Skip to content

Skip to table of contents

ਜਦ ਸਫ਼ਲਤਾ ਹੱਥ ਨਹੀਂ ਆਉਂਦੀ

ਜਦ ਸਫ਼ਲਤਾ ਹੱਥ ਨਹੀਂ ਆਉਂਦੀ

ਜਦ ਸਫ਼ਲਤਾ ਹੱਥ ਨਹੀਂ ਆਉਂਦੀ

ਉਹ ਜਵਾਨੀ ਵਿਚ ਹੀ ਇਕ ਬਹੁਤ ਮਸ਼ਹੂਰ ਗਾਇਕ ਬਣੀ ਅਤੇ ਬਹੁਤ ਜਲਦ ਅਮੀਰ ਹੋ ਗਈ। ਛੋਟੀ ਉਮਰ ਵਿਚ ਥੋੜ੍ਹੇ ਹੀ ਲੋਕ ਇੰਨੇ ਮਸ਼ਹੂਰ ਅਤੇ ਅਮੀਰ ਬਣ ਜਾਂਦੇ ਹਨ। ਪਰ ਫਿਰ ਉਸ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋਈਆਂ। ਦੋ ਵਿਆਹ ਟੁੱਟਣ ਤੋਂ ਬਾਅਦ ਉਸ ਨੂੰ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖ਼ਲ ਹੋਣਾ ਪਿਆ। ਉਸ ਦੀ ਜ਼ਿੰਦਗੀ ਵਿਚ ਹਨੇਰਾ ਛਾ ਗਿਆ।

ਅਫ਼ਸੋਸ ਦੀ ਗੱਲ ਹੈ ਕਿ ਇਸ ਜਵਾਨ ਕੁੜੀ ਦੀ ਕਹਾਣੀ ਇਕ ਆਮ ਕਹਾਣੀ ਬਣ ਗਈ ਹੈ। ਮਸ਼ਹੂਰ ਹਸਤੀਆਂ ਦੀਆਂ ਦੁਖਦਾਈ ਕਹਾਣੀਆਂ ਅਕਸਰ ਖ਼ਬਰਾਂ ਵਿਚ ਸੁਣਾਈ ਦਿੰਦੀਆਂ ਹਨ। ਬਿਜ਼ਨਿਸ ਦੀ ਦੁਨੀਆਂ ਵਿਚ ਵੀ ਅਜਿਹੇ ਲੋਕ ਹਨ ਜੋ ਕਾਮਯਾਬ ਲੱਗਦੇ ਤਾਂ ਹਨ, ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਦੁੱਖਾਂ ਨਾਲ ਭਰੀਆਂ ਹੋਈਆਂ ਹਨ। ਨਿਊਯਾਰਕ ਸਿਟੀ ਦੇ ਵੱਡੇ-ਵੱਡੇ ਵਪਾਰੀਆਂ ਦੀ ਗੱਲ ਕਰਦਿਆਂ ਇਕ ਅਖ਼ਬਾਰ ਨੇ ਰਿਪੋਰਟ ਕੀਤਾ: “ਬਹੁਤ ਸਾਰਾ ਮੁਨਾਫ਼ਾ ਕਮਾਉਣ ਦੀ ਦੌੜ ਵਿਚ ਕਈਆਂ ਨੇ ਦਬਾਅ ਹੇਠ ਆ ਕੇ ਨਾ ਸਿਰਫ਼ ਆਪਣੇ ਕੈਰੀਅਰ ਬਰਬਾਦ ਕੀਤੇ ਹਨ, ਪਰ ਉਨ੍ਹਾਂ ਦੇ ਪਰਿਵਾਰ ਵੀ ਟੁੱਟ ਗਏ ਹਨ। ਇਸ ਕਰਕੇ ਕਈਆਂ ਨੇ ਡ੍ਰੱਗਜ਼ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ। . . . ਵੱਡੇ-ਵੱਡੇ ਬੋਨਸ ਕਮਾ ਕੇ ਕਈ ਵਾਲ ਸਟ੍ਰੀਟ ਦੇ ਵਪਾਰੀ ਇਹ ਸੋਚਣ ਲੱਗ ਪੈਂਦੇ ਹਨ ਕਿ ਉਹ ਬਹੁਤ ਵੱਡੇ ਬਣ ਗਏ ਹਨ ਅਤੇ ਕੁਝ ਵੀ ਕਰ ਸਕਦੇ ਹਨ। ਦੂਜੇ ਪਾਸੇ ਕਈ ਵਪਾਰੀ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ ਕਿਉਂਕਿ ਉਨ੍ਹਾਂ ਤੋਂ ਇਹ ਦਬਾਅ ਸਹਿ ਨਹੀਂ ਹੁੰਦਾ।”

