Skip to content

Skip to table of contents

ਬੱਚੇ ਅਤੇ ਇੰਟਰਨੈੱਟ—ਮਾਪੇ ਕੀ ਕਰ ਸਕਦੇ ਹਨ

ਬੱਚੇ ਅਤੇ ਇੰਟਰਨੈੱਟ—ਮਾਪੇ ਕੀ ਕਰ ਸਕਦੇ ਹਨ

ਬੱਚੇ ਅਤੇ ਇੰਟਰਨੈੱਟ​—ਮਾਪੇ ਕੀ ਕਰ ਸਕਦੇ ਹਨ

ਕੀ ਤੁਸੀਂ ਖ਼ੁਸ਼ ਹੋਵੋਗੇ ਜੇ ਤੁਹਾਡੇ ਬੱਚੇ ਨੂੰ ਗੱਡੀ ਨਾ ਚਲਾਉਣੀ ਆਵੇ, ਪਰ ਉਹ ਗੱਡੀ ਦੀ ਚਾਬੀ ਲੈ ਕੇ ਬਾਹਰ ਨਿਕਲ ਜਾਵੇ? ਤੁਹਾਨੂੰ ਪਤਾ ਹੈ ਕਿ ਸੜਕ ਉੱਤੇ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸੇ ਤਰ੍ਹਾਂ ਇੰਟਰਨੈੱਟ ਵਰਤਣ ਵਿਚ ਵੀ ਖ਼ਤਰੇ ਹਨ। ਮਾਪਿਆਂ ਵਜੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਇੰਟਰਨੈੱਟ ’ਤੇ ਕੀ ਕਰ ਰਹੇ ਹਨ। ਹੇਠ ਲਿਖੇ ਗਏ ਬਾਈਬਲ ਦੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ।

“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ।” (ਕਹਾਉਤਾਂ 13:16) ਜੇ ਤੁਹਾਡੇ ਬੱਚੇ ਇੰਟਰਨੈੱਟ ਵਰਤਦੇ ਹਨ, ਤਾਂ ਮਾਪੇ ਹੋਣ ਦੇ ਨਾਤੇ ਤੁਹਾਨੂੰ ਇੰਟਰਨੈੱਟ ਬਾਰੇ ਕੁਝ ਹੱਦ ਤਕ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਕੀ ਕਰ ਰਹੇ ਹਨ ਜਦ ਉਹ ਇੰਸਟੰਟ ਮੈਸਿਜ ਭੇਜ ਰਹੇ ਹਨ, ਵੈੱਬ ਪੇਜ ਖੋਲ੍ਹ ਕੇ ਦੇਖ ਰਹੇ ਹਨ ਜਾਂ ਇੰਟਰਨੈੱਟ ’ਤੇ ਕੁਝ ਹੋਰ ਕਰ ਰਹੇ ਹਨ। ਦੋ ਬੱਚਿਆਂ ਦੀ ਮਾਂ ਨੇ ਕਿਹਾ: “ਇਹ ਨਾ ਸੋਚੋ ਕਿ ਤੁਸੀਂ ਬੁੱਢੇ ਹੋਣ ਜਾਂ ਅਨਪੜ੍ਹ ਹੋਣ ਕਾਰਨ ਕੁਝ ਸਿੱਖ ਨਹੀਂ ਸਕਦੇ। ਨਵੀਂ ਤਕਨਾਲੋਜੀ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰੋ।”

