Skip to content

Skip to table of contents

ਬੱਗੇਪਣ ਦੇ ਸ਼ਿਕਾਰ ਲੋਕਾਂ ਦੀ ਜ਼ਿੰਦਗੀ

ਬੱਗੇਪਣ ਦੇ ਸ਼ਿਕਾਰ ਲੋਕਾਂ ਦੀ ਜ਼ਿੰਦਗੀ

ਬੱਗੇਪਣ ਦੇ ਸ਼ਿਕਾਰ ਲੋਕਾਂ ਦੀ ਜ਼ਿੰਦਗੀ

ਬੇਨਿਨ ਵਿਚ ਜਾਗਰੂਕ ਬਣੋ! ਲੇਖਕ ਦੁਆਰਾ

“ਜਦ ਕਿਸੇ ਫਾਰਮ ਤੇ ਆਪਣੀ ਨਸਲ ਬਾਰੇ ਜਾਣਕਾਰੀ ਭਰਨੀ ਹੁੰਦੀ ਹੈ, ਤਾਂ ਮੈਂ ਹਮੇਸ਼ਾ ਉਸ ਕਾਲਮ ਤੇ ਨਿਸ਼ਾਨ ਲਾਉਂਦਾ ਹਾਂ ਜਿੱਥੇ ‘ਕਾਲਾ’ ਲਿਖਿਆ ਹੁੰਦਾ ਹੈ। ਪਰ ਮੈਂ ਦੇਖਣ ਨੂੰ ਗੋਰਿਆਂ ਨਾਲੋਂ ਵੀ ਗੋਰਾ ਹਾਂ।” ਇਹ ਗੱਲ ਜੌਨ ਨੇ ਕਹੀ ਜੋ ਪੱਛਮੀ ਅਫ਼ਰੀਕਾ ਵਿਚ ਬੇਨਿਨ ਅਤੇ ਨਾਈਜੀਰੀਆ ਦੇ ਬਾਰਡਰ ਤੇ ਰਹਿੰਦਾ ਹੈ। ਜੌਨ ਬੱਗੇਪਣ ਦੀ ਬੀਮਾਰੀ ਦਾ ਸ਼ਿਕਾਰ ਹੈ। ਇਸ ਬੀਮਾਰੀ ਕਰਕੇ ਉਸ ਦੀ ਚਮੜੀ, ਅੱਖਾਂ ਤੇ ਵਾਲਾਂ ਦਾ ਕੋਈ ਰੰਗ ਨਹੀਂ। ਕਈ ਲੋਕਾਂ ਦੀਆਂ ਸਿਰਫ਼ ਅੱਖਾਂ ਉੱਤੇ ਹੀ ਅਸਰ ਪੈਂਦਾ ਹੈ। ਕਿੰਨੇ ਕੁ ਲੋਕ ਇਸ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ? ਉਨ੍ਹਾਂ ਨੂੰ ਇਸ ਬੀਮਾਰੀ ਕਰਕੇ ਕੀ-ਕੀ ਸਹਿਣਾ ਪੈਂਦਾ ਹੈ? ਉਹ ਰੋਜ਼ਾਨਾ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਨ? *

ਕਾਲੀ ਚਮੜੀ ਉੱਤੇ ਇਹ ਰੋਗ ਜ਼ਿਆਦਾ ਨਜ਼ਰ ਆਉਂਦਾ ਹੈ। ਇਹ ਰੋਗ ਕਿਸੇ ਵੀ ਨਸਲ ਦੇ ਵਿਅਕਤੀ ਨੂੰ ਹੋ ਸਕਦਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ 20,000 ਲੋਕਾਂ ਵਿੱਚੋਂ ਇਕ ਜਣਾ ਇਸ ਰੋਗ ਦਾ ਸ਼ਿਕਾਰ ਹੁੰਦਾ ਹੈ।

