Skip to content

Skip to table of contents

ਪਰਮੇਸ਼ੁਰ ਕਿਹੋ ਜਿਹਾ ਹੈ?

ਪਰਮੇਸ਼ੁਰ ਕਿਹੋ ਜਿਹਾ ਹੈ?

ਬਾਈਬਲ ਕੀ ਕਹਿੰਦੀ ਹੈ

ਪਰਮੇਸ਼ੁਰ ਕਿਹੋ ਜਿਹਾ ਹੈ?

ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਆਤਮਾ ਹੈ।” ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਨਾ ਇਨਸਾਨਾਂ ਵਰਗਾ ਰੂਪ ਹੈ ਅਤੇ ਨਾ ਹੀ ਅਸੀਂ ਉਸ ਨੂੰ ਦੇਖ ਸਕਦੇ ਹਾਂ। (ਯੂਹੰਨਾ 4:19-24) ਪਰ ਬਾਈਬਲ ਵਿਚ ਉਸ ਨੂੰ ਇਕ ਹਸਤੀ ਜਾਂ ਸ਼ਖ਼ਸ ਵੀ ਕਿਹਾ ਜਾਂਦਾ ਹੈ। ਉਸ ਦਾ ਨਾਂ ਯਹੋਵਾਹ ਹੈ।—ਜ਼ਬੂਰਾਂ ਦੀ ਪੋਥੀ 83:18.

ਬਾਈਬਲ ਪੜ੍ਹਨ ਵਾਲੇ ਕੁਝ ਲੋਕਾਂ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਲੱਗਦਾ ਕਿ ਪਰਮੇਸ਼ੁਰ ਕਿਹੋ ਜਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪਰਮੇਸ਼ੁਰ ਇਨਸਾਨਾਂ ਵਾਂਗ ਹੱਡ-ਮਾਸ ਦਾ ਨਹੀਂ, ਤਾਂ ਫਿਰ ਬਾਈਬਲ ਦੀਆਂ ਅਨੇਕ ਆਇਤਾਂ ਵਿਚ ਉਸ ਦੀਆਂ ਅੱਖਾਂ, ਕੰਨ, ਨੱਕ, ਮਨ, ਬਾਹਾਂ, ਹੱਥਾਂ, ਉਂਗਲੀਆਂ ਤੇ ਪੈਰਾਂ ਬਾਰੇ ਕਿਉਂ ਗੱਲ ਕੀਤੀ ਗਈ ਹੈ? * ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਕੁਝ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਦਾ ਮਨੁੱਖ ਜਿਹਾ ਰੂਪ ਹੈ ਕਿਉਂਕਿ ਬਾਈਬਲ ਵਿਚ ਲਿਖਿਆ ਹੈ ਕਿ ਮਨੁੱਖ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਹੈ। ਬਾਈਬਲ ਵਿਚ ਇਸ ਵਿਸ਼ੇ ਉੱਤੇ ਚੰਗੀ ਤਰ੍ਹਾਂ ਧਿਆਨ ਦੇਣ ਨਾਲ ਇਹ ਗ਼ਲਤਫ਼ਹਿਮੀਆਂ ਦੂਰ ਹੋ ਜਾਂਦੀਆਂ ਹਨ।—ਉਤਪਤ 1:26.

ਮਨੁੱਖੀ ਅੰਗ ਕਿਉਂ?

