Skip to content

Skip to table of contents

ਕੀ ਸਾਡੀ ਧਰਤੀ ਖ਼ਤਰੇ ਵਿਚ ਹੈ?

ਕੀ ਸਾਡੀ ਧਰਤੀ ਖ਼ਤਰੇ ਵਿਚ ਹੈ?

ਕੀ ਸਾਡੀ ਧਰਤੀ ਖ਼ਤਰੇ ਵਿਚ ਹੈ?

 ਈ ਲੋਕ ਮੰਨਦੇ ਹਨ ਕਿ ਗਲੋਬਲ ਵਾਰਮਿੰਗ ਮਨੁੱਖਜਾਤੀ ਨੂੰ ਸਭ ਤੋਂ ਵੱਡਾ ਖ਼ਤਰਾ ਪੇਸ਼ ਕਰ ਰਹੀ ਹੈ। ਸਾਇੰਸ ਰਸਾਲੇ ਮੁਤਾਬਕ ਮੌਸਮ-ਵਿਗਿਆਨੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ “ਇਨਸਾਨ ਹੌਲੀ-ਹੌਲੀ ਮੌਸਮ ਨੂੰ ਵਿਗਾੜ ਰਿਹਾ ਹੈ ਜਿਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ। ” ਪਰ ਕਈ ਲੋਕ ਇਹ ਗੱਲ ਮੰਨਣ ਤੋਂ ਇਨਕਾਰ ਕਰ ਰਹੇ ਹਨ। ਉਹ ਇਸ ਗੱਲ ਨਾਲ ਜ਼ਰੂਰ ਸਹਿਮਤ ਹੁੰਦੇ ਹਨ ਕਿ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਪਰ ਇਹ ਕਿਉਂ ਹੋ ਰਿਹਾ ਹੈ ਅਤੇ ਇਸ ਦਾ ਅੰਜਾਮ ਕੀ ਹੋਵੇਗਾ, ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ। ਉਹ ਮੰਨਦੇ ਹਨ ਕਿ ਇਨਸਾਨ ਕੁਝ ਹੱਦ ਤਕ ਗੋਲਬਲ ਵਾਰਮਿੰਗ ਲਈ ਜ਼ਿੰਮੇਵਾਰ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਕਈ ਹੋਰ ਵੀ ਕਾਰਨ ਹੋ ਸਕਦੇ ਹਨ। ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਕਿਉਂ ਹਨ?

ਇਕ ਕਾਰਨ ਇਹ ਹੈ ਕਿ ਧਰਤੀ ਦੇ ਮੌਸਮ ਨੂੰ ਬਦਲਣ ਵਾਲੀਆਂ ਕ੍ਰਿਆਵਾਂ ਬਹੁਤ ਗੁੰਝਲਦਾਰ ਹਨ ਜਿਨ੍ਹਾਂ ਨੂੰ ਵਿਗਿਆਨੀ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੇ। ਇਸ ਤੋਂ ਇਲਾਵਾ, ਵਾਤਾਵਰਣ ਨੂੰ ਬਚਾਉਣ ਵਿਚ ਦਿਲਚਸਪੀ ਰੱਖਣ ਵਾਲੇ ਕਈ ਲੋਕ ਵਿਗਿਆਨੀਆਂ ਦੀਆਂ ਰਿਪੋਰਟਾਂ ਬਾਰੇ ਆਪਣੀ-ਆਪਣੀ ਰਾਇ ਦਿੰਦੇ ਹਨ ਕਿ ਧਰਤੀ ਦਾ ਤਾਪਮਾਨ ਕਿਉਂ ਬਦਲ ਰਿਹਾ ਹੈ।

ਕੀ ਧਰਤੀ ਦਾ ਤਾਪਮਾਨ ਸੱਚ-ਮੁੱਚ ਵਧ ਰਿਹਾ ਹੈ?

ਯੂ. ਐੱਨ. ਨਾਲ ਜੁੜੀ ਇਕ ਸੰਸਥਾ (IPCC) ਦੀ ਹਾਲ ਦੀ ਇਕ ਰਿਪੋਰਟ ਅਨੁਸਾਰ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਸ ਦੇ ਜ਼ਿਆਦਾਤਰ ਜ਼ਿੰਮੇਵਾਰ ਇਨਸਾਨ ਹੀ ਹਨ। ਕਈ ਲੋਕ ਇਸ ਗੱਲ ਨਾਲ ਨਹੀਂ ਸਹਿਮਤ ਹੁੰਦੇ। ਪਰ ਫਿਰ ਵੀ ਉਹ ਮੰਨਦੇ ਹਨ ਕਿ ਸ਼ਹਿਰਾਂ ਦੀ ਵਧ ਰਹੀ ਆਬਾਦੀ ਕਰਕੇ ਉੱਥੇ ਤਾਪਮਾਨ ਵਧ ਰਿਹਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਸ਼ਹਿਰਾਂ ਵਿਚ ਸਟੀਲ ਤੇ ਕੰਕਰੀਟ ਧੁੱਪ ਨਾਲ ਗਰਮ ਹੋ ਜਾਂਦੇ ਹਨ ਤੇ ਹੌਲੀ-ਹੌਲੀ ਰਾਤ ਨੂੰ ਹੀ ਕਿਤੇ ਜਾ ਕੇ ਠੰਢੇ ਹੁੰਦੇ ਹਨ। ਪਰ ਦੂਸਰੇ ਕਹਿੰਦੇ ਹਨ ਕਿ ਅਸੀਂ ਸਿਰਫ਼ ਸ਼ਹਿਰਾਂ ਵੱਲ ਹੀ ਦੇਖ ਕੇ ਨਹੀਂ ਅੰਦਾਜ਼ਾ ਲਗਾ ਸਕਦੇ ਕਿ ਕੀ ਹੋ ਰਿਹਾ ਹੈ। ਉਨ੍ਹਾਂ ਇਲਾਕਿਆਂ ਬਾਰੇ ਕੀ ਜਿੱਥੇ ਕਿਤੇ-ਕਿਤੇ ਹੀ ਲੋਕ ਰਹਿੰਦੇ ਹਨ? ਅਸੀਂ ਥੋੜ੍ਹੇ ਜਿਹੇ ਅੰਕੜੇ ਲੈ ਕੇ ਦੱਸ ਨਹੀਂ ਸਕਦੇ ਕਿ ਪੂਰੀ ਦੁਨੀਆਂ ਵਿਚ ਕੀ ਹੋ ਰਿਹਾ ਹੈ।