ਇਹ ਇਕ ਜਨੈਟਿਕ ਬੀਮਾਰੀ ਹੈ ਅਤੇ ਪੀੜ੍ਹੀ-ਦਰ-ਪੀੜ੍ਹੀ ਹੋ ਸਕਦੀ ਹੈ। ਜੌਨ ਦੇ ਨਾਲ ਵੀ ਇੱਦਾਂ ਹੀ ਹੋਇਆ ਹੈ। ਜੌਨ ਦੇ ਖ਼ਾਨਦਾਨ ਵਿਚ ਪਹਿਲਾਂ ਇਹ ਰੋਗ ਕਿਸ ਨੂੰ ਹੋਇਆ ਕਿਸੇ ਨੂੰ ਯਾਦ ਨਹੀਂ। ਕਿਉਂ? ਕਿਉਂਕਿ ਇਸ ਬੀਮਾਰੀ ਦੇ ਜੀਵਾਣੂ ਵਿਅਕਤੀ ਦੇ ਸਰੀਰ ਵਿਚ ਹੋ ਸਕਦੇ ਹਨ, ਪਰ ਬੀਮਾਰੀ ਦੇ ਲੱਛਣ ਨਜ਼ਰ ਨਾ ਆਉਣ।

ਚਮੜੀ ਅਤੇ ਅੱਖਾਂ ਤੇ ਅਸਰ

ਆਮ ਤੌਰ ਤੇ ਗੋਰੀ ਚਮੜੀ ਧੁੱਪ ਨਾਲ ਭੂਰੀ ਪੈ ਜਾਂਦੀ ਹੈ। ਇਹ ਸਰੀਰ ਵਿਚ ਮਲੈਨਿਨ ਨਾਂ ਦੇ ਰਸਾਇਣ ਕਰਕੇ ਹੁੰਦਾ ਹੈ ਜੋ ਸਾਡੀ ਚਮੜੀ ਨੂੰ ਧੁੱਪ ਦੇ ਮਾੜੇ ਅਸਰ ਤੋਂ ਬਚਾਉਂਦਾ ਹੈ। ਜੌਨ ਨੂੰ ਆਕਯੁਲੋਕਯੁਟੇਨੀਅਸ ਨਾਂ ਦਾ ਬੱਗਾਪਣ ਹੈ। * ਉਸ ਦੀ ਚਮੜੀ, ਵਾਲਾਂ ਅਤੇ ਅੱਖਾਂ ਵਿਚ ਮਲੈਨਿਨ ਨਹੀਂ ਹੈ। ਇਸ ਦਾ ਉਸ ਦੀ ਚਮੜੀ ਤੇ ਕੀ ਅਸਰ ਪੈਂਦਾ ਹੈ? ਸਰੀਰ ਵਿਚ ਇਹ ਰਸਾਇਣ ਨਾ ਹੋਣ ਕਰਕੇ ਧੁੱਪ ਵਿਚ ਉਸ ਦੀ ਚਮੜੀ ਝੁਲਸ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਇਸ ਬੀਮਾਰੀ ਦੇ ਰੋਗੀਆਂ ਨੂੰ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਦਾ ਡਰ ਖ਼ਾਸ ਕਰਕੇ ਗਰਮ ਦੇਸ਼ਾਂ ਵਿਚ ਜ਼ਿਆਦਾ ਹੁੰਦਾ ਹੈ।

ਰੋਗੀ ਨੂੰ ਆਪਣੀ ਚਮੜੀ ਬਚਾਉਣ ਲਈ ਸਹੀ ਢੰਗ ਦੇ ਕੱਪੜੇ ਪਾਉਣ ਦੀ ਲੋੜ ਹੈ। ਮਿਸਾਲ ਲਈ, ਜੌਨ ਆਪਣੇ ਖੇਤਾਂ ਵਿਚ ਕੰਮ ਕਰਦੇ ਹੋਏ ਤੀਲਿਆਂ ਦੀ ਵੱਡੀ ਸਾਰੀ ਟੋਪੀ ਲੈਂਦਾ ਹੈ ਅਤੇ ਲੰਬੀਆਂ ਬਾਹਾਂ ਵਾਲੀ ਕਮੀਜ਼ ਪਾਉਂਦਾ ਹੈ। ਇਹ ਸਭ ਕਰਨ ਦੇ ਬਾਵਜੂਦ ਜੌਨ ਕਹਿੰਦਾ ਹੈ: “ਕਈ ਵਾਰ ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੇਰੇ ਅੰਦਰ ਅੱਗ ਲੱਗੀ ਹੋਵੇ। ਘਰ ਜਾਂਦਿਆਂ ਹੀ ਮੈਂ ਆਪਣੀਆਂ ਬਾਹਾਂ ਖੁਰਕਣ ਲੱਗ ਪੈਂਦਾ ਹਾਂ ਤੇ ਖੁਰਕਣ ਨਾਲ ਮੇਰੀ ਚਮੜੀ ਛਿੱਲੀ ਜਾਂਦੀ ਹੈ।”

