Skip to content

Skip to table of contents

ਕੀ ਮੈਂ ਆਪਣੇ ਦੋਸਤ ਦੀ ਸ਼ਿਕਾਇਤ ਕਰਾਂ?

ਕੀ ਮੈਂ ਆਪਣੇ ਦੋਸਤ ਦੀ ਸ਼ਿਕਾਇਤ ਕਰਾਂ?

ਨੌਜਵਾਨ ਪੁੱਛਦੇ ਹਨ

ਕੀ ਮੈਂ ਆਪਣੇ ਦੋਸਤ ਦੀ ਸ਼ਿਕਾਇਤ ਕਰਾਂ?

“ਉਸ ਦੀ ਸ਼ਿਕਾਇਤ ਕਰਨੀ ਮੇਰੇ ਲਈ ਬਹੁਤ ਔਖੀ ਸੀ। ਉਹ ਮੇਰਾ ਚੰਗਾ ਦੋਸਤ ਸੀ।”—ਜੇਮਜ਼।  *

“ਪਹਿਲਾਂ-ਪਹਿਲਾਂ ਬਹੁਤ ਟੈਨਸ਼ਨ ਸੀ। ਆਪਣੀਆਂ ਸਹੇਲੀਆਂ ਦੀ ਸ਼ਿਕਾਇਤ ਕਰਨ ਕਰਕੇ ਉਹ ਮੈਥੋਂ ਦੂਰ ਰਹਿੰਦੀਆਂ ਸਨ।”—ਐਨ।

ਬਾਈਬਲ ਕਹਿੰਦੀ ਹੈ: “ਕੁਝ ਮਿੱਤਰ ਭਰਾਵਾਂ ਤੋਂ ਵੀ ਵੱਧ ਕੰਮ ਆਉਂਦੇ ਹਨ।” (ਕਹਾਉਤਾਂ 18:24, CL) ਕੀ ਤੁਹਾਡਾ ਕੋਈ ਅਜਿਹਾ ਮਿੱਤਰ ਹੈ? ਜੇ ਹੈ, ਤਾਂ ਇਹ ਬਹੁਤ ਵਧੀਆ ਹੈ।

ਫ਼ਰਜ਼ ਕਰੋ ਕਿ ਤੁਹਾਡਾ ਇਕ ਦੋਸਤ ਜੋ ਯਹੋਵਾਹ ਦਾ ਗਵਾਹ ਹੈ ਗ਼ਲਤੀ ਕਰ ਬੈਠਦਾ ਹੈ। ਸ਼ਾਇਦ ਉਸ ਨੇ ਬਦਚਲਣੀ ਕੀਤੀ, ਸਿਗਰਟ ਪੀਤੀ, ਸ਼ਰਾਬ ਪੀਤੀ, ਡ੍ਰੱਗਜ਼ ਲਏ ਜਾਂ ਕੋਈ ਹੋਰ ਮਾੜਾ ਕੰਮ ਕੀਤਾ ਹੈ। (1 ਕੁਰਿੰਥੀਆਂ 6:9, 10; 1 ਤਿਮੋਥਿਉਸ 1:9, 10) ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਆਪਣੇ ਦੋਸਤ ਨਾਲ ਗੱਲ ਕਰਨੀ ਚਾਹੀਦੀ ਹੈ? ਆਪਣੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ? ਆਪਣੇ ਦੋਸਤ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ? ਕੀ ਤੁਹਾਨੂੰ ਬਜ਼ੁਰਗਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ? * ਜੇ ਤੁਸੀਂ ਗੱਲ ਕੀਤੀ ਵੀ, ਤੁਹਾਡੀ ਦੋਸਤੀ ’ਤੇ ਕੀ ਅਸਰ ਪਵੇਗਾ? ਕੀ ਇਸ ਬਾਰੇ ਚੁੱਪ ਰਹਿਣਾ ਹੀ ਠੀਕ ਹੋਵੇਗਾ?

ਕੀ ਮੈਂ ਦੱਸਾਂ ਕਿ ਨਾ ਦੱਸਾਂ?