ਦੂਜੇ ਪਾਸੇ, ਅਲਾਸਕਾ ਦੇ ਨੇੜੇ ਇਕ ਟਾਪੂ ’ਤੇ ਰਹਿੰਦੇ ਕਲਿੱਫਰਡ ਨਾਂ ਦੇ ਇਕ ਬਜ਼ੁਰਗ ਨੇ ਕਿਹਾ ਕਿ ਉਹ ਆਪਣੇ ਪਿੰਡ ਵਿਚ ਹੋ ਰਹੀਆਂ ਤਬਦੀਲੀਆਂ ਦਾ ਚਸ਼ਮਦੀਦ ਗਵਾਹ ਹੈ। ਉਸ ਦੇ ਪਿੰਡ ਦੇ ਲੋਕ ਸਮੁੰਦਰ ਉੱਤੇ ਜੰਮੀ ਬਰਫ਼ ਉੱਤੋਂ ਲੰਘ ਕੇ ਰੇਂਡੀਅਰ ਤੇ ਹਿਰਨ ਦਾ ਸ਼ਿਕਾਰ ਕਰਨ ਜਾਂਦੇ ਹਨ। ਪਰ ਵਧ ਰਹੇ ਤਾਪਮਾਨ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਰਵਾਇਤੀ ਜੀਵਨ ਪਹਿਲਾਂ ਵਾਲਾ ਨਹੀਂ ਰਿਹਾ। ਕਲਿੱਫਰਡ ਕਹਿੰਦਾ ਹੈ ਕਿ ‘ਹੁਣ ਚੈਕਚੀ ਸਮੁੰਦਰ ਦੇ ਪਾਣੀ ਦਾ ਵਹਾਅ ਬਦਲ ਚੁੱਕਾ ਹੈ ਤੇ ਪਹਿਲਾਂ ਜਿੰਨੀ ਠੰਢ ਨਹੀਂ ਪੈਂਦੀ ਤੇ ਨਾ ਹੀ ਸਮੁੰਦਰ ਪਹਿਲਾਂ ਵਾਂਗ ਜੰਮਦਾ ਹੈ।’ ਉਸ ਨੇ ਦੱਸਿਆ ਕਿ ਪਹਿਲਾਂ ਸਮੁੰਦਰ ਅਕਤੂਬਰ ਦੇ ਅਖ਼ੀਰ ਵਿਚ ਜੰਮ ਜਾਂਦਾ ਸੀ, ਪਰ ਹੁਣ ਦਸੰਬਰ ਦੇ ਅਖ਼ੀਰ ਤਕ ਨਹੀਂ ਜੰਮਦਾ।

ਗਰਮ ਹੋ ਰਹੇ ਮੌਸਮ ਦਾ ਸਬੂਤ 2007 ਵਿਚ ਨਾਰਥਵੈਸਟ ਪੈਸਿਜ ਵਿਚ ਵੀ ਮਿਲਿਆ। ਇਤਿਹਾਸ ਵਿਚ ਪਹਿਲੀ ਵਾਰ ਇਹ ਰਾਹ ਪਿਘਲ ਰਹੀ ਬਰਫ਼ ਕਰਕੇ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ। ਅਮਰੀਕਾ ਦੇ ਇਕ ਸੈਂਟਰ (National Snow and Ice Data Center) ਦੇ ਇਕ ਸੀਨੀਅਰ ਵਿਗਿਆਨੀ ਨੇ ਕਿਹਾ ਕਿ ‘ਇਸ ਸਾਲ ਅਸੀਂ ਦੇਖਿਆ ਹੈ ਕਿ ਬਰਫ਼ੀਲੇ ਮੌਸਮ ਦਾ ਸਮਾਂ ਪਹਿਲਾਂ ਜਿੰਨਾ ਲੰਬਾ ਨਹੀਂ ਰਿਹਾ।’

ਗ੍ਰੀਨਹਾਊਸ ਈਫ਼ੈਕਟ-ਜੀਉਣ ਲਈ ਜ਼ਰੂਰੀ

ਕਈ ਕਹਿੰਦੇ ਹਨ ਕਿ ਵਾਯੂਮੰਡਲ ਵਿਚ ਗ੍ਰੀਨਹਾਊਸ ਗੈਸਾਂ ਦਾ ਵਧਣਾ ਮੌਸਮ ਦੇ ਬਦਲਣ ਦਾ ਕਾਰਨ ਹੈ। ਇਹ ਕੁਦਰਤੀ ਗੈਸਾਂ ਸਾਡੇ ਜੀਉਣ ਵਾਸਤੇ ਬਹੁਤ ਜ਼ਰੂਰੀ ਹਨ। ਜਦੋਂ ਸੂਰਜ ਦਾ ਤਾਪ ਧਰਤੀ ਤਕ ਪਹੁੰਚਦਾ ਹੈ, ਉਸ ਦਾ ਤਕਰੀਬਨ 70 ਫੀ ਸਦੀ ਹਿੱਸਾ ਹਵਾ, ਜ਼ਮੀਨ ਅਤੇ ਸਮੁੰਦਰ ਨੂੰ ਨਿੱਘਾ ਕਰਦਾ ਹੈ। ਜੇ ਇਸ ਤਰ੍ਹਾਂ ਨਾ ਹੁੰਦਾ, ਤਾਂ ਧਰਤੀ ਦਾ ਔਸਤਨ ਤਾਪਮਾਨ ਤਕਰੀਬਨ ਸਿਫ਼ਰ ਡਿਗਰੀ ਫਾਰਨਹੀਟ (-18 ਡਿਗਰੀ ਸੈਲਸੀਅਸ) ਹੁੰਦਾ। ਬਾਅਦ ਵਿਚ ਉਹੀ ਊਰਜਾ ਜਾਂ ਤਾਪ ਪੁਲਾੜ ਵਿਚ ਵਾਪਸ ਚਲੇ ਜਾਂਦਾ ਹੈ ਜਿਸ ਕਰਕੇ ਧਰਤੀ ਲੋੜ ਨਾਲੋਂ ਵੱਧ ਗਰਮ ਨਹੀਂ ਹੁੰਦੀ। ਪਰ ਵਾਯੂਮੰਡਲ ਵਿਚ ਪ੍ਰਦੂਸ਼ਣ ਹੋਣ ਕਰਕੇ ਧਰਤੀ ਦਾ ਵਾਤਾਵਰਣ ਬਦਲ ਗਿਆ ਹੈ ਜਿਸ ਕਰਕੇ ਤਾਪ ਧਰਤੀ ਉੱਤੇ ਹੀ ਰਹਿ ਜਾਂਦਾ ਹੈ ਜਿਸ ਨਾਲ ਤਾਪਮਾਨ ਵਧ ਜਾਂਦਾ ਹੈ।

