Skip to content

Skip to table of contents

ਕੀ ਕਿਸੇ ਦਾ ਆਦਰ ਕਰਨ ਲਈ ਵੱਡੇ-ਵੱਡੇ ਖ਼ਿਤਾਬ ਵਰਤਣੇ ਸਹੀ ਹਨ?

ਕੀ ਕਿਸੇ ਦਾ ਆਦਰ ਕਰਨ ਲਈ ਵੱਡੇ-ਵੱਡੇ ਖ਼ਿਤਾਬ ਵਰਤਣੇ ਸਹੀ ਹਨ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਕਿਸੇ ਦਾ ਆਦਰ ਕਰਨ ਲਈ ਵੱਡੇ-ਵੱਡੇ ਖ਼ਿਤਾਬ ਵਰਤਣੇ ਸਹੀ ਹਨ?

ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਆਪਣੇ ਕੰਮ ਕਰਦੇ ਹੋਏ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹੋਏ ਕਈਆਂ ਲੋਕਾਂ ਨੂੰ ਮਿਲਦੇ ਸਨ ਜਿਨ੍ਹਾਂ ਵਿੱਚੋਂ ਕਈ ਛੋਟੀ-ਮੋਟੀ ਸਰਕਾਰੀ ਨੌਕਰੀ ਕਰਦੇ ਸਨ ਤੇ ਕਈਆਂ ਦੀ ਉੱਚੀ ਪਦਵੀ ਸੀ। ਯਿਸੂ ਦੇ ਚੇਲੇ ਆਪਣੇ ਆਪ ਨੂੰ ਇਕ-ਦੂਜੇ ਦੇ ਬਰਾਬਰ ਸਮਝਦੇ ਸਨ ਅਤੇ ਉਹ ਆਪਸ ਵਿਚ ਕੋਈ ਖ਼ਿਤਾਬ ਨਹੀਂ ਵਰਤਦੇ ਸਨ। ਫਿਰ ਵੀ ਉਸ ਸਮੇਂ ਉੱਚੀ ਪਦਵੀ ਰੱਖਣ ਵਾਲੇ ਲੋਕਾਂ ਦੇ ਖ਼ਿਤਾਬ ਵਰਤ ਕੇ ਉਨ੍ਹਾਂ ਨਾਲ ਗੱਲ ਕੀਤੀ ਜਾਂਦੀ ਸੀ। ਮਿਸਾਲ ਲਈ, ਰੋਮੀ ਸਮਰਾਟ ਨੂੰ “ਪਾਤਸ਼ਾਹ” ਬੁਲਾਇਆ ਜਾਂਦਾ ਸੀ।​—ਰਸੂਲਾਂ ਦੇ ਕਰਤੱਬ 25:21.

ਤਾਂ ਫਿਰ ਜਦ ਯਿਸੂ ਦੇ ਚੇਲਿਆਂ ਦਾ ਸਰਕਾਰੀ ਕਰਮਚਾਰੀਆਂ ਨਾਲ ਵਾਹ ਪੈਂਦਾ ਸੀ, ਤਾਂ ਕੀ ਉਹ ਉਨ੍ਹਾਂ ਦੇ ਖ਼ਿਤਾਬ ਵਰਤਦੇ ਸਨ? ਕੀ ਸਾਨੂੰ ਲੋਕਾਂ ਦੇ ਖ਼ਿਤਾਬ ਵਰਤਣੇ ਚਾਹੀਦੇ ਹਨ?