ਜੇ ਸਨਸਕ੍ਰੀਨ ਲੋਸ਼ਨ ਉਪਲਬਧ ਹੈ, ਤਾਂ ਰੋਗੀ ਇਸ ਨੂੰ ਵੀ ਵਰਤ ਸਕਦਾ ਹੈ। ਵਧੀਆ ਲੋਸ਼ਨ ਯਾਨੀ 15 ਨੰਬਰ ਜਾਂ ਇਸ ਤੋਂ ਉੱਪਰ ਵਾਲਾ ਲੋਸ਼ਨ ਵਰਤਣਾ ਚਾਹੀਦਾ ਹੈ। ਧੁੱਪੇ ਜਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਫਿਰ ਹਰ ਦੋ-ਦੋ ਘੰਟੇ ਬਾਅਦ ਕਾਫ਼ੀ ਸਾਰਾ ਲੋਸ਼ਨ ਲਾਉਣ ਦੀ ਲੋੜ ਹੈ।

ਬੱਗੇਪਣ ਦਾ ਅੱਖਾਂ ਤੇ ਵੀ ਅਸਰ ਪੈਂਦਾ ਹੈ। ਅੱਖਾਂ ਵਿਚ ਆਇਰਿਸ ਦਾ ਗੂੜਾਾ ਰੰਗ ਧੁੱਪ ਤੋਂ ਬਚਾਉਂਦਾ ਹੈ। ਪਰ ਰੋਗੀ ਦੇ ਆਇਰਿਸ ਦਾ ਰੰਗ ਹਲਕਾ ਹੁੰਦਾ ਹੈ ਜਿਸ ਕਰਕੇ ਜਦ ਰੌਸ਼ਨੀ ਅੱਖਾਂ ਵਿਚ ਦੀ ਲੰਘਦੀ ਹੈ, ਤਾਂ ਉਸ ਨੂੰ ਤਕਲੀਫ਼ ਹੁੰਦੀ ਹੈ। ਇਸ ਤੋਂ ਬਚਣ ਲਈ ਕਈ ਕੈਪ ਜਾਂ ਕਾਲੀਆਂ ਐਨਕਾਂ ਲਾਉਂਦੇ ਹਨ। ਕਈ ਰੰਗਦਾਰ ਲੈਂਜ਼ ਪਾਉਂਦੇ ਹਨ। ਜੌਨ ਕਹਿੰਦਾ ਹੈ ਕਿ ਕਈ ਵਾਰ ਕੈਪ ਜਾਂ ਐਨਕਾਂ ਤੋਂ ਬਿਨਾਂ ਉਸ ਦਾ ਕੰਮ ਚੱਲ ਜਾਂਦਾ ਹੈ, ਪਰ ਰਾਤ ਨੂੰ ਕਾਰਾਂ ਦੀਆਂ ਬੱਤੀਆਂ ਕਰਕੇ ਉਸ ਨੂੰ ਤਕਲੀਫ਼ ਹੁੰਦੀ ਹੈ।

