Skip to content

Skip to table of contents

ਧੋਖਾ ਦੇਣ ਵਾਲੀਆਂ ਮਸ਼ਹੂਰੀਆਂ

ਧੋਖਾ ਦੇਣ ਵਾਲੀਆਂ ਮਸ਼ਹੂਰੀਆਂ

ਧੋਖਾ ਦੇਣ ਵਾਲੀਆਂ ਮਸ਼ਹੂਰੀਆਂ

ਪੋਲੈਂਡ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਟੋਮੇਕ ਅੱਖਾਂ ਗੱਡ ਕੇ ਟੀ.ਵੀ. ਦੇਖ ਰਿਹਾ ਹੈ ਜਿਵੇਂ ਉਸ ਉੱਤੇ ਕੋਈ ਜਾਦੂ ਚੱਲ ਰਿਹਾ ਹੋਵੇ। ਉਹ ਬੜੇ ਧਿਆਨ ਨਾਲ ਕਿਸੇ ਕੱਪੜੇ ਦੀ ਮਸ਼ਹੂਰੀ ਨੂੰ ਦੇਖ ਰਿਹਾ ਹੈ: “ਜਦ ਤੁਹਾਡਾ ਮੁੰਡਾ ਇਹ ਪਹਿਨੇਗਾ, ਤਾਂ ਉਹ ਹੱਟਾ-ਕੱਟਾ ਹੋਵੇਗਾ ਅਤੇ ਉਸ ਦੇ ਦੋਸਤਾਂ ਵਿਚ ਉਸ ਦੀ ਸ਼ਾਨ ਹੋਵੇਗੀ। ਇਸ ਨੂੰ ਜ਼ਰੂਰ ਖ਼ਰੀਦੋ!” ਟੋਮੇਕ ਦੇ ਬੁੱਲ੍ਹਾਂ ’ਤੇ ਇਸ ਮਸ਼ਹੂਰੀ ਦੀ ਮਨਭਾਉਂਦੀ ਧੁਨ ਹੈ ਤੇ ਉਹ ਨੱਠ ਕੇ ਆਪਣੇ ਡੈਡੀ ਕੋਲ ਜਾ ਕੇ ਕਹਿੰਦਾ ਹੈ: “ਡੈਡੀ, ਮੈਨੂੰ ਵੀ ਇਹ ਖ਼ਰੀਦ ਕੇ ਦਿਓ!”

◼ ਬੱਚੇ ਕਿਸੇ ਮਸ਼ਹੂਰੀ ਨੂੰ ਦੇਖ ਕੇ ਚੀਜ਼ਾਂ ਕਿਉਂ ਚਾਹੁੰਦੇ ਹਨ? ਇਕ ਪੋਲਿਸ਼ ਮੈਗਜ਼ੀਨ ਵਿਚ ਇਕ ਅਧਿਆਪਕ ਨੇ ਇਸ ਸਵਾਲ ਦਾ ਜਵਾਬ ਦਿੱਤਾ: “ਬੱਚੇ ਉਹੀ ਚਾਹੁੰਦੇ ਹਨ ਜੋ ਦੂਸਰਿਆਂ ਕੋਲ ਹੁੰਦਾ ਹੈ। ਉਹ ਆਪਣੇ ਦੋਸਤਾਂ ਵਾਂਗ ਹੀ ਬਣਨਾ ਚਾਹੁੰਦੇ ਹਨ।” ਜਦ ਬੱਚੇ ਜ਼ਿੱਦ ਕਰ ਕੇ ਅਤੇ ਰੋ-ਰੋ ਕੇ ਕੋਈ ਚੀਜ਼ ਮੰਗਦੇ ਹਨ, ਤਾਂ ਕਈ ਮਾਪੇ ਹਾਰ ਮੰਨ ਕੇ ਉਨ੍ਹਾਂ ਲਈ ਉਹ ਚੀਜ਼ ਖ਼ਰੀਦ ਲੈਂਦੇ ਹਨ।

ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੀਆਂ ਮਸ਼ਹੂਰੀਆਂ ਇੰਨੀਆਂ ਅਸਰਦਾਰ ਕਿਉਂ ਹੁੰਦੀਆਂ ਹਨ? ਇਕ ਮਨੋਵਿਗਿਆਨੀ ਕਹਿੰਦੀ ਹੈ ਕਿ ਮਸ਼ਹੂਰੀਆਂ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਕਿ “ਕਿਸੇ ਚੀਜ਼ ਦਾ ਕੀ ਮੁੱਲ ਹੈ, ਉਹ ਕਿਹੋ ਜਿਹੀ ਕੁਆਲਿਟੀ ਦੀ ਹੈ ਅਤੇ ਇਸ ਤੋਂ ਕਿੰਨਾ ਕੁ ਫ਼ਾਇਦਾ ਹੋਵੇਗਾ। ਇਹ ਸਿਰਫ਼ ਦਿਲ ਵਿਚ ਖ਼ਾਹਸ਼ ਪੈਦਾ ਕਰਨ ਲਈ” ਬਣਾਈਆਂ ਜਾਂਦੀਆਂ ਹਨ। ਉਹ ਅੱਗੇ ਦੱਸਦੀ ਹੈ: “ਛੋਟੇ ਬੱਚੇ ਮਸ਼ਹੂਰੀ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ। ਜੋ ਵੀ ਦਿਖਾਇਆ ਜਾਂਦਾ ਹੈ ਉਨ੍ਹਾਂ ਦੇ ਭਾਣੇ ਉਹੀ ਠੀਕ ਹੁੰਦਾ ਹੈ। ਉਹ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ ਕਿ ਨਹੀਂ।”