ਸਾਰੇ ਗ਼ਲਤੀਆਂ ਕਰਦੇ ਹਨ। ਬਾਈਬਲ ਕਹਿੰਦੀ ਹੈ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਲੇਕਿਨ ਕੁਝ ਲੋਕ ਵੱਡਾ ਪਾਪ ਕਰ ਬੈਠਦੇ ਹਨ। ਦੂਸਰੇ ਅਜਿਹਾ ਕਦਮ ਚੁੱਕਦੇ ਹਨ ਜਿਸ ਨੂੰ ਜੇ ਸੁਧਾਰਿਆ ਨਾ ਜਾਵੇ, ਤਾਂ ਮੁਸ਼ਕਲ ਵਧ ਸਕਦੀ ਹੈ। (ਗਲਾਤੀਆਂ 6:1) ਅੱਗੇ ਦੱਸੀ ਸੱਚੀ ਮਿਸਾਲ ਵੱਲ ਧਿਆਨ ਦਿਓ।

ਸੂਜ਼ਨ ਅਤੇ ਉਸ ਦੀ ਸਹੇਲੀ ਯਹੋਵਾਹ ਦੀਆਂ ਗਵਾਹਾਂ ਹਨ। ਸੂਜ਼ਨ ਨੂੰ ਪਤਾ ਲੱਗਾ ਕਿ ਉਸ ਦੀ ਸਹੇਲੀ ਕੋਲ ਅਜਿਹਾ ਵੈੱਬ ਪੇਜ ਸੀ ਜਿਸ ਉੱਤੇ ਗੰਦੀਆਂ ਤਸਵੀਰਾਂ ਅਤੇ ਗੰਦੇ ਗਾਣੇ ਸਨ।

ਜ਼ਰਾ ਸੋਚੋ: ਜੇ ਤੁਸੀਂ ਸੂਜ਼ਨ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਚੁੱਪ ਰਹਿੰਦੇ? ਕੀ ਤੁਸੀਂ ਇਹ ਸੋਚਦੇ ਕਿ ਜੋ ਤੁਹਾਡੀ ਸਹੇਲੀ ਆਪਣੇ ਵੈੱਬ ਪੇਜ ਤੇ ਕਰਦੀ ਹੈ ਇਹ ਉਹ ਦੀ ਮਰਜ਼ੀ ਹੈ। ਜੇ ਸੂਜ਼ਨ ਤੁਹਾਡੇ ਕੋਲ ਆ ਕੇ ਤੁਹਾਡੀ ਰਾਇ ਪੁੱਛਦੀ, ਤਾਂ ਤੁਸੀਂ ਉਹ ਨੂੰ ਕੀ ਕਹਿੰਦੇ?

ਸੂਜ਼ਨ ਨੇ ਕੀ ਕੀਤਾ: ਇਸ ਬਾਰੇ ਸੋਚਣ ਤੋਂ ਬਾਅਦ ਸੂਜ਼ਨ ਨੇ ਆਪਣੀ ਸਹੇਲੀ ਦੇ ਮਾਪਿਆਂ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ: “ਮੇਰੇ ਲਈ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਨੂੰ ਚਿਰ ਤੋਂ ਜਾਣਦੀ ਸੀ। ਮੈ ਇੰਨਾ ਘਬਰਾਈ ਹੋਈ ਸੀ ਕਿ ਮੈਂ ਰੋਣ ਲੱਗ ਪਈ।”

․․․․․

ਤੁਹਾਡਾ ਕੀ ਖ਼ਿਆਲ ਹੈ? ਜੋ ਸੂਜ਼ਨ ਨੇ ਕੀਤਾ ਕੀ ਉਹ ਸਹੀ ਸੀ? ਜਾਂ ਕੀ ਉਹ ਨੂੰ ਚੁੱਪ ਹੀ ਰਹਿਣਾ ਚਾਹੀਦਾ ਸੀ?

ਇਸ ਬਾਰੇ ਸੋਚਣ ਲਈ ਇਨ੍ਹਾਂ ਜ਼ਰੂਰੀ ਗੱਲਾਂ ਵੱਲ ਧਿਆਨ ਦਿਓ:

ਇਕ ਸੱਚਾ ਦੋਸਤ ਕੀ ਕਰਦਾ? ਕਹਾਉਤਾਂ 17:17 ਵਿਚ ਲਿਖਿਆ ਹੈ ਕਿ ਇਕ “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਜਦ ਕੋਈ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਜਾਂਦਾ ਹੈ, ਤਾਂ ਭਾਵੇਂ ਉਸ ਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ, ਪਰ ਉਹ “ਬਿਪਤਾ” ਵਿਚ ਹੈ। ਅਸੀਂ ਜ਼ਿਆਦਾ “ਧਰਮੀ” ਬਣ ਕੇ ਨਿੱਕੀਆਂ-ਨਿੱਕੀਆਂ ਗੱਲਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੁੰਦੇ, ਲੇਕਿਨ ਜਦ ਕੋਈ ਜਾਣ ਬੁੱਝ ਕੇ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਜਾਂਦਾ ਹੈ, ਤਾਂ ਸਾਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ। (ਉਪਦੇਸ਼ਕ ਦੀ ਪੋਥੀ 7:16) ਅੱਖਾਂ ਮੀਟ ਕੇ ਚੁੱਪ ਰਹਿਣਾ ਗ਼ਲਤ ਹੋਵੇਗਾ।—ਲੇਵੀਆਂ 5:1.

ਜੇ ਤੁਸੀਂ ਮਾਪਿਆਂ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ? ਆਪਣੇ ਆਪ ਨੂੰ ਪੁੱਛੋ: ‘ਜੇ ਮੇਰੇ ਧੀ-ਪੁੱਤ ਦਾ ਅਜਿਹਾ ਵੈੱਬ ਪੇਜ ਹੁੰਦਾ ਜਿਸ ਉੱਤੇ ਗੰਦੀਆਂ ਤਸਵੀਰਾਂ ਵਗੈਰਾ ਹੁੰਦੀਆਂ, ਤਾਂ ਕੀ ਮੈਂ ਇਸ ਬਾਰੇ ਜਾਣਨਾ ਨਹੀਂ ਚਾਹੁੰਦਾ? ਮੈਨੂੰ ਕਿੱਦਾਂ ਲੱਗਦਾ ਜੇ ਮੇਰੇ ਧੀ-ਪੁੱਤ ਦੀ ਅਜਿਹੀ ਸਹੇਲੀ ਜਾਂ ਦੋਸਤ ਹੁੰਦਾ ਜੋ ਇਸ ਬਾਰੇ ਜਾਣਨ ਦੇ ਬਾਵਜੂਦ ਕੁਝ ਨਾ ਕਹਿੰਦਾ?’

ਪਰਮੇਸ਼ੁਰ ਦੇ ਅਸੂਲਾਂ ਬਾਰੇ ਕੀ? ਚੰਗੇ ਦੋਸਤ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਦੋਸਤ ਦੀ ਗ਼ਲਤੀ ਛੁਪਾਈ ਰੱਖੋ। ਇਸ ਦੀ ਬਜਾਇ ਤੁਹਾਨੂੰ ਬਾਈਬਲ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣਾ ਚਾਹੀਦਾ ਹੈ। ਦਰਅਸਲ ਜਦ ਤੁਸੀਂ ਸਹੀ ਕਦਮ ਚੁੱਕਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਦੇ ਹੋ। (ਕਹਾਉਤਾਂ 27:11) ਇਸ ਦੇ ਨਾਲ-ਨਾਲ ਤੁਸੀਂ ਖ਼ੁਸ਼ ਹੁੰਦੇ ਹੋ ਕਿਉਂਕਿ ਤੁਸੀਂ ਆਪਣੇ ਦੋਸਤ ਦੀ ਮਦਦ ਕੀਤੀ ਹੈ।—ਹਿਜ਼ਕੀਏਲ 33:8.

“ਬੋਲਣ ਦਾ ਵੇਲਾ”

ਬਾਈਬਲ ਕਹਿੰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਛੋਟੇ ਬੱਚਿਆਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਕਦੋਂ ਚੁੱਪ ਰਹਿਣਾ ਚਾਹੀਦਾ ਹੈ ਅਤੇ ਕਦੋਂ ਬੋਲਣਾ ਚਾਹੀਦਾ ਹੈ। ਜਦ ਕੋਈ ਦੋਸਤ ਗ਼ਲਤੀ ਕਰਦਾ ਹੈ, ਤਾਂ ਉਹ ਸੋਚਦੇ ਹਨ: ‘ਮੈਂ ਆਪਣੇ ਦੋਸਤ ਨੂੰ ਮੁਸੀਬਤ ਵਿਚ ਨਹੀਂ ਪਾਉਣਾ ਚਾਹੁੰਦਾ’ ਜਾਂ ‘ਮੈਂ ਨਹੀਂ ਚਾਹੁੰਦਾ ਕਿ ਮੇਰਾ ਦੋਸਤ ਮੇਰੇ ਨਾਲ ਨਾਰਾਜ਼ ਹੋ ਜਾਵੇ।’ ਜੇ ਫ਼ੈਸਲਾ ਕਰਨ ਤੋਂ ਪਹਿਲਾਂ ਸਿਰਫ਼ ਇਨ੍ਹਾਂ ਗੱਲਾਂ ਬਾਰੇ ਸੋਚਣਾ ਜ਼ਰੂਰੀ ਹੈ, ਤਾਂ ਇਹ “ਇੱਕ ਚੁੱਪ ਕਰਨ ਦਾ ਵੇਲਾ” ਹੁੰਦਾ।

ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਹੋ ਤੁਸੀਂ ਅਕਲ ਤੋਂ ਕੰਮ ਲੈਣਾ ਸਿੱਖਦੇ ਹੋ। ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡਾ ਦੋਸਤ ਪਹਿਲਾਂ ਹੀ ਮੁਸੀਬਤ ਵਿਚ ਹੈ ਅਤੇ ਉਸ ਨੂੰ ਮਦਦ ਦੀ ਲੋੜ ਹੈ। ਸ਼ਾਇਦ ਤੁਸੀਂ ਮਦਦ ਭਾਲਣ ਵਿਚ ਉਸ ਦੀ ਮਦਦ ਕਰ ਸਕਦੇ ਹੋ। ਤਾਂ ਫਿਰ ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਦੋਸਤ ਨੇ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਕੁਝ ਕੀਤਾ ਹੈ, ਤਾਂ ਤੁਸੀਂ ਉਦੋਂ ਕੀ ਕਰ ਸਕਦੇ ਹੋ?

ਪਹਿਲਾਂ ਪਤਾ ਕਰੋ ਕਿ ਜੋ ਕੁਝ ਤੁਸੀਂ ਸੁਣਿਆ ਹੈ ਕੀ ਉਹ ਸੱਚ ਹੈ ਕਿ ਨਹੀਂ? (ਕਹਾਉਤਾਂ 14:15) ਕੇਟੀ ਨਾਂ ਦੀ ਨੌਜਵਾਨ ਯਾਦ ਕਰਦੀ ਹੈ: “ਮੇਰੀ ਇਕ ਸਹੇਲੀ ਮੇਰੇ ਬਾਰੇ ਹੋਰਨਾਂ ਨੂੰ ਝੂਠ ਦੱਸਣ ਲੱਗ ਪਈ ਅਤੇ ਕਈ ਸੋਚਣ ਲੱਗ ਪਏ ਕਿ ਉਹ ਦੀਆਂ ਗੱਲਾਂ ਸੱਚੀਆਂ ਸਨ। ਮੈਨੂੰ ਡਰ ਸੀ ਕਿ ਕੋਈ ਕਦੇ ਵੀ ਮੇਰੀ ਗੱਲ ਦਾ ਯਕੀਨ ਨਹੀਂ ਕਰੇਗਾ!” ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਸਿਰਫ਼ “ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ, ਨਿਆਂ” ਨਹੀਂ ਕਰੇਗਾ। (ਯਸਾਯਾਹ 11:3, CL) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜਲਦਬਾਜ਼ੀ ਨਾਲ ਇਹ ਨਾ ਸੋਚੋ ਕਿ ਜੋ ਤੁਸੀਂ ਸੁਣਦੇ ਹੋ ਉਹ ਹਮੇਸ਼ਾ ਸੱਚ ਹੁੰਦਾ ਹੈ। ਅਸਲੀਅਤ ਜਾਣਨ ਦੀ ਕੋਸ਼ਿਸ਼ ਕਰੋ। ਇਸ ਸੱਚੀ ਮਿਸਾਲ ਵੱਲ ਧਿਆਨ ਦਿਓ।

ਜੇਮਜ਼, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਸੁਣਿਆ ਕਿ ਉਸ ਦੇ ਇਕ ਦੋਸਤ ਨੇ ਪਾਰਟੀ ਵਿਚ ਡ੍ਰੱਗਜ਼ ਲਏ ਸਨ।

ਜ਼ਰਾ ਸੋਚੋ: ਜੇ ਤੁਸੀਂ ਜੇਮਜ਼ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ? ਤੁਸੀਂ ਕਿੱਦਾਂ ਪਤਾ ਕਰਦੇ ਕਿ ਜੋ ਤੁਸੀਂ ਸੁਣਿਆ ਉਹ ਸੱਚ ਹੈ ਕਿ ਨਹੀਂ?