ਕਈ ਲੋਕਾਂ ਦਾ ਮੰਨਣਾ ਹੈ ਕਿ ਬੱਗੇਪਣ ਕਰਕੇ ਲੋਕਾਂ ਦੀਆਂ ਅੱਖਾਂ ਲਾਲ ਹੁੰਦੀਆਂ ਹਨ, ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ। ਰੋਗੀ ਦੇ ਆਇਰਿਸ ਦਾ ਰੰਗ ਹਲਕਾ ਸਲੇਟੀ, ਭੂਰਾ ਜਾਂ ਨੀਲਾ ਹੁੰਦਾ ਹੈ। ਸਵਾਲ ਉੱਠਦਾ ਹੈ ਕਿ ਉਸ ਦੀਆਂ ਅੱਖਾਂ ਦੇਖਣ ਨੂੰ ਲਾਲ ਕਿਉਂ ਲੱਗਦੀਆਂ ਹਨ? ਇਸ ਬੀਮਾਰੀ ਬਾਰੇ ਇਕ ਕਿਤਾਬ ਨੇ ਕਿਹਾ: “ਕਈ ਵਾਰ ਰੌਸ਼ਨੀ ਵਿਚ ਆਇਰਿਸ ਦਾ ਰੰਗ ਲਾਲ ਜਾਂ ਜਾਮਣੀ ਭਾਹ ਮਾਰਦਾ ਹੈ। ਇੱਦਾਂ ਰੈਟੀਨਾ ਕਰਕੇ ਹੁੰਦਾ ਹੈ।” ਤੁਸੀਂ ਧਿਆਨ ਦਿੱਤਾ ਹੋਣਾ ਕਿ ਜਦੋਂ ਫਲੈਸ਼ ਵਰਤ ਕੇ ਫੋਟੋ ਖਿੱਚੀ ਜਾਂਦੀ ਹੈ, ਤਾਂ ਕਈ ਵਾਰ ਅੱਖਾਂ ਦਾ ਰੰਗ ਲਾਲ ਆ ਜਾਂਦਾ ਹੈ।

ਬੱਗੇਪਣ ਕਰਕੇ ਅੱਖਾਂ ਵਿਚ ਨੁਕਸ ਹੋਣਾ ਆਮ ਹੈ। ਅੱਖਾਂ ਦੀਆਂ ਨਾੜੀਆਂ ਦਿਮਾਗ਼ ਨਾਲ ਸਹੀ ਤਰੀਕੇ ਨਾਲ ਜੁੜੀਆਂ ਨਾ ਹੋਣ ਕਰਕੇ ਭੈਂਗਾਪਣ ਆ ਜਾਂਦਾ ਹੈ। ਨਤੀਜੇ ਵਜੋਂ ਪਤਾ ਨਹੀਂ ਚੱਲਦਾ ਕਿ ਚੀਜ਼ਾਂ ਕਿੰਨੀ ਕੁ ਦੂਰ ਪਈਆਂ ਹਨ। ਇਲਾਜ ਲਈ ਐਨਕਾਂ ਲਵਾਈਆਂ ਜਾਂ ਓਪਰੇਸ਼ਨ ਕਰਵਾਇਆ ਜਾ ਸਕਦਾ ਹੈ।

ਕਈ ਦੇਸ਼ਾਂ ਵਿਚ ਭੈਂਗੇਪਣ ਦਾ ਇਲਾਜ ਹੈ ਹੀ ਨਹੀਂ ਜਾਂ ਬਹੁਤ ਮਹਿੰਗਾ ਹੈ। ਭੈਂਗੇਪਣ ਕਰਕੇ ਜੌਨ ਕੀ ਕਰਦਾ ਹੈ? ਉਹ ਦੱਸਦਾ ਹੈ: “ਸੜਕ ਪਾਰ ਕਰਨ ਵੇਲੇ ਮੈਂ ਆਪਣੀਆਂ ਅੱਖਾਂ ਹੀ ਨਹੀਂ ਸਗੋਂ ਕੰਨ ਵੀ ਵਰਤਦਾ ਹਾਂ। ਕੋਈ ਕਾਰ ਆਉਂਦੀ ਦੇਖ ਕੇ ਜੇ ਮੈਨੂੰ ਉਸ ਦੀ ਆਵਾਜ਼ ਸੁਣਾਈ ਦਿੰਦੀ ਹੈ, ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਕਾਰ ਨੇੜੇ ਹੈ ਤੇ ਮੈਨੂੰ ਸੜਕ ਪਾਰ ਨਹੀਂ ਕਰਨੀ ਚਾਹੀਦੀ।”