ਤੁਸੀਂ ਆਪਣੇ ਬੱਚਿਆਂ ਨੂੰ ਮਸ਼ਹੂਰੀਆਂ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚਾ ਸਕਦੇ ਹੋ? ਇਕ ਮੈਗਜ਼ੀਨ ਮੁਤਾਬਕ ਪਹਿਲੀ ਗੱਲ ਇਹ ਹੈ ਕਿ “ਤੁਹਾਨੂੰ ਆਪਣੇ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਨੂੰ ਵਾਰ-ਵਾਰ ਸਮਝਾਉਣਾ ਪੈਂਦਾ ਹੈ ਕਿ ਕਿਸੇ ਵਿਅਕਤੀ ਦੀ ਕੀਮਤ ਉਸ ਦੀ ਜੁੱਤੀ [ਜਾਂ ਕੱਪੜਿਆਂ] ਦੇ ਸਟਾਈਲ ਤੋਂ ਨਹੀਂ ਪਾਈ ਜਾਂਦੀ।” ਆਪਣੇ ਬੱਚਿਆਂ ਨੂੰ ਦੱਸੋ ਕਿ ਉਹ ਨਵੇਂ-ਨਵੇਂ ਖਿਡੌਣਿਆਂ ਤੋਂ ਬਗੈਰ ਵੀ ਖ਼ੁਸ਼ ਰਹਿ ਸਕਦੇ ਹਨ। ਦੂਜੀ ਗੱਲ ਇਹ ਹੈ ਕਿ ਮਾਪਿਆਂ ਨੂੰ ਖ਼ੁਦ ਪਤਾ ਹੋਣਾ ਚਾਹੀਦਾ ਹੈ ਕਿ ਮਸ਼ਹੂਰੀਆਂ ਉਨ੍ਹਾਂ ਦੇ ਬੱਚਿਆਂ ਉੱਤੇ ਕਿੰਨਾ ਅਸਰ ਪਾ ਸਕਦੀਆਂ ਹਨ। ਧਿਆਨ ਦਿਓ ਕਿ ਜਿਸ ਮਨੋਵਿਗਿਆਨੀ ਦਾ ਉੱਪਰ ਜ਼ਿਕਰ ਕੀਤਾ ਗਿਆ ਸੀ ਉਹ ਅੱਗੇ ਕੀ ਕਹਿੰਦੀ ਹੈ। ਇਹ ਜ਼ਰੂਰੀ ਹੈ ਕਿ “ਸਿਰਫ਼ ਇਕ ਮਸ਼ਹੂਰੀ ਦੇਖ ਕੇ ਅਸੀਂ ਇਹ ਫ਼ੈਸਲਾ ਨਾ ਕਰੀਏ ਕਿ ਸਾਡੇ ਬੱਚਿਆਂ ਨੂੰ ਕਿਸ ਚੀਜ਼ ਦੀ ਲੋੜ ਹੈ।”

ਅਖ਼ੀਰ ਵਿਚ ਸਾਰੇ ਮਾਪੇ ਬਾਈਬਲ ਦੀ ਸਲਾਹ ਤੋਂ ਲਾਭ ਉੱਠਾ ਸਕਦੇ ਹਨ। ਯੂਹੰਨਾ ਰਸੂਲ ਨੇ ਲਿਖਿਆ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।”—1 ਯੂਹੰਨਾ 2:15, 16.

ਕੀ ਇਹ ਸੱਚ ਨਹੀਂ ਕਿ ਮਸ਼ਹੂਰੀਆਂ “ਨੇਤਰਾਂ” ਯਾਨੀ ਸਾਡੀਆਂ ਅੱਖਾਂ ਨੂੰ ਭਾਉਂਦੀਆਂ ਹਨ? ਮਸ਼ਹੂਰੀਆਂ ਸਾਰਿਆਂ ਨੂੰ ਆਪਣੀਆਂ ਚੀਜ਼ਾਂ ਦਾ ਦਿਖਾਵਾ ਕਰ ਕੇ ਆਪਣੇ “ਜੀਵਨ ਦਾ ਅਭਮਾਨ” ਕਰਨ ਨੂੰ ਪ੍ਰੇਰਦੀਆਂ ਹਨ। ਯੂਹੰਨਾ ਰਸੂਲ ਨੇ ਅੱਗੇ ਲਿਖਿਆ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.

ਜਿਹੜੇ ਮਾਪੇ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਚੰਗੀ ਮੱਤ ਦਿੰਦੇ ਹਨ ਉਹ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਅਸੂਲ ਬਿਠਾ ਸਕਣਗੇ। (ਬਿਵਸਥਾ ਸਾਰ 6:5-7) ਇਸ ਸਲਾਹ ਉੱਤੇ ਚੱਲ ਕੇ ਤੁਹਾਡੇ ਬੱਚੇ ਇਸ ਦੁਨੀਆਂ ਦੇ ਇਸ਼ਾਰਿਆਂ ਉੱਤੇ ਨਹੀਂ ਨੱਚਣਗੇ। ਉਹ ਮਸ਼ਹੂਰੀਆਂ ਦੇਖ ਕੇ ਛੇਤੀ ਧੋਖਾ ਨਹੀਂ ਖਾਣਗੇ ਅਤੇ ਚੀਜ਼ਾਂ ਖ਼ਰੀਦਣ ਲਈ ਤੁਹਾਡੇ ਉੱਤੇ ਜ਼ਿਆਦਾ ਦਬਾਅ ਨਹੀਂ ਪਾਉਣਗੇ। (g08 12)