Skip to content

Skip to table of contents

ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ?

ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ?

ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ?

ਸਾਨੂੰ ਅਜਿਹੀ ਸਲਾਹ ਕੌਣ ਦੇ ਸਕਦਾ ਹੈ ਜੋ ਸਾਨੂੰ ਸਫ਼ਲ ਇਨਸਾਨ ਬਣਾ ਸਕਦੀ ਹੈ? ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਸਫ਼ਲ ਹੋਣ ਲਈ ਇਨਸਾਨ ਚੰਗੇ ਅਸੂਲਾਂ ’ਤੇ ਚੱਲੇਗਾ ਅਤੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੋਵੇਗਾ। ਅਜਿਹੀ ਸਫ਼ਲਤਾ ਕਿਸੇ ਦੀ ਅਮੀਰੀ ਜਾਂ ਸ਼ੁਹਰਤ ਉੱਤੇ ਨਿਰਭਰ ਨਹੀਂ ਕਰਦੀ ਤੇ ਨਾ ਹੀ ਇਸ ਗੱਲ ਉੱਤੇ ਕਿ ਉਸ ਦਾ ਕਿੰਨਾ ਦਬਦਬਾ ਹੈ।

ਸਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਸਾਨੂੰ ਕਿਨ੍ਹਾਂ ਅਸੂਲਾਂ ਉੱਤੇ ਚੱਲਣਾ ਚਾਹੀਦਾ ਹੈ? ਸਾਨੂੰ ਜ਼ਿੰਦਗੀ ਦੇ ਅਸਲੀ ਮਕਸਦ ਬਾਰੇ ਕਿੱਥੋਂ ਜਾਣਕਾਰੀ ਮਿਲ ਸਕਦੀ ਹੈ? ਕੀ ਅਸੀਂ ਖ਼ੁਦ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ? ਨਹੀਂ, ਕਿਉਂਕਿ ਅਸੀਂ ਅਪੂਰਣ ਹਾਂ ਅਤੇ ਗ਼ਲਤ ਚੀਜ਼ਾਂ ਵੱਲ ਖਿੱਚੇ ਜਾਂਦੇ ਹਾਂ। ਇਸ ਕਾਰਨ ਅਸੀਂ ਕਈ ਵਾਰ ਕੁਰਾਹੇ ਪੈ ਜਾਂਦੇ ਹਾਂ। (ਉਤਪਤ 8:21) ਅੱਜ ਲੱਖਾਂ ਲੋਕ ਵਿਅਰਥ ਚੀਜ਼ਾਂ ਪਿੱਛੇ ਲੱਗੇ ਹੋਏ ਹਨ। ਬਾਈਬਲ ਇਨ੍ਹਾਂ ਵਿਅਰਥ ਚੀਜ਼ਾਂ ਨੂੰ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ” ਸੱਦਦੀ ਹੈ। (1 ਯੂਹੰਨਾ 2:16) ਲੋਕ ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਦੇ ਹਨ ਜੋ ਉਨ੍ਹਾਂ ਕੋਲ ਹਨ ਅਤੇ ਇਨ੍ਹਾਂ ਚੀਜ਼ਾਂ ਰਾਹੀਂ ਉਹ ਸਫ਼ਲਤਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਲੇਕਿਨ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਅਤੇ ਉਨ੍ਹਾਂ ਨੂੰ ਖ਼ੁਸ਼ੀ ਨਹੀਂ ਮਿਲਦੀ। ਇਸ ਲਈ ਕਈ ਲੋਕ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਪਰਮੇਸ਼ੁਰ ਵੱਲ ਮੁੜਦੇ ਹਨ। *

ਸਾਨੂੰ ਪਰਮੇਸ਼ੁਰ ਤੋਂ ਸਲਾਹ ਕਿਉਂ ਲੈਣੀ ਚਾਹੀਦੀ ਹੈ?

ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਪਰਮੇਸ਼ੁਰ ਤੋਂ ਸਲਾਹ ਲਈਏ? ਕਿਉਂਕਿ ਉਹ ਜਾਣਦਾ ਹੈ ਕਿ ਉਸ ਨੇ ਸਾਨੂੰ ਕਿਉਂ ਰਚਿਆ ਹੈ ਜਿਸ ਕਰਕੇ ਉਸ ਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੋਣਾ ਚਾਹੀਦਾ ਹੈ। ਉਹ ਸਾਡੀ ਸਰੀਰਕ, ਮਾਨਸਿਕ ਅਤੇ ਭਾਵਾਤਮਕ ਬਣਤਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਪਰਮੇਸ਼ੁਰ ਜਾਣਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਕਿਹੜੇ ਅਸੂਲ ਅਪਣਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪਰਮੇਸ਼ੁਰ ਦੇ ਰਗ-ਰਗ ਵਿਚ ਪਿਆਰ ਵੱਸਦਾ ਹੈ। ਉਹ ਸਾਡੇ ਨਾਲ ਗੂੜ੍ਹਾ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਸਫ਼ਲ ਹੋਣ ਦੇ ਨਾਲ-ਨਾਲ ਖ਼ੁਸ਼ ਵੀ ਹੋਈਏ। (1 ਯੂਹੰਨਾ 4:8) ਸਾਨੂੰ ਪਰਮੇਸ਼ੁਰ ਦੀ ਸਲਾਹ ਬਾਈਬਲ ਤੋਂ ਮਿਲਦੀ ਹੈ ਜੋ ਉਸ ਨੇ 40 ਬੰਦਿਆਂ ਰਾਹੀਂ ਲਿਖਵਾਈ ਸੀ। (2 ਤਿਮੋਥਿਉਸ 3:16, 17) ਅਸੀਂ ਬਾਈਬਲ ਵਿਚ ਪਾਈ ਜਾਂਦੀ ਇਸ ਸਲਾਹ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ?

ਯਿਸੂ ਮਸੀਹ ਪਰਮੇਸ਼ੁਰ ਵੱਲੋਂ ਘੱਲਿਆ ਗਿਆ ਸੀ ਅਤੇ ਉਸ ਨੇ ਕਿਹਾ: “ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਿਆ” ਜਾਂਦਾ ਹੈ। (ਮੱਤੀ 11:19; ਯੂਹੰਨਾ 7:29) ਪਰਮੇਸ਼ੁਰ ਦੀ ਬੁੱਧ ਸਫ਼ਲਤਾ ਅਤੇ ਖ਼ੁਸ਼ੀ ਲਿਆਉਂਦੀ ਹੈ ਅਤੇ ਇਹ ਸਾਨੂੰ “ਭਲੇ ਰਾਹ” ਪਾਉਂਦੀ ਹੈ। ਲੇਕਿਨ ਇਨਸਾਨਾਂ ਦੀ ਬੁੱਧ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੈ ਸਿਰਫ਼ ਨਿਰਾਸ਼ਾ ਅਤੇ ਉਦਾਸੀ ਲਿਆਉਂਦੀ ਹੈ।—ਕਹਾਉਤਾਂ 2:8, 9; ਯਿਰਮਿਯਾਹ 8:9.

1960 ਦੇ ਦਹਾਕੇ ਵਿਚ ਹਿੱਪੀ ਲੋਕਾਂ ਦੀ ਹੀ ਮਿਸਾਲ ਲੈ ਲਓ। ਇਨ੍ਹਾਂ ਲੋਕਾਂ ਨੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦਾ ਵਿਰੋਧ ਕੀਤਾ। ਆਉਣ ਵਾਲੇ ਕੱਲ੍ਹ ਤੋਂ ਬੇਫ਼ਿਕਰ ਹੋ ਕੇ ਇਨ੍ਹਾਂ ਲੋਕਾਂ ਨੇ ਨਸ਼ੇ ਅਤੇ ਸੈਕਸ ਕਰ ਕੇ ਮਜ਼ਾ ਲੁੱਟਿਆ। ਕੀ ਇਸ ਤਰ੍ਹਾਂ ਜੀਣਾ ਬੁੱਧੀਮਤਾ ਦੀ ਗੱਲ ਸੀ? ਕੀ ਇਸ ਤਰ੍ਹਾਂ ਲੋਕਾਂ ਨੂੰ ਜੀਣ ਦਾ ਮਕਸਦ, ਸੱਚੀ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਮਿਲੀ? ਇਤਿਹਾਸ ਗਵਾਹ ਹੈ ਕਿ ਇਸ ਨੇ ਲੋਕਾਂ ਨੂੰ ਬਿਹਤਰ ਨਹੀਂ ਬਣਾਇਆ, ਸਗੋਂ ਦੁਨੀਆਂ ਦੇ ਨੈਤਿਕ ਮਿਆਰ ਵਿਗੜਦੇ ਗਏ ਅਤੇ ਇਸ ਦਾ ਅਸਰ ਅਗਲੀਆਂ ਪੀੜ੍ਹੀਆਂ ’ਤੇ ਵੀ ਪਿਆ।—2 ਤਿਮੋਥਿਉਸ 3:1-5.