ਬੱਗੇਪਣ ਕਰਕੇ ਅੱਖਾਂ ਦਾ ਇਕ ਹੋਰ ਨੁਕਸ ਹੈ ਨਿਸਟੈਗਮਸ। ਇਸ ਨੁਕਸ ਕਰਕੇ ਅੱਖਾਂ ਦੇ ਡੇਲੇ ਆਪੇ ਹਿਲਦੇ ਰਹਿੰਦੇ ਹਨ ਅਤੇ ਨੇੜੇ ਦੀ ਜਾਂ ਦੂਰ ਦੀ ਨਜ਼ਰ ਬਹੁਤ ਕਮਜ਼ੋਰ ਹੋ ਜਾਂਦੀ ਹੈ। ਕਈ ਵਾਰ ਐਨਕਾਂ ਜਾਂ ਲੈਂਜ਼ ਪਾਉਣ ਨਾਲ ਨਜ਼ਰ ਤਾਂ ਠੀਕ ਹੋ ਜਾਂਦੀ ਹੈ, ਪਰ ਨੁਕਸ ਠੀਕ ਨਹੀਂ ਹੁੰਦਾ। ਕਈ ਪੜ੍ਹਨ ਲੱਗਿਆਂ ਅੱਖ ਦੇ ਲਾਗੇ ਉਂਗਲੀ ਰੱਖ ਲੈਂਦੇ ਹਨ ਜਾਂ ਸਿਰ ਟੇਢਾ ਕਰ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੇ ਡੇਲੇ ਜ਼ਿਆਦਾ ਨਹੀਂ ਹਿੱਲਦੇ।

ਜੌਨ ਦੀ ਜ਼ਿਆਦਾ ਮੁਸ਼ਕਲ ਆਪਣੇ ਭੈਂਗੇਪਣ ਜਾਂ ਡੇਲਿਆਂ ਦੇ ਹਿਲਣ ਤੋਂ ਨਹੀਂ ਆਉਂਦੀ। ਉਸ ਦੀ ਸਮੱਸਿਆ ਹੈ ਕਿ ਉਸ ਦੀ ਨੇੜੇ ਦੀ ਨਿਗਾਹ ਬਹੁਤ ਹੀ ਕਮਜ਼ੋਰ ਹੈ। ਜੌਨ ਜੋ ਯਹੋਵਾਹ ਦਾ ਗਵਾਹ ਹੈ ਕਹਿੰਦਾ ਹੈ: “ਮੈਂ ਰੋਜ਼ ਬਾਈਬਲ ਪੜ੍ਹਦਾ ਹਾਂ। ਪੜ੍ਹਨ ਲਈ ਮੈਨੂੰ ਕਿਤਾਬ ਨੂੰ ਅੱਖਾਂ ਦੇ ਬਹੁਤ ਹੀ ਕਰੀਬ ਰੱਖਣਾ ਪੈਂਦਾ ਹੈ, ਤਾਂ ਹੀ ਮੈਂ ਆਸਾਨੀ ਨਾਲ ਪੜ੍ਹ ਸਕਦਾ ਹਾਂ।” ਅੱਗੇ ਉਸ ਨੇ ਕਿਹਾ: “ਜਦ ਮੈਂ ਮੀਟਿੰਗਾਂ ਵਿਚ ਕੋਈ ਭਾਸ਼ਣ ਦਿੰਦਾ ਹਾਂ, ਤਾਂ ਮੈਂ ਚੰਗੀ ਤਿਆਰੀ ਕਰਦਾ ਹਾਂ ਤਾਂਕਿ ਮੈਨੂੰ ਨੋਟਸ ਵਾਰ-ਵਾਰ ਦੇਖਣੇ ਨਾ ਪੈਣ। ਮੈਨੂੰ ਬੜੀ ਖ਼ੁਸ਼ੀ ਹੈ ਕਿ ਮੇਰੀ ਭਾਸ਼ਾ ਯੋਰੱਬਾ ਵਿਚ ਪਹਿਰਾਬੁਰਜ ਵੱਡੇ ਅੱਖਰਾਂ ਵਿਚ ਉਪਲਬਧ ਹੈ।”