ਗ੍ਰੀਨਹਾਊਸ ਈਫ਼ੈਕਟ ਕਾਰਬਨ ਡਾਇਆਕਸਾਈਡ, ਨਾਈਟਰਸ ਆਕਸਾਈਡ, ਮੀਥੇਨ ਗੈਸਾਂ ਅਤੇ ਭਾਫ਼ ਨਾਲ ਪੈਦਾ ਹੁੰਦਾ ਹੈ। ਪਰ ਪਿਛਲੇ 250 ਸਾਲਾਂ ਤੋਂ ਕਾਰਖ਼ਾਨਿਆਂ ਦੇ ਵਧਣ ਅਤੇ ਕੋਲੇ ਤੇ ਤੇਲ ਦੀ ਜ਼ਿਆਦਾ ਵਰਤੋਂ ਕਰਕੇ ਸਾਡੇ ਵਾਤਾਵਰਣ ਵਿਚ ਗ੍ਰੀਨਹਾਊਸ ਗੈਸਾਂ ਦੀ ਮਾਤਰਾ ਬਹੁਤ ਵਧ ਚੁੱਕੀ ਹੈ। ਧਰਤੀ ਦਾ ਤਾਪਮਾਨ ਵਧਣ ਦਾ ਇਕ ਹੋਰ ਕਾਰਨ ਹੋ ਸਕਦਾ ਹੈ ਕਿ ਖੇਤਾਂ ਵਿਚ ਚਰਨ ਵਾਲੇ ਪਸ਼ੂਆਂ ਦੀ ਗਿਣਤੀ ਵਧ ਰਹੀ ਹੈ ਜੋ ਮੀਥੇਨ ਤੇ ਨਾਈਟਰਸ ਆਕਸਾਈਡ ਵਰਗੀਆਂ ਗੈਸਾਂ ਛੱਡਦੇ ਹਨ। ਕੁਝ ਖੋਜਕਾਰ ਇਨਸਾਨਾਂ ਨੂੰ ਗਲੋਬਲ ਵਾਰਮਿੰਗ ਦੇ ਜ਼ਿੰਮੇਵਾਰ ਠਹਿਰਾਉਣ ਦੀ ਬਜਾਇ ਹੋਰ ਕਾਰਨ ਦੱਸਦੇ ਹਨ।

ਕੀ ਤਾਪਮਾਨ ਦਾ ਘਟਣਾ-ਵਧਣਾ ਕੁਦਰਤੀ ਹੈ?

ਜਿਹੜੇ ਲੋਕ ਇਨਸਾਨਾਂ ਨੂੰ ਧਰਤੀ ਦੇ ਵਧਦੇ ਜਾ ਰਹੇ ਤਾਪਮਾਨ ਲਈ ਜ਼ਿੰਮੇਵਾਰ ਨਹੀਂ ਸਮਝਦੇ, ਉਹ ਕਹਿੰਦੇ ਹਨ ਕਿ ਪਹਿਲਾਂ ਵੀ ਤਾਂ ਤਾਪਮਾਨ ਘੱਟਦਾ-ਵਧਦਾ ਹੁੰਦਾ ਸੀ। ਕੀ “ਆਇਸ ਏਜ” ਵਿਚ ਧਰਤੀ ਹੁਣ ਨਾਲੋਂ ਜ਼ਿਆਦਾ ਠੰਢੀ ਨਹੀਂ ਹੁੰਦੀ ਸੀ? ਉਹ ਕਹਿੰਦੇ ਹਨ ਕਿ ਧਰਤੀ ਕੁਦਰਤੀ ਤੌਰ ਤੇ ਗਰਮ ਹੋ ਰਹੀ ਹੈ। ਇਸ ਦੀ ਪੁਸ਼ਟੀ ਲਈ ਉਹ ਠੰਢੇ ਇਲਾਕੇ ਗ੍ਰੀਨਲੈਂਡ ਦੀ ਮਿਸਾਲ ਦਿੰਦੇ ਹਨ ਜਿੱਥੇ ਇਕ ਵਾਰ ਉਹ ਬਨਸਪਤੀ ਦੇਖੀ ਗਈ ਸੀ ਜੋ ਸਿਰਫ਼ ਗਰਮ ਇਲਾਕਿਆਂ ਵਿਚ ਉੱਗਦੀ ਹੈ। ਬੇਸ਼ੱਕ ਵਿਗਿਆਨੀ ਇਸ ਗੱਲ ਨਾਲ ਵੀ ਸਹਿਮਤ ਹੁੰਦੇ ਹਨ ਕਿ ਜੇ ਉਹ ਆਇਸ ਏਜ ਤੋਂ ਪਹਿਲਾਂ ਦੇ ਸਮੇਂ ’ਤੇ ਨਜ਼ਰ ਮਾਰਨ, ਤਾਂ ਉਹ ਯਕੀਨ ਨਾਲ ਨਹੀਂ ਦੱਸ ਸਕਣਗੇ ਕਿ ਉਸ ਵੇਲੇ ਮੌਸਮ ਕਿਹੋ ਜਿਹਾ ਸੀ।

ਜੇ ਹਾਲ ਹੀ ਵਿਚ ਇਨਸਾਨਾਂ ਦੇ ਕਾਰਨ ਧਰਤੀ ਦਾ ਤਾਪਮਾਨ ਵਧਿਆ ਹੈ, ਤਾਂ ਇਸ ਤੋਂ ਪਹਿਲਾਂ ਦੇ ਤਾਪਮਾਨ ਦੇ ਉਤਾਰ-ਚੜ੍ਹਾਅ ਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ? ਇਕ ਕਾਰਨ ਹੋ ਸਕਦਾ ਹੈ ਸੂਰਜ ਉੱਤੇ ਪਾਏ ਜਾਂਦੇ ਧੱਬੇ ਅਤੇ ਹਾਈਡ੍ਰੋਜਨ ਅਤੇ ਹੀਲੀਅਮ ਗੈਸਾਂ ਦੇ ਵਧ ਜਾਣ ਨਾਲ ਪੈਦਾ ਹੁੰਦੀ ਊਰਜਾ। ਇਨ੍ਹਾਂ ਗੱਲਾਂ ਦੇ ਕਾਰਨ ਤਾਪਮਾਨ ਘੱਟ ਜਾਂ ਵਧ ਸਕਦਾ ਹੈ। ਇਸ ਤੋਂ ਇਲਾਵਾ, ਧਰਤੀ ਨੂੰ ਆਪਣੇ ਗ੍ਰਹਿ-ਪਥ ਉੱਤੇ ਘੁੰਮਦਿਆਂ-ਘੁੰਮਦਿਆਂ ਕਈ ਹਜ਼ਾਰ ਸਾਲ ਲੱਗ ਜਾਂਦੇ ਹਨ ਜਿਸ ਕਰਕੇ ਸੂਰਜ ਅਤੇ ਧਰਤੀ ਵਿਚਲੇ ਫ਼ਾਸਲੇ ਉੱਤੇ ਫ਼ਰਕ ਪੈਂਦਾ ਹੈ। ਜੁਆਲਾਮੁਖੀ ਦੀ ਧੂੜ ਅਤੇ ਸਮੁੰਦਰੀ ਵਹਾਅ ਦੇ ਕਾਰਨ ਵੀ ਤਾਪਮਾਨ ਘੱਟਦਾ-ਵਧਦਾ ਹੈ।

