਬਲ ਵਿਚ ਇਕ ਮਿਸਾਲ ਉੱਤੇ ਗੌਰ ਕਰੋ। ਆਪਣੀ ਜ਼ਿੰਦਗੀ ਦੇ ਇਕ ਮੁਸ਼ਕਲ ਸਮੇਂ ਤੇ ਧਰਮੀ ਅੱਯੂਬ ਨੇ ਕਿਹਾ ਸੀ: “ਮੇਰੀ ਜਾਨ ਮੇਰੀ ਹਯਾਤੀ ਤੋਂ ਥੱਕੀ ਹੋਈ ਹੈ।” ਲੇਕਿਨ ਫਿਰ ਉਸ ਨੇ ਕਿਹਾ: “ਮੈਂ ਆਪਣੇ ਗਿਲੇ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਬੋਲਾਂਗਾ!” (ਅੱਯੂਬ 10:1) ਅੱਯੂਬ ਬੇਬੱਸ ਸੀ, ਲੇਕਿਨ ਉਸ ਨੇ ਆਪਣੇ ਦੁੱਖ ਬਾਰੇ ਗੱਲ ਕੀਤੀ। ਕਿਸੇ ਵੱਡੇ ਨਾਲ ਗੱਲ ਕਰਨ ਨਾਲ ਤੁਹਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ।

ਦੁਖੀ ਮਸੀਹੀਆਂ ਨੂੰ ਕਲੀਸਿਯਾ ਦੇ ਬਜ਼ੁਰਗਾਂ ਤੋਂ ਵੀ ਮਦਦ ਮਿਲ ਸਕਦੀ ਹੈ। (ਯਾਕੂਬ 5:14, 15) ਗੱਲ ਕਰਨ ਨਾਲ ਮੁਸ਼ਕਲ ਤਾਂ ਹੱਲ ਨਹੀਂ ਹੋਵੇਗੀ, ਲੇਕਿਨ ਸ਼ਾਇਦ ਕਿਸੇ ਬਜ਼ੁਰਗ ਦੀ ਮਦਦ ਨਾਲ ਤੁਸੀਂ ਆਪਣੇ ਹਾਲਾਤਾਂ ਨੂੰ ਸਹੀ ਨਜ਼ਰ ਤੋਂ ਦੇਖ ਸਕੋਗੇ। ਇਕ ਭਰੋਸੇਯੋਗ ਸਲਾਹਕਾਰ ਦੀ ਮਦਦ ਨਾਲ ਤੁਸੀਂ ਮੁਸ਼ਕਲਾਂ ਦਾ ਸਹੀ ਹੱਲ ਲੱਭਣ ਵਿਚ ਸਫ਼ਲ ਹੋ ਸਕਦੇ ਹੋ।

ਹਾਲਾਤ ਬਦਲਦੇ ਰਹਿੰਦੇ ਹਨ

ਦੁੱਖ ਸਹਿੰਦੇ ਵੇਲੇ ਇਹ ਯਾਦ ਰੱਖੋ ਕਿ ਹਾਲਾਤ ਭਾਵੇਂ ਜਿੰਨੇ ਮਰਜ਼ੀ ਮੁਸ਼ਕਲ ਹੋਣ, ਸਮੇਂ ਦੇ ਬੀਤਣ ਨਾਲ ਉਹ ਜ਼ਰੂਰ ਬਦਲਣਗੇ। ਬਾਈਬਲ ਦੇ ਇਕ ਲਿਖਾਰੀ ਦਾਊਦ ਨੂੰ ਕਈ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ। ਉਸ ਨੇ ਆਪਣੀ ਇਕ ਪ੍ਰਾਰਥਨਾ ਵਿਚ ਕਿਹਾ: “ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ। ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਅੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।” (ਜ਼ਬੂਰਾਂ ਦੀ ਪੋਥੀ 6:6) ਲੇਕਿਨ ਇਕ ਹੋਰ ਭਜਨ ਵਿਚ ਉਸ ਨੇ ਕਿਹਾ: “ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ।”—ਜ਼ਬੂਰਾਂ ਦੀ ਪੋਥੀ 30:11.