․․․․

ਜੇਮਜ਼ ਨੇ ਕੀ ਕੀਤਾ: ਪਹਿਲਾਂ ਜੇਮਜ਼ ਨੇ ਇਸ ਬਾਰੇ ਕੁਝ ਨਹੀਂ ਕੀਤਾ। “ਫਿਰ ਮੇਰਾ ਜ਼ਮੀਰ ਮੈਨੂੰ ਤੰਗ ਕਰਨ ਲੱਗ ਪਿਆ। ਮੈਨੂੰ ਪਤਾ ਸੀ ਕਿ ਮੈਨੂੰ ਆਪਣੇ ਦੋਸਤ ਨਾਲ ਗੱਲ ਕਰਨੀ ਹੀ ਪਵੇਗੀ।”

ਤੁਹਾਡਾ ਕੀ ਖ਼ਿਆਲ ਹੈ? ਜੇ ਤੁਸੀਂ ਸੁਣਿਆ ਹੈ ਕਿ ਤੁਹਾਡੇ ਦੋਸਤ ਨੇ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਕੋਈ ਕੰਮ ਕੀਤਾ ਹੈ, ਤਾਂ ਤੁਹਾਨੂੰ ਪਹਿਲਾਂ ਉਸ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ?

․․․․

ਜੇ ਤੁਹਾਨੂੰ ਆਪਣੇ ਦੋਸਤ ਨਾਲ ਗੱਲ ਕਰਨੀ ਔਖੀ ਲੱਗਦੀ ਹੈ, ਤਾਂ ਤੁਸੀਂ ਹੋਰ ਕੀ ਕਰ ਸਕਦੇ ਹੋ?

․․․․

ਜੇਮਜ਼ ਦੇ ਦੋਸਤ ਨੇ ਕਬੂਲ ਕੀਤਾ ਕਿ ਉਸ ਨੇ ਪਾਰਟੀ ਵਿਚ ਡ੍ਰੱਗਜ਼ ਲਏ ਸਨ। ਪਰ ਉਸ ਨੇ ਜੇਮਜ਼ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ। ਜੇਮਜ਼ ਉਹ ਕਰਨਾ ਚਾਹੁੰਦਾ ਸੀ ਜੋ ਸਹੀ ਸੀ, ਪਰ ਉਹ ਇਹ ਵੀ ਚਾਹੁੰਦਾ ਸੀ ਕਿ ਉਸ ਦਾ ਦੋਸਤ ਸਹੀ ਕਦਮ ਚੁੱਕੇ। ਇਸ ਲਈ ਉਸ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਇਕ ਹਫ਼ਤੇ ਦੇ ਵਿਚ-ਵਿਚ ਕਲੀਸਿਯਾ ਦੇ ਬਜ਼ੁਰਗਾਂ ਨੂੰ ਆਪਣੀ ਗ਼ਲਤੀ ਬਾਰੇ ਦੱਸ ਦੇਵੇ। ਜੇ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ, ਤਾਂ ਜੇਮਜ਼ ਨੇ ਖ਼ੁਦ ਉਨ੍ਹਾਂ ਨੂੰ ਦੱਸ ਦੇਣਾ ਸੀ।

ਕੀ ਤੁਹਾਨੂੰ ਲੱਗਦਾ ਹੈ ਕਿ ਜੇਮਜ਼ ਨੇ ਜੋ ਕੀਤਾ ਉਹ ਸਹੀ ਸੀ? ਜੇ ਹਾਂ, ਤਾਂ ਕਿਉਂ? ਜੇ ਨਾ, ਤਾਂ ਕਿਉਂ?