ਕੰਪਿਊਟਰ ਉੱਤੇ ਮੌਸਮ ਦੇ ਨਕਲੀ ਹਾਲਾਤ ਪੈਦਾ ਕਰਨੇ

ਵਧ ਰਹੇ ਤਾਪਮਾਨ ਦੇ ਕਾਰਨ ਜੋ ਮਰਜ਼ੀ ਹੋਣ, ਪਰ ਇਨ੍ਹਾਂ ਦਾ ਸਾਡੇ ਅਤੇ ਸਾਡੇ ਵਾਤਾਵਰਣ ਉੱਤੇ ਕੀ ਅਸਰ ਪਵੇਗਾ? ਇਹ ਅਨੁਮਾਨ ਲਾਉਣਾ ਸੌਖਾ ਨਹੀਂ ਹੈ। ਪਰ ਅੱਜ-ਕੱਲ੍ਹ ਵਿਗਿਆਨੀਆਂ ਕੋਲ ਅਜਿਹੇ ਕੰਪਿਊਟਰ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਮੌਸਮ ਦਾ ਅਨੁਮਾਨ ਲਾਉਂਦੇ ਹਨ। ਇਨ੍ਹਾਂ ਕੰਪਿਊਟਰਾਂ ਵਿਚ ਭੌਤਿਕ-ਵਿਗਿਆਨ ਦੇ ਨਿਯਮ, ਮੌਸਮ ਬਾਰੇ ਜਾਣਕਾਰੀ ਅਤੇ ਹੋਰ ਕੁਦਰਤੀ ਨਿਯਮ ਪਾਏ ਗਏ ਹਨ ਜੋ ਮੌਸਮ ਉੱਤੇ ਪ੍ਰਭਾਵ ਪਾਉਂਦੇ ਹਨ।

ਕੰਪਿਊਟਰਾਂ ਵਿਚ ਵਿਗਿਆਨੀ ਨਕਲੀ ਹਾਲਾਤ ਪੈਦਾ ਕਰ ਕੇ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕਰਦੇ ਹਨ ਜੋ ਉਹ ਅਸਲ ਵਿਚ ਕੁਦਰਤ ਨਾਲ ਨਹੀਂ ਕਰ ਸਕਦੇ। ਮਿਸਾਲ ਲਈ, ਉਹ ਸੂਰਜ ਦੀ ਊਰਜਾ “ਘਟਾ-ਵਧਾ” ਕੇ ਦੇਖ ਸਕਦੇ ਹਨ ਕਿ ਇਸ ਦਾ ਧਰੁਵੀ ਬਰਫ਼, ਵਾਯੂਮੰਡਲ ਅਤੇ ਸਮੁੰਦਰ ਦੇ ਤਾਪਮਾਨ, ਭਾਫ਼ ਦੀ ਦਰ, ਹਵਾ ਦੇ ਦਬਾਅ, ਬੱਦਲਾਂ ਦੀ ਘਣਤਾ, ਹਵਾ ਅਤੇ ਮੀਂਹ ਉੱਤੇ ਕੀ ਅਸਰ ਪੈਂਦਾ ਹੈ। ਨਾਲੇ ਉਹ ਕੰਪਿਊਟਰਾਂ ’ਤੇ ਨਕਲੀ ਜੁਆਲਾਮੁਖੀ ਧਮਾਕੇ ਕਰ ਕੇ ਦੇਖ ਸਕਦੇ ਹਨ ਕਿ ਜੁਆਲਾਮੁਖੀ ਦੀ ਧੂੜ ਦਾ ਮੌਸਮ ਉੱਤੇ ਕੀ ਅਸਰ ਪੈਂਦਾ ਹੈ। ਉਹ ਜਾਂਚ ਕਰ ਸਕਦੇ ਹਨ ਕਿ ਆਬਾਦੀ ਵਿਚ ਵਾਧੇ, ਜੰਗਲਾਂ ਦੀ ਕਟਾਈ, ਜ਼ਮੀਨ ਦੀ ਵਰਤੋਂ ਅਤੇ ਗ੍ਰੀਨਹਾਊਸ ਗੈਸਾਂ ਦੇ ਵਧਣ-ਘਟਣ ਦਾ ਮੌਸਮ ਉੱਤੇ ਕੀ ਪ੍ਰਭਾਵ ਪੈਂਦਾ ਹੈ। ਵਿਗਿਆਨੀ ਉਮੀਦ ਰੱਖਦੇ ਹਨ ਕਿ ਹੌਲੀ-ਹੌਲੀ ਉਨ੍ਹਾਂ ਦੇ ਕੰਪਿਊਟਰ ਸਹੀ-ਸਹੀ ਅਨੁਮਾਨ ਲਾ ਸਕਣਗੇ।

ਇਹ ਕੰਪਿਊਟਰ ਹੁਣ ਕਿੰਨੀ ਕੁ ਸਹੀ ਜਾਣਕਾਰੀ ਦੇ ਸਕਦੇ ਹਨ? ਸਿਰਫ਼ ਉੱਨੀ ਕੁ ਜਿੰਨੀ ਕੁ ਸਹੀ ਜਾਣਕਾਰੀ ਕੰਪਿਊਟਰਾਂ ਵਿਚ ਪਾਈ ਜਾਂਦੀ ਹੈ। ਕੁਝ ਅਨੁਮਾਨਾਂ ਮੁਤਾਬਕ ਮੌਸਮ ਉੱਤੇ ਇੰਨਾ ਮਾੜਾ ਅਸਰ ਨਹੀਂ ਪਵੇਗਾ, ਪਰ ਦੂਸਰੇ ਅਨੁਮਾਨਾਂ ਮੁਤਾਬਕ ਬਹੁਤ ਮਾੜਾ ਅਸਰ ਪਵੇਗਾ। ਤਾਂ ਵੀ ਸਾਇੰਸ ਰਸਾਲਾ ਦੱਸਦਾ ਹੈ ਕਿ “ਕਈ ਵਾਰ ਕੁਦਰਤ ਵੀ ਸਾਡੇ ਨਾਲ ਖੇਡਾਂ ਖੇਡਦੀ ਹੈ।” ਇਸ ਦੀ ਇਕ ਮਿਸਾਲ ਹੈ ਉੱਤਰ-ਧਰੁਵੀ ਇਲਾਕੇ ਦਾ ਤੇਜ਼ੀ ਨਾਲ ਪਿਘਲਣਾ ਜਿਸ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪਰ ਜੇ ਸਰਕਾਰਾਂ ਨੂੰ ਕਿਸੇ ਹੱਦ ਤਕ ਪਤਾ ਹੋਵੇ ਕਿ ਇਨਸਾਨਾਂ ਦੀਆਂ ਵਰਤਮਾਨ ਹਰਕਤਾਂ ਦਾ ਮੌਸਮ ਉੱਤੇ ਕੀ ਅਸਰ ਪੈ ਰਿਹਾ ਹੈ, ਤਾਂ ਉਹ ਸਾਡੇ ਭਲੇ ਲਈ ਭਵਿੱਖ ਵਿਚ ਵਧੀਆ ਫ਼ੈਸਲੇ ਕਰ ਸਕਦੀਆਂ ਹਨ।