ਜਿਨ੍ਹਾਂ ਨਿਆਣਿਆਂ ਦੀਆਂ ਸਿਰਫ਼ ਅੱਖਾਂ ਵਿਚ ਬੱਗਾਪਣ ਹੁੰਦਾ ਹੈ, ਉਨ੍ਹਾਂ ਨੂੰ ਸਕੂਲੇ ਕਾਫ਼ੀ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਜਿਹੜੇ ਮਾਪੇ ਪਹਿਲਾਂ ਹੀ ਅਧਿਆਪਕਾਂ ਜਾਂ ਸਕੂਲ ਦੇ ਅਧਿਕਾਰੀਆਂ ਨਾਲ ਆਪਣੇ ਬੱਚੇ ਦੀ ਸਮੱਸਿਆ ਬਾਰੇ ਗੱਲ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਨੂੰ ਸ਼ਾਇਦ ਇੰਨੀਆਂ ਪਰੇਸ਼ਾਨੀਆਂ ਨਾ ਸਹਿਣੀਆਂ ਪੈਣ। ਮਿਸਾਲ ਲਈ, ਕਈ ਸਕੂਲ ਰੰਗਦਾਰ ਪੰਨਿਆਂ ਜਾਂ ਵੱਡੇ ਅੱਖਰਾਂ ਵਿਚ ਛਪੀਆਂ ਕਿਤਾਬਾਂ ਅਤੇ ਕਿਤਾਬਾਂ ਦੀਆਂ ਆਡੀਓ ਕੈਸਟਾਂ ਮੁਹੱਈਆ ਕਰਾਉਂਦੇ ਹਨ। ਮਾਪਿਆਂ, ਅਧਿਆਪਕਾਂ ਤੇ ਸਕੂਲ ਦੇ ਅਧਿਕਾਰੀਆਂ ਦੀ ਮਦਦ ਨਾਲ ਬੱਚੇ ਲਈ ਪੜ੍ਹਨਾ-ਲਿਖਣਾ ਆਸਾਨ ਹੋ ਸਕਦਾ ਹੈ।

ਲੋਕਾਂ ਨਾਲ ਮਿਲਣ-ਗਿਲਣ ਦੀ ਸਮੱਸਿਆ

ਆਮ ਕਰਕੇ ਰੋਗੀ ਆਪਣੀਆਂ ਸਮੱਸਿਆਵਾਂ ਨਾਲ ਨਜਿੱਠਣਾ ਸਿੱਖ ਲੈਂਦਾ ਹੈ। ਪਰ ਕਈ ਇਸ ਬੀਮਾਰੀ ਕਰਕੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਬੱਚਿਆਂ ਨਾਲ ਖ਼ਾਸ ਕਰਕੇ ਇਸ ਤਰ੍ਹਾਂ ਹੁੰਦਾ ਹੈ।

ਪੱਛਮੀ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਆਮ ਤੌਰ ਤੇ ਵੱਡਿਆਂ ਨਾਲੋਂ ਬੱਚਿਆਂ ਦਾ ਜ਼ਿਆਦਾ ਮਜ਼ਾਕ ਉਡਾਇਆ ਜਾਂਦਾ ਹੈ। ਯੋਰੱਬਾ ਭਾਸ਼ਾ ਦੇ ਇਲਾਕਿਆਂ ਵਿਚ ਉਨ੍ਹਾਂ ਨੂੰ “ਆਫਿਨ” ਕਿਹਾ ਜਾਂਦਾ ਹੈ, ਮਤਲਬ ਕਿ “ਭੱਦਾ।” ਰੋਗੀ ਜ਼ਿਆਦਾ ਕਰਕੇ ਬਾਹਰ ਨਹੀਂ ਨਿਕਲਦੇ, ਘਰੇ ਰਹਿੰਦੇ ਹਨ। ਇੱਦਾਂ ਉਹ ਆਪਣੇ ਆਪ ਵਿਚ ਨਿਕੰਮੇ ਮਹਿਸੂਸ ਕਰਨ ਲੱਗ ਪੈਂਦੇ ਹਨ। ਜੌਨ ਵੀ ਪਹਿਲਾਂ ਇੱਦਾਂ ਹੀ ਮਹਿਸੂਸ ਕਰਦਾ ਸੀ। ਪਰ ਫਿਰ ਪਰਮੇਸ਼ੁਰ ਬਾਰੇ ਸਿੱਖਣ ਅਤੇ 1974 ਵਿਚ ਬਪਤਿਸਮਾ ਲੈਣ ਨਾਲ ਉਸ ਦੀ ਜ਼ਿੰਦਗੀ ਹੀ ਬਦਲ ਗਈ। ਪਹਿਲਾਂ ਜੌਨ ਘਰੋਂ ਨਹੀਂ ਨਿਕਲਦਾ ਸੀ, ਪਰ ਹੁਣ ਉਹ ਘਰ-ਘਰ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਉਹ ਕਹਿੰਦਾ ਹੈ: “ਲੋਕਾਂ ਦਾ ਹਾਲ ਮੇਰੇ ਨਾਲੋਂ ਵੀ ਬੁਰਾ ਹੈ ਕਿਉਂਕਿ ਪਰਮੇਸ਼ੁਰ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ।” ਕੀ ਕੋਈ ਪ੍ਰਚਾਰ ਵਿਚ ਉਸ ਦਾ ਮਜ਼ਾਕ ਉਡਾਉਂਦਾ ਹੈ? ਉਹ ਦੱਸਦਾ ਹੈ: “ਉਹ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ ਜੋ ਬਾਈਬਲ ਦਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ। ਪਰ ਮੈਂ ਉਨ੍ਹਾਂ ਦੀਆਂ ਗੱਲਾਂ ਵੱਲ ਬਾਹਲਾ ਧਿਆਨ ਨਹੀਂ ਦਿੰਦਾ, ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਮੇਰੀ ਸੂਰਤ ਦਾ ਨਹੀਂ ਸਗੋਂ ਬਾਈਬਲ ਦੇ ਸੰਦੇਸ਼ ਦਾ ਮਜ਼ਾਕ ਉਡਾਉਂਦੇ ਹਨ।”