ਬਾਈਬਲ ਦੇ ਲੇਖਕਾਂ ਨੇ ਪਰਮੇਸ਼ੁਰ ਦਾ ਰੂਪ ਸਮਝਾਉਣ ਲਈ ਮਨੁੱਖੀ ਗੁਣਾਂ ਤੇ ਅੰਗਾਂ ਦਾ ਜ਼ਿਕਰ ਕੀਤਾ। ਪਰ ਇਹ ਗੱਲ ਸਾਫ਼ ਜ਼ਾਹਰ ਹੈ ਕਿ ਮਨੁੱਖੀ ਭਾਸ਼ਾ ਵਿਚ ਸੱਚੇ ਪਰਮੇਸ਼ੁਰ ਯਹੋਵਾਹ ਦੀ ਵਿਆਖਿਆ ਕਰਨੀ ਬੜਾ ਔਖਾ ਹੈ। ਉਨ੍ਹਾਂ ਲੇਖਕਾਂ ਨੇ ਸਵਰਗੀ ਚੀਜ਼ਾਂ ਨੂੰ ਮਨੁੱਖੀ ਭਾਸ਼ਾ ਵਿਚ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਰ ਸਾਨੂੰ ਇਨ੍ਹਾਂ ਸ਼ਬਦਾਂ ਨੂੰ ਅਸਲੀ ਨਹੀਂ ਸਮਝਣਾ ਚਾਹੀਦਾ ਹੈ। ਮਿਸਾਲ ਲਈ, ਬਾਈਬਲ ਵਿਚ ਪਰਮੇਸ਼ੁਰ ਨੂੰ “ਚਟਾਨ,” “ਇੱਕ ਸੂਰਜ,” ਜਾਂ “ਇੱਕ ਢਾਲ” ਕਿਹਾ ਗਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਸੱਚ-ਮੁੱਚ ਇਹ ਚੀਜ਼ਾਂ ਹੈ।—ਬਿਵਸਥਾ ਸਾਰ 32:4; ਜ਼ਬੂਰਾਂ ਦੀ ਪੋਥੀ 84:11.

ਇਸੇ ਤਰ੍ਹਾਂ ਇਹ ਦਿਖਾਉਣ ਲਈ ਕਿ ਮਨੁੱਖ ਵਿਚ ਕਿਸੇ ਹੱਦ ਤਕ ਯਹੋਵਾਹ ਵਰਗੇ ਗੁਣ ਹਨ, ਬਾਈਬਲ ਕਹਿੰਦੀ ਹੈ ਕਿ ਮਨੁੱਖ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਸੀ। ਪਰ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਮਨੁੱਖਾਂ ਦੀ ਬਣਤਰ ਪਰਮੇਸ਼ੁਰ ਵਰਗੀ ਹੈ ਜਾਂ ਪਰਮੇਸ਼ੁਰ ਦਾ ਬੰਦੇ ਵਰਗਾ ਰੂਪ ਹੈ।

ਕੀ ਪਰਮੇਸ਼ੁਰ ਨਰ ਜਾਂ ਨਾਰੀ ਹੈ?

ਜਿਸ ਤਰ੍ਹਾਂ ਪਰਮੇਸ਼ੁਰ ਦੇ ਅੰਗਾਂ ਦਾ ਜ਼ਿਕਰ ਕਰਨ ਦਾ ਇਹ ਮਤਲਬ ਨਹੀਂ ਕਿ ਸਾਡੇ ਵਾਂਗ ਉਸ ਦੇ ਵੀ ਅਸਲੀ ਅੰਗ ਹਨ, ਇਸੇ ਤਰ੍ਹਾਂ ਪੁਲਿੰਗ ਵਰਤ ਕੇ ਉਸ ਦਾ ਜ਼ਿਕਰ ਕਰਨ ਦਾ ਇਹ ਮਤਲਬ ਨਹੀਂ ਕਿ ਉਹ ਇਕ ਬੰਦਾ ਹੈ। ਲਿੰਗ-ਭੇਦ ਇਨਸਾਨਾਂ ਅਤੇ ਜਾਨਵਰਾਂ ਵਿਚ ਹੀ ਪਾਇਆ ਜਾਂਦਾ ਹੈ। ਇਸ ਕਰਕੇ ਮਨੁੱਖੀ ਭਾਸ਼ਾ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦਾ ਵਰਣਨ ਕਰਨਾ ਸੰਭਵ ਨਹੀਂ ਹੈ।

