Skip to content

Skip to table of contents

ਪਿਆਰ ਜੋ ਕਿਸੇ ਤੂਫ਼ਾਨ ਨਾਲੋਂ ਕਿਤੇ ਸ਼ਕਤੀਸ਼ਾਲੀ ਹੈ!

ਪਿਆਰ ਜੋ ਕਿਸੇ ਤੂਫ਼ਾਨ ਨਾਲੋਂ ਕਿਤੇ ਸ਼ਕਤੀਸ਼ਾਲੀ ਹੈ!

ਪਿਆਰ ਜੋ ਕਿਸੇ ਤੂਫ਼ਾਨ ਨਾਲੋਂ ਕਿਤੇ ਸ਼ਕਤੀਸ਼ਾਲੀ ਹੈ!

ਜਦੋਂ 2005 ਵਿਚ ਅਮਰੀਕਾ ਦੇ ਦੱਖਣੀ ਤਟ ਤੇ ਕਟਰੀਨਾ ਅਤੇ ਰੀਟਾ ਨਾਂ ਦੇ ਤੂਫ਼ਾਨ ਆਏ ਸਨ, ਤਾਂ ਬਹੁਤ ਨੁਕਸਾਨ ਹੋਣ ਤੋਂ ਇਲਾਵਾ ਇਸ ਤਬਾਹੀ ਵਿਚ ਕਈ ਜਾਨਾਂ ਵੀ ਗਈਆਂ। ਉਸ ਇਲਾਕੇ ਵਿਚ ਯਹੋਵਾਹ ਦੇ ਕਈ ਹਜ਼ਾਰ ਗਵਾਹ ਵੀ ਰਹਿੰਦੇ ਸਨ ਜਿਨ੍ਹਾਂ ਤੇ ਇਸ ਤੂਫ਼ਾਨ ਦਾ ਵੱਡਾ ਅਸਰ ਪਿਆ।

ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਸਹਾਇਤਾ ਕਰਨ ਦਾ ਪ੍ਰਬੰਧ ਕੀਤਾ। ਬ੍ਰਾਂਚ ਦੀ ਨਿਗਰਾਨੀ ਹੇਠ ਲੁਜ਼ੀਆਨਾ ਰਾਜ ਵਿਚ 13 ਰਿਲੀਫ ਸੈਂਟਰ, 9 ਗੁਦਾਮ ਅਤੇ ਪਟਰੋਲ ਦੇ 4 ਡਿਪੂ ਖੋਲ੍ਹੇ ਗਏ। ਇਨ੍ਹਾਂ ਸੈਂਟਰਾਂ ਤੋਂ 80,000 ਵਰਗ ਕਿਲੋਮੀਟਰ ਵਿਚ ਰਹਿੰਦੇ ਲੋਕਾਂ ਦੀ ਮਦਦ ਕੀਤੀ ਗਈ। ਅਮਰੀਕਾ ਦੇ ਪੂਰੇ ਦੇਸ਼ ਅਤੇ 13 ਹੋਰਨਾਂ ਦੇਸ਼ਾਂ ਤੋਂ ਲਗਭਗ ਯਹੋਵਾਹ ਦੇ 17,000 ਗਵਾਹ ਮਦਦ ਕਰਨ ਲਈ ਆਏ। ਗਵਾਹਾਂ ਨੇ ਸਬੂਤ ਦਿੱਤਾ ਕਿ ਉਨ੍ਹਾਂ ਦਾ ਪਿਆਰ ਕਿਸੇ ਤੂਫ਼ਾਨ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸੀ।​—1 ਕੁਰਿੰਥੀਆਂ 13:​1-8.

ਉੱਥੇ ਰਹਿੰਦੇ ਗਵਾਹਾਂ ਦੇ 5,600 ਘਰਾਂ ਅਤੇ 90 ਕਿੰਗਡਮ ਹਾਲਾਂ (ਮੀਟਿੰਗਾਂ ਕਰਨ ਦੀ ਜਗ੍ਹਾ) ਦਾ ਨੁਕਸਾਨ ਹੋਇਆ ਸੀ। ਮਦਦ ਕਰਨ ਆਏ ਗਵਾਹਾਂ ਨੇ ਤਕਰੀਬਨ ਇਨ੍ਹਾਂ ਸਾਰਿਆਂ ਦੀ ਮੁਰੰਮਤ ਕੀਤੀ। ਗਲਾਤੀਆਂ 6:10 ਦੀ ਸਲਾਹ ਮੁਤਾਬਕ ਯਹੋਵਾਹ ਦੇ ਗਵਾਹਾਂ ਨੇ ਨਾ ਸਿਰਫ਼ ਇਕ-ਦੂਜੇ ਦੀ ਮਦਦ ਕੀਤੀ, ਪਰ ‘ਸਭਨਾਂ ਨਾਲ ਭਲਾ’ ਕੀਤਾ।

ਭਾਵੇਂ ਮਦਦ ਕਰਨ ਵਾਲਿਆਂ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ, ਫਿਰ ਵੀ ਉਨ੍ਹਾਂ ਨੂੰ ਬਰਕਤਾਂ ਵੀ ਬਹੁਤ ਮਿਲੀਆਂ। ਕਿਉਂ ਨਾ ਅਸੀਂ ਯਹੋਵਾਹ ਦੇ ਉਨ੍ਹਾਂ ਸੱਤ ਗਵਾਹਾਂ ਦੀ ਸੁਣੀਏ ਜਿਨ੍ਹਾਂ ਨੇ ਇਸ ਕੰਮ ਦੀ ਨਿਗਰਾਨੀ ਕੀਤੀ ਸੀ।

“ਇਹ ਤਜਰਬਾ ਮੈਨੂੰ ਕਦੀ ਨਹੀਂ ਭੁੱਲੇਗਾ”