․․․․

ਜੇਮਜ਼ ਦੇ ਦੋਸਤ ਨੇ ਬਜ਼ੁਰਗਾਂ ਨੂੰ ਆਪਣੀ ਗ਼ਲਤੀ ਬਾਰੇ ਨਹੀਂ ਦੱਸਿਆ। ਇਸ ਲਈ ਜੇਮਜ਼ ਨੂੰ ਆਪ ਉਨ੍ਹਾਂ ਨਾਲ ਗੱਲ ਕਰਨੀ ਪਈ। ਬਾਅਦ ਵਿਚ ਉਸ ਦੇ ਦੋਸਤ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਬਜ਼ੁਰਗਾਂ ਦੀ ਮਦਦ ਨਾਲ ਉਸ ਨੇ ਦੇਖਿਆ ਕਿ ਉਸ ਨੂੰ ਪਛਤਾਵਾ ਕਰਨ ਅਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਲੋੜ ਸੀ।

ਕੀ ਤੁਸੀਂ ਭੇਤ ਖੋਲ੍ਹਣ ਵਾਲੇ ਹੋ?

ਸ਼ਾਇਦ ਤੁਸੀਂ ਪੁੱਛੋ: ‘ਜੇ ਮੈਂ ਆਪਣੇ ਦੋਸਤ ਦੀ ਸ਼ਿਕਾਇਤ ਕਰਾਂ, ਤਾਂ ਕੀ ਇਹ ਗ਼ਲਤ ਨਹੀਂ ਹੋਵੇਗਾ? ਕੀ ਇਹ ਬਿਹਤਰ ਨਹੀਂ ਕਿ ਮੈਂ ਕੁਝ ਹੀ ਨਾ ਕਹਾਂ?’ ਇਸ ਹਾਲਤ ਵਿਚ ਤੁਸੀਂ ਕੀ ਕਰ ਸਕਦੇ ਹੋ?

ਯਾਦ ਰੱਖੋ ਕਿ ਸੌਖਾ ਕੰਮ ਕਰਨਾ ਹਮੇਸ਼ਾ ਸਹੀ ਨਹੀਂ ਹੁੰਦਾ ਤੇ ਸਹੀ ਕੰਮ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਕਿਸੇ ਅੱਗੇ ਆਪਣੇ ਦੋਸਤ ਦੀ ਗ਼ਲਤੀ ਦਾ ਭੇਤ ਖੋਲ੍ਹਣ ਲਈ ਹਿੰਮਤ ਦੀ ਲੋੜ ਪੈਂਦੀ ਹੈ। ਕਿਉਂ ਨਾ ਇਸ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ? ਉਸ ਤੋਂ ਬੁੱਧ ਅਤੇ ਹਿੰਮਤ ਮੰਗੋ। ਉਹ ਜ਼ਰੂਰ ਤੁਹਾਡੀ ਮਦਦ ਕਰੇਗਾ।—ਫ਼ਿਲਿੱਪੀਆਂ 4:6.

ਇਹ ਵੀ ਯਾਦ ਰੱਖੋ ਕਿ ਆਪਣੇ ਦੋਸਤ ਦੀ ਗ਼ਲਤੀ ਬਾਰੇ ਕਿਸੇ ਹੋਰ ਨੂੰ ਦੱਸ ਕੇ ਤੁਹਾਡੇ ਦੋਸਤ ਦਾ ਹੀ ਫ਼ਾਇਦਾ ਹੋਵੇਗਾ। ਫ਼ਰਜ਼ ਕਰੋ ਕਿ ਤੁਸੀਂ ਆਪਣੇ ਦੋਸਤ ਨਾਲ ਪਹਾੜੀ ਇਲਾਕੇ ਵਿਚ ਤੁਰ ਰਹੇ ਹੋ। ਫਿਰ ਅਚਾਨਕ ਤੁਹਾਡੇ ਦੋਸਤ ਦਾ ਪੈਰ ਫਿਸਲ ਜਾਂਦਾ ਹੈ। ਉਹ ਰਾਹ ਤੋਂ ਖਿਸਕ ਕੇ ਡਿੱਗ ਜਾਂਦਾ ਹੈ। ਕੋਈ ਸ਼ੱਕ ਨਹੀਂ ਕਿ ਤੁਹਾਡੇ ਦੋਸਤ ਨੂੰ ਮਦਦ ਦੀ ਲੋੜ ਹੈ। ਲੇਕਿਨ ਜੇ ਸ਼ਰਮ ਦੇ ਮਾਰੇ ਤੁਹਾਡਾ ਦੋਸਤ ਤੁਹਾਨੂੰ ਕਹਿੰਦਾ ਹੈ ਕਿ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਤਾਂ ਕੀ ਤੁਸੀਂ ਉਸ ਨੂੰ ਇਸ ਤਰ੍ਹਾਂ ਖ਼ਤਰੇ ਵਿਚ ਛੱਡ ਦਿਓਗੇ?