ਇਸ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਉੱਪਰ ਜ਼ਿਕਰ ਕੀਤੀ ਸਰਕਾਰੀ ਏਜੰਸੀ IPCC ਨੇ ਛੇ ਕੰਪਿਊਟਰਾਂ ਉੱਤੇ ਤਜਰਬੇ ਕੀਤੇ। ਕੁਝ ਕੰਪਿਊਟਰਾਂ ਵਿਚ ਉਨ੍ਹਾਂ ਨੇ ਬੇਸ਼ੁਮਾਰ ਗ੍ਰੀਨਹਾਊਸ ਗੈਸਾਂ ਪੈਦਾ ਕਰ ਕੇ ਤਜਰਬੇ ਕੀਤੇ ਅਤੇ ਕੁਝ ਵਿਚ ਉਨ੍ਹਾਂ ਨੇ ਅੱਜ ਵਾਤਾਵਰਣ ਵਿਚ ਜਿੰਨੀ ਮਾਤਰਾ ਵਿਚ ਗੈਸ ਪਾਈ ਜਾਂਦੀ ਹੈ, ਉੱਨੀ ਪੈਦਾ ਕੀਤੀ ਅਤੇ ਹੋਰਨਾਂ ਵਿਚ ਬਹੁਤ ਹੀ ਘੱਟ ਗੈਸ ਪੈਦਾ ਕੀਤੀ। ਮਾਹਰਾਂ ਦੇ ਇਨ੍ਹਾਂ ਤਜਰਬਿਆਂ ਦੇ ਵੱਖੋ-ਵੱਖਰੇ ਨਤੀਜੇ ਨਿਕਲੇ ਜਿਨ੍ਹਾਂ ਦਾ ਮੌਸਮ ਅਤੇ ਵਾਤਾਵਰਣ ਉੱਤੇ ਵੱਖੋ-ਵੱਖਰਾ ਅਸਰ ਪਿਆ। ਇਨ੍ਹਾਂ ਤਜਰਬਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਗਿਆਨੀ ਕਹਿੰਦੇ ਹਨ ਕਿ ਵਾਤਾਵਰਣ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ ਨੂੰ ਵੱਖੋ-ਵੱਖਰੇ ਕਾਨੂੰਨ ਬਣਾਉਣ ਦੀ ਲੋੜ ਹੈ। ਸਰਕਾਰ ਨੂੰ ਕੋਲੇ ਜਾਂ ਤੇਲ ਨਾਲ ਹੁੰਦੇ ਧੂੰਏਂ ਸੰਬੰਧੀ ਕੁਝ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਅਨੁਸਾਰ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੋਰ ਨਿਊਕਲੀ ਊਰਜਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੀ ਤਕਨਾਲੋਜੀ ਵਰਤਣੀ ਚਾਹੀਦੀ ਹੈ ਜਿਸ ਦਾ ਵਾਤਾਵਰਣ ਉੱਤੇ ਮਾੜਾ ਅਸਰ ਨਹੀਂ ਪੈਂਦਾ।

ਕੀ ਇਹ ਕੰਪਿਊਟਰ ਭਰੋਸੇਯੋਗ ਹਨ?

ਕਈ ਆਲੋਚਕ ਕਹਿੰਦੇ ਹਨ ਕਿ ਇਨਸਾਨ ਮੌਸਮ ਦੀਆਂ ਕੁਦਰਤੀ ਕ੍ਰਿਆਵਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਜਿਸ ਕਰਕੇ ਕੰਪਿਊਟਰਾਂ ਦੁਆਰਾ ਅਨੁਮਾਨ ਲਾਉਣੇ ਬੇਕਾਰ ਹੈ। ਉਹ ਇਹ ਵੀ ਕਹਿੰਦੇ ਹਨ ਕਿ ਕੰਪਿਊਟਰਾਂ ਦੁਆਰਾ ਲਾਏ ਅਨੁਮਾਨ ਕਦੇ ਕੁਝ ਤੇ ਕਦੇ ਕੁਝ ਹੁੰਦੇ ਹਨ। IPCC ਏਜੰਸੀ ਦੁਆਰਾ ਕੀਤੀ ਚਰਚਾ ਵਿਚ ਹਿੱਸਾ ਲੈਣ ਵਾਲੇ ਇਕ ਵਿਗਿਆਨੀ ਨੇ ਕਿਹਾ, ‘ਮੌਸਮ ਦੀਆਂ ਗੁੰਝਲਦਾਰ ਕ੍ਰਿਆਵਾਂ ਨੂੰ ਪੂਰੀ ਤਰ੍ਹਾਂ ਜਾਣਨਾ ਅਤੇ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ ਹੈ ਜਿਸ ਕਰਕੇ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਹ ਕ੍ਰਿਆਵਾਂ ਕਿਉਂ ਤੇ ਕਿੱਦਾਂ ਕੰਮ ਕਰਦੀਆਂ ਹਨ।’ *

ਕਈ ਲੋਕ ਕਹਿੰਦੇ ਹਨ ਕਿ ਭਾਵੇਂ ਇਨ੍ਹਾਂ ਅਨੁਮਾਨਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਤਾਂ ਫਿਰ ਕੀ ਸਾਨੂੰ ਹੱਥ ਤੇ ਹੱਥ ਧਰ ਕੇ ਬੈਠ ਜਾਣਾ ਚਾਹੀਦਾ ਹੈ? ਉਹ ਕਹਿੰਦੇ ਹਨ ਕਿ “ਫ਼ਰਜ਼ ਕਰੋ ਕਿ ਜੇ ਇਹ ਅਨੁਮਾਨ ਸੱਚ ਨਿਕਲਣ, ਤਾਂ ਅਸੀਂ ਭਵਿੱਖ ਵਿਚ ਆਪਣੇ ਬੱਚਿਆਂ ਨੂੰ ਕਿਵੇਂ ਸਮਝਾਵਾਂਗੇ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਕੁਝ ਕੀਤਾ ਕਿਉਂ ਨਹੀਂ?” ਭਾਵੇਂ ਇਹ ਕੰਪਿਊਟਰ ਸਹੀ ਹਨ ਜਾਂ ਨਹੀਂ, ਪਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸਾਡੀ ਧਰਤੀ ਖ਼ਤਰੇ ਵਿਚ ਹੈ। ਕਿਸੇ ਨੂੰ ਵੀ ਇਸ ਗੱਲ ਉੱਤੇ ਸ਼ੱਕ ਨਹੀਂ ਹੈ ਕਿ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਸ਼ਹਿਰਾਂ ਵਿਚ ਵਧਦੀ ਆਬਾਦੀ ਅਤੇ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂਆਂ ਦੇ ਮਿਟ ਜਾਣ ਕਰਕੇ ਸਾਡਾ ਵਾਤਾਵਰਣ ਨਸ਼ਟ ਹੋ ਰਿਹਾ ਹੈ।