ਰੌਬਰਟ: ਰਿਲੀਫ ਕਮੇਟੀ ਨਾਲ ਕੰਮ ਕਰਨ ਦਾ ਇਹ ਤਜਰਬਾ ਮੈਨੂੰ ਕਦੀ ਨਹੀਂ ਭੁੱਲੇਗਾ। ਮੇਰੀ ਉਮਰ 67 ਸਾਲਾਂ ਦੀ ਹੈ ਅਤੇ ਮੈਂ ਕਮੇਟੀ ਦਾ ਸਭ ਤੋਂ ਸਿਆਣਾ ਮੈਂਬਰ ਹਾਂ। ਇੱਥੇ ਮੈਂ ਬਹੁਤ ਸਾਰੇ ਗਵਾਹਾਂ ਨਾਲ ਕੰਮ ਕੀਤਾ ਹੈ ਜਿਨ੍ਹਾਂ ਵਿੱਚੋਂ ਕਈ ਨੌਜਵਾਨ ਸਨ। ਯਹੋਵਾਹ ਅਤੇ ਆਪਣੇ ਭੈਣ-ਭਾਈਆਂ ਲਈ ਇਨ੍ਹਾਂ ਨੌਜਵਾਨਾਂ ਦਾ ਪਿਆਰ ਦੇਖ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਹੈ।

ਮੈਂ 40 ਸਾਲਾਂ ਤੋਂ ਇੱਕੋ ਜਗ੍ਹਾ ਨੌਕਰੀ ਕਰਦਾ ਆਇਆ ਸੀ। ਜਦ ਮੈਂ ਉਹ ਨੌਕਰੀ ਛੱਡ ਕੇ ਲੁਜ਼ੀਆਨਾ ਜਾ ਕੇ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ, ਤਾਂ ਮੇਰੀ ਪਤਨੀ ਵਰੌਨਿਕਾ ਨੇ ਮੇਰਾ ਸਾਥ ਦਿੱਤਾ। ਅਸੀਂ ਹੁਣ ਹਫ਼ਤੇ ਵਿਚ ਇਕ ਵਾਰ ਦਫ਼ਤਰਾਂ ਦੀ ਸਫ਼ਾਈ ਕਰ ਕੇ ਥੋੜ੍ਹੇ ਵਿਚ ਗੁਜ਼ਾਰਾ ਕਰਨਾ ਸਿੱਖ ਲਿਆ ਹੈ। ਸਾਨੂੰ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਖ਼ੁਸ਼ੀ ਮਿਲਦੀ ਹੈ ਜੋ ਯਹੋਵਾਹ ਦੀ ਸੇਵਾ ਕਰਦੇ ਹਨ। ਯਹੋਵਾਹ ਉੱਤੇ ਸਾਡਾ ਭਰੋਸਾ ਹੋਰ ਵੀ ਵਧ ਗਿਆ ਹੈ ਅਤੇ ਅਸੀਂ ਉਸ ਦੇ ਰਾਜ ਨੂੰ ਪਹਿਲ ਦੇਣੀ ਸਿੱਖ ਲਈ ਹੈ। (ਮੱਤੀ 6:33) ਅਸੀਂ ਵਾਰ-ਵਾਰ ਇਹ ਵੀ ਦੇਖਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਹੈ।

ਫ਼ਰੈਂਕ: ਬੈਟਨ ਰੂਜ ਸ਼ਹਿਰ ਦੇ ਰਿਲੀਫ ਸੈਂਟਰ ਵਿਚ ਮੈਂ ਖਾਣਾ ਤਿਆਰ ਕਰਨ ਦੀ ਨਿਗਰਾਨੀ ਕਰਦਾ ਹਾਂ। ਪਹਿਲਾਂ-ਪਹਿਲਾਂ ਸਾਨੂੰ ਹਫ਼ਤੇ ਦੇ ਸੱਤੇ ਦਿਨ ਰੋਜ਼ 10-12 ਘੰਟੇ ਕੰਮ ਕਰਨਾ ਪੈਂਦਾ ਸੀ। ਪਰ ਸਾਨੂੰ ਬਹੁਤ ਸਾਰੀਆਂ ਬਰਕਤਾਂ ਵੀ ਮਿਲੀਆਂ ਅਤੇ ਅਸੀਂ ਗਵਾਹਾਂ ਦੇ ਪਿਆਰ ਦਾ ਸਬੂਤ ਆਪਣੀ ਅੱਖੀਂ ਦੇਖਿਆ।

ਕਈ ਗਵਾਹਾਂ ਨੇ ਇਕ ਕੁ ਹਫ਼ਤੇ ਮਦਦ ਕਰਨ ਤੋਂ ਬਾਅਦ ਕਿਹਾ ਕਿ ਉਹ ਦੁਬਾਰਾ ਵਾਪਸ ਆਉਣਾ ਚਾਹੁੰਦੇ ਸਨ। ਕਈਆਂ ਨੇ ਚਿੱਠੀ ਰਾਹੀਂ ਜਾਂ ਟੈਲੀਫ਼ੋਨ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਰਿਲੀਫ ਦੇ ਕੰਮ ਵਿਚ ਹਿੱਸਾ ਲੈਣਾ ਕਿੰਨਾ ਚੰਗਾ ਲੱਗਾ। ਦੂਜਿਆਂ ਲਈ ਕੀਤੀ ਉਨ੍ਹਾਂ ਸਾਰਿਆਂ ਦੀ ਮਿਹਨਤ ਦੇਖ ਕੇ ਮੈਂ ਤੇ ਮੇਰੀ ਪਤਨੀ ਵਰੌਨਿਕਾ ਬਹੁਤ ਪ੍ਰਭਾਵਿਤ ਹੋਏ।

‘ਉਸ ਦੇ ਲੂੰ-ਕੰਡੇ ਖੜ੍ਹੇ ਸਨ’