“ਜਦੋਂ ਤੁਸੀਂ ਨਵਾਂ ਘਰ ਬਣਾਵੋ, ਤਾਂ ਤੁਸੀਂ ਉਸ ਦੀ ਛੱਤ ਦੇ ਨਾਲ ਬੇਨੇਰਾ ਜ਼ਰੂਰ ਬਣਾਉਣਾ, ਨਹੀਂ ਤਾਂ ਤੁਹਾਡੀ ਛੱਤ ਤੋਂ ਕੋਈ ਡਿਗ ਕੇ ਮਰ ਸਕਦਾ ਹੈ।” (ਵਿਵਸਥਾਸਾਰ 22:8, CL) ਇੰਟਰਨੈੱਟ ਦਾ ਪ੍ਰਬੰਧ ਕਰਨ ਵਾਲੀਆਂ ਕਈ ਕੰਪਨੀਆਂ ਅਜਿਹੇ ਸਾਫਟਵੇਅਰ ਪ੍ਰੋਗ੍ਰਾਮ ਦਾ ਇੰਤਜ਼ਾਮ ਕਰਦੀਆਂ ਹਨ ਜੋ ‘ਬੇਨੇਰੇ’ ਵਾਂਗ ਕੰਮ ਕਰਦੇ ਹਨ। ਉਹ ਤੁਹਾਡੇ ਬੱਚਿਆਂ ਨੂੰ ਗੰਦੀਆਂ ਜਾਂ ਖ਼ਤਰਨਾਕ ਸਾਈਟਾਂ ਖੋਲ੍ਹਣ ਤੋਂ ਰੋਕ ਸਕਦੇ ਹਨ। ਅਜਿਹੇ ਪ੍ਰੋਗ੍ਰਾਮ ਵੀ ਹਨ ਜੋ ਬੱਚਿਆਂ ਨੂੰ ਆਪਣਾ ਨਾਂ ਜਾਂ ਪਤਾ ਦੇਣ ਤੋਂ ਰੋਕ ਸਕਦੇ ਹਨ। ਪਰ ਅਜਿਹੇ ਪ੍ਰੋਗ੍ਰਾਮ ਤੁਹਾਡੇ ਬੱਚਿਆਂ ਨੂੰ ਹਰ ਖ਼ਤਰੇ ਤੋਂ ਨਹੀਂ ਬਚਾ ਸਕਦੇ। ਨਾਲੇ ਜਿਨ੍ਹਾਂ ਨੌਜਵਾਨਾਂ ਨੂੰ ਕੰਪਿਊਟਰਾਂ ਬਾਰੇ ਪਤਾ ਹੁੰਦਾ ਹੈ ਉਹ ਇਨ੍ਹਾਂ ਪ੍ਰੋਗ੍ਰਾਮਾਂ ਦੇ ਬਾਵਜੂਦ ਗ਼ਲਤ ਸਾਈਟਾਂ ਨੂੰ ਖੋਲ੍ਹਣਾ ਸਿੱਖ ਲੈਂਦੇ ਹਨ।

“ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਇੰਗਲੈਂਡ ਵਿਚ ਇਕ ਸਟੱਡੀ ਮੁਤਾਬਕ 9 ਤੋਂ 19 ਸਾਲਾਂ ਦੇ ਬੱਚਿਆਂ ਵਿੱਚੋਂ ਤਕਰੀਬਨ 20 ਪ੍ਰਤਿਸ਼ਤ ਬੱਚਿਆਂ ਦੇ ਬੈੱਡਰੂਮ ਵਿਚ ਇੰਟਰਨੈੱਟ ਹੈ। ਜੇ ਕੰਪਿਊਟਰ ਨੂੰ ਅਜਿਹੀ ਜਗ੍ਹਾ ਰੱਖਿਆ ਜਾਵੇ ਜਿੱਥੇ ਉਹ ਸਾਰਿਆਂ ਨੂੰ ਦਿੱਸ ਪਵੇ, ਤਾਂ ਮਾਪੇ ਦੇਖ ਸਕਣਗੇ ਕਿ ਉਨ੍ਹਾਂ ਦੇ ਬੱਚੇ ਕੰਪਿਊਟਰ ’ਤੇ ਕੀ ਕਰ ਰਹੇ ਹਨ। ਇਸ ਤਰ੍ਹਾਂ ਬੱਚਿਆਂ ਉੱਤੇ ਨਜ਼ਰ ਰੱਖ ਕੇ ਮਾਪੇ ਉਨ੍ਹਾਂ ਨੂੰ ਗ਼ਲਤ ਸਾਈਟਾਂ ਤੋਂ ਬਚਣ ਦੀ ਮਦਦ ਦਿੰਦੇ ਹਨ।

“ਆਪਣੇ ਰਹਿਣ-ਬਹਿਣ ਵੱਲ ਧਿਆਨ ਦੇਵੋ। ਮੂਰਖਾਂ ਵਾਲਾ ਵਰਤਾਓ ਨਾ ਕਰੋ, ਸਗੋਂ ਅਕਲਮੰਦਾਂ ਵਾਲਾ ਕਰੋ। ਆਪਣੇ ਸਮੇਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰੋ, ਕਿਉਂਕਿ ਇਹ ਦਿਨ ਬੁਰੇ ਹਨ।” (ਅਫ਼ਸੀਆਂ 5:15, 16, CL) ਮਾਪਿਆਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਕਦੋਂ ਅਤੇ ਕਿੰਨੇ ਕੁ ਸਮੇਂ ਲਈ ਇੰਟਰਨੈੱਟ ਵਰਤ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਤੈ ਕਰਨਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਸਾਈਟਾਂ ਨੂੰ ਦੇਖ ਸਕਦੇ ਹਨ ਅਤੇ ਕਿਨ੍ਹਾਂ ਨੂੰ ਨਹੀਂ। ਆਪਣੇ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਸਾਫ਼-ਸਾਫ਼ ਸਮਝਾਓ।