ਬੱਗੇਪਣ ਤੋਂ ਛੁਟਕਾਰਾ

ਹਾਲ ਹੀ ਵਿਚ ਮੈਡੀਕਲ ਖੇਤਰ ਵਿਚ ਤਰੱਕੀ ਹੋਣ ਕਰਕੇ ਬੱਗੇਪਣ ਦੇ ਇਲਾਜ ਵਿਚ ਕਾਫ਼ੀ ਸੁਧਾਰ ਆਇਆ ਹੈ। ਇਸ ਤੋਂ ਇਲਾਵਾ, ਇਸ ਰੋਗ ਦੇ ਸ਼ਿਕਾਰ ਲੋਕਾਂ ਨੇ ਕਈ ਗਰੁੱਪ ਬਣਾਏ ਹੋਏ ਹਨ ਤੇ ਇਕ-ਦੂਜੇ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਹਨ ਤਾਂਕਿ ਇਸ ਰੋਗ ਨਾਲ ਜੁੜੀਆਂ ਮੁਸ਼ਕਲਾਂ ਨਾਲ ਨਜਿੱਠਿਆ ਜਾ ਸਕੇ। ਪਰ ਇਸ ਰੋਗ ਤੋਂ ਛੁਟਕਾਰਾ ਸਿਰਫ਼ ਪਰਮੇਸ਼ੁਰ ਹੀ ਦਿਵਾ ਸਕਦਾ ਹੈ, ਇਨਸਾਨ ਨਹੀਂ।

ਹੋਰ ਬੀਮਾਰੀਆਂ ਦੀ ਤਰ੍ਹਾਂ ਬੱਗਾਪਣ ਵੀ ਆਦਮ ਦੀ ਗ਼ਲਤੀ ਦਾ ਨਤੀਜਾ ਹੈ। (ਉਤਪਤ 3:​17-19; ਰੋਮੀਆਂ 5:12) ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਯਿਸੂ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰਨ ਵਾਲੇ ਲੋਕਾਂ ਨੂੰ ‘ਉਹ ਸਾਰੇ ਰੋਗਾਂ ਤੋਂ ਨਰੋਆ ਕਰੇਗਾ।’ (ਜ਼ਬੂਰਾਂ ਦੀ ਪੋਥੀ 103:3) ਬੱਗੇਪਣ ਦਾ ਨਾਮੋ-ਨਿਸ਼ਾਨ ਤਕ ਮਿੱਟ ਜਾਏਗਾ ਅਤੇ ਇਸ ਰੋਗ ਤੋਂ ਪੀੜਿਤ ‘ਲੋਕਾਂ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਉਣਗੇ।’​—ਅੱਯੂਬ 33:25. (g 7/08)