ਕੀ ਗ਼ਲਤ ਪਾਸੇ ਖ਼ੁਸ਼ੀ ਦੀ ਭਾਲ ਕਰਨ ਕਰਕੇ ਅਜਿਹੀਆਂ ਮੁਸ਼ਕਲਾਂ ਆਉਂਦੀਆਂ ਹਨ? ਅਸੀਂ ਇਹ ਦੇਖਿਆ ਹੈ ਕਿ ਖ਼ੁਸ਼ੀ ਅਤੇ ਸਫ਼ਲਤਾ ਨੂੰ ਧਨ-ਦੌਲਤ ਨਾਲ ਨਹੀਂ ਤੋਲਿਆ ਜਾ ਸਕਦਾ। ਇਹ ਸੱਚ ਹੈ ਕਿ ਜੀਣ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੈ। ਪਰ ਕੀ ਸਾਡੀ ਕਾਮਯਾਬੀ ਦਾ ਅੰਦਾਜ਼ਾ ਸਾਡੀ ਅਮੀਰੀ ਤੋਂ ਲਗਾਇਆ ਜਾਂਦਾ ਹੈ? ਸਰਵੇਖਣ ਇਸ ਸਵਾਲ ਦਾ ਜਵਾਬ ਨਾ ਵਿਚ ਦਿੰਦੇ ਹਨ। ਮਿਸਾਲ ਲਈ, ਚੀਨ ਵਿਚ ਕੀਤੇ ਗਏ ਸਰਵੇਖਣ ਦੇ ਮੁਤਾਬਕ ਜਦ ਲੋਕਾਂ ਦੀ ਤਨਖ਼ਾਹ 250 ਫੀ ਸਦੀ ਵਧੀ, ਤਾਂ ਉਨ੍ਹਾਂ ਦੀ ਖ਼ੁਸ਼ੀ ਵਿਚ ਕੋਈ ਵਾਧਾ ਨਹੀਂ ਹੋਇਆ।

ਸੱਚੀ ਕਾਮਯਾਬੀ ਕਿਸੇ ਹੋਰ ਗੱਲ ’ਤੇ ਨਿਰਭਰ ਕਰਦੀ ਹੈ। ਇਸ ਦਾ ਅੰਦਾਜ਼ਾ ਸਿਰਫ਼ ਕਿਸੇ ਦੇ ਚੰਗੇ ਕੈਰੀਅਰ ਤੋਂ ਨਹੀਂ ਮਿਲਦਾ ਤੇ ਨਾ ਹੀ ਇਹ ਕਿਸੇ ਦੇ ਘਰ, ਕਾਰ ਜਾਂ ਘੜੀ ਦੀ ਕੀਮਤ ਨਾਲ ਮਿਣੀ ਜਾਂਦੀ ਹੈ। ਕਿਸੇ ਦੀ ਸਫ਼ਲਤਾ ਇਸ ਉੱਤੇ ਨਿਰਭਰ ਕਰਦੀ ਹੈ ਕਿ ਉਹ ਕਿਹੋ ਜਿਹਾ ਇਨਸਾਨ ਹੈ, ਉਸ ਦੇ ਕੀ ਅਸੂਲ ਹਨ ਅਤੇ ਉਸ ਦੀ ਜ਼ਿੰਦਗੀ ਦਾ ਮਕਸਦ ਕੀ ਹੈ। ਇਕ ਇਨਸਾਨ ਸ਼ਾਇਦ ਹੁਸ਼ਿਆਰ ਹੋਵੇ ਅਤੇ ਉਸ ਦਾ ਕਾਫ਼ੀ ਦਬਦਬਾ ਹੋਵੇ, ਪਰ ਹੋ ਸਕਦਾ ਹੈ ਕਿ ਉਹ ਬੇਈਮਾਨ ਹੈ। ਹੋ ਸਕਦਾ ਹੈ ਕਿ ਅਜਿਹੇ ਇਨਸਾਨ ਦੀ ਜ਼ਿੰਦਗੀ ਵਿਚ ਨਾ ਹੀ ਪਿਆਰ ਹੋਵੇ ਤੇ ਨਾ ਹੀ ਸੱਚੇ ਦੋਸਤ-ਮਿੱਤਰ। ਇਕ ਹੋਰ ਇਨਸਾਨ ਕੋਲ ਸ਼ਾਇਦ ਅਮੀਰੀ ਜਾਂ ਸ਼ੁਹਰਤ ਹੋਵੇ, ਪਰ ਉਹ ਸ਼ਾਇਦ ਆਪਣੀ ਬਿਤਾਈ ਜ਼ਿੰਦਗੀ ਬਾਰੇ ਸੋਚ ਕੇ ਕਹੇ: ‘ਇਹ ਸਭ ਕੁਝ ਕਾਹਦੇ ਲਈ ਸੀ? ਮੇਰੀ ਜ਼ਿੰਦਗੀ ਦਾ ਕੀ ਮਕਸਦ ਹੈ?’