ਇਸੇ ਤਰ੍ਹਾਂ ਹੈ ਜਦ ਤੁਹਾਡਾ ਦੋਸਤ ਪਰਮੇਸ਼ੁਰ ਦੇ ਰਾਹ ਤੋਂ ਭਟਕ ਜਾਂਦਾ ਹੈ। ਉਹ ਸ਼ਾਇਦ ਸੋਚੇ ਕਿ ਉਹ ਕਿਸੇ ਦੀ ਮਦਦ ਤੋਂ ਬਿਨਾਂ ਫਿਰ ਤੋਂ ਸਹੀ ਰਾਹ ’ਤੇ ਪੈ ਸਕਦਾ ਹੈ। ਪਰ ਇਸ ਤਰ੍ਹਾਂ ਸੋਚਣਾ ਮੂਰਖਤਾਈ ਹੋਵੇਗੀ। ਸ਼ਾਇਦ ਤੁਹਾਡੇ ਦੋਸਤ ਨੂੰ ਆਪਣੀ ਕੀਤੀ ਉੱਤੇ ਸ਼ਰਮ ਆਵੇ। ਲੇਕਿਨ ਕਿਸੇ ਦੀ ਮਦਦ ਭਾਲਣ ਨਾਲ ਤੁਸੀਂ ਉਸ ਦੀ ਜਾਨ ਬਚਾ ਸਕਦੇ ਹੋ!—ਯਾਕੂਬ 5:15.

ਇਸ ਲਈ ਜੇ ਤੁਹਾਡੇ ਦੋਸਤ ਨੇ ਕੋਈ ਗ਼ਲਤ ਕੰਮ ਕੀਤਾ ਹੈ, ਤਾਂ ਗੱਲ ਕਰਨ ਤੋਂ ਨਾ ਡਰੋ। ਉਸ ਦੀ ਮਦਦ ਕਰਨ ਨਾਲ ਤੁਸੀਂ ਨਾ ਸਿਰਫ਼ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਹੋਵੋਗੇ, ਪਰ ਆਪਣੇ ਦੋਸਤ ਦੇ ਵੀ। ਹੋ ਸਕਦਾ ਹੈ ਕਿ ਇਕ ਦਿਨ ਉਹ ਤੁਹਾਡੇ ਪਿਆਰ ਅਤੇ ਮਦਦ ਦੀ ਕਦਰ ਕਰੇਗਾ। (g08 12)

“ਨੌਜਵਾਨ ਪੁੱਛਦੇ ਹਨ ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 6 ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਬਜ਼ੁਰਗ ਉਨ੍ਹਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੇ ਵੱਡਾ ਪਾਪ ਕੀਤਾ ਹੈ।—ਯਾਕੂਬ 5:14-16.

ਇਸ ਬਾਰੇ ਸੋਚੋ

◼ ਕਿਸੇ ਦੋਸਤ ਦੀ ਗ਼ਲਤੀ ਦਾ ਭੇਤ ਖੋਲ੍ਹਣਾ ਤੁਹਾਡੀ ਵਫ਼ਾਦਾਰੀ ਦਾ ਸਬੂਤ ਕਿਉਂ ਹੈ?

◼ ਤੁਸੀਂ ਬਾਈਬਲ ਵਿਚ ਜ਼ਿਕਰ ਕਿਤੇ ਕਿਨ੍ਹਾਂ ਲੋਕਾਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਦੀ ਆਪਣੇ ਦੋਸਤਾਂ ਪ੍ਰਤੀ ਵਫ਼ਾਦਾਰੀ ਪਰਖੀ ਗਈ ਸੀ? ਤੁਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹੋ?

[ਸਫ਼ਾ 29 ਉੱਤੇ ਤਸਵੀਰ]

ਜੇ ਤੁਹਾਡਾ ਦੋਸਤ ਪਰਮੇਸ਼ੁਰ ਦੇ ਰਾਹ ਤੋਂ ਭਟਕ ਗਿਆ ਹੈ, ਤਾਂ ਮਦਦ ਭਾਲਣ ਵਿਚ ਦੇਰ ਨਾ ਕਰੋ