ਗ੍ਰੈਗਰੀ: ਮੈਂ ਤੇ ਮੇਰੀ ਪਤਨੀ ਕੈਥੀ ਨੇਵਾਦਾ ਰਾਜ ਦੇ ਲਾਸ ਵੇਗਸ ਸ਼ਹਿਰ ਵਿਚ ਰਹਿੰਦੇ ਹੁੰਦੇ ਸੀ। ਅਸੀਂ ਆਪਣਾ ਘਰ ਵੇਚ ਕੇ ਇਕ ਛੋਟਾ ਟਰੱਕ ਅਤੇ ਟ੍ਰੇਲਰ ਖ਼ਰੀਦ ਲਿਆ ਜਿਸ ਵਿਚ ਅਸੀਂ ਦੋ ਸਾਲਾਂ ਤੋਂ ਰਹਿ ਰਹੇ ਹਾਂ। ਇਸ ਤਰ੍ਹਾਂ ਅਸੀਂ ਲੁਜ਼ੀਆਨਾ ਆ ਕਿ ਸਹਾਇਤਾ ਕਰ ਸਕੇ ਹਾਂ। ਹੋਰ ਕਿਸੇ ਸਮੇਂ ਨਾਲੋਂ ਜ਼ਿਆਦਾ ਅਸੀਂ ਆਪਣੀ ਜ਼ਿੰਦਗੀ ਵਿਚ ਹੁਣ ਮਲਾਕੀ 3:10 ਦੇ ਸ਼ਬਦਾਂ ਨੂੰ ਸੱਚ ਹੁੰਦੇ ਦੇਖਿਆ ਹੈ: “ਮੈਨੂੰ ਜ਼ਰਾ ਪਰਤਾਓ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!”

ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ, ਪਰ ਸਾਨੂੰ ਨਹੀਂ ਲੱਗਦਾ। 30 ਸਾਲ ਪਹਿਲਾਂ ਮੈਂ ਤੇ ਕੈਥੀ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਨਾ ਚਾਹੁੰਦੇ ਸੀ, ਪਰ ਸਾਡੇ ਬੱਚੇ ਹੋਣ ਕਾਰਨ ਅਸੀਂ ਜਾ ਨਾ ਸਕੇ। ਲੁਜ਼ੀਆਨਾ ਆਉਣ ਨਾਲ ਯਹੋਵਾਹ ਦੀ ਸੇਵਾ ਵਿਚ ਹੋਰ ਕਰਨ ਦੀ ਸਾਡੀ ਚਾਹ ਪੂਰੀ ਹੋਈ। ਸਾਨੂੰ ਅਜਿਹੇ ਗਵਾਹਾਂ ਨਾਲ ਕੰਮ ਕਰਨ ਦਾ ਸਨਮਾਨ ਵੀ ਮਿਲਿਆ ਹੈ ਜੋ ਆਪੋ-ਆਪਣੇ ਕੰਮ ਵਿਚ ਮਾਹਰ ਹਨ। ਮਿਸਾਲ ਲਈ, ਇਕ ਗਵਾਹ ਇਕ ਵੱਡੇ ਰੈਸਤੋਰਾਂ ਵਿਚ ਕੰਮ ਕਰਦਾ ਹੁੰਦਾ ਸੀ ਅਤੇ ਇਕ ਹੋਰ ਅਮਰੀਕਾ ਦੇ ਦੋ ਪ੍ਰੈਜ਼ੀਡੈਂਟਾਂ ਲਈ ਖਾਣਾ ਬਣਾਉਂਦਾ ਹੁੰਦਾ ਸੀ।

ਲੁਜ਼ੀਆਨਾ ਜਾ ਕੇ ਸਹਾਇਤਾ ਕਰਨ ਨਾਲ ਕਈਆਂ ਗਵਾਹਾਂ ਉੱਤੇ ਬਹੁਤ ਅਸਰ ਪਿਆ। ਇਕ 57 ਸਾਲਾਂ ਦੇ ਗਵਾਹ ਦੇ ਲੂੰ-ਕੰਡੇ ਖੜ੍ਹੇ ਸਨ ਜਦ ਉਹ ਤੂਫ਼ਾਨ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਬਾਰੇ ਦੱਸ ਰਿਹਾ ਸੀ। ਜਿਹੜੇ ਗਵਾਹ ਇੱਥੇ ਨਾ ਆ ਪਾਏ ਉਨ੍ਹਾਂ ਨੇ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ। ਮਿਸਾਲ ਲਈ, ਦੋ ਗਵਾਹ ਉੱਲੀ ਉਤਾਰਨ ਅਤੇ ਸਾਫ਼ ਕਰਨ ਦਾ ਕੰਮ ਕਰਨ ਨੈਬਰਾਸਕਾ ਰਾਜ ਤੋਂ ਆਏ ਸਨ। ਉਹ ਆਪਣੇ ਨਾਲ ਇਕ ਵੱਡਾ ਬੈਨਰ ਲਿਆਏ ਸਨ ਜਿਸ ਤੇ ਤਿੰਨ ਕਲੀਸਿਯਾਵਾਂ ਦੇ ਸਾਰੇ ਮੈਂਬਰਾਂ ਨੇ ਇੱਥੋਂ ਤਕ ਕਿ ਬੱਚਿਆਂ ਨੇ ਵੀ ਆਪਣਾ-ਆਪਣਾ ਨਾਂ ਲਿਖਿਆ ਸੀ।

ਅਸੀਂ ਰੱਬ ਨੂੰ ਦੁਖੀ ਲੋਕਾਂ ਦੀ ਮਦਦ ਕਰਦੇ ਦੇਖਿਆ ਹੈ’

