Skip to content

Skip to table of contents

ਸੁਆਦ ਦਾ ਰਾਜ਼

ਸੁਆਦ ਦਾ ਰਾਜ਼

ਇਹ ਕਿਸ ਦਾ ਕਮਾਲ ਹੈ?

ਸੁਆਦ ਦਾ ਰਾਜ਼

◼ ਜਦੋਂ ਤੁਸੀਂ ਮੂੰਹ ਵਿਚ ਕੁਝ ਪਾਉਂਦੇ ਹੋ, ਤਾਂ ਤੁਹਾਨੂੰ ਝੱਟ ਉਸ ਚੀਜ਼ ਦਾ ਸੁਆਦ ਪਤਾ ਚੱਲ ਜਾਂਦਾ ਹੈ। ਸੁਆਦ ਦਾ ਪਤਾ ਕਿਵੇਂ ਲੱਗਦਾ ਹੈ?

ਜ਼ਰਾ ਸੋਚੋ: ਇਸ ਦਾ ਰਾਜ਼ ਲੁਕਿਆ ਹੈ ਤੁਹਾਡੀ ਜੀਭ, ਗਲੇ ਅਤੇ ਮੂੰਹ ਦੇ ਹੋਰ ਹਿੱਸਿਆਂ ਵਿਚ। ਜੀਭ ਉੱਤੇ ਸੁਆਦ ਗ੍ਰੰਥੀਆਂ ਹੁੰਦੀਆਂ ਹਨ। ਜੀਭ ਦੇ ਉਪਰਲੇ ਹਿੱਸੇ ਉੱਤੇ ਸਥਿਤ ਪੈਪਿਲਿਆਂ ਵਿਚ ਬਹੁਤ ਸਾਰੀਆਂ ਸੁਆਦ ਗ੍ਰੰਥੀਆਂ ਹੁੰਦੀਆਂ ਹਨ। ਇਕ ਸੁਆਦ ਗ੍ਰੰਥੀ ਵਿਚ ਲਗਭਗ ਸੌ ਰਿਸੈਪਟਰ ਸੈੱਲ ਹੁੰਦੇ ਹਨ। ਇਨ੍ਹਾਂ ਸੈੱਲਾਂ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਚੀਜ਼ ਦਾ ਸੁਆਦ ਖੱਟਾ, ਮਿੱਠਾ, ਨਮਕੀਨ ਜਾਂ ਕੌੜਾ ਹੈ। ਮਸਾਲਿਆਂ ਦਾ ਸੁਆਦ ਇਨ੍ਹਾਂ ਸੈੱਲਾਂ ਰਾਹੀਂ ਨਹੀਂ, ਸਗੋਂ ਉਨ੍ਹਾਂ ਸੈੱਲਾਂ ਰਾਹੀਂ ਪਤਾ ਚੱਲਦਾ ਹੈ ਜਿਨ੍ਹਾਂ ਰਾਹੀਂ ਸਾਨੂੰ ਦਰਦ ਦਾ ਅਹਿਸਾਸ ਹੁੰਦਾ ਹੈ। ਸੁਆਦ ਗ੍ਰੰਥੀਆਂ ਦਿਮਾਗ਼ ਦੀਆਂ ਨਾੜੀਆਂ ਨਾਲ ਜੁੜੀਆਂ ਹੁੰਦੀਆਂ ਹਨ। ਇਸ ਕਰਕੇ ਜਦੋਂ ਅਸੀਂ ਕੋਈ ਚੀਜ਼ ਮੂੰਹ ਵਿਚ ਪਾਉਂਦੇ ਹਾਂ, ਤਾਂ ਦਿਮਾਗ਼ ਨੂੰ ਝੱਟ ਸੁਆਦ ਦਾ ਪਤਾ ਚੱਲ ਜਾਂਦਾ ਹੈ।