ਇਹ ਸਾਰਾ ਕੁਝ ਜਾਣਦੇ ਹੋਏ, ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਸਾਰੀ ਮਨੁੱਖਜਾਤੀ ਆਪਣੇ ਜੀਉਣ ਦੇ ਤੌਰ-ਤਰੀਕੇ ਬਦਲ ਲਵੇਗੀ ਤਾਂਕਿ ਸਾਡੀ ਸੁੰਦਰ ਧਰਤੀ ਦਾ ਅਤੇ ਸਾਡਾ ਬਚਾਅ ਹੋ ਸਕੇ? ਇਸ ਤੋਂ ਇਲਾਵਾ, ਜੇ ਇਨਸਾਨਾਂ ਦੇ ਕੰਮਾਂ-ਕਾਰਾਂ ਕਰਕੇ ਗਲੋਬਲ ਵਾਰਮਿੰਗ ਹੋ ਰਹੀ ਹੈ, ਤਾਂ ਤਬਦੀਲੀਆਂ ਕਰਨ ਲਈ ਸਾਡੇ ਕੋਲ ਸਦੀਆਂ ਨਹੀਂ, ਸਗੋਂ ਕੁਝ ਹੀ ਸਾਲ ਬਚੇ ਹਨ। ਤਬਦੀਲੀਆਂ ਕਰਨ ਲਈ ਸਾਨੂੰ ਇਸ ਸਮੱਸਿਆ ਦੀ ਜੜ੍ਹ ਬਾਰੇ ਜਾਣਨ ਦੀ ਲੋੜ ਹੈ ਜਿਵੇਂ ਸੁਆਰਥ, ਅਗਿਆਨ, ਨਿਕੰਮੀਆਂ ਸਰਕਾਰਾਂ ਅਤੇ ਲਾਪਰਵਾਹੀ। ਕੀ ਸਮੱਸਿਆ ਨੂੰ ਸੁਲਝਾਉਣਾ ਮੁਮਕਿਨ ਹੈ ਜਾਂ ਕੀ ਇਹ ਸਭ ਸੁਪਨਾ ਬਣ ਕੇ ਹੀ ਰਹਿ ਜਾਵੇਗਾ? ਜੇ ਇਹ ਸੁਪਨਾ ਹੀ ਹੈ, ਤਾਂ ਕੀ ਅਸੀਂ ਅਗਾਹਾਂ ਬਾਰੇ ਕੋਈ ਵਧੀਆ ਉਮੀਦ ਰੱਖ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ। (g 8/08)

[ਫੁਟਨੋਟ]

^ ਪੈਰਾ 20 ਨਵੰਬਰ 1, 2007 ਦ ਵੌਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਐਲਬਾਮਾ, ਹੰਟਸਵਿਲ, ਯੂ.ਐੱਸ.ਏ. ਅਰਥ ਸਿਸਟਮ ਸਾਇੰਸ ਸੈਂਟਰ ਦੇ ਡਾਇਰੈਕਟਰ, ਜੌਨ ਆਰ. ਕ੍ਰਿਸਟੀ।

[ਸਫ਼ਾ 5 ਉੱਤੇ ਡੱਬੀ/ਤਸਵੀਰ]

ਧਰਤੀ ਦਾ ਤਾਪਮਾਨ ਕਿਵੇਂ ਮਾਪਿਆ ਜਾ ਸਕਦਾ ਹੈ?

ਜ਼ਰਾ ਸੋਚੋ: ਤੁਸੀਂ ਇਕ ਵੱਡੇ ਕਮਰੇ ਦਾ ਤਾਪਮਾਨ ਕਿੱਦਾਂ ਜਾਣੋਗੇ? ਤੁਸੀਂ ਥਰਮਾਮੀਟਰ ਕਿੱਥੇ ਰੱਖੋਗੇ? ਇਹ ਗੱਲ ਧਿਆਨ ਵਿੱਚ ਰੱਖੋ ਕਿ ਛੱਤ ਦੇ ਲਾਗੇ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਕਿਉਂਕਿ ਉੱਥੇ ਦੀ ਹਵਾ ਫ਼ਰਸ਼ ਦੀ ਹਵਾ ਨਾਲੋਂ ਗਰਮ ਹੁੰਦੀ ਹੈ। ਜੇ ਤੁਸੀਂ ਥਰਮਾਮੀਟਰ ਤਾਕੀ ਦੇ ਲਾਗੇ, ਧੁੱਪੇ ਜਾਂ ਛਾਵੇਂ ਰੱਖਿਆ ਹੈ, ਤਾਂ ਥਰਮਾਮੀਟਰ ਦੀ ਰੀਡਿੰਗ ਵੱਖੋ-ਵੱਖਰੀ ਹੋਵੇਗੀ। ਕੰਧਾਂ ’ਤੇ ਕਿਹੜੇ ਰੰਗ ਦਾ ਪੇਂਟ ਹੈ? ਇਸ ਦਾ ਵੀ ਰੀਡਿੰਗ ਉੱਤੇ ਫ਼ਰਕ ਪੈਂਦਾ ਹੈ ਕਿਉਂਕਿ ਗੂੜ੍ਹੇ ਰੰਗ ਜ਼ਿਆਦਾ ਗਰਮੀ ਚੂਸਦੇ ਹਨ।