ਵੈਂਡਲ: ਕਟਰੀਨਾ ਨਾਂ ਦੇ ਤੂਫ਼ਾਨ ਤੋਂ ਇਕ ਦਿਨ ਬਾਅਦ ਮੈਨੂੰ ਅਮਰੀਕਾ ਦੀ ਬ੍ਰਾਂਚ ਨੇ ਲੁਜ਼ੀਆਨਾ ਅਤੇ ਮਿਸਿਸਿਪੀ ਇਹ ਦੇਖਣ ਲਈ ਭੇਜਿਆ ਕਿ ਯਹੋਵਾਹ ਦੇ ਗਵਾਹਾਂ ਦੇ ਘਰਾਂ ਅਤੇ ਕਿੰਗਡਮ ਹਾਲਾਂ ਦਾ ਕਿੰਨਾ ਨੁਕਸਾਨ ਹੋਇਆ ਸੀ। ਉਸ ਦਿਨ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਮੈਂ ਆਪਣੇ ਬਾਰੇ ਵੀ ਬਹੁਤ ਕੁਝ ਸਿੱਖਿਆ ਹੈ। 32 ਸਾਲਾਂ ਤੋਂ ਮੈਂ ਤੇ ਮੇਰੀ ਪਤਨੀ ਜਨੀਨ ਅਜਿਹੇ ਇਲਾਕੇ ਵਿਚ ਸੇਵਾ ਕਰਦੇ ਸੀ ਜਿੱਥੇ ਪ੍ਰਚਾਰਕਾਂ ਦੀ ਬਹੁਤ ਜ਼ਰੂਰਤ ਸੀ। ਇਸ ਇਲਾਕੇ ਵਿਚ ਅਸੀਂ ਦੇਖਿਆ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਿਵੇਂ ਕਰਦਾ ਹੈ। ਪਰ ਹੁਣ ਸਾਨੂੰ ਪਤਾ ਲੱਗਾ ਕਿ ਯਹੋਵਾਹ ਆਪਣੇ ਲੋਕਾਂ ਲਈ ਵੱਡੇ ਪੈਮਾਨੇ ਤੇ ਕੀ-ਕੀ ਕਰਦਾ ਹੈ।

ਹੁਣ ਮੈਂ ਬੈਟਨ ਰੂਜ ਸ਼ਹਿਰ ਦੀ ਰਿਲੀਫ ਕਮੇਟੀ ਦੇ ਚੇਅਰਮੈਨ ਵਜੋਂ ਸੇਵਾ ਕਰ ਰਿਹਾ ਹਾਂ। ਭਾਵੇਂ ਇਹ ਕੰਮ ਸੌਖਾ ਨਹੀਂ ਹੈ, ਪਰ ਮੈਨੂੰ ਇਸ ਤੋਂ ਬਹੁਤ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ। ਮੈਂ ਦੱਸ ਨਹੀਂ ਸਕਦਾ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਸਾਡੀ ਕਮੇਟੀ ਲਈ ਕਿੰਨੀ ਵਾਰ ਮੁਸ਼ਕਲਾਂ ਦਾ ਹੱਲ ਕੱਢਿਆ, ਰਾਹ ਖੋਲ੍ਹੇ ਅਤੇ ਦੁਖੀ ਲੋਕਾਂ ਦੀ ਮਦਦ ਕੀਤੀ ਹੈ। ਅਸੀਂ ਜਾਣ ਗਏ ਹਾਂ ਕਿ ਪਰਮੇਸ਼ੁਰ ਵਾਕਈ ਸਾਨੂੰ ਬੇਹੱਦ ਪਿਆਰ ਕਰਦਾ ਹੈ।

ਕਈ ਸਾਨੂੰ ਪੁੱਛਦੇ ਹਨ ਕਿ ਦੋ ਸਾਲਾਂ ਤੋਂ ਬਾਅਦ ਵੀ ਅਸੀਂ ਦੋਵੇਂ ਇਹ ਕੰਮ ਕਿੱਦਾਂ ਕਰ ਸਕੇ ਹਾਂ। ਇਹ ਕੰਮ ਹਮੇਸ਼ਾ ਸੌਖਾ ਨਹੀਂ ਰਿਹਾ। ਭਾਵੇਂ ਸਾਨੂੰ ਆਪਣੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਕਰਨੀਆਂ ਪਈਆਂ ਹਨ, ਫਿਰ ਵੀ ਸਾਨੂੰ ਆਪਣੀ “ਅੱਖ ਨਿਰਮਲ” ਰੱਖ ਕੇ ਬਹੁਤ ਫ਼ਾਇਦੇ ਹੋਏ ਹਨ।​—ਮੱਤੀ 6:22.

ਜਦ ਅਸੀਂ ਪਹਿਲਾਂ-ਪਹਿਲਾਂ ਨਿਊ ਓਰਲੀਨਜ਼ ਵਿਚ ਮੁਸੀਬਤ ਵਿਚ ਫਸੇ ਲੋਕਾਂ ਨੂੰ ਲੱਭਣ ਤੇ ਬਚਾਉਣ ਆਏ ਸੀ, ਤਾਂ ਸਾਡੇ ਕੋਲ ਆਰਾਮ ਕਰਨ ਦਾ ਵਿਹਲ ਨਹੀਂ ਸੀ। ਇਸ ਦੇ ਨਾਲ-ਨਾਲ ਲੋਕਾਂ ਦੀ ਮਦਦ ਕਰਨੀ ਹੋਰ ਵੀ ਮੁਸ਼ਕਲ ਹੋ ਗਈ ਸੀ ਕਿਉਂਕਿ ਸ਼ਹਿਰ ਵਿਚ ਲੁੱਟ-ਮਾਰ ਹੋਣ ਕਾਰਨ ਸਿਪਾਹੀ ਬੰਦੂਕਾਂ ਤਾਣ ਕੇ ਘੁੰਮਦੇ-ਫਿਰਦੇ ਸਨ। ਪਹਾੜ ਜਿੱਡਾ ਵੱਡਾ ਕੰਮ ਦੇਖ ਕੇ ਅਸੀਂ ਆਸਾਨੀ ਨਾਲ ਹਿੰਮਤ ਹਾਰ ਸਕਦੇ ਸੀ।