ਤਾਂ ਫਿਰ ਸਫ਼ਲ ਹੋਣ ਲਈ ਇਨਸਾਨ ਚੰਗੇ ਅਸੂਲਾਂ ’ਤੇ ਚੱਲੇਗਾ ਅਤੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੋਵੇਗਾ। ਉਸ ਕੋਲ ਮਨ ਦੀ ਸ਼ਾਂਤੀ ਹੋਵੇਗੀ ਅਤੇ ਉਹ ਨਾ ਸਿਰਫ਼ ਆਪਣੀ ਇੱਜ਼ਤ ਕਰੇਗਾ, ਪਰ ਹੋਰਨਾਂ ਦੀ ਵੀ ਕਰੇਗਾ। ਉਹ ਖ਼ੁਦਗਰਜ਼ ਨਹੀਂ ਹੋਵੇਗਾ, ਪਰ ਹੋਰਨਾਂ ਬਾਰੇ ਵੀ ਸੋਚੇਗਾ। ਲੇਕਿਨ ਸ਼ਾਇਦ ਕੋਈ ਪੁੱਛੇ: ‘ਸਾਨੂੰ ਕਿਹੜੇ ਅਸੂਲਾਂ ’ਤੇ ਚੱਲਣਾ ਚਾਹੀਦਾ ਹੈ ਅਤੇ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੋਣਾ ਚਾਹੀਦਾ ਹੈ?’ ਕੀ ਅਸੀਂ ਖ਼ੁਦ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ ਜਾਂ ਕੀ ਸਾਨੂੰ ਕਿਤੇ ਹੋਰ ਦੇਖਣ ਦੀ ਜ਼ਰੂਰਤ ਹੈ? ਅਗਲੇ ਲੇਖਾਂ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। (g08 11)

[ਸਫ਼ਾ 3 ਉੱਤੇ ਡੱਬੀ]

ਹਰ ਕੀਮਤ ਤੇ ਸਫ਼ਲਤਾ

ਡਾਕਟਰੀ ਰਿਸਰਚ ਦੇ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਜਵਾਨ ਖਿਡਾਰੀ ਜਿੱਤਣ ਦੇ ਮਾਰੇ ਡ੍ਰੱਗਜ਼ ਲੈਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਹੁੰਦਾ ਹੈ ਤੇ ਉਹ ਮਰ ਵੀ ਸਕਦੇ ਹਨ। ਇਕ ਰਿਪੋਰਟ ਨੇ ਕਿਹਾ: “ਜਦ ਕਾਲਜ ਦੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ: ‘ਜੇ ਤੁਹਾਨੂੰ ਪਤਾ ਹੋਵੇ ਕਿ ਸਟੀਰਾਇਡ ਲੈ ਕੇ ਤੁਸੀਂ ਜਿੱਤ ਜਾਓਗੇ ਜਾਂ ਟੀਮ ਲਈ ਚੁਣੇ ਜਾਓਗੇ, ਪਰ ਪੰਜ ਸਾਲ ਬਾਅਦ ਤੁਸੀਂ ਬੀਮਾਰ ਹੋ ਜਾਓਗੇ, ਤਾਂ ਕੀ ਤੁਸੀਂ ਇਸ ਤਰ੍ਹਾਂ ਕਰੋਗੇ?’ ਤਕਰੀਬਨ ਸਾਰਿਆਂ ਨੇ ਹਾਂ ਕੀਤੀ। ਜਦ ਸਵਾਲ ਬਦਲ ਕੇ ਪੁੱਛਿਆ ਗਿਆ: ‘ਪਰ ਪੰਜ ਸਾਲਾਂ ਦੇ ਵਿਚ-ਵਿਚ ਤੁਸੀਂ ਮਰ ਜਾਓਗੇ,’ ਫਿਰ ਵੀ 65 ਪ੍ਰਤਿਸ਼ਤ ਵਿਦਿਆਰਥੀਆਂ ਨੇ ਹਾਂ ਕੀਤੀ।”