ਇਸ ਲਈ ਇਕ ਰੀਡਿੰਗ ਹੀ ਕਾਫ਼ੀ ਨਹੀਂ ਹੋਵੇਗੀ। ਤੁਹਾਨੂੰ ਕਮਰੇ ਦੀਆਂ ਵੱਖੋ-ਵੱਖਰੀਆਂ ਥਾਵਾਂ ਤੋਂ ਤਾਪਮਾਨ ਮਾਪ ਕੇ ਦੇਖਣਾ ਪਵੇਗਾ ਕਿ ਔਸਤਨ ਤਾਪਮਾਨ ਕੀ ਹੈ। ਪਰ ਤਾਪਮਾਨ ਦੀ ਰੀਡਿੰਗ ਦਿਨ-ਬ-ਦਿਨ ਅਤੇ ਰੁੱਤ-ਬ-ਰੁੱਤ ਬਦਲ ਸਕਦੀ ਹੈ। ਫਿਰ ਔਸਤਨ ਤਾਪਮਾਨ ਜਾਣਨ ਲਈ ਤੁਹਾਨੂੰ ਸਮੇਂ-ਸਮੇਂ ਤੇ ਕਈ ਰੀਡਿੰਗਸ ਲੈਣੀਆਂ ਪੈਣਗੀਆਂ। ਇਸ ਮਿਸਾਲ ਤੋਂ ਅਸੀਂ ਸਮਝ ਸਕਦੇ ਹਾਂ ਕਿ ਧਰਤੀ ਦੀ ਸਤਹ, ਇਸ ਦੇ ਵਾਤਾਵਰਣ ਅਤੇ ਮਹਾਂਸਾਗਰਾਂ ਦਾ ਤਾਪਮਾਨ ਜਾਣਨਾ ਕਿੰਨਾ ਮੁਸ਼ਕਲ ਹੈ! ਫਿਰ ਵੀ ਮੌਸਮ ਵਿਚ ਹੁੰਦੀ ਤਬਦੀਲੀ ਦੀ ਸਹੀ ਜਾਂਚ ਕਰਨ ਲਈ ਅਜਿਹੇ ਅੰਕੜੇ ਪਤਾ ਕਰਨੇ ਜ਼ਰੂਰੀ ਹਨ।

[ਕ੍ਰੈਡਿਟ ਲਾਈਨ]

NASA photo

[ਸਫ਼ਾ 6 ਉੱਤੇ ਡੱਬੀ]

ਕੀ ਨਿਊਕਲੀ ਊਰਜਾ ਸਮੱਸਿਆ ਦਾ ਹੱਲ ਹੈ?

ਸੰਸਾਰ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਊਰਜਾ ਵਰਤੀ ਜਾ ਰਹੀ ਹੈ। ਕੁਝ ਸਰਕਾਰਾਂ ਨਿਊਕਲੀ ਊਰਜਾ ਵਰਤਣ ਬਾਰੇ ਸੋਚ ਰਹੀਆਂ ਹਨ ਕਿਉਂਕਿ ਇਹ ਊਰਜਾ ਵਾਤਾਵਰਣ ਨੂੰ ਇੰਨਾ ਖ਼ਰਾਬ ਨਹੀਂ ਕਰਦੀ ਜਦ ਕਿ ਕੋਲਾ ਅਤੇ ਤੇਲ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੇ ਹਨ। ਪਰ ਨਿਊਕਲੀ ਊਰਜਾ ਨੂੰ ਪੈਦਾ ਕਰਨ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ।

ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਅਖ਼ਬਾਰ ਨੇ ਕਿਹਾ ਕਿ ਦੁਨੀਆਂ ਵਿਚ ਫਰਾਂਸ ਸਭ ਤੋਂ ਜ਼ਿਆਦਾ ਨਿਊਕਲੀ ਊਰਜਾ ਵਰਤਦਾ ਹੈ। ਨਿਊਕਲੀ ਊਰਜਾ ਪੈਦਾ ਕਰਨ ਵਾਲੇ ਰੀਐਕਟਰਾਂ ਨੂੰ ਠੰਢਾ ਕਰਨ ਲਈ ਹਰ ਸਾਲ 19 ਅਰਬ ਕਿਊਬਿਕ ਮੀਟਰ ਪਾਣੀ ਦੀ ਲੋੜ ਪੈਂਦੀ ਹੈ। 2003 ਵਿਚ ਯੂਰਪ ਵਿਚ ਕੜਾਕੇ ਦੀ ਗਰਮੀ ਪਈ ਸੀ। ਫਰਾਂਸ ਵਿਚ ਰੀਐਕਟਰਾਂ ਤੋਂ ਨਿਕਲਦੇ ਪਾਣੀ ਦੇ ਕਾਰਨ ਨਹਿਰਾਂ ਦਾ ਤਾਪਮਾਨ ਵਧ ਗਿਆ ਜਿਸ ਕਰਕੇ ਜਾਨਵਰ ਅਤੇ ਪੌਦੇ ਖ਼ਤਰੇ ਵਿਚ ਪੈ ਗਏ ਸਨ। ਇਸ ਵਜ੍ਹਾ ਕਰਕੇ ਕੁਝ ਪਾਵਰ ਸਟੇਸ਼ਨਾਂ ਨੂੰ ਬੰਦ ਕਰਨਾ ਪਿਆ ਸੀ। ਜੇ ਦੁਨੀਆਂ ਭਰ ਵਿਚ ਤਾਪਮਾਨ ਹੋਰ ਵਧ ਗਿਆ, ਤਾਂ ਇਹ ਹਾਲਤ ਹੋਰ ਵੀ ਵਿਗੜ ਜਾਵੇਗੀ।

ਨਿਊਕਲੀ ਊਰਜਾ ਪੈਦਾ ਕਰਨ ਵਾਲੀ ਇਕ ਸੰਸਥਾ ਦੇ ਇੰਜੀਨੀਅਰ ਡੇਵਿਡ ਲੋਕਬੋਮ ਨੇ ਕਿਹਾ ਕਿ “ਨਿਊਕਲੀ ਊਰਜੀ ਦੀ ਵਰਤੋਂ ਬਾਰੇ ਸੋਚਣ ਤੋਂ ਪਹਿਲਾਂ ਸਾਨੂੰ ਬਦਲ ਰਹੇ ਮੌਸਮ ਦੀ ਸਮੱਸਿਆ ਬਾਰੇ ਕੁਝ ਕਰਨਾ ਪਵੇਗਾ।”

[ਸਫ਼ਾ 7 ਉੱਤੇ ਡੱਬੀ/ਨਕਸ਼ਾ]

2007 ਵਿਚ ਮੌਸਮ ਬਦਲਣ ਨਾਲ ਹੋਈਆਂ ਤਬਾਹੀਆਂ

2007 ਵਿਚ ਹੋਈਆਂ ਤਬਾਹੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਲਈ ਯੂ.ਐੱਨ. ਦੇ ਇਕ ਆਫ਼ਿਸ (Coordination of Humanitarian Affairs) ਨੇ 14 ਵਾਰ ਦੁਨੀਆਂ ਨੂੰ ਮਦਦ ਲਈ ਐਮਰਜੈਂਸੀ ਅਪੀਲ ਕੀਤੀ ਜਦ ਕਿ 2005 ਵਿਚ ਉਨ੍ਹਾਂ ਨੇ 10 ਵਾਰੀ ਅਪੀਲ ਕੀਤੀ ਸੀ। 2007 ਵਿਚ ਹੋਈਆਂ ਤਬਾਹੀਆਂ ਵਿੱਚੋਂ ਕੁਝ ਕੁ ਹੇਠਾਂ ਦੱਸੀਆਂ ਗਈਆਂ ਹਨ। ਪਰ ਇਨ੍ਹਾਂ ਉੱਤੇ ਗੌਰ ਕਰਦਿਆਂ ਇਹ ਗੱਲ ਯਾਦ ਰੱਖੋ ਕਿ ਇਹ ਤਬਾਹੀਆਂ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਹੋਰ ਜ਼ਿਆਦਾ ਵਾਪਰਨਗੀਆਂ।