ਅਸੀਂ ਯਹੋਵਾਹ ਦੇ ਕਈ ਹਜ਼ਾਰ ਗਵਾਹਾਂ ਨੂੰ ਮਿਲੇ ਜੋ ਆਪਣਾ ਸਭ ਕੁਝ ਗੁਆ ਬੈਠੇ ਸਨ। ਅਸੀਂ ਉਨ੍ਹਾਂ ਨਾਲ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਯਹੋਵਾਹ ਦੀ ਮਦਦ ਨਾਲ ਅਸੀਂ ਆਪਣਾ ਕੰਮ ਸ਼ੁਰੂ ਕੀਤਾ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਦੋ ਸਾਲਾਂ ਵਿਚ ਦੋ ਉਮਰਾਂ ਜੀ ਲਈਆਂ ਹਨ।

ਜਦ ਵੀ ਮੈਂ ਇੰਨਾ ਥੱਕਾ-ਟੁੱਟਾ ਹੁੰਦਾ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਹੋਰ ਕੁਝ ਵੀ ਨਹੀਂ ਸਹਾਰ ਸਕਦਾ, ਤਾਂ ਮਦਦ ਕਰਨ ਵਾਲੇ ਹੋਰ ਗਵਾਹ ਪਹੁੰਚ ਜਾਂਦੇ ਸੀ​—ਕੁਝ ਇਕ-ਦੋ ਮਹੀਨਿਆਂ ਲਈ ਅਤੇ ਕੁਝ ਲੰਮੇ ਸਮੇਂ ਲਈ। ਇੰਨੇ ਸਾਰੇ ਗਵਾਹਾਂ ਨੂੰ ਖ਼ੁਸ਼ੀ ਨਾਲ ਸੇਵਾ ਕਰਨ ਲਈ ਤਿਆਰ ਦੇਖ ਕੇ, ਜਿਨ੍ਹਾਂ ਵਿੱਚੋਂ ਕਈ ਨੌਜਵਾਨ ਹਨ, ਸਾਨੂੰ ਇਸ ਕੰਮ ਵਿਚ ਲੱਗੇ ਰਹਿਣ ਦੀ ਤਾਕਤ ਮਿਲਦੀ ਹੈ।

ਯਹੋਵਾਹ ਨੇ ਕਈ ਵਾਰ ਸਾਡੀ ਮਦਦ ਕੀਤੀ। ਮਿਸਾਲ ਲਈ, ਤੂਫ਼ਾਨ ਤੋਂ ਕੁਝ ਹੀ ਸਮੇਂ ਬਾਅਦ ਅਸੀਂ ਦੇਖਿਆ ਕਿ ਸਾਡੇ ਭਰਾਵਾਂ ਦੇ ਇਕ ਹਜ਼ਾਰ ਤੋਂ ਜ਼ਿਆਦਾ ਘਰਾਂ ਉੱਤੇ ਦਰਖ਼ਤ ਡਿੱਗ ਚੁੱਕੇ ਸਨ। ਇਹ ਕੰਮ ਕਰਨ ਲਈ ਸਾਡੇ ਕੋਲ ਨਾ ਕਾਮੇ ਸੀ ਤੇ ਨਾ ਹੀ ਮਸ਼ੀਨਾਂ। ਇਸ ਲਈ ਸਾਡੀ ਕਮੇਟੀ ਨੇ ਇਸ ਬਾਰੇ ਪ੍ਰਾਰਥਨਾ ਕੀਤੀ। ਦੂਜੇ ਹੀ ਦਿਨ ਇਕ ਭਰਾ ਮਦਦ ਕਰਨ ਆਇਆ ਜਿਸ ਕੋਲ ਨਾ ਸਿਰਫ਼ ਟਰੱਕ ਸੀ, ਲੇਕਿਨ ਦਰਖ਼ਤ ਕੱਟਣ ਅਤੇ ਚੁੱਕਣ ਵਾਲੀ ਮਸ਼ੀਨ ਵੀ ਸੀ। ਇਕ ਹੋਰ ਸਮੇਂ ਤੇ 15 ਮਿੰਟਾਂ ਦੇ ਵਿਚ-ਵਿਚ ਸਾਡੀ ਪ੍ਰਾਰਥਨਾ ਸੁਣੀ ਗਈ। ਇਕ ਹੋਰ ਮੌਕੇ ਤੇ ਜਦ ਅਸੀਂ ਕਿਸੇ ਮਸ਼ੀਨਰੀ ਲਈ ਦੁਆ ਕਰ ਹੀ ਰਹੇ ਸੀ, ਤਾਂ ਪ੍ਰਾਰਥਨਾ ਖ਼ਤਮ ਹੁੰਦੇ ਸਾਰ ਸਾਨੂੰ ਖ਼ਬਰ ਮਿਲੀ ਕਿ ਕੋਈ ਉਸ ਮਸ਼ੀਨਰੀ ਨੂੰ ਲਿਆ ਰਿਹਾ ਸੀ। ਹਾਂ, ਯਹੋਵਾਹ ਸੱਚ-ਮੁੱਚ ‘ਪ੍ਰਾਰਥਨਾ ਦਾ ਸੁਣਨ ਵਾਲਾ’ ਸਾਬਤ ਹੋਇਆ।​—ਜ਼ਬੂਰਾਂ ਦੀ ਪੋਥੀ 65:2.