ਤੁਸੀਂ 24 ਘੰਟੇ ਆਪਣੇ ਬੱਚਿਆਂ ਉੱਤੇ ਨਜ਼ਰ ਨਹੀਂ ਰੱਖ ਸਕਦੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਮੱਤ ਦਿਓ ਤਾਂਕਿ ਉਹ ਉਦੋਂ ਵੀ ਸਹੀ ਫ਼ੈਸਲੇ ਕਰਨ ਜਦੋਂ ਤੁਸੀਂ ਉਨ੍ਹਾਂ ਦੇ ਨਾਲ ਨਹੀਂ ਹੁੰਦੇ। * (ਫ਼ਿਲਿੱਪੀਆਂ 2:12) ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਓ ਕਿ ਨਤੀਜਾ ਕੀ ਨਿਕਲੇਗਾ ਜੇ ਇੰਟਰਨੈੱਟ ਵਰਤਣ ਬਾਰੇ ਉਹ ਤੁਹਾਡਾ ਕਹਿਣਾ ਨਾ ਮੰਨਣ।

“[ਇਕ ਚੰਗੀ ਮਾਂ] ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ।” (ਕਹਾਉਤਾਂ 31:27) ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਧਿਆਨ ਨਾਲ ਦੇਖੋਗੇ ਕਿ ਉਹ ਇੰਟਰਨੈੱਟ ਉੱਤੇ ਕੀ ਕਰ ਰਹੇ ਹਨ। ਇਸ ਤਰ੍ਹਾਂ ਕਰਨਾ ਗ਼ਲਤ ਨਹੀਂ ਹੈ ਕਿਉਂਕਿ ਇੰਟਰਨੈੱਟ ਦੇਖਣ ਦਾ ਸਾਰਿਆਂ ਦਾ ਹੱਕ ਹੈ। ਅਮਰੀਕਾ ਵਿਚ ਫੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ ਦੀ ਇਹ ਸਲਾਹ ਹੈ ਕਿ ਮਾਪੇ ਇੰਟਰਨੈੱਟ ਉੱਤੇ ਆਪਣੇ ਬੱਚਿਆਂ ਦੇ ਅਕਾਊਂਟ ਦੇਖਣ, ਸਮੇਂ-ਸਮੇਂ ਤੇ ਉਨ੍ਹਾਂ ਦੇ ਈ-ਮੇਲ ਪੜ੍ਹਨ ਅਤੇ ਉਨ੍ਹਾਂ ਵੈੱਬ-ਸਾਈਟਾਂ ਦੀ ਜਾਂਚ ਕਰਨ ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਖੋਲ੍ਹ ਕੇ ਦੇਖਿਆ ਹੈ।

“ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ।” (ਕਹਾਉਤਾਂ 2:11, 12) ਇੰਟਰਨੈੱਟ ਦੇ ਸੰਬੰਧ ਵਿਚ ਤੁਸੀਂ ਆਪਣੇ ਬੱਚਿਆਂ ’ਤੇ ਕੁਝ ਹੀ ਹੱਦ ਤਕ ਨਿਗਰਾਨੀ ਰੱਖ ਸਕਦੇ ਹੋ। ਉਨ੍ਹਾਂ ਦੀ ਰਾਖੀ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਮੱਤ ਦਿਓ ਅਤੇ ਉਨ੍ਹਾਂ ਲਈ ਇਕ ਚੰਗੀ ਮਿਸਾਲ ਵੀ ਕਾਇਮ ਕਰੋ। ਆਪਣੇ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਬਾਰੇ ਸਾਫ਼-ਸਾਫ਼ ਦੱਸੋ। ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਾਂ ਕਰਨੀਆਂ ਉਨ੍ਹਾਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਕ ਪਿਤਾ ਨੇ ਕਿਹਾ: “ਅਸੀਂ ਆਪਣੇ ਦੋਹਾਂ ਮੁੰਡਿਆਂ ਨੂੰ ਦੱਸਿਆ ਕਿ ਕਈ ਬੁਰੇ ਲੋਕ ਇੰਟਰਨੈੱਟ ਦਾ ਫ਼ਾਇਦਾ ਉਠਾਉਂਦੇ ਹਨ। ਅਸੀਂ ਇਹ ਵੀ ਸਮਝਾਇਆ ਕਿ ਪੋਰਨੋਗ੍ਰਾਫੀ ਕੀ ਹੈ ਅਤੇ ਇਸ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ। ਅਸੀਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇੰਟਰਨੈੱਟ ’ਤੇ ਅਜਨਬੀਆਂ ਨਾਲ ਗੱਲਾਂ ਕਿਉਂ ਨਹੀਂ ਕਰਨੀਆਂ ਚਾਹੀਦੀਆਂ।”

ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰ ਸਕਦੇ ਹੋ

ਆਪਣੇ ਬੱਚਿਆਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਤੋਂ ਬਚਾਉਣ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ ਕਿਉਂਕਿ ਇੰਟਰਨੈੱਟ ਹਰ ਪਾਸੇ ਮੌਜੂਦ ਹੈ। ਤਕਨਾਲੋਜੀ ਨਵੀਂ ਤੋਂ ਨਵੀਂ ਹੋ ਰਹੀ ਹੈ ਜਿਸ ਕਰਕੇ ਲਾਭ ਹੋਣ ਦੇ ਨਾਲ-ਨਾਲ ਖ਼ਤਰੇ ਵੀ ਵਧ ਰਹੇ ਹਨ। ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਨਵੇਂ ਖ਼ਤਰਿਆਂ ਤੋਂ ਕਿਵੇਂ ਬਚਾ ਸਕਦੇ ਹਨ? ਬਾਈਬਲ ਕਹਿੰਦੀ ਹੈ: “ਬੁੱਧੀ ਧਨ ਦੇ ਵਾਂਗ ਸੁਰੱਖਿਆ ਦਿੰਦੀ ਹੈ।”—ਉਪਦੇਸ਼ਕ 7:12, CL.

ਆਪਣੇ ਬੱਚਿਆਂ ਨੂੰ ਬੁੱਧ ਨਾਲ ਚੱਲਣਾ ਸਿਖਾਓ। ਅਕਲਮੰਦੀ ਨਾਲ ਇੰਟਰਨੈੱਟ ਵਰਤਣ ਵਿਚ ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਤੋਂ ਬਚਣਾ ਸਿਖਾਓ। ਇਸ ਤਰ੍ਹਾਂ ਤੁਹਾਡੇ ਬੱਚਿਆਂ ਨੂੰ ਇੰਟਰਨੈੱਟ ਵਰਤਣ ਦਾ ਫ਼ਾਇਦਾ ਹੋਵੇਗਾ ਨਾ ਕਿ ਨੁਕਸਾਨ। (g08 11)

[ਫੁਟਨੋਟ]

^ ਪੈਰਾ 7 ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਨੌਜਵਾਨ ਆਪਣੇ ਮੋਬਾਇਲ ਫ਼ੋਨ ’ਤੇ, ਵਿਡਿਓ ਗੇਮਾਂ ਦੇ ਕੋਨਸੋਲਾਂ ਰਾਹੀਂ ਜਾਂ ਹੋਰਨਾਂ ਤਰੀਕਿਆਂ ਨਾਲ ਇੰਟਰਨੈੱਟ ਦੇਖ ਸਕਦੇ ਹਨ।

[ਸਫ਼ਾ 16 ਉੱਤੇ ਸੁਰਖੀ]

ਇੰਗਲੈਂਡ ਵਿਚ ਹਰ ਹਫ਼ਤੇ ਇੰਟਰਨੈੱਟ ਵਰਤਣ ਵਾਲੇ 9 ਤੋਂ 19 ਸਾਲਾਂ ਦੇ ਬੱਚਿਆਂ ਵਿੱਚੋਂ 57 ਪ੍ਰਤਿਸ਼ਤ ਬੱਚਿਆਂ ਨੇ ਪੋਰਨੋਗ੍ਰਾਫੀ ਦੇਖੀ ਹੈ; ਪਰ ਸਿਰਫ਼ 16 ਪ੍ਰਤਿਸ਼ਤ ਮਾਪੇ ਮੰਨਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੇ ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਦੇਖੀ ਹੈ

[ਸਫ਼ਾ 17 ਉੱਤੇ ਸੁਰਖੀ]

ਮਾਹਰ ਮੰਨਦੇ ਹਨ ਕਿ ਹਰ ਰੋਜ਼ ਚੈਟ ਰੂਮ ਅਤੇ ਡੇਟਿੰਗ ਵਰਗੀਆਂ ਸਹੂਲਤਾਂ ਵਰਤ ਕੇ ਤਕਰੀਬਨ 7,50,000 ਲੋਕ ਹਨ ਜੋ ਹੋਰਨਾਂ ਦਾ ਸ਼ਿਕਾਰ ਕਰਨਾ ਚਾਹੁੰਦੇ ਹਨ

[ਸਫ਼ਾ 17 ਉੱਤੇ ਸੁਰਖੀ]

ਅਮਰੀਕਾ ਵਿਚ 12 ਤੋਂ 17 ਸਾਲਾਂ ਦੇ ਬੱਚਿਆਂ ਵਿੱਚੋਂ 93 ਪ੍ਰਤਿਸ਼ਤ ਬੱਚੇ ਇੰਟਰਨੈੱਟ ਦੇਖਦੇ ਹਨ

[ਸਫ਼ਾ 17 ਉੱਤੇ ਸੁਰਖੀ]

ਸਹੀ ਤਰ੍ਹਾਂ ਇੰਟਰਨੈੱਟ ਵਰਤਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