[ਫੁਟਨੋਟ]

^ ਪੈਰਾ 3 ਫੁਲਬਹਿਰੀ ਅਤੇ ਬੱਗੇਪਣ ਵਿਚ ਬਹੁਤ ਫ਼ਰਕ ਹੈ। ਫੁਲਬਹਿਰੀ ਬਾਰੇ ਹੋਰ ਜਾਣਕਾਰੀ ਲਈ ਜਾਗਰੂਕ ਬਣੋ! ਜਨਵਰੀ-ਮਾਰਚ 2005 ਸਫ਼ਾ 22 ਦੇਖੋ।

^ ਪੈਰਾ 7 ਬੱਗੇਪਣ ਦੀਆਂ ਕਿਸਮਾਂ ਬਾਰੇ ਦਿੱਤੀ ਡੱਬੀ ਦੇਖੋ।

[ਸਫ਼ਾ 17 ਉੱਤੇ ਸੁਰਖੀ]

“ਲੋਕਾਂ ਦਾ ਹਾਲ ਮੇਰੇ ਨਾਲੋਂ ਵੀ ਬੁਰਾ ਹੈ ਕਿਉਂਕਿ ਪਰਮੇਸ਼ੁਰ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ।”​—ਜੌਨ

[ਸਫ਼ਾ 16 ਉੱਤੇ ਡੱਬੀ]

ਬੱਗੇਪਣ ਦੀਆਂ ਕਿਸਮਾਂ

ਬੱਗੇਪਣ ਦੀਆਂ ਕੁਝ ਮੁੱਖ ਕਿਸਮਾਂ ਹੇਠਾਂ ਦਿੱਤੀਆਂ ਗਈਆਂ ਹਨ:

ਆਕਯੁਲੋਕਯੁਟੇਨੀਅਸ ਬੱਗਾਪਣ। ਚਮੜੀ, ਵਾਲਾਂ ਅਤੇ ਅੱਖਾਂ ਵਿਚ ਮਲੈਨਿਨ ਨਾਂ ਦਾ ਰਸਾਇਣ ਨਹੀਂ ਹੁੰਦਾ। ਇਸ ਤਰ੍ਹਾਂ ਦੇ ਬੱਗੇਪਣ ਦੀਆਂ 20 ਕਿਸਮਾਂ ਹਨ।

ਆਕਯੁਲਾ ਬੱਗਾਪਣ। ਇਸ ਦਾ ਅਸਰ ਸਿਰਫ਼ ਅੱਖਾਂ ਤੇ ਹੀ ਹੁੰਦਾ ਹੈ। ਚਮੜੀ ਅਤੇ ਵਾਲ ਠੀਕ ਰਹਿੰਦੇ ਹਨ।

ਬੱਗੇਪਣ ਦੀਆਂ ਕਈ ਕਿਸਮਾਂ ਬਾਰੇ ਘੱਟ ਪਤਾ ਹੈ। ਮਿਸਾਲ ਲਈ, ਇਕ ਕਿਸਮ ਹੈ ਹਰਮਨਸਕੀ-ਪੁਡਲਾਕ ਸਿੰਡਰੋਮ (Hermansky-Pudlak syndrome [HPS]). HPS ਦੇ ਰੋਗੀਆਂ ਦੇ ਝੱਟ ਨੀਲ ਪੈ ਜਾਂਦਾ ਹੈ ਜਾਂ ਖ਼ੂਨ ਵਗਣ ਲੱਗ ਪੈਂਦਾ ਹੈ। ਇਸ ਕਿਸਮ ਦਾ ਬੱਗਾਪਣ ਜ਼ਿਆਦਾ ਕਰਕੇ ਪੋਰਟੋ ਰੀਕੋ ਦੇ ਲੋਕਾਂ ਵਿਚ ਪਾਇਆ ਜਾਂਦਾ ਹੈ ਜਿੱਥੇ ਹਰ 1,800 ਵਿੱਚੋਂ ਇਕ ਨੂੰ ਇਹ ਰੋਗ ਹੈ।