ਬਾਈਬਲ ਵਿਚ “ਪਿਤਾ” ਸ਼ਬਦ ਦੀ ਵਰਤੋ ਸਾਨੂੰ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਸਾਡਾ ਕਰਤਾਰ ਇਕ ਅਜਿਹੇ ਮਨੁੱਖੀ ਪਿਤਾ ਵਰਗਾ ਹੈ ਜੋ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਹੈ। (ਮੱਤੀ 6:9) ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਸਵਰਗ ਵਿਚ ਪਰਮੇਸ਼ੁਰ ਜਾਂ ਫ਼ਰਿਸ਼ਤਿਆਂ ਨੂੰ ਨਰ ਜਾਂ ਨਾਰੀ ਸਮਝਣਾ ਚਾਹੀਦਾ ਹੈ। ਉਨ੍ਹਾਂ ਦਾ ਰੂਪ ਨਾ ਨਰ ਤੇ ਨਾ ਨਾਰੀ ਹੈ। ਦਿਲਚਸਪੀ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦਾ ਸਨਮਾਨ ਮਿਲਿਆ ਹੈ ਉਹ ਨਾ ਨਰ ਤੇ ਨਾ ਨਾਰੀ ਹੋਣਗੇ। ਪੌਲੁਸ ਰਸੂਲ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਜਦ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਮਹਿਮਾ ਮਿਲੇਗੀ, ਤਾਂ ਉਨ੍ਹਾਂ ਵਿਚ ਕੋਈ ਵੀ “ਨਾ ਨਰ ਨਾ ਨਾਰੀ” ਹੋਵੇਗਾ। ਉਨ੍ਹਾਂ ਨੂੰ ਲੇਲੇ, ਯਾਨੀ ਯਿਸੂ ਮਸੀਹ ਦੀ “ਲਾੜੀ” ਵੀ ਕਿਹਾ ਗਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਪਰਮੇਸ਼ੁਰ, ਉਸ ਦੇ ਇਕਲੌਤੇ ਪੁੱਤਰ ਯਿਸੂ ਅਤੇ ਦੂਸਰੇ ਫ਼ਰਿਸ਼ਤਿਆਂ ਦੇ ਸੰਬੰਧ ਵਿਚ ਵਿਆਖਿਆ ਕੀਤੇ ਗਏ ਅੰਗਾਂ ਨੂੰ ਅਸਲੀ ਨਹੀਂ ਸਮਝਣਾ ਚਾਹੀਦਾ।—ਗਲਾਤੀਆਂ 3:26, 28; ਪਰਕਾਸ਼ ਦੀ ਪੋਥੀ 21:9; 1 ਯੂਹੰਨਾ 3:1, 2.

ਬਾਈਬਲ ਦੇ ਲੇਖਕ ਨਰ ਦੀ ਭੂਮਿਕਾ ਚੰਗੀ ਤਰ੍ਹਾਂ ਸਮਝਦੇ ਸਨ ਜਿਸ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਦਾ ਜ਼ਿਕਰ ਕਰਦਿਆਂ ਉਸ ਨੂੰ ਪੁਲਿੰਗ ਕਿਹਾ। ਉਨ੍ਹਾਂ ਨੇ ਦੇਖਿਆ ਕਿ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਉਣ ਵਾਲੇ ਮਨੁੱਖਾਂ ਵਿਚ ਉਹੀ ਗੁਣ ਦੇਖੇ ਜਾ ਸਕਦੇ ਹਨ ਜੋ ਇਕ ਪਿਆਰੇ ਪਿਤਾ ਵਜੋਂ ਯਹੋਵਾਹ ਵਿਚ ਦੇਖੇ ਜਾਂਦੇ ਹਨ ਜੋ ਆਪਣੇ ਬੱਚਿਆਂ ਵਿਚ ਰੁਚੀ ਲੈਂਦਾ ਹੈ ਤੇ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ।—ਮਲਾਕੀ 3:17; ਮੱਤੀ 5:45; ਲੂਕਾ 11:11-13.