ਪਰ ਸੁਆਦ ਜਾਣਨ ਵਿਚ ਸਾਡੀ ਸੁੰਘਣ-ਸ਼ਕਤੀ ਵੀ ਯੋਗਦਾਨ ਪਾਉਂਦੀ ਹੈ। ਸਾਡੇ ਨੱਕ ਵਿਚ 50 ਲੱਖ ਸੁੰਘਣ ਵਾਲੇ ਰਿਸੈਪਟਰ ਸੈੱਲ ਹੁੰਦੇ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ 10,000 ਵੱਖੋ-ਵੱਖਰੀਆਂ ਖੁਸ਼ਬੂਆਂ ਅਤੇ ਬਦਬੂਆਂ ਨੂੰ ਪਛਾਣ ਸਕਦੇ ਹਾਂ। ਇਹ ਦੇਖਿਆ ਗਿਆ ਹੈ ਕਿ ਸੁਆਦ ਜਾਣਨ ਵਿਚ ਸਾਡੀ ਸੁੰਘਣ-ਸ਼ਕਤੀ ਦਾ ਯੋਗਦਾਨ ਲਗਭਗ 75 ਪ੍ਰਤਿਸ਼ਤ ਹੁੰਦਾ ਹੈ।

ਵਿਗਿਆਨੀਆਂ ਨੇ ਇਕ ਮਸ਼ੀਨੀ ਨੱਕ ਬਣਾਇਆ ਹੈ। ਇਸ ਵਿਚ ਰਸਾਇਣਕ ਗੈਸ ਸੈਂਸਰ ਲੱਗੇ ਹੋਏ ਹਨ ਜੋ ਸੁੰਘਣ ਦਾ ਕੰਮ ਕਰਦੇ ਹਨ। ਪਰ ਦਿਮਾਗ਼ ਦਾ ਅਧਿਐਨ ਕਰਨ ਵਾਲੇ ਇਕ ਵਿਗਿਆਨੀ ਨੇ ਕਿਹਾ: “ਕੋਈ ਵੀ ਬਣਾਉਟੀ ਅੰਗ ਅਸਲੀ ਅੰਗ ਦੇ ਸਾਮ੍ਹਣੇ ਕੁਝ ਵੀ ਨਹੀਂ ਹੈ। ਸਾਡੇ ਸਰੀਰ ਦੇ ਅੰਗ ਬੜੇ ਸ਼ਾਨਦਾਰ ਢੰਗ ਨਾਲ ਬਣਾਏ ਗਏ ਹਨ।”

ਇਸ ਗੱਲ ਨਾਲ ਸਾਰੇ ਸਹਿਮਤ ਹੋਣਗੇ ਕਿ ਸੁਆਦ ਬਿਨਾਂ ਖਾਣਾ ਕੀ! ਵਿਗਿਆਨੀਆਂ ਨੂੰ ਅਜੇ ਤਕ ਇਹ ਗੱਲ ਸਮਝ ਨਹੀਂ ਆਈ ਕਿ ਲੋਕਾਂ ਦੇ ਸੁਆਦ ਵੱਖੋ-ਵੱਖਰੇ ਕਿਉਂ ਹੁੰਦੇ ਹਨ। ਇਕ ਰਸਾਲੇ ਨੇ ਕਿਹਾ: “ਵਿਗਿਆਨੀਆਂ ਨੂੰ ਸਰੀਰ ਬਾਰੇ ਕਈ ਗੱਲਾਂ ਪਤਾ ਹਨ, ਪਰ ਸੁਆਦ ਅਤੇ ਸੁੰਘਣ-ਸ਼ਕਤੀ ਅਜੇ ਵੀ ਉਨ੍ਹਾਂ ਲਈ ਰਾਜ਼ ਹੈ।”

ਤੁਹਾਡਾ ਕੀ ਖ਼ਿਆਲ ਹੈ? ਕੀ ਸੁਆਦ ਲੈਣ ਦੀ ਯੋਗਤਾ ਸਾਡੇ ਵਿਚ ਆਪਣੇ ਆਪ ਹੀ ਪੈਦਾ ਹੋ ਗਈ? ਜਾਂ ਕੀ ਇਹ ਕਿਸੇ ਸਿਰਜਣਹਾਰ ਦੇ ਹੱਥਾਂ ਦਾ ਕਮਾਲ ਹੈ? (g 7/08)

[ਸਫ਼ਾ 14 ਉੱਤੇ ਡਾਇਆਗ੍ਰਾਮ/ਤਸਵੀਰ]

ਜੀਭ ਦਾ ਨਕਸ਼ਾ

[ਡਾਇਆਗ੍ਰਾਮ]

ਪੈਪਿਲੇ

[ਕ੍ਰੈਡਿਟ ਲਾਈਨ]

© Dr. John D. Cunningham⁄Visuals Unlimited