ਇਨਸਾਨਾਂ ਦੀ ਬੁੱਧ ਦੇ ਉਲਟ ਬਾਈਬਲ ਵਿਚ ਪਾਈ ਜਾਂਦੀ ਬੁੱਧ ਹਮੇਸ਼ਾ ਫ਼ਾਇਦੇਮੰਦ ਸਾਬਤ ਹੋਈ ਹੈ। (ਯਸਾਯਾਹ 40:8) ਅਗਲਾ ਲੇਖ ਪੜ੍ਹ ਕੇ ਤੁਸੀਂ ਦੇਖੋਗੇ ਕਿ ਇਹ ਗੱਲ ਸੱਚ ਕਿਉਂ ਹੈ। ਇਸ ਵਿਚ ਬਾਈਬਲ ਦੇ ਛੇ ਅਸੂਲਾਂ ਉੱਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਉੱਤੇ ਚੱਲ ਕੇ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੇ ਸੱਚੀ ਖ਼ੁਸ਼ੀ ਅਤੇ ਸਫ਼ਲਤਾ ਪਾਈ ਹੈ, ਭਾਵੇਂ ਉਹ ਗ਼ਰੀਬ ਹੋਣ ਜਾਂ ਅਮੀਰ। (g08 11)

[ਫੁਟਨੋਟ]

[ਸਫ਼ਾ 5 ਉੱਤੇ ਡੱਬੀ]

ਅਜਿਹੀਆਂ ਸਿੱਖਿਆਵਾਂ ਜੋ ਸਫ਼ਲਤਾ ਨਹੀਂ ਲਿਆਉਂਦੀਆਂ

ਕਈ ਲੋਕ ਮੰਨਦੇ ਹਨ ਕਿ ਕੋਈ ਰੱਬ ਨਹੀਂ ਹੈ ਅਤੇ ਜ਼ਿੰਦਗੀ ਵਿਕਾਸਵਾਦ ਕਾਰਨ ਆਪਣੇ ਆਪ ਸ਼ੁਰੂ ਹੋ ਗਈ। ਜੇ ਇਹ ਸੱਚ ਹੈ, ਤਾਂ ਜ਼ਿੰਦਗੀ ਦਾ ਮਕਸਦ ਜਾਂ ਚੰਗੇ ਅਸੂਲ ਲੱਭਣ ਦਾ ਕੋਈ ਫ਼ਾਇਦਾ ਨਾ ਹੁੰਦਾ।

ਦੂਜੇ ਪਾਸੇ ਕਈ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਸਾਨੂੰ ਬਣਾਇਆ ਤਾਂ ਜ਼ਰੂਰ ਹੈ, ਪਰ ਉਸ ਨੇ ਸਾਨੂੰ ਆਪਣੀ ਮਰਜ਼ੀ ਕਰਨ ਲਈ ਛੱਡ ਦਿੱਤਾ ਹੈ। ਅਸਲ ਵਿਚ ਅਜਿਹੀ ਸੋਚ ਜ਼ਿੰਦਗੀ ਦੇ ਮਕਸਦ ਜਾਂ ਚੰਗੇ ਅਸੂਲਾਂ ਦੀ ਭਾਲ ਵਿਅਰਥ ਬਣਾ ਦਿੰਦੀ ਹੈ। ਜ਼ਰਾ ਸੋਚੋ: ਪਰਮੇਸ਼ੁਰ ਨੇ ਹਰੇਕ ਜਾਨਵਰ ਨੂੰ ਜੀਣ ਲਈ ਬੁੱਧ ਦਿੱਤੀ ਹੈ। ਨਤੀਜੇ ਵਜੋਂ ਅਸੀਂ ਆਪਣੇ ਆਲੇ-ਦੁਆਲੇ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਦੇਖਦੇ ਹਾਂ। ਜੇ ਪਰਮੇਸ਼ੁਰ ਨੇ ਜਾਨਵਰਾਂ ਨੂੰ ਇੰਨੀ ਬੁੱਧ ਦਿੱਤੀ ਹੈ, ਤਾਂ ਕੀ ਉਹ ਸਾਡੀ ਮਦਦ ਨਹੀਂ ਕਰੇਗਾ?—ਰੋਮੀਆਂ 1:19, 20.

ਵਿਕਾਸਵਾਦ ਦੀ ਸਿੱਖਿਆ ਉੱਤੇ ਵਿਸ਼ਵਾਸ ਰੱਖਣ ਨਾਲ ਅਸੀਂ ਸੱਚ-ਮੁੱਚ ਸਫ਼ਲ ਨਹੀਂ ਹੋ ਸਕਦੇ।

[ਸਫ਼ਾ 5 ਉੱਤੇ ਤਸਵੀਰ]

ਬਾਈਬਲ ਵਿਚ ਪਾਈ ਜਾਂਦੀ ਬੁੱਧ ਉੱਤੇ ਚੱਲ ਕੇ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