ਪਰਮੇਸ਼ੁਰ ਦਾ ਮੁੱਖ ਗੁਣ

ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਮੇਸ਼ੁਰ ਸਾਡੇ ਤੋਂ ਦੂਰ ਨਹੀਂ। ਅਸੀਂ ਉਸ ਨੂੰ ਜਾਣ ਸਕਦੇ ਹਾਂ ਅਤੇ ਉਹ ਸਾਨੂੰ ਆਪਣੇ ਬਾਰੇ ਦੱਸਣ ਲਈ ਤਿਆਰ ਹੈ। ਭਾਵੇਂ ਉਹ ਸਾਡੇ ਨਾਲੋਂ ਕਿਤੇ ਉੱਚਾ ਹੈ, ਫਿਰ ਵੀ ਸੱਚੇ ਦਿਲ ਵਾਲੇ ਲੋਕ ਜੋ ਉਸ ਨੂੰ ਜਾਣਨਾ ਚਾਹੁੰਦੇ ਹਨ ਤੇ ਉਸ ਦੇ ਪਿਆਰ, ਸ਼ਕਤੀ, ਬੁੱਧ ਤੇ ਨਿਆਂ ਦੀ ਕਦਰ ਕਰਦੇ ਹਨ, ਉਸ ਨਾਲ ਰਿਸ਼ਤਾ ਜੋੜ ਸਕਦੇ ਹਨ। ਇਨ੍ਹਾਂ ਗੁਣਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹ ਕਿਹੋ ਜਿਹਾ ਹੈ ਅਤੇ ਇਹ ਉਸ ਦੀ ਰਚਨਾ ਤੋਂ ਵੀ ਝਲਕਦਾ ਹੈ।—ਰੋਮੀਆਂ 1:19-21.

ਪਰ ਪਰਮੇਸ਼ੁਰ ਦਾ ਮੁੱਖ ਗੁਣ ਪਿਆਰ, ਉਸ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਦਰਸਾਉਂਦਾ ਹੈ। ਇਹ ਗੁਣ ਉਸ ਦੀ ਰਗ-ਰਗ ਵਿਚ ਇੰਨਾ ਸਮਾਇਆ ਹੋਇਆ ਹੈ ਕਿ ਕਿਹਾ ਜਾਂਦਾ ਹੈ ਕਿ ਉਹੀ ਪ੍ਰੇਮ ਹੈ। (1 ਯੂਹੰਨਾ 4:8) ਉਸ ਦੇ ਪ੍ਰੇਮ ਭਰੇ ਸੁਭਾਅ ਵਿਚ ਹੋਰ ਵੀ ਗੁਣ ਸ਼ਾਮਲ ਹਨ ਜਿਵੇਂ ਕਿ ਦਇਆ ਕਰਨੀ, ਮਾਫ਼ ਕਰਨਾ ਅਤੇ ਧੀਰਜ ਕਰਨਾ। (ਕੂਚ 34:6; ਜ਼ਬੂਰਾਂ ਦੀ ਪੋਥੀ 103:8-14; ਯਸਾਯਾਹ 55:7; ਰੋਮੀਆਂ 5:8) ਯਹੋਵਾਹ ਵਾਕਈ ਪ੍ਰੇਮ ਦਾ ਪਰਮੇਸ਼ੁਰ ਹੈ ਜੋ ਚਾਹੁੰਦਾ ਹੈ ਕਿ ਅਸੀਂ ਉਸ ਦੀ ਭਗਤੀ ਕਰ ਕੇ ਉਸ ਦੇ ਨਜ਼ਦੀਕ ਹੋਈਏ।—ਯੂਹੰਨਾ 4:23. (g08 10)

[ਫੁਟਨੋਟ]

ਕੀ ਤੁਸੀਂ ਕਦੇ ਸੋਚਿਆ ਹੈ ਕਿ:

◼ ਪਰਮੇਸ਼ੁਰ ਦਾ ਨਾਂ ਕੀ ਹੈ?—ਜ਼ਬੂਰਾਂ ਦੀ ਪੋਥੀ 83:18.

◼ ਅਸੀਂ ਪਰਮੇਸ਼ੁਰ ਦੇ ਗੁਣ ਕਿੱਥੇ ਦੇਖ ਸਕਦੇ ਹਾਂ?—ਰੋਮੀਆਂ 1:19-21.

◼ ਪਰਮੇਸ਼ੁਰ ਦਾ ਮੁੱਖ ਗੁਣ ਕੀ ਹੈ?—1 ਯੂਹੰਨਾ 4:8.