ਆਦਰ ਦਾ ਮਤਲਬ ਸਹਿਮਤੀ ਨਹੀਂ

ਪੌਲੁਸ ਰਸੂਲ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ: “ਸਭਨਾਂ ਦਾ ਹੱਕ ਭਰ ਦਿਓ। . . . ਜਿਹ ਦਾ ਆਦਰ ਚਾਹੀਦਾ ਹੈ ਆਦਰ ਕਰੋ।” (ਰੋਮੀਆਂ 13:7) ਇਸ ਦਾ ਮਤਲਬ ਸੀ ਕਿ ਉਹ ਸਰਕਾਰੀ ਅਫ਼ਸਰਾਂ ਦੇ ਖ਼ਿਤਾਬ ਵਰਤਦੇ ਸਨ। ਅੱਜ ਵੀ ਸਰਕਾਰੀ ਅਫ਼ਸਰਾਂ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ “ਯੋਰ ਔਨਰ,” “ਸ਼੍ਰੀਮਾਨ ਜੀ,” “ਜਨਾਬ,” “ਹਜ਼ੂਰ,” “ਜੱਜ ਜੀ,” ਵਗੈਰਾ ਕਿਹਾ ਜਾਂਦਾ ਹੈ। ਪਰ ਕੋਈ ਸ਼ਾਇਦ ਪੁੱਛੇ, ‘ਮੈਂ ਕਿਸੇ ਦਾ ਖ਼ਿਤਾਬ ਕਿਵੇਂ ਵਰਤ ਸਕਦਾ ਹਾਂ ਜੇ ਮੈਂ ਜਾਣਦਾ ਹਾਂ ਕਿ ਉਸ ਦਾ ਚਾਲ-ਚਲਣ ਨਾ ਤਾਂ ਆਦਰਯੋਗ ਹੈ ਤੇ ਨਾ ਹੀ ਨਕਲ ਕਰਨ ਲਾਇਕ?’

ਭਾਵੇਂ ਕਈ ਸਰਕਾਰੀ ਅਫ਼ਸਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਫਿਰ ਵੀ ਬਾਈਬਲ ਕਹਿੰਦੀ ਹੈ ਕਿ “ਪ੍ਰਭੁ ਦੇ ਨਮਿੱਤ” ਸਾਨੂੰ ਰਾਜਿਆਂ ਅਤੇ ਹਾਕਮਾਂ ਦੇ ਅਧੀਨ ਰਹਿਣਾ ਚਾਹੀਦਾ ਹੈ। (1 ਪਤਰਸ 2:​13, 14) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਲਈ ਸਾਨੂੰ ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ।​—ਰੋਮੀਆਂ 13:1.

ਪੌਲੁਸ ਇਹ ਨਹੀਂ ਕਹਿ ਰਿਹਾ ਸੀ ਕਿ ਸਾਨੂੰ ਕਿਸੇ ਦਾ ਆਦਰ ਇਸ ਲਈ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਉਸ ਦਾ ਚਾਲ-ਚਲਣ ਠੀਕ ਲੱਗਦਾ ਹੈ, ਸਗੋਂ ਇਸ ਲਈ ਕਿਉਂਕਿ ਉਸ ਦੀ ਉੱਚੀ ਪਦਵੀ ਹੈ। ਤਾਂ ਫਿਰ ਜਦ ਅਸੀਂ ਕਿਸੇ ਸਰਕਾਰੀ ਅਫ਼ਸਰ ਦਾ ਆਦਰ ਕਰਨ ਲਈ ਉਸ ਦਾ ਖ਼ਿਤਾਬ ਵਰਤਦੇ ਹਾਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਦੇ ਚਾਲ-ਚਲਣ ਨਾਲ ਸਹਿਮਤ ਹਾਂ। ਇਹ ਗੱਲ ਅਸੀਂ ਪੌਲੁਸ ਦੀ ਜ਼ਿੰਦਗੀ ਵਿਚ ਬੀਤੀ ਇਕ ਘਟਨਾ ਤੋਂ ਦੇਖ ਸਕਦੇ ਹਾਂ।

ਪੌਲੁਸ ਦੀ ਮਿਸਾਲ

ਪੌਲੁਸ ਰਸੂਲ ਉੱਤੇ ਝੂਠੇ ਇਲਜ਼ਾਮ ਲਾਏ ਗਏ ਤੇ ਉਸ ਨੂੰ ਗਿਰਫ਼ਤਾਰ ਕਰ ਕੇ ਯਹੂਦਿਯਾ ਦੇ ਹਾਕਮ ਫ਼ੇਲਿਕਸ ਅੱਗੇ ਪੇਸ਼ ਕੀਤਾ ਗਿਆ। ਫ਼ੇਲਿਕਸ ਇਕ ਚੰਗਾ ਬੰਦਾ ਨਹੀਂ ਸੀ। ਰੋਮੀ ਇਤਿਹਾਸਕਾਰ ਟੈਸੀਟਸ ਨੇ ਫ਼ੇਲਿਕਸ ਬਾਰੇ ਲਿਖਿਆ ਕਿ “ਉਹ ਮੰਨਦਾ ਸੀ ਕਿ ਸਜ਼ਾ ਦੇ ਡਰ ਤੋਂ ਬਿਨਾਂ ਉਹ ਬੁਰੇ ਤੋਂ ਬੁਰਾ ਕੰਮ ਕਰ ਸਕਦਾ ਸੀ।” ਉਸ ਨੂੰ ਇਨਸਾਫ਼ ਨਾਲੋਂ ਰਿਸ਼ਵਤ ਪਿਆਰੀ ਸੀ। ਫਿਰ ਵੀ ਦੋ ਸਾਲਾਂ ਦੀ ਕੈਦ ਦੌਰਾਨ ਪੌਲੁਸ ਤੇ ਫ਼ੇਲਿਕਸ ਕਈ ਵਾਰ ਮਿਲੇ ਅਤੇ ਪੌਲੁਸ ਨੇ ਹਮੇਸ਼ਾ ਉਸ ਦਾ ਆਦਰ ਕੀਤਾ। ਫ਼ੇਲਿਕਸ ਆਪਣੀ ਮੁੱਠੀ ਗਰਮ ਕੀਤੀ ਜਾਣ ਦੀ ਉਮੀਦ ਵਿਚ ਰਿਹਾ ਜੋ ਪੌਲੁਸ ਨੇ ਪੂਰੀ ਨਹੀਂ ਕੀਤੀ ਅਤੇ ਦੂਜੇ ਪਾਸੇ ਪੌਲੁਸ ਮੌਕੇ ਦਾ ਫ਼ਾਇਦਾ ਉਠਾ ਕੇ ਉਸ ਨੂੰ ਪ੍ਰਚਾਰ ਕਰਦਾ ਰਿਹਾ।​—ਰਸੂਲਾਂ ਦੇ ਕਰਤੱਬ 24:26.

ਜਦੋਂ ਫ਼ੇਲਿਕਸ ਦੀ ਥਾਂ ਫ਼ੇਸਤੁਸ ਹਾਕਮ ਬਣਿਆ, ਤਾਂ ਉਸ ਨੇ ਕੈਸਰਿਯਾ ਵਿਚ ਪੌਲੁਸ ਦਾ ਮੁਕੱਦਮਾ ਸੁਣਿਆ। ਯਹੂਦੀ ਆਗੂਆਂ ਨੂੰ ਖ਼ੁਸ਼ ਕਰਨ ਲਈ ਫ਼ੇਸਤੁਸ ਚਾਹੁੰਦਾ ਸੀ ਕਿ ਪੌਲੁਸ ਦਾ ਮੁਕੱਦਮਾ ਯਰੂਸ਼ਲਮ ਵਿਚ ਕੀਤਾ ਜਾਵੇ। ਪਰ ਪੌਲੁਸ ਜਾਣਦਾ ਸੀ ਕਿ ਉੱਥੇ ਉਸ ਨੂੰ ਇਨਸਾਫ਼ ਨਹੀਂ ਮਿਲੇਗਾ ਜਿਸ ਕਰਕੇ ਉਸ ਨੇ ਰੋਮੀ ਨਾਗਰਿਕ ਹੋਣ ਦਾ ਫ਼ਾਇਦਾ ਉਠਾ ਕੇ ਕਿਹਾ: “ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!”​—ਰਸੂਲਾਂ ਦੇ ਕਰਤੱਬ 25:11.

ਫ਼ੇਸਤੁਸ ਨੂੰ ਪਤਾ ਨਹੀਂ ਸੀ ਕਿ ਉਹ ਪੌਲੁਸ ਉੱਤੇ ਲਾਏ ਇਲਜ਼ਾਮ ਕੈਸਰ ਨੂੰ ਕਿੱਦਾਂ ਸਮਝਾਏਗਾ। ਪਰ ਜਦ ਰਾਜਾ ਅਗ੍ਰਿੱਪਾ ਦੂਜਾ ਫ਼ੇਸਤੁਸ ਨੂੰ ਮਿਲਣ ਆਇਆ, ਤਾਂ ਫ਼ੇਸਤੁਸ ਨੇ ਉਸ ਨਾਲ ਪੌਲੁਸ ਦੇ ਮੁਕੱਦਮੇ ਬਾਰੇ ਗੱਲ ਕੀਤੀ ਜਿਸ ਕਰਕੇ ਰਾਜੇ ਨੇ ਪੌਲੁਸ ਨੂੰ ਮਿਲਣਾ ਚਾਹਿਆ। ਅਗਲੇ ਦਿਨ ਰਾਜਾ ਫ਼ੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਵੱਡੇ-ਵੱਡੇ ਲੋਕਾਂ ਸਣੇ ਵੱਡੀ ਧੂਮ-ਧਾਮ ਨਾਲ ਕਚਹਿਰੀ ਵਿਚ ਆਇਆ।​—ਰਸੂਲਾਂ ਦੇ ਕਰਤੱਬ 25:​13-23.

ਜਦ ਪੌਲੁਸ ਨੂੰ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਤਾਂ ਉਸ ਨੇ ਅਗ੍ਰਿੱਪਾ ਨੂੰ “ਰਾਜਾ” ਕਹਿ ਕੇ ਗੱਲ ਸ਼ੁਰੂ ਕੀਤੀ। ਇਸ ਦੇ ਨਾਲ-ਨਾਲ ਉਸ ਨੇ ਕਬੂਲ ਕੀਤਾ ਕਿ ਰਾਜਾ ਯਹੂਦੀਆਂ ਦੇ ਸਾਰੇ ਰੀਤ-ਰਿਵਾਜ ਅਤੇ ਝਗੜੇ ਵੀ ਜਾਣਦਾ ਸੀ। (ਰਸੂਲਾਂ ਦੇ ਕਰਤੱਬ 26:​2, 3) ਉਸ ਸਮੇਂ ਹਰ ਕੋਈ ਜਾਣਦਾ ਸੀ ਕਿ ਅਗ੍ਰਿੱਪਾ ਆਪਣੀ ਭੈਣ ਨਾਲ ਜਿਨਸੀ ਸੰਬੰਧ ਰੱਖ ਰਿਹਾ ਸੀ। ਪੌਲੁਸ ਵੀ ਇਸ ਗੱਲ ਤੋਂ ਅਣਜਾਣ ਨਹੀਂ ਸੀ। ਅਗ੍ਰਿੱਪਾ ਦੀ ਬਦਚਲਣੀ ਦੇ ਬਾਵਜੂਦ ਪੌਲੁਸ ਨੇ ਰਾਜੇ ਵਜੋਂ ਉਸ ਦਾ ਆਦਰ ਕੀਤਾ।

ਜਦ ਪੌਲੁਸ ਆਪਣੀ ਸਫ਼ਾਈ ਪੇਸ਼ ਕਰ ਰਿਹਾ ਸੀ, ਤਾਂ ਫ਼ੇਸਤੁਸ ਨੇ ਕਿਹਾ: “ਹੇ ਪੌਲੁਸ, ਤੂੰ ਕਮਲਾ ਹੈਂ।” ਗੁੱਸੇ ਹੋਣ ਦੀ ਬਜਾਇ ਪੌਲੁਸ ਨੇ ਸ਼ਾਂਤੀ ਨਾਲ ਹਾਕਮ ਨੂੰ “ਹੇ ਫ਼ੇਸਤੁਸ ਬਹਾਦੁਰ” ਕਹਿ ਕੇ ਸੰਬੋਧਿਤ ਕੀਤਾ। (ਰਸੂਲਾਂ ਦੇ ਕਰਤੱਬ 26:​24, 25) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਹਾਕਮ ਵਜੋਂ ਉਸ ਦਾ ਆਦਰ ਕੀਤਾ। ਪਰ ਇਨ੍ਹਾਂ ਉਦਾਹਰਣਾਂ ਕਾਰਨ ਇਹ ਸਵਾਲ ਖੜਾਾ ਹੁੰਦਾ ਹੈ: ਕੀ ਆਦਰ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ?

ਆਦਰ ਕਰਨ ਦੀ ਹੱਦ

ਇਹ ਸੱਚ ਹੈ ਕਿ ਰੋਮੀਆਂ 13:1 ਦੇ ਅਨੁਸਾਰ ਸਾਨੂੰ ਹਕੂਮਤਾਂ ਦੇ ਅਧੀਨ ਰਹਿਣਾ ਚਾਹੀਦਾ ਹੈ। ਪਰ ਉਨ੍ਹਾਂ ਦੇ ਅਧਿਕਾਰ ਦੀ ਵੀ ਹੱਦ ਹੁੰਦੀ ਹੈ ਕਿਉਂਕਿ ਇਹ ਅਧਿਕਾਰ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤਾ ਹੈ। ਜੇ ਪਰਮੇਸ਼ੁਰ ਨੇ ਰਾਜ ਕਰਨ ਦੀ ਇਜਾਜ਼ਤ ਨਾ ਦਿੱਤੀ ਹੁੰਦੀ, ਤਾਂ ਉਨ੍ਹਾਂ ਕੋਲ ਕੋਈ ਹੱਕ ਨਹੀਂ ਸੀ ਹੋਣਾ। ਇਸ ਲਈ ਅਸੀਂ ਉਨ੍ਹਾਂ ਦੇ ਉਹੀ ਹੁਕਮ ਮੰਨਦੇ ਹਾਂ ਜੋ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਨਹੀਂ ਹਨ। ਯਿਸੂ ਨੇ ਆਪਣੇ ਚੇਲਿਆਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਹੋਰਨਾਂ ਦਾ ਆਦਰ ਕਰਨ ਦੀ ਵੀ ਹੱਦ ਹੁੰਦੀ ਹੈ। ਉਸ ਨੇ ਕਿਹਾ: “ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।”​—ਮੱਤੀ 23:​8-10.

ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਸਰਕਾਰੀ ਖ਼ਿਤਾਬ ਵਰਤਣੇ ਠੀਕ ਹਨ, ਪਰ ਧਾਰਮਿਕ ਖ਼ਿਤਾਬ ਨਹੀਂ। ਜੇ ਸਰਕਾਰੀ ਅਫ਼ਸਰ ਧਾਰਮਿਕ ਖ਼ਿਤਾਬ ਲੈਣ, ਤਾਂ ਪੌਲੁਸ ਦੀ ਸਲਾਹ ਮੁਤਾਬਕ ਉਹ ਖ਼ਿਤਾਬ ਨਹੀਂ ਵਰਤੇ ਜਾਣੇ ਚਾਹੀਦੇ। ਬਾਈਬਲ ਅਨੁਸਾਰ ਚੱਲਣ ਵਾਲੇ ਇਨਸਾਨ ਅਜਿਹੇ ਅਧਿਕਾਰੀਆਂ ਦਾ ਆਦਰ ਜ਼ਰੂਰ ਕਰਨਗੇ, ਪਰ ਆਪਣੀ ਜ਼ਮੀਰ ਨੂੰ ਸ਼ੁੱਧ ਰੱਖਣ ਲਈ ਉਹ ਉਨ੍ਹਾਂ ਦੇ ਧਾਰਮਿਕ ਖ਼ਿਤਾਬ ਨਹੀਂ ਵਰਤਣਗੇ। ਬਾਈਬਲ ਕਹਿੰਦੀ ਹੈ: ‘ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।’​—ਮੱਤੀ 22:21. (g 9/08)

ਕੀ ਤੁਸੀਂ ਕਦੇ ਸੋਚਿਆ ਹੈ?

◼ ਯਿਸੂ ਦੇ ਚੇਲਿਆਂ ਦਾ ਸਰਕਾਰੀ ਅਫ਼ਸਰਾਂ ਬਾਰੇ ਕੀ ਵਿਚਾਰ ਸੀ?​ਰੋਮੀਆਂ 13:7.

◼ ਕੀ ਪੌਲੁਸ ਨੇ ਹਾਕਮਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੇ ਖ਼ਿਤਾਬ ਵਰਤੇ ਸਨ?​—ਰਸੂਲਾਂ ਦੇ ਕਰਤੱਬ 25:11; 26:​2, 25.

◼ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੋ ਜਿਹੇ ਖ਼ਿਤਾਬ ਵਰਤਣ ਤੋਂ ਮਨ੍ਹਾ ਕੀਤਾ ਸੀ?​—ਮੱਤੀ 23:​8-10.

[ਸਫ਼ੇ 22, 23 ਉੱਤੇ ਤਸਵੀਰ]

ਪੌਲੁਸ ਨੇ ਅਗ੍ਰਿੱਪਾ ਨੂੰ ਕਿਵੇਂ ਸੰਬੋਧਿਤ ਕੀਤਾ ਸੀ?