ਦਾਊਦ ਜਾਣਦਾ ਸੀ ਕਿ ਜ਼ਿੰਦਗੀ ਵਿਚ ਮੁਸ਼ਕਲਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਇਹ ਸੱਚ ਹੈ ਕਿ ਕੁਝ ਮੁਸ਼ਕਲਾਂ ਨੂੰ ਸਹਿਣਾ ਬਹੁਤ ਔਖਾ ਹੋ ਸਕਦਾ ਹੈ। ਲੇਕਿਨ ਧੀਰਜ ਰੱਖੋ। ਕਈ ਵਾਰੀ ਹਾਲਾਤ ਬਦਲਦੇ ਹੀ ਨਹੀਂ, ਸਗੋਂ ਬਿਹਤਰ ਹੋ ਜਾਂਦੇ ਹਨ। ਹੋ ਸਕਦਾ ਹੈ ਕਿ ਮੁਸ਼ਕਲ ਦਾ ਹੱਲ ਇਕ ਅਜਿਹੇ ਤਰੀਕੇ ਨਾਲ ਹੋ ਜਾਵੇ ਜਿਸ ਬਾਰੇ ਤੁਸੀਂ ਸ਼ਾਇਦ ਸੋਚਿਆ ਵੀ ਨਾ ਹੋਵੇ। ਜਾਂ ਸ਼ਾਇਦ ਤੁਸੀਂ ਇਕ ਨਵੇਂ ਤਰੀਕੇ ਨਾਲ ਮੁਸ਼ਕਲ ਨੂੰ ਸਹਾਰਨਾ ਸਿੱਖ ਲੈਂਦੇ ਹੋ। ਸੱਚ ਤਾਂ ਇਹ ਹੈ ਕਿ ਮੁਸੀਬਤਾਂ ਹਮੇਸ਼ਾ ਦੇ ਲਈ ਨਹੀਂ ਰਹਿੰਦੀਆਂ।—2 ਕੁਰਿੰਥੀਆਂ 4:17.

ਪ੍ਰਾਰਥਨਾ ਕਰਨੀ ਜ਼ਰੂਰੀ

ਪਰਮੇਸ਼ੁਰ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ। ਦਾਊਦ ਵਾਂਗ ਤੁਸੀਂ ਵੀ ਪ੍ਰਾਰਥਨਾ ਕਰ ਸਕਦੇ ਹੋ: “ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!”—ਜ਼ਬੂਰਾਂ ਦੀ ਪੋਥੀ 139:23, 24.

ਅਸੀਂ ਸਿਰਫ਼ ਮੁਸੀਬਤਾਂ ਦਾ ਹੱਲ ਲੱਭਣ ਲਈ ਹੀ ਪ੍ਰਾਰਥਨਾ ਨਹੀਂ ਕਰਦੇ, ਸਗੋਂ ਪਰਮੇਸ਼ੁਰ ਨੂੰ ਆਪਣਾ ਪਿਤਾ ਸਮਝ ਕੇ ਉਸ ਨਾਲ ਗੱਲ ਕਰਦੇ ਹਾਂ। ਉਹ ਚਾਹੁੰਦਾ ਹੈ ਕਿ ਅਸੀਂ ‘ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦੇਈਏ।’ (ਜ਼ਬੂਰਾਂ ਦੀ ਪੋਥੀ 62:8) ਪਰਮੇਸ਼ੁਰ ਦੀਆਂ ਇਨ੍ਹਾਂ ਖੂਬੀਆਂ ਉੱਤੇ ਧਿਆਨ ਦਿਓ:

◼ ਉਹ ਤੁਹਾਡੇ ਦੁੱਖਾਂ ਦਾ ਕਾਰਨ ਜਾਣਦਾ ਹੈ।—ਜ਼ਬੂਰਾਂ ਦੀ ਪੋਥੀ 103:14.

◼ ਉਹ ਤੁਹਾਨੂੰ ਤੁਹਾਡੇ ਨਾਲੋਂ ਬਿਹਤਰ ਜਾਣਦਾ ਹੈ।—1 ਯੂਹੰਨਾ 3:20.

◼ “ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.

◼ ਪਰਮੇਸ਼ੁਰ ਆਪਣੀ ਨਵੀਂ ਦੁਨੀਆਂ ਵਿਚ ਤੁਹਾਡੀਆਂ “ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।”—ਪਰਕਾਸ਼ ਦੀ ਪੋਥੀ 21:4.

ਜਦੋਂ ਮਾਨਸਿਕ ਰੋਗ ਹੋਵੇ

ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ, ਕਈ ਵਾਰੀ ਆਤਮ-ਹੱਤਿਆ ਕਰਨ ਬਾਰੇ ਮਨ ਵਿਚ ਆਉਂਦੇ ਵਿਚਾਰਾਂ ਦਾ ਕਾਰਨ ਬੀਮਾਰੀ ਹੋ ਸਕਦਾ ਹੈ। ਜੇ ਇਹ ਤੁਹਾਡੇ ਬਾਰੇ ਸੱਚ ਹੈ, ਤਾਂ ਮਦਦ ਲੈਣ ਤੋਂ ਨਾ ਸ਼ਰਮਾਓ। ਯਿਸੂ ਨੇ ਕਿਹਾ ਸੀ ਕਿ ਬੀਮਾਰਾਂ ਨੂੰ ਡਾਕਟਰ ਦੀ ਲੋੜ ਹੈ। (ਮੱਤੀ 9:12) ਖ਼ੁਸ਼ੀ ਦੀ ਗੱਲ ਹੈ ਕਿ ਕਈ ਬੀਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ ਅਤੇ ਦਵਾਈ ਲੈਣ ਨਾਲ ਤੁਸੀਂ ਬਿਹਤਰ ਵੀ ਮਹਿਸੂਸ ਕਰ ਸਕਦੇ ਹੋ!

ਬਾਈਬਲ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ “ਕੋਈ ਵਾਸੀ ਨਾ ਆਖੇਗਾ, ਮੈਂ ਬੀਮਾਰ ਹਾਂ।” (ਯਸਾਯਾਹ 33:24) ਲੇਕਿਨ ਉਹ ਸਮਾਂ ਆਉਣ ਤਕ ਤੁਸੀਂ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਹਾਇਡੀ ਜੋ ਜਰਮਨੀ ਵਿਚ ਰਹਿੰਦੀ ਹੈ, ਨੇ ਇਸੇ ਤਰ੍ਹਾਂ ਕੀਤਾ ਹੈ। ਉਹ ਦੱਸਦੀ ਹੈ: “ਕਈ ਵਾਰ ਤਾਂ ਮੇਰਾ ਡਿਪਰੈਸ਼ਨ ਇੰਨਾ ਵਧ ਜਾਂਦਾ ਸੀ ਕਿ ਮੈਂ ਮਰਨਾ ਚਾਹੁੰਦੀ ਸੀ। ਲੇਕਿਨ ਹੁਣ ਲਗਾਤਾਰ ਪ੍ਰਾਰਥਨਾ ਕਰਨ ਨਾਲ ਅਤੇ ਡਾਕਟਰਾਂ ਦੀ ਮਦਦ ਨਾਲ ਮੈਂ ਸੁਖੀ ਜ਼ਿੰਦਗੀ ਬਤੀਤ ਕਰ ਰਹੀ ਹਾਂ।” ਤੁਸੀਂ ਵੀ ਇਸੇ ਤਰ੍ਹਾਂ ਡਿਪਰੈਸ਼ਨ ਵਿੱਚੋਂ ਨਿਕਲ ਸਕਦੇ ਹੋ! (g 5/08)

ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਨੌਜਵਾਨ ਆਪਣੀ ਭੈਣ ਜਾਂ ਭਰਾ ਦੀ ਖ਼ੁਦਕਸ਼ੀ ਦਾ ਗਮ ਕਿੱਦਾਂ ਸਹਿ ਸਕਦਾ ਹੈ

“ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 4 ਅਜਿਹੀਆਂ ਗੱਲਾਂ ਰਿਬਕਾਹ, ਮੂਸਾ, ਏਲੀਯਾਹ ਅਤੇ ਅੱਯੂਬ ਨੇ ਵੀ ਕਹੀਆਂ ਸਨ।—ਉਤਪਤ 27:46; ਗਿਣਤੀ 11:15; 1 ਰਾਜਿਆਂ 19:4; ਅੱਯੂਬ 3:21; 14:13.

^ ਪੈਰਾ 5 ਇਸ ਲੇਖ ਵਿਚ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 7 ਫਿਰ ਵੀ, ਇਹ ਗੱਲ ਜ਼ਿਕਰਯੋਗ ਹੈ ਕਿ ਮਾਨਸਿਕ ਤੌਰ ਤੇ ਬੀਮਾਰ ਬਹੁਤ ਸਾਰੇ ਨੌਜਵਾਨ ਖ਼ੁਦਕਸ਼ੀ ਨਹੀਂ ਕਰਦੇ।

ਇਸ ਬਾਰੇ ਸੋਚੋ

◼ ਆਤਮ-ਹੱਤਿਆ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ, ਸਗੋਂ ਕਿਸੇ ਹੋਰ ਦੇ ਸਿਰ ਪੈ ਜਾਂਦੀਆਂ ਹਨ। ਉਹ ਕਿਵੇਂ?

◼ ਬੇਹੱਦ ਪਰੇਸ਼ਾਨ ਹੋਣ ਤੇ ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ?

[ਸਫ਼ਾ 28 ਉੱਤੇ ਡੱਬੀ/ਤਸਵੀਰ]

ਮਾਪਿਆਂ ਨੂੰ ਸਲਾਹ

ਕੁਝ ਦੇਸ਼ਾਂ ਵਿਚ ਸੈਂਕੜੇ ਮੁੰਡੇ-ਕੁੜੀਆਂ ਆਪਣੀ ਜਾਨ ਲੈ ਲੈਂਦੇ ਹਨ। ਮਿਸਾਲ ਲਈ, ਭਾਰਤ ਵਿਚ ਆਤਮ-ਹੱਤਿਆ ਕਰਨ ਵਾਲੇ ਮੁੰਡੇ-ਕੁੜੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਕ ਸਰਵੇਖਣ ਅਨੁਸਾਰ ਭਾਰਤ ਵਿਚ ਕਿਸ਼ੋਰਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਆਤਮ-ਹੱਤਿਆ ਹੈ। ਉਨ੍ਹਾਂ ਨੌਜਵਾਨਾਂ ਦਾ ਖ਼ੁਦਕਸ਼ੀ ਕਰਨ ਵੱਲ ਜ਼ਿਆਦਾ ਝੁਕਾਅ ਹੁੰਦਾ ਹੈ ਜਿਨ੍ਹਾਂ ਨੂੰ ਮਾਨਸਿਕ ਰੋਗ ਹੈ, ਜਿਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੇ ਆਤਮ-ਹੱਤਿਆ ਕੀਤੀ ਹੈ ਜਾਂ ਜਿਨ੍ਹਾਂ ਨੇ ਪਹਿਲਾਂ ਵੀ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੋਵੇ। ਖ਼ੁਦਕਸ਼ੀ ਕਰਨ ਬਾਰੇ ਸੋਚ ਰਹੇ ਨੌਜਵਾਨਾਂ ਦੇ ਕੁਝ ਲੱਛਣ ਹੇਠਾਂ ਦਿੱਤੇ ਗਏ ਹਨ:

◼ ਪਰਿਵਾਰ ਅਤੇ ਦੋਸਤਾਂ ਨਾਲ ਗੱਲ ਨਾ ਕਰਨੀ

◼ ਖਾਣ-ਪੀਣ ਅਤੇ ਸੌਣ ਦੀਆਂ ਆਦਤਾਂ ਵਿਚ ਤਬਦੀਲੀ

◼ ਮਨਪਸੰਦ ਕੰਮਾਂ ਵਿਚ ਕੋਈ ਦਿਲਚਸਪੀ ਨਾ ਰਹਿਣੀ

◼ ਸੁਭਾਅ ਵਿਚ ਵੱਡੀ ਤਬਦੀਲੀ

◼ ਬਹੁਤ ਸ਼ਰਾਬ ਪੀਣੀ ਜਾਂ ਨਸ਼ੇ ਕਰਨੇ

◼ ਆਪਣੀਆਂ ਅਨਮੋਲ ਚੀਜ਼ਾਂ ਦੂਸਰਿਆਂ ਨੂੰ ਵੰਡ ਦੇਣਾ

◼ ਵਾਰ-ਵਾਰ ਮੌਤ ਦੀਆਂ ਗੱਲਾਂ ਕਰਨੀਆਂ

ਡਾ. ਕੈਥਲੀਨ ਮਕੌਏ ਨੇ ਜਾਗਰੂਕ ਬਣੋ! ਦੇ ਪੱਤਰਕਾਰ ਨੂੰ ਦੱਸਿਆ ਕਿ ਨੌਜਵਾਨਾਂ ਦੇ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਮਾਪਿਆਂ ਦੀ ਸਭ ਤੋਂ ਵੱਡੀ ਗ਼ਲਤੀ ਹੈ। ਉਸ ਨੇ ਅੱਗੇ ਕਿਹਾ: “ਕੋਈ ਵੀ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਔਲਾਦ ਵਿਚ ਕੋਈ ਨੁਕਸ ਹੋਵੇ। ਸੋ ਮਾਪੇ ਆਪਣੇ ਆਪ ਨੂੰ ਭਰੋਸਾ ਦਿਵਾਉਂਦੇ ਹਨ ਕਿ ‘ਉਹ ਦਾ ਮੂਡ ਆਪੇ ਠੀਕ ਹੋ ਜਾਊ’ ਜਾਂ ‘ਇਹ ਤਾਂ ਐਵੇਂ ਹੀ ਨਖਰੇ ਕਰਦੀ ਰਹਿੰਦੀ ਹੈ।’ ਇਵੇਂ ਸੋਚਣਾ ਖ਼ਤਰਨਾਕ ਹੈ। ਸਾਰੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।”

ਜੇ ਤੁਹਾਡੀ ਜਵਾਨ ਧੀ ਜਾਂ ਪੁੱਤ ਡਿਪਰੈਸ਼ਨ ਜਾਂ ਕਿਸੇ ਮਾਨਸਿਕ ਰੋਗ ਤੋਂ ਪੀੜਿਤ ਹੈ, ਤਾਂ ਮਦਦ ਲੈਣ ਤੋਂ ਨਾ ਸ਼ਰਮਾਓ। ਜੇ ਤੁਹਾਨੂੰ ਸ਼ੱਕ ਹੈ ਕਿ ਉਹ ਆਤਮ-ਹੱਤਿਆ ਕਰਨ ਬਾਰੇ ਸੋਚ ਰਿਹਾ ਹੈ, ਤਾਂ ਉਸ ਨਾਲ ਗੱਲ ਕਰੋ। ਕਈ ਸੋਚਦੇ ਹਨ ਕਿ ਇਸ ਬਾਰੇ ਗੱਲ ਕਰਨ ਨਾਲ ਬੱਚੇ ਦਾ ਖ਼ੁਦਕਸ਼ੀ ਕਰਨ ਦਾ ਇਰਾਦਾ ਹੋਰ ਵੀ ਪੱਕਾ ਹੋ ਜਾਵੇਗਾ, ਲੇਕਿਨ ਇਹ ਸੱਚ ਨਹੀਂ ਹੈ। ਜਦ ਮਾਪੇ ਗੱਲ ਛੇੜਦੇ ਹਨ, ਤਾਂ ਕਈ ਨੌਜਵਾਨਾਂ ਨੂੰ ਗੱਲ ਕਰ ਕੇ ਬੜੀ ਰਾਹਤ ਮਹਿਸੂਸ ਹੁੰਦੀ ਹੈ। ਸੋ ਜੇ ਤੁਹਾਡੀ ਜਵਾਨ ਧੀ ਜਾਂ ਪੁੱਤ ਤੁਹਾਨੂੰ ਕਹੇ ਕਿ ਉਹ ਆਤਮ-ਹੱਤਿਆ ਕਰਨ ਦੀ ਸੋਚ ਰਿਹਾ ਹੈ, ਤਾਂ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਕੋਈ ਯੋਜਨਾ ਬਣਾਈ ਹੈ ਜਾਂ ਨਹੀਂ। ਜੇ ਬਣਾਈ ਹੈ, ਤਾਂ ਪੁੱਛੋ ਕਿ ਉਹ ਕੀ ਕਰਨ ਬਾਰੇ ਸੋਚ ਰਿਹਾ ਹੈ। ਜੇ ਉਹ ਤੁਹਾਨੂੰ ਖੋਲ੍ਹ ਕੇ ਦੱਸਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਵਾਕਈ ਆਤਮ-ਹੱਤਿਆ ਕਰਨ ਬਾਰੇ ਸੋਚ ਰਿਹਾ ਹੈ। ਸੋ ਤੁਹਾਨੂੰ ਜਲਦੀ ਕੁਝ ਕਰਨ ਦੀ ਲੋੜ ਹੈ। *

ਇਹ ਨਾ ਸੋਚੋ ਕਿ ਡਿਪਰੈਸ਼ਨ ਆਪ ਹਟ ਜਾਵੇਗਾ। ਜੇ ਲੱਗੇ ਕਿ ਡਿਪਰੈਸ਼ਨ ਘੱਟ ਗਿਆ ਹੈ, ਤਾਂ ਵੀ ਇਹ ਨਾ ਸੋਚੋ ਕਿ ਮੁਸ਼ਕਲ ਦਾ ਹੱਲ ਹੋ ਗਿਆ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਭ ਤੋਂ ਖ਼ਤਰਨਾਕ ਸਮਾਂ ਹੁੰਦਾ ਹੈ। ਕਿਉਂ? ਡਾ. ਮਕੌਏ ਕਹਿੰਦੀ ਹੈ: “ਜ਼ਿਆਦਾ ਡਿਪਰੈਸ ਹੋਏ ਕਿਸ਼ੋਰ ਕੋਲ ਆਪਣੀ ਜਾਨ ਲੈਣ ਲਈ ਸ਼ਾਇਦ ਤਾਕਤ ਨਾ ਹੋਵੇ। ਪਰ ਜਦੋਂ ਡਿਪਰੈਸ਼ਨ ਹਟ ਜਾਂਦਾ ਹੈ, ਤਾਂ ਉਸ ਵਿਚ ਸ਼ਾਇਦ ਆਤਮ-ਹੱਤਿਆ ਕਰਨ ਦੀ ਤਾਕਤ ਆ ਜਾਵੇ।”

ਇਹ ਕਿੰਨੀ ਦੁੱਖ ਦੀ ਗੱਲ ਹੈ ਕਿ ਕੁਝ ਮੁੰਡੇ-ਕੁੜੀਆਂ ਇੰਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਆਪਣੀ ਜਾਨ ਲੈਣ ਬਾਰੇ ਸੋਚਣ ਲੱਗਦੇ ਹਨ। ਕਿੰਨਾ ਜ਼ਰੂਰੀ ਹੈ ਕਿ ਮਾਪੇ ਅਤੇ ਹੋਰ ਬਜ਼ੁਰਗ ਇਸ ਬਾਰੇ ਸਾਵਧਾਨ ਰਹਿਣ ਅਤੇ “ਕਮਦਿਲਿਆਂ ਨੂੰ ਦਿਲਾਸਾ” ਦੇ ਕੇ ਨੌਜਵਾਨਾਂ ਲਈ ਦੁੱਖ ਦੇ ਸਮੇਂ ਸਹਾਰਾ ਬਣਨ।—1 ਥੱਸਲੁਨੀਕੀਆਂ 5:14. (g 5/08)

[ਫੁਟਨੋਟ]

^ ਪੈਰਾ 54 ਕਈ ਲੋਕ ਆਪਣੇ ਘਰਾਂ ਵਿਚ ਹਥਿਆਰ ਰੱਖਦੇ ਹਨ ਜਾਂ ਇਹੋ ਜਿਹੀਆਂ ਦਵਾਈਆਂ ਰੱਖਦੇ ਹਨ ਜੋ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਘਰਾਂ ਵਿਚ ਨੌਜਵਾਨਾਂ ਵੱਲੋਂ ਆਤਮ-ਹੱਤਿਆ ਕਰਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਘਰ ਵਿਚ ਹਥਿਆਰ ਰੱਖਣ ਬਾਰੇ ਗੱਲ ਕਰਦੇ ਹੋਏ ਇਕ ਅਮਰੀਕੀ ਸੰਸਥਾ ਨੇ ਕਿਹਾ: “ਭਾਵੇਂ ਬੰਦੂਕ ਰੱਖਣ ਵਾਲੇ ਆਪਣੀ ਸੁਰੱਖਿਆ ਲਈ ਬੰਦੂਕ ਰੱਖਦੇ ਹਨ, ਪਰ ਇਨ੍ਹਾਂ ਘਰਾਂ ਵਿਚ 83 ਪ੍ਰਤਿਸ਼ਤ ਮੌਤਾਂ ਆਤਮ-ਹੱਤਿਆ ਹੁੰਦੀਆਂ ਹਨ। ਆਮ ਤੌਰ ਤੇ ਬੰਦੂਕ ਰੱਖਣ ਵਾਲਾ ਨਹੀਂ, ਸਗੋਂ ਕੋਈ ਹੋਰ ਬੰਦੂਕ ਨੂੰ ਵਰਤ ਕੇ ਆਤਮ-ਹੱਤਿਆ ਕਰ ਲੈਂਦਾ ਹੈ।”

[ਸਫ਼ਾ 27 ਉੱਤੇ ਤਸਵੀਰ]

ਪਰਮੇਸ਼ੁਰ ਨਾਲ ਗੱਲ ਕਰਨੀ ਬੇਹੱਦ ਜ਼ਰੂਰੀ ਹੈ