ਬਰਤਾਨੀਆ: ਪਿਛਲੇ 60 ਸਾਲਾਂ ਵਿਚ ਇੰਨੇ ਭਾਰੇ ਹੜ੍ਹ ਨਹੀਂ ਆਏ। 3,50,000 ਲੋਕਾਂ ਦਾ ਨੁਕਸਾਨ ਹੋਇਆ। 1766 ਤੋਂ ਰੱਖੇ ਜਾਂਦੇ ਮੌਸਮ ਸੰਬੰਧੀ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਇੰਗਲੈਂਡ ਅਤੇ ਵੇਲਸ ਵਿਚ ਮਈ ਤੋਂ ਜੁਲਾਈ ਮਹੀਨਿਆਂ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੀਂਹ ਪਿਆ।

ਪੱਛਮੀ ਅਫ਼ਰੀਕਾ: 14 ਦੇਸ਼ਾਂ ਵਿਚ 8,00,000 ਲੋਕ ਹੜ੍ਹਾਂ ਦੇ ਸ਼ਿਕਾਰ ਹੋਏ।

ਲਿਸੋਥੋ: ਜ਼ਿਆਦਾ ਤਾਪਮਾਨ ਅਤੇ ਸੋਕੇ ਦੇ ਕਾਰਨ ਫ਼ਸਲਾਂ ਬਰਬਾਦ ਹੋਈਆਂ। ਤਕਰੀਬਨ 5,53,000 ਲੋਕਾਂ ਨੂੰ ਦੂਸਰਿਆਂ ਦੇਸ਼ਾਂ ਤੋਂ ਖਾਣੇ ਦੀ ਲੋੜ ਹੋਵੇਗੀ।

ਸੂਡਾਨ: ਭਾਰੀਆਂ ਬਰਸਾਤਾਂ ਨੇ 1,50,000 ਲੋਕਾਂ ਨੂੰ ਬੇਘਰ ਕਰ ਦਿੱਤਾ। ਘੱਟੋ-ਘੱਟ 5,00,000 ਲੋਕਾਂ ਨੂੰ ਰਾਹਤ-ਸਾਮੱਗਰੀ ਪਹੁੰਚਾਈ ਗਈ।

ਮੈਡਾਗਾਸਕਰ: ਦਿਨ-ਰਾਤ ਮੀਂਹ ਪੈਣ ਅਤੇ ਤੂਫ਼ਾਨਾਂ ਕਾਰਨ 33,000 ਲੋਕ ਬੇਘਰ ਹੋ ਗਏ ਤੇ 2,60,000 ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ।

ਉੱਤਰੀ ਕੋਰੀਆ: ਅੰਦਾਜ਼ਾ ਹੈ ਕਿ 9,60,000 ਲੋਕ ਭਾਰੇ ਹੜ੍ਹਾਂ, ਢਿੱਗਾਂ ਡਿੱਗਣ ਅਤੇ ਚਿੱਕੜ ਹੜ੍ਹਾਂ ਤੋਂ ਪ੍ਰਭਾਵਿਤ ਹੋਏ।

ਬੰਗਲਾਦੇਸ਼: ਹੜ੍ਹਾਂ ਨੇ 85 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ 3,000 ਲੋਕ ਮਰ ਗਏ। ਇਸ ਦੇ ਨਾਲ-ਨਾਲ ਸਵਾ ਲੱਖ ਪਸ਼ੂ ਮਾਰੇ ਗਏ। ਡੇਢ ਲੱਖ ਘਰਾਂ ਦਾ ਨੁਕਸਾਨ ਹੋਇਆ ਜਾਂ ਬਿਲਕੁਲ ਬਰਬਾਦ ਹੋ ਗਏ।

ਭਾਰਤ: ਹੜ੍ਹਾਂ ਨੇ 3 ਕਰੋੜ ਲੋਕਾਂ ’ਤੇ ਕਹਿਰ ਢਾਹਿਆ।

ਪਾਕਿਸਤਾਨ: ਤੂਫ਼ਾਨੀ ਬਰਸਾਤਾਂ ਨੇ 3,77,000 ਲੋਕਾਂ ਨੂੰ ਬੇਘਰ ਕਰ ਕੇ ਰੱਖ ਦਿੱਤਾ ਅਤੇ ਸੈਂਕੜੇ ਹੀ ਲੋਕ ਮਾਰੇ ਗਏ।

ਬੋਲੀਵੀਆ: 3,50,000 ਤੋਂ ਜ਼ਿਆਦਾ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਤੇ 25,000 ਨੂੰ ਆਪਣੇ ਘਰ ਛੱਡ ਕੇ ਹੋਰਨਾਂ ਜਗ੍ਹਾ ’ਤੇ ਜਾ ਕੇ ਵਸਣਾ ਪਿਆ।

ਮੈਕਸੀਕੋ: ਹੜ੍ਹਾਂ ਨੇ ਘੱਟੋ-ਘੱਟ 5 ਲੱਖ ਲੋਕਾਂ ਦੇ ਘਰਾਂ ਨੂੰ ਉਜਾੜਿਆ ਅਤੇ 10 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਹੋਏ।

ਡਮਿਨੀਕਨ ਗਣਰਾਜ: ਲਗਾਤਾਰ ਭਾਰੀ ਵਰਖਾ ਹੋਣ ਕਾਰਨ ਹੜ੍ਹ ਆਏ ਤੇ ਜ਼ਮੀਨ ਹੇਠਾਂ ਖਿਸਕ ਗਈ। 65,000 ਲੋਕਾਂ ਨੂੰ ਕਿਤੇ ਹੋਰ ਜਾ ਕੇ ਰਹਿਣਾ ਪਿਆ।

ਅਮਰੀਕਾ: ਦੱਖਣੀ ਕੈਲੀਫੋਰਨੀਆ ਵਿਚ ਲੱਗੀ ਅੱਗ ਕਰਕੇ 5 ਲੱਖ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ।

[ਸਫ਼ਾ 7 ਉੱਤੇ ਤਸਵੀਰ]

Based on NASA/Visible Earth imagery