“ਮੈਨੂੰ ਮਾਣ ਹੈ ਕਿ ਮੈਂ ਯਹੋਵਾਹ ਦਾ ਇਕ ਗਵਾਹ ਹਾਂ”

ਮੈਥੀਉ: ਯਹੋਵਾਹ ਦੇ ਗਵਾਹ ਕਿੰਨੇ ਖੁੱਲ੍ਹ-ਦਿਲੇ ਹਨ! ਕਟਰੀਨਾ ਨਾਂ ਦੇ ਤੂਫ਼ਾਨ ਤੋਂ ਇਕ ਦਿਨ ਬਾਅਦ ਮੈਂ ਬਰਬਾਦ ਹੋਏ ਇਲਾਕੇ ਤਕ ਖਾਣ-ਪੀਣ ਅਤੇ ਹੋਰਨਾਂ ਦਾਨ ਕੀਤੀਆਂ ਚੀਜ਼ਾਂ ਦੇ 15 ਟਨ ਪਹੁੰਚਾਉਣ ਦਾ ਪ੍ਰਬੰਧ ਕੀਤਾ।

ਮੈਂ ਤੇ ਮੇਰੀ ਪਤਨੀ ਡਾਰਲੀਨ ਬਰਬਾਦ ਹੋਏ ਇਲਾਕੇ ਤੋਂ ਦੋ ਘੰਟੇ ਦੀ ਦੂਰੀ ਤੇ ਰਹਿਣ ਲੱਗੇ। ਇਕ ਗਵਾਹ ਨੇ ਸਾਨੂੰ ਪਾਰਟ-ਟਾਈਮ ਕੰਮ ਦਿੱਤਾ ਤਾਂਕਿ ਅਸੀਂ ਆਪਣਾ ਜ਼ਿਆਦਾ ਸਮਾਂ ਹੋਰਨਾਂ ਦੀ ਮਦਦ ਵਿਚ ਲਾ ਸਕੀਏ। ਇਕ ਹੋਰ ਗਵਾਹ ਨੇ ਸਾਡੇ ਰਹਿਣ ਦਾ ਪ੍ਰਬੰਧ ਕੀਤਾ। ਸਾਡੇ ਭਾਈਚਾਰੇ ਦਾ ਪਿਆਰ ਦੇਖ ਕੇ ਮੇਰਾ ਦਿਲ ਫੁੱਲਿਆ ਨਹੀਂ ਸਮਾਉਂਦਾ ਅਤੇ ਮੈਨੂੰ ਮਾਣ ਹੈ ਕਿ ਮੈਂ ਯਹੋਵਾਹ ਦਾ ਇਕ ਗਵਾਹ ਹਾਂ।

ਟੈਡ: ਕਟਰੀਨਾ ਨਾਂ ਦੇ ਤੂਫ਼ਾਨ ਤੋਂ ਥੋੜ੍ਹੇ ਸਮੇਂ ਬਾਅਦ ਮੈਂ ਤੇ ਮੇਰੀ ਪਤਨੀ ਡੈੱਬੀ ਨੇ ਰਿਲੀਫ ਦੇ ਕੰਮ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ। ਅਸੀਂ ਯਹੋਵਾਹ ਤੋਂ ਮਦਦ ਮੰਗੀ ਅਤੇ ਕੁਝ ਹੀ ਦਿਨਾਂ ਵਿਚ ਸਾਨੂੰ ਸਸਤੇ ਭਾਅ ਤੇ ਇਕ 9 ਮੀਟਰ ਦਾ ਟ੍ਰੇਲਰ ਮਿਲ ਗਿਆ ਜਿਸ ਨੂੰ ਸਾਡਾ ਛੋਟਾ ਜਿਹਾ ਟਰੱਕ ਖਿੱਚ ਸਕਦਾ ਸੀ। ਪਿਛਲੇ ਦੋ ਸਾਲਾਂ ਤੋਂ ਅਸੀਂ ਇਸ ਟ੍ਰੇਲਰ ਵਿਚ ਰਹਿ ਰਹੇ ਹਾਂ।

ਇਸੇ ਸਮੇਂ ਦੌਰਾਨ ਅਸੀਂ ਵਾਪਸ ਜਾ ਕੇ ਆਪਣਾ ਘਰ ਅਤੇ ਜ਼ਿਆਦਾਤਰ ਚੀਜ਼ਾਂ ਵੇਚ ਦਿੱਤੀਆਂ ਤਾਂਕਿ ਅਸੀਂ ਨਿਊ ਓਰਲੀਨਜ਼ ਵਿਚ ਰਹਿ ਕੇ ਕੰਮ ਕਰ ਸਕੀਏ। ਇੱਥੇ ਮੈਂ ਪ੍ਰਾਜੈਕਟ ਕੋਆਰਡੀਨੇਟਰ ਵਜੋਂ ਸੇਵਾ ਕਰ ਰਿਹਾ ਹਾਂ। ਅਸੀਂ ਦੇਖਿਆ ਹੈ ਕਿ ਕਈਆਂ ਗਵਾਹਾਂ ਦੇ ਸਿਰਫ਼ ਘਰ ਅਤੇ ਕਿੰਗਡਮ ਹਾਲ ਹੀ ਤਬਾਹ ਨਹੀਂ ਹੋਏ ਸਨ, ਪਰ ਉਹ ਆਪਣੀ ਕਲੀਸਿਯਾ ਦੇ ਮੈਂਬਰਾਂ ਨਾਲ ਵੀ ਰਲ-ਮਿਲ ਨਹੀਂ ਸਕਦੇ ਸਨ। ਹੋਰ ਤਾਂ ਹੋਰ ਉਹ ਇਲਾਕੇ ਵੀ ਖਾਲੀ ਪਏ ਹਨ ਜਿੱਥੇ ਉਹ ਪ੍ਰਚਾਰ ਕਰਦੇ ਹੁੰਦੇ ਸੀ। ਪਰ ਅਸੀਂ ਇਹ ਵੀ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਲਈ “ਸਰਬ ਦਿਲਾਸੇ ਦਾ ਪਰਮੇਸ਼ੁਰ” ਸਾਬਤ ਹੋਇਆ ਹੈ।​—2 ਕੁਰਿੰਥੀਆਂ 1:3.

“ਉਨ੍ਹਾਂ ਦੀ ਨਿਹਚਾ ਅਤੇ ਭਰੋਸਾ ਦੇਖ ਕੇ ਸਾਡੇ ਉੱਤੇ ਡੂੰਘਾ ਅਸਰ ਪਿਆ”

ਜਸਟਿਨ: ਅਕਤੂਬਰ 2005 ਵਿਚ ਜਦ ਬ੍ਰਾਂਚ ਆਫ਼ਿਸ ਨੇ ਕਾਮਿਆਂ ਨੂੰ ਨਿਊ ਓਰਲੀਨਜ਼ ਆ ਕੇ ਕੰਮ ਕਰਨ ਲਈ ਬੁਲਾਇਆ, ਤਾਂ ਮੈਂ ਤੇ ਮੇਰੀ ਪਤਨੀ ਟਿਫ਼ਨੀ ਨੇ ਜਾਣ ਦਾ ਫ਼ੈਸਲਾ ਕੀਤਾ ਅਤੇ ਅਰਜ਼ੀ ਭਰੀ। ਫਰਵਰੀ 2006 ਵਿਚ ਸਾਨੂੰ ਨਿਊ ਓਰਲੀਨਜ਼ ਲਾਗੇ ਕੈਨੰਰ ਰਿਲੀਫ ਸੈਂਟਰ ਬੁਲਾਇਆ ਗਿਆ ਜਿੱਥੋਂ ਅਸੀਂ ਛੱਤਾਂ ਦੀ ਮੁਰੰਮਤ ਕਰਨ ਲਈ ਜਾਂਦੇ ਹਾਂ।

ਹਰ ਰੋਜ਼ ਅਸੀਂ ਇਕ ਘਰ ਤੇ ਕੰਮ ਕਰਦੇ ਅਤੇ ਉੱਥੇ ਰਹਿਣ ਵਾਲਿਆਂ ਗਵਾਹਾਂ ਨੂੰ ਮਿਲਦੇ ਹਾਂ। ਯਹੋਵਾਹ ਉੱਤੇ ਉਨ੍ਹਾਂ ਦੀ ਨਿਹਚਾ ਅਤੇ ਭਰੋਸਾ ਦੇਖ ਕੇ ਸਾਡੇ ਉੱਤੇ ਡੂੰਘਾ ਅਸਰ ਪਿਆ। ਹਰ ਰੋਜ਼ ਸਾਨੂੰ ਯਾਦ ਦਿਲਾਇਆ ਗਿਆ ਕਿ ਚੀਜ਼ਾਂ ਉੱਤੇ ਭਰੋਸਾ ਰੱਖਣ ਦਾ ਕੋਈ ਫ਼ਾਇਦਾ ਨਹੀਂ। ਮੈਂ ਦੇਖਿਆ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਰਾਹੀਂ ਹੋਰਨਾਂ ਦੀ ਮਦਦ ਕਿਵੇਂ ਕੀਤੀ ਹੈ। ਮੈਂ ਬਿਆਨ ਨਹੀਂ ਕਰ ਸਕਦਾ ਕਿ ਇਸ ਕੰਮ ਵਿਚ ਹਿੱਸਾ ਲੈ ਕੇ ਮੈਨੂੰ ਕਿੰਨੀ ਖ਼ੁਸ਼ੀ ਮਿਲੀ ਹੈ। (g 8/08)

[ਸਫ਼ਾ 20 ਉੱਤੇ ਡੱਬੀ/ਤਸਵੀਰ]

ਰਿਲੀਫ ਸੈਂਟਰ ਵਿਚ ਇਕ ਦਿਨ

ਰਿਲੀਫ ਸੈਂਟਰ ਦੀ ਰਸੋਈ ਵਿਚ ਕੰਮ ਕਰਨ ਵਾਲੇ ਤੜਕੇ ਸਾਢੇ ਚਾਰ ਵਜੇ ਉੱਠ ਕੇ ਕੰਮ ਕਰਨਾ ਸ਼ੁਰੂ ਕਰਦੇ ਹਨ। ਸਾਰੇ ਕਾਮੇ ਸੱਤ ਵਜੇ ਇਕੱਠੇ ਬੈਠ ਕੇ ਨਾਸ਼ਤਾ ਕਰਨ ਤੋਂ ਪਹਿਲਾਂ ਦਸਾਂ ਮਿੰਟਾਂ ਲਈ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਹਵਾਲਾ ਪੜ੍ਹਦੇ ਹਨ। ਚੇਅਰਮੈਨ ਸ਼ਾਇਦ ਇਸ ਸਮੇਂ ਨਵੇਂ ਕਾਮਿਆਂ ਦਾ ਸੁਆਗਤ ਕਰੇ ਅਤੇ ਸਾਰਿਆਂ ਦਾ ਹੌਸਲਾ ਵਧਾਉਣ ਲਈ ਕੋਈ ਤਜਰਬਾ ਸੁਣਾਏ।

ਪ੍ਰਾਰਥਨਾ ਕਰਨ ਤੋਂ ਬਾਅਦ ਨਾਸ਼ਤਾ ਖਾ ਕੇ ਸਾਰੇ ਆਪਣਾ ਕੰਮ ਸ਼ੁਰੂ ਕਰਦੇ ਹਨ। ਕੁਝ ਉੱਥੇ ਹੀ ਰਹਿ ਕੇ ਕੱਪੜੇ ਧੋਂਦੇ ਹਨ, ਆਫ਼ਿਸ ਦਾ ਕੰਮ ਕਰਦੇ ਹਨ ਜਾਂ ਖਾਣਾ ਤਿਆਰ ਕਰਦੇ ਹਨ। ਸਾਰਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਅਤੇ ਜਿਹੜੇ ਬਾਹਰ ਕੰਮ ਕਰਦੇ ਹਨ ਉਨ੍ਹਾਂ ਦੀ ਹਰ ਟੀਮ ਵਿੱਚੋਂ ਇਕ ਜਣਾ ਆ ਕੇ ਬਾਕੀਆਂ ਲਈ ਖਾਣਾ ਲੈ ਜਾਂਦਾ ਹੈ।

ਸੋਮਵਾਰ ਸ਼ਾਮ ਸਾਰੇ ਜਣੇ ਇਕੱਠੇ ਬੈਠ ਕੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਪਹਿਰਾਬੁਰਜ ਰਸਾਲੇ ਵਿੱਚੋਂ ਇਕ ਲੇਖ ਦਾ ਅਧਿਐਨ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਨਾਲ ਸਾਰਿਆਂ ਦਾ ਰਿਸ਼ਤਾ ਮਜ਼ਬੂਤ ਰਹਿੰਦਾ ਹੈ ਜਿਸ ਕਰਕੇ ਉਹ ਖ਼ੁਸ਼ੀ-ਖ਼ੁਸ਼ੀ ਆਪਣਾ ਕੰਮ ਕਰ ਪਾਉਂਦੇ ਹਨ।​—ਮੱਤੀ 4:4.

[ਸਫ਼ਾ 21 ਉੱਤੇ ਡੱਬੀ]

“ਮੈਂ ਤੁਹਾਨੂੰ ਗ਼ਲਤ ਸਮਝਿਆ ਸੀ”

ਨਿਊ ਓਰਲੀਨਜ਼ ਵਿਚ ਰਹਿੰਦੀ ਇਕ ਤੀਵੀਂ ਨੇ ਆਪਣੇ ਬੂਹੇ ਤੇ ਲਿਖ ਕੇ ਸਾਈਨ ਲਾਇਆ ਸੀ: “ਯਹੋਵਾਹ ਦੇ ਗਵਾਹੋ, ਇੱਥੇ ਨਾ ਆਇਓ।” ਫਿਰ ਤੂਫ਼ਾਨ ਤੋਂ ਬਾਅਦ ਇਕ ਦਿਨ ਉਸ ਨੇ ਦੇਖਿਆ ਕਿ ਕੁਝ ਕਾਮੇ ਉਸ ਦੇ ਗੁਆਂਢੀ ਦੇ ਘਰ ਦੀ ਮੁਰੰਮਤ ਕਰ ਰਹੇ ਸਨ। ਕਈ ਦਿਨਾਂ ਤਕ ਉਹ ਦੇਖਦੀ ਰਹੀ ਕਿ ਕਾਮੇ ਕਿੰਨੇ ਪਿਆਰ ਨਾਲ ਇਕ-ਦੂਜੇ ਨਾਲ ਪੇਸ਼ ਆ ਰਹੇ ਸਨ। ਉਹ ਆਪਣੇ ਆਪ ਨੂੰ ਉਨ੍ਹਾਂ ਨਾਲ ਗੱਲ ਕਰਨ ਤੋਂ ਰੋਕ ਨਾ ਸਕੀ। ਜਦ ਉਸ ਨੂੰ ਪਤਾ ਲੱਗਾ ਕਿ ਉਹ ਯਹੋਵਾਹ ਦੇ ਗਵਾਹ ਸਨ, ਤਾਂ ਉਸ ਨੇ ਕਿਹਾ ਕਿ ਤੂਫ਼ਾਨ ਤੋਂ ਬਾਅਦ ਉਸ ਦੇ ਚਰਚ ਤੋਂ ਕਿਸੇ ਨੇ ਉਸ ਨੂੰ ਫ਼ੋਨ ਤਕ ਨਹੀਂ ਕੀਤਾ। ਉਸ ਨੇ ਅੱਗੇ ਕਿਹਾ: “ਮੈਂ ਤੁਹਾਨੂੰ ਗ਼ਲਤ ਸਮਝਿਆ ਸੀ।” ਨਤੀਜੇ ਵਜੋਂ ਉਸ ਨੇ ਆਪਣੇ ਬੂਹੇ ਤੋਂ ਸਾਈਨ ਲਾਹ ਦਿੱਤਾ ਅਤੇ ਗਵਾਹਾਂ ਨੂੰ ਅੰਦਰ ਆਉਣ ਲਈ ਕਿਹਾ।

[ਸਫ਼ੇ 18, 19 ਉੱਤੇ ਤਸਵੀਰ]

ਰੌਬਰਟ ਤੇ ਵਰੌਨਿਕਾ

[ਸਫ਼ਾ 18 ਉੱਤੇ ਤਸਵੀਰ]

ਫ਼ਰੈਂਕ ਤੇ ਵਰੌਨਿਕਾ

[ਸਫ਼ਾ 19 ਉੱਤੇ ਤਸਵੀਰ]

ਗ੍ਰੈਗਰੀ ਤੇ ਕੈਥੀ

[ਸਫ਼ਾ 19 ਉੱਤੇ ਤਸਵੀਰ]

ਵੈਂਡਲ ਤੇ ਜਨੀਨ

[ਸਫ਼ਾ 20 ਉੱਤੇ ਤਸਵੀਰ]

ਮੈਥੀਉ ਤੇ ਡਾਰਲੀਨ

[ਸਫ਼ਾ 20 ਉੱਤੇ ਤਸਵੀਰ]

ਟੈਡ ਤੇ ਡੈੱਬੀ

[ਸਫ਼ਾ 20 ਉੱਤੇ ਤਸਵੀਰ]

ਜਸਟਿਨ ਤੇ ਟਿਫ